ਬਿਵਸਥਾ ਸਾਰ 2
1ਮੂਸਾ ਨੇ ਇਸਰਾਏਲੀਆਂ ਨੂੰ ਆਖਿਆ, ਫੇਰ ਅਸੀਂ ਮੁੜ ਕੇ ਲਾਲ ਸਮੁੰਦਰ ਦੇ ਰਾਹ ਤੋਂ ਉਜਾੜ ਵੱਲ ਕੂਚ ਕੀਤਾ, ਜਿਵੇਂ ਯਹੋਵਾਹ ਨੇ ਮੇਰੇ ਨਾਲ ਗੱਲ ਕੀਤੀ ਸੀ ਅਤੇ ਅਸੀਂ ਬਹੁਤ ਦਿਨਾਂ ਤੱਕ ਸੇਈਰ ਪਰਬਤ ਦੇ ਆਲੇ-ਦੁਆਲੇ ਘੇਰਾ ਪਾ ਕੇ ਰੱਖਿਆ।
2ਫਿਰ ਯਹੋਵਾਹ ਨੇ ਮੈਨੂੰ ਆਖਿਆ,
3“ਤੁਸੀਂ ਬਹੁਤ ਸਮੇਂ ਤੱਕ ਇਸ ਪਰਬਤ ਦੇ ਆਲੇ-ਦੁਆਲੇ ਘੇਰਾ ਪਾ ਕੇ ਰੱਖਿਆ ਹੈ, ਹੁਣ ਤੁਸੀਂ ਆਪਣਾ ਸਫ਼ਰ ਉੱਤਰ ਵੱਲ ਕਰੋ।
4ਪਰਜਾ ਨੂੰ ਹੁਕਮ ਦੇ ਕਿ ਤੁਸੀਂ ਆਪਣੇ ਭਰਾ ਏਸਾਵੀਆਂ ਦੀਆਂ ਹੱਦਾਂ ਵਿੱਚੋਂ ਦੀ ਲੰਘਣਾ ਹੈ, ਜਿਹੜੇ ਸੇਈਰ ਵਿੱਚ ਵੱਸਦੇ ਹਨ। ਉਹ ਤੁਹਾਡੇ ਤੋਂ ਡਰਨਗੇ ਪਰ ਤੁਸੀਂ ਬਹੁਤ ਚੌਕਸ ਰਹਿਓ।
5ਉਨ੍ਹਾਂ ਨੂੰ ਨਾ ਛੇੜਿਓ ਕਿਉਂ ਜੋ ਮੈਂ ਤੁਹਾਨੂੰ ਉਨ੍ਹਾਂ ਦੇ ਦੇਸ਼ ਵਿੱਚੋਂ ਪੈਰ ਧਰਨ ਦੀ ਥਾਂ ਵੀ ਨਹੀਂ ਦਿਆਂਗਾ ਕਿਉਂ ਜੋ ਮੈਂ ਸੇਈਰ ਪਰਬਤ ਨੂੰ ਏਸਾਓ ਦੀ ਵਿਰਾਸਤ ਹੋਣ ਲਈ ਦੇ ਦਿੱਤਾ ਹੈ।
6ਤੁਸੀਂ ਉਨ੍ਹਾਂ ਨੂੰ ਚਾਂਦੀ ਦੇ ਕੇ ਅੰਨ ਮੁੱਲ ਲਿਓ ਤਾਂ ਜੋ ਤੁਸੀਂ ਖਾਓ ਅਤੇ ਤੁਸੀਂ ਉਨ੍ਹਾਂ ਤੋਂ ਪਾਣੀ ਵੀ ਚਾਂਦੀ ਦੇ ਕੇ ਮੁੱਲ ਲਿਓ ਤਾਂ ਜੋ ਤੁਸੀਂ ਪੀਓ।”
7ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਬਰਕਤ ਦਿੱਤੀ ਹੈ ਅਤੇ ਇਸ ਵੱਡੀ ਉਜਾੜ ਵਿੱਚ ਉਹ ਤੁਹਾਡਾ ਤੁਰਨਾ-ਫਿਰਨਾ ਜਾਣਦਾ ਹੈ। ਇਨ੍ਹਾਂ ਚਾਲ੍ਹੀ ਸਾਲਾਂ ਤੱਕ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੰਗ-ਸੰਗ ਰਿਹਾ ਹੈ ਅਤੇ ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੋਣ ਦਿੱਤੀ।
8ਤਦ ਅਸੀਂ ਆਪਣੇ ਏਸਾਵੀਆਂ ਭਰਾਵਾਂ ਦੇ ਕੋਲੋਂ ਦੀ ਜਿਹੜੇ ਸੇਈਰ ਵਿੱਚ ਵੱਸਦੇ ਸਨ, ਅਰਾਬਾਹ ਦੇ ਰਾਹ ਤੋਂ ਹੁੰਦੇ ਹੋਏ ਏਲਥ ਅਤੇ ਅਸਯੋਨ-ਗਬਰ ਤੋਂ ਲੰਘੇ। ਫੇਰ ਅਸੀਂ ਮੁੜ ਕੇ ਮੋਆਬ ਦੀ ਉਜਾੜ ਵਿੱਚੋਂ ਹੋ ਕੇ ਗਏ।
9ਯਹੋਵਾਹ ਨੇ ਮੈਨੂੰ ਆਖਿਆ, “ਮੋਆਬ ਨੂੰ ਨਾ ਸਤਾਇਓ, ਨਾ ਉਹਨਾਂ ਨਾਲ ਲੜਾਈ-ਝਗੜਾ ਕਰਿਓ ਕਿਉਂ ਜੋ ਮੈਂ ਤੈਨੂੰ ਉਸ ਦਾ ਦੇਸ਼ ਵਿਰਾਸਤ ਵਿੱਚ ਨਹੀਂ ਦਿਆਂਗਾ। ਮੈਂ ਆਰ ਨਗਰ ਲੂਤ ਦੇ ਵੰਸ਼ ਨੂੰ ਵਿਰਾਸਤ ਵਿੱਚ ਦੇ ਦਿੱਤਾ ਹੈ।”
10ਪਹਿਲੇ ਸਮਿਆਂ ਵਿੱਚ ਉੱਥੇ ਏਮੀ ਵੱਸਦੇ ਸਨ, ਇਹ ਲੋਕ ਅਨਾਕੀਆਂ ਵਰਗੇ ਵੱਡੇ-ਵੱਡੇ ਅਤੇ ਉੱਚੇ-ਲੰਮੇ ਸਨ।
11ਅਨਾਕੀਆਂ ਦੀ ਤਰ੍ਹਾਂ ਇਹ ਲੋਕ ਵੀ ਰਫ਼ਾਈਮ ਗਿਣੇ ਜਾਂਦੇ ਸਨ, ਪਰ ਮੋਆਬੀ ਉਨ੍ਹਾਂ ਨੂੰ ਏਮੀ ਆਖਦੇ ਸਨ।
12ਹੋਰੀ ਵੀ ਪਹਿਲੇ ਸਮਿਆਂ ਵਿੱਚ ਸੇਈਰ ਵਿੱਚ ਵੱਸਦੇ ਸਨ, ਪਰ ਏਸਾਵੀਆਂ ਨੇ ਉਨ੍ਹਾਂ ਨੂੰ ਕੱਢ ਦਿੱਤਾ ਅਤੇ ਆਪਣੇ ਅੱਗਿਓਂ ਉਨ੍ਹਾਂ ਦਾ ਨਾਸ ਕਰਕੇ ਆਪ ਉਨ੍ਹਾਂ ਦੇ ਸਥਾਨ ਤੇ ਵੱਸ ਗਏ, ਜਿਵੇਂ ਇਸਰਾਏਲ ਨੇ ਆਪਣੀ ਵਿਰਾਸਤ ਦੇ ਦੇਸ਼ ਵਿੱਚ ਕੀਤਾ, ਜਿਹੜਾ ਯਹੋਵਾਹ ਨੇ ਉਨ੍ਹਾਂ ਨੂੰ ਦਿੱਤਾ ਸੀ।
13“ਹੁਣ ਤੁਸੀਂ ਉੱਠੋ, ਅਤੇ ਜ਼ਰਦ ਦੇ ਨਾਲੇ ਦੇ ਉੱਤੋਂ ਦੀ ਪਾਰ ਲੰਘ ਜਾਓ!” ਤਦ ਅਸੀਂ ਜ਼ਾਰਦ ਦੇ ਨਾਲੇ ਦੇ ਉੱਤੋਂ ਦੀ ਪਾਰ ਲੰਘ ਗਏ।
14ਕਾਦੇਸ਼-ਬਰਨੇਆ ਤੋਂ ਤੁਰ ਕੇ ਜ਼ਰਦ ਦੇ ਨਾਲੇ ਦੇ ਉੱਤੋਂ ਦੀ ਪਾਰ ਲੰਘਣ ਤੱਕ ਸਾਨੂੰ ਅਠੱਤੀ ਸਾਲ ਲੱਗੇ, ਜਦ ਤੱਕ ਉਸ ਪੀੜ੍ਹੀ ਦੇ ਸਾਰੇ ਸੂਰਮੇ ਛਾਉਣੀ ਵਿੱਚੋਂ ਮਰ ਮਿਟ ਨਾ ਗਏ, ਜਿਵੇਂ ਯਹੋਵਾਹ ਨੇ ਉਨ੍ਹਾਂ ਨਾਲ ਸਹੁੰ ਖਾਧੀ ਸੀ।
15ਇਸ ਲਈ ਜਦ ਤੱਕ ਸਾਰੇ ਦੇ ਸਾਰੇ ਮਿਟ ਨਾ ਗਏ, ਤਦ ਤੱਕ ਯਹੋਵਾਹ ਦਾ ਹੱਥ ਉਨ੍ਹਾਂ ਦੇ ਵਿਰੁੱਧ ਸੀ ਕਿ ਛਾਉਣੀ ਦੇ ਵਿੱਚੋਂ ਉਨ੍ਹਾਂ ਨੂੰ ਮਿਟਾ ਦੇਵੇ।
16ਇਸ ਤਰ੍ਹਾਂ, ਜਦ ਸਾਰੇ ਸੂਰਮੇ ਉਨ੍ਹਾਂ ਲੋਕਾਂ ਵਿੱਚੋਂ ਮਰ ਮਿਟ ਗਏ।
17ਤਦ ਯਹੋਵਾਹ ਇਹ ਆਖ ਕੇ ਮੇਰੇ ਨਾਲ ਬੋਲਿਆ,
18“ਅੱਜ ਤੂੰ ਮੋਆਬ ਦੀ ਹੱਦ ਆਰ ਨਗਰ ਵਿੱਚੋਂ ਪਾਰ ਲੰਘਣਾ ਹੈ।
19ਜਦ ਤੂੰ ਅੰਮੋਨੀਆਂ ਦੇ ਨੇੜੇ ਆਵੇਂ ਤਾਂ ਤੂੰ ਉਹਨਾਂ ਨੂੰ ਨਾ ਸਤਾਈਂ ਅਤੇ ਨਾ ਹੀ ਲੜਾਈ-ਝਗੜਾ ਕਰੀਂ ਕਿਉਂ ਜੋ ਮੈਂ ਤੈਨੂੰ ਅੰਮੋਨੀਆਂ ਦੇ ਦੇਸ਼ ਵਿੱਚੋਂ ਕੁਝ ਵੀ ਤੇਰੀ ਵਿਰਾਸਤ ਹੋਣ ਲਈ ਨਹੀਂ ਦਿਆਂਗਾ, ਕਿਉਂ ਜੋ ਮੈਂ ਉਹ ਲੂਤ ਦੇ ਵੰਸ਼ ਦੀ ਵਿਰਾਸਤ ਹੋਣ ਲਈ ਦਿੱਤਾ ਹੈ।”
20(ਉਹ ਵੀ ਰਫ਼ਾਈਆਂ ਦੀ ਧਰਤੀ ਗਿਣੀ ਗਈ। ਰਫ਼ਾਈ ਪਹਿਲੇ ਸਮਿਆਂ ਵਿੱਚ ਉੱਥੇ ਵੱਸਦੇ ਸਨ, ਪਰ ਅੰਮੋਨੀ ਉਨ੍ਹਾਂ ਨੂੰ ਜ਼ਮ ਜ਼ੁੰਮੀ ਆਖਦੇ ਸਨ)
21ਇਹ ਲੋਕ ਵੀ ਅਨਾਕੀਆਂ ਦੀ ਤਰ੍ਹਾਂ ਗਿਣਤੀ ਵਿੱਚ ਬਹੁਤ ਸਾਰੇ ਅਤੇ ਵੱਡੇ ਅਤੇ ਉੱਚੇ-ਲੰਮੇ ਸਨ, ਪਰ ਯਹੋਵਾਹ ਨੇ ਉਹਨਾਂ ਨੂੰ ਅੰਮੋਨੀਆਂ ਦੇ ਅੱਗਿਓਂ ਨਾਸ ਕਰ ਕੇ ਕੱਢ ਦਿੱਤਾ ਅਤੇ ਉਹ ਆਪ ਉਹਨਾਂ ਦੇ ਸਥਾਨ ਤੇ ਵੱਸ ਗਏ,
22ਜਿਵੇਂ ਉਹ ਨੇ ਏਸਾਵੀਆਂ ਲਈ ਕੀਤਾ ਸੀ ਜਿਹੜੇ ਸੇਈਰ ਵਿੱਚ ਵੱਸਦੇ ਸਨ, ਜਦ ਉਹ ਨੇ ਉਹਨਾਂ ਦੇ ਅੱਗਿਓਂ ਹੋਰੀਆਂ ਦਾ ਨਾਸ ਕਰ ਦਿੱਤਾ ਅਤੇ ਉਨ੍ਹਾਂ ਨੇ ਉਹਨਾਂ ਨੂੰ ਕੱਢ ਦਿੱਤਾ ਅਤੇ ਅੱਜ ਦੇ ਦਿਨ ਤੱਕ ਉਹ ਆਪ ਉਹਨਾਂ ਦੇ ਸਥਾਨ ਤੇ ਵੱਸਦੇ ਹਨ।
23ਫੇਰ ਅੱਵੀ, ਜਿਹੜੇ ਅੱਜ਼ਾਹ ਤੱਕ ਪਿੰਡਾਂ ਵਿੱਚ ਵੱਸੇ ਹੋਏ ਸਨ, ਉਨ੍ਹਾਂ ਨੂੰ ਕਫ਼ਤੋਰੀਆਂ ਨੇ ਜਿਹੜੇ ਕਫ਼ਤੋਰ ਤੋਂ ਨਿੱਕਲੇ ਸਨ, ਨਾਸ ਕਰ ਦਿੱਤਾ ਅਤੇ ਆਪ ਉਹਨਾਂ ਦੇ ਸਥਾਨ ਤੇ ਵੱਸ ਗਏ।
24ਹੁਣ ਤੁਸੀਂ ਉੱਠੋ ਅਤੇ ਕੂਚ ਕਰ ਕੇ ਅਰਨੋਨ ਦੇ ਨਾਲੇ ਤੋਂ ਪਾਰ ਲੰਘੋ। ਵੇਖੋ ਮੈਂ ਤੁਹਾਡੇ ਹੱਥ ਵਿੱਚ ਹਸ਼ਬੋਨ ਦੇ ਰਾਜੇ ਸੀਹੋਨ ਅਮੋਰੀ ਨੂੰ ਉਸ ਦੇ ਦੇਸ਼ ਦੇ ਸਮੇਤ ਦੇ ਦਿੱਤਾ ਹੈ। ਉਸ ਦੇ ਦੇਸ਼ ਨੂੰ ਆਪਣੇ ਅਧਿਕਾਰ ਵਿੱਚ ਲੈਣਾ ਸ਼ੁਰੂ ਕਰੋ ਅਤੇ ਉਸ ਨਾਲ ਯੁੱਧ ਛੇੜ ਦਿਓ।
25ਅੱਜ ਦੇ ਦਿਨ ਮੈਂ ਤੇਰਾ ਭੈਅ ਅਤੇ ਤੇਰਾ ਡਰ ਅਕਾਸ਼ ਦੇ ਹੇਠਾਂ ਰਹਿਣ ਵਾਲੇ ਸਾਰੇ ਲੋਕਾਂ ਉੱਤੇ ਪਾਉਣਾ ਸ਼ੁਰੂ ਕਰਦਾ ਹਾਂ। ਉਹ ਤੇਰੀ ਖ਼ਬਰ ਸੁਣ ਕੇ ਕੰਬਣਗੇ ਅਤੇ ਤੇਰੇ ਕਾਰਨ ਤੜਫ਼ ਉੱਠਣਗੇ।
26ਤਦ ਮੈਂ ਕਦੇਮੋਥ ਦੀ ਉਜਾੜ ਤੋਂ ਸੰਦੇਸ਼ਵਾਹਕਾਂ ਨੂੰ ਹਸ਼ਬੋਨ ਦੇ ਰਾਜੇ ਸੀਹੋਨ ਕੋਲ ਸ਼ਾਂਤੀ ਦੀਆਂ ਇਹ ਗੱਲਾਂ ਆਖਣ ਲਈ ਭੇਜਿਆ,
27“ਮੈਨੂੰ ਆਪਣੇ ਦੇਸ਼ ਦੇ ਵਿੱਚੋਂ ਦੀ ਲੰਘਣ ਦੇ, ਮੈਂ ਸਿਰਫ਼ ਸੜਕ ਤੋਂ ਹੋ ਕੇ ਜਾਂਵਾਂਗਾ। ਮੈਂ ਨਾ ਤਾਂ ਸੱਜੇ ਮੁੜਾਂਗਾ ਨਾ ਹੀ ਖੱਬੇ।
28ਤੂੰ ਮੇਰੇ ਤੋਂ ਚਾਂਦੀ ਲੈ ਕੇ ਮੈਨੂੰ ਅੰਨ ਵੇਚੀਂ ਤਾਂ ਜੋ ਮੈਂ ਖਾਵਾਂ ਅਤੇ ਪਾਣੀ ਵੀ ਚਾਂਦੀ ਲੈ ਕੇ ਮੈਨੂੰ ਦੇਵੀਂ ਤਾਂ ਜੋ ਮੈਂ ਪੀਵਾਂ। ਸਿਰਫ਼ ਮੈਨੂੰ ਪੈਦਲ ਪਾਰ ਲੰਘਣ ਦੇ,
29ਜਿਵੇਂ ਸੇਈਰ ਦੇ ਵਾਸੀ ਏਸਾਵੀਆਂ ਨੇ ਅਤੇ ਆਰ ਦੇ ਵਾਸੀ ਮੋਆਬੀਆਂ ਨੇ ਮੇਰੇ ਨਾਲ ਕੀਤਾ, ਤੂੰ ਵੀ ਉਸੇ ਤਰ੍ਹਾਂ ਹੀ ਕਰ ਜਦ ਤੱਕ ਮੈਂ ਯਰਦਨ ਦੇ ਪਾਰ ਉਸ ਦੇਸ਼ ਵਿੱਚ ਨਾ ਪਹੁੰਚ ਜਾਂਵਾਂ, ਜਿਹੜਾ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਦਿੰਦਾ ਹੈ।”
30ਪਰ ਹਸ਼ਬੋਨ ਦੇ ਰਾਜੇ ਸੀਹੋਨ ਨੇ ਸਾਨੂੰ ਆਪਣੇ ਦੇਸ਼ ਵਿੱਚੋਂ ਹੋ ਕੇ ਪਾਰ ਲੰਘਣ ਨਾ ਦਿੱਤਾ ਕਿਉਂ ਜੋ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਉਸ ਦੇ ਆਤਮਾ ਨੂੰ ਕਠੋਰ ਅਤੇ ਉਸ ਦੇ ਮਨ ਨੂੰ ਸਖ਼ਤ ਹੋਣ ਦਿੱਤਾ ਤਾਂ ਜੋ ਉਹ ਉਸ ਨੂੰ ਤੇਰੇ ਹੱਥ ਵਿੱਚ ਦੇ ਦੇਵੇ, ਜਿਵੇਂ ਅੱਜ ਦੇ ਦਿਨ ਹੈ।
31ਯਹੋਵਾਹ ਨੇ ਮੈਨੂੰ ਆਖਿਆ, “ਵੇਖ, ਮੈਂ ਸੀਹੋਨ ਅਤੇ ਉਸ ਦੇ ਦੇਸ਼ ਨੂੰ ਤੇਰੇ ਹੱਥ ਵਿੱਚ ਦੇਣ ਲੱਗਾ ਹਾਂ। ਉਸ ਦੇ ਦੇਸ਼ ਨੂੰ ਆਪਣੇ ਅਧਿਕਾਰ ਵਿੱਚ ਲੈਣਾ ਸ਼ੁਰੂ ਕਰ ਤਾਂ ਜੋ ਤੂੰ ਉਸ ਨੂੰ ਆਪਣੀ ਵਿਰਾਸਤ ਬਣਾ ਲਵੇਂ।”
32ਤਦ ਸੀਹੋਨ ਅਤੇ ਉਸ ਦੇ ਸਾਰੇ ਲੋਕਾਂ ਨੇ ਨਿੱਕਲ ਕੇ ਯਹਸ ਵੱਲ ਸਾਡਾ ਸਾਹਮਣਾ ਕੀਤਾ।
33ਯਹੋਵਾਹ ਸਾਡੇ ਪਰਮੇਸ਼ੁਰ ਨੇ ਉਸ ਨੂੰ ਸਾਡੇ ਅੱਗੇ ਹਰਾ ਦਿੱਤਾ ਅਤੇ ਅਸੀਂ ਉਸ ਨੂੰ, ਉਸ ਦੇ ਪੁੱਤਰਾਂ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਮਾਰ ਸੁੱਟਿਆ।
34ਅਸੀਂ ਉਸ ਵੇਲੇ ਉਸ ਦੇ ਸਾਰੇ ਸ਼ਹਿਰ ਲੈ ਲਏ ਅਤੇ ਉਸ ਦੇ ਹਰੇਕ ਵੱਸੇ ਹੋਏ ਸ਼ਹਿਰ ਦਾ ਇਸਤਰੀਆਂ ਅਤੇ ਬੱਚਿਆਂ ਸਮੇਤ ਨਾਸ ਕਰ ਦਿੱਤਾ, ਇੱਥੋਂ ਤੱਕ ਕਿ ਅਸੀਂ ਇੱਕ ਵੀ ਨਾ ਛੱਡਿਆ।
35ਅਸੀਂ ਸਿਰਫ਼ ਪਸ਼ੂਆਂ ਨੂੰ ਆਪਣੀ ਲੁੱਟ ਵਿੱਚ ਲਿਆ ਅਤੇ ਉਨ੍ਹਾਂ ਸ਼ਹਿਰਾਂ ਦੀ ਲੁੱਟ ਦਾ ਮਾਲ ਲਿਆ, ਜਿਨ੍ਹਾਂ ਨੂੰ ਅਸੀਂ ਜਿੱਤ ਲਿਆ ਸੀ।
36ਅਰੋਏਰ ਤੋਂ ਜਿਹੜਾ ਅਰਨੋਨ ਦੇ ਨਾਲੇ ਦੀ ਹੱਦ ਉੱਤੇ ਹੈ ਅਤੇ ਉਸ ਸ਼ਹਿਰ ਤੋਂ ਜਿਹੜਾ ਨਾਲੇ ਦੇ ਕੋਲ ਹੈ, ਗਿਲਆਦ ਤੱਕ ਕੋਈ ਨਗਰ ਅਜਿਹਾ ਨਹੀਂ ਸੀ, ਜਿਹੜਾ ਸਾਡੇ ਸਾਹਮਣੇ ਠਹਿਰ ਸਕਦਾ ਸੀ। ਯਹੋਵਾਹ ਸਾਡੇ ਪਰਮੇਸ਼ੁਰ ਨੇ ਸਭ ਕੁਝ ਸਾਡੇ ਅਧੀਨ ਕਰ ਦਿੱਤਾ।
37ਤੁਸੀਂ ਸਿਰਫ਼ ਅੰਮੋਨੀਆਂ ਦੇ ਦੇਸ਼ ਦੇ ਨੇੜੇ ਨਾ ਗਏ ਅਰਥਾਤ ਯਬੋਕ ਨਦੀ ਦਾ ਸਾਰਾ ਪਾਸਾ ਅਤੇ ਪਹਾੜੀ ਸ਼ਹਿਰ ਅਤੇ ਜਿੱਥੇ ਜਾਣ ਤੋਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਮਨ੍ਹਾ ਕੀਤਾ ਸੀ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath