ਬਿਵਸਥਾ ਸਾਰ 29
1ਇਹ ਉਸ ਨੇਮ ਦੀਆਂ ਗੱਲਾਂ ਹਨ, ਜਿਸ ਨੂੰ ਇਸਰਾਏਲੀਆਂ ਨਾਲ ਬੰਨ੍ਹਣ ਦਾ ਹੁਕਮ ਯਹੋਵਾਹ ਨੇ ਮੂਸਾ ਨੂੰ ਮੋਆਬ ਦੇਸ਼ ਵਿੱਚ ਦਿੱਤਾ ਸੀ। ਇਹ ਉਸ ਨੇਮ ਤੋਂ ਜਿਹੜਾ ਉਹ ਨੇ ਉਨ੍ਹਾਂ ਨਾਲ ਹੋਰੇਬ ਵਿੱਚ ਬੰਨ੍ਹਿਆ ਸੀ, ਵੱਖਰਾ ਹੈ।
2ਮੂਸਾ ਨੇ ਸਾਰੇ ਇਸਰਾਏਲੀਆਂ ਨੂੰ ਸੱਦ ਕੇ ਆਖਿਆ, “ਜੋ ਕੁਝ ਯਹੋਵਾਹ ਨੇ ਮਿਸਰ ਵਿੱਚ ਤੁਹਾਡੇ ਵੇਖਦਿਆਂ ਫ਼ਿਰਊਨ, ਉਸ ਦੇ ਸਾਰੇ ਸੇਵਕਾਂ ਅਤੇ ਉਸ ਦੇ ਦੇਸ਼ ਨਾਲ ਕੀਤਾ ਸੀ, ਉਹ ਤੁਸੀਂ ਵੇਖਿਆ ਸੀ
3ਅਰਥਾਤ ਉਹ ਵੱਡੇ ਪਰਤਾਵੇ, ਨਿਸ਼ਾਨ ਅਤੇ ਉਹ ਵੱਡੇ-ਵੱਡੇ ਅਚਰਜ਼ ਕੰਮ ਜਿਹੜੇ ਤੁਹਾਡੀਆਂ ਅੱਖਾਂ ਨੇ ਵੇਖੇ,
4ਪਰ ਯਹੋਵਾਹ ਨੇ ਅੱਜ ਤੱਕ ਨਾ ਤਾਂ ਸਮਝਣ ਵਾਲਾ ਦਿਲ, ਨਾ ਵੇਖਣ ਵਾਲੀਆਂ ਅੱਖਾਂ ਅਤੇ ਨਾ ਸੁਣਨ ਵਾਲੇ ਕੰਨ ਤੁਹਾਨੂੰ ਦਿੱਤੇ।
5ਮੈਂ ਤੁਹਾਨੂੰ ਚਾਲ੍ਹੀ ਸਾਲਾਂ ਤੱਕ ਉਜਾੜ ਵਿੱਚ ਲਈ ਫਿਰਦਾ ਰਿਹਾ, ਨਾ ਤੁਹਾਡੇ ਸਰੀਰ ਤੋਂ ਤੁਹਾਡੇ ਕੱਪੜੇ ਪੁਰਾਣੇ ਹੋਏ ਅਤੇ ਨਾ ਤੁਹਾਡੇ ਪੈਰਾਂ ਵਿੱਚ ਤੁਹਾਡੀਆਂ ਜੁੱਤੀਆਂ ਪੁਰਾਣੀਆਂ ਹੋਈਆਂ।
6ਰੋਟੀ ਜੋ ਤੁਸੀਂ ਨਾ ਖਾ ਸਕੇ ਅਤੇ ਦਾਖਰਸ ਅਤੇ ਮਧ ਜੋ ਤੁਸੀਂ ਨਾ ਪੀ ਸਕੇ, ਇਹ ਇਸ ਲਈ ਹੋਇਆ ਕਿ ਤੁਸੀਂ ਜਾਣੋ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
7ਜਦ ਤੁਸੀਂ ਇਸ ਸਥਾਨ ਉੱਤੇ ਆਏ, ਤਦ ਹਸ਼ਬੋਨ ਦਾ ਰਾਜਾ ਸੀਹੋਨ ਅਤੇ ਬਾਸ਼ਾਨ ਦਾ ਰਾਜਾ ਓਗ ਸਾਡੇ ਨਾਲ ਯੁੱਧ ਕਰਨ ਨੂੰ ਨਿੱਕਲੇ ਅਤੇ ਅਸੀਂ ਉਨ੍ਹਾਂ ਨੂੰ ਮਾਰਿਆ,
8ਅਸੀਂ ਉਨ੍ਹਾਂ ਦਾ ਦੇਸ਼ ਲੈ ਕੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਵਿਰਾਸਤ ਵਿੱਚ ਦੇ ਦਿੱਤਾ।
9ਇਸ ਲਈ ਇਸ ਨੇਮ ਦੀਆਂ ਗੱਲਾਂ ਨੂੰ ਪੂਰਾ ਕਰਕੇ ਪਾਲਨਾ ਕਰੋ ਤਾਂ ਜੋ ਤੁਸੀਂ ਆਪਣੇ ਸਭ ਕੰਮਾਂ ਵਿੱਚ ਸਫ਼ਲ ਹੋਵੋ।”
10ਅੱਜ ਤੁਸੀਂ ਸਾਰੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਖੜ੍ਹੇ ਹੋ, ਤੁਹਾਡੇ ਮੁਖੀਏ, ਤੁਹਾਡੇ ਗੋਤ, ਤੁਹਾਡੇ ਬਜ਼ੁਰਗ, ਤੁਹਾਡੇ ਅਧਿਕਾਰੀ ਸਗੋਂ ਇਸਰਾਏਲ ਦੇ ਸਾਰੇ ਮਨੁੱਖ,
11ਤੁਹਾਡੇ ਬੱਚੇ, ਤੁਹਾਡੀਆਂ ਇਸਤਰੀਆਂ, ਤੁਹਾਡੇ ਪਰਦੇਸੀ ਜਿਹੜੇ ਤੁਹਾਡੇ ਡੇਰਿਆਂ ਵਿੱਚ ਹਨ, ਸਗੋਂ ਲੱਕੜਹਾਰੇ ਤੋਂ ਲੈ ਕੇ ਪਾਣੀ ਭਰਨ ਵਾਲਿਆਂ ਤੱਕ ਸਭ ਹਾਜ਼ਰ ਹੋ
12ਤਾਂ ਜੋ ਤੁਸੀਂ ਉਸ ਨੇਮ ਵਿੱਚ ਜੋ ਯਹੋਵਾਹ ਅੱਜ ਤੁਹਾਡੇ ਨਾਲ ਬੰਨ੍ਹਦਾ ਹੈ, ਅਤੇ ਜਿਹੜੀ ਸਹੁੰ ਉਹ ਅੱਜ ਤੁਹਾਨੂੰ ਚੁਕਾਉਂਦਾ ਹੈ, ਉਸ ਵਿੱਚ ਸਾਂਝੀ ਹੋ ਜਾਓ
13ਤਾਂ ਜੋ ਉਹ ਤੁਹਾਨੂੰ ਅੱਜ ਦੇ ਦਿਨ ਆਪਣੀ ਪਰਜਾ ਕਰਕੇ ਕਾਇਮ ਕਰੇ ਅਤੇ ਉਹ ਤੁਹਾਡੇ ਲਈ ਪਰਮੇਸ਼ੁਰ ਹੋਵੇ ਜਿਵੇਂ ਉਸ ਤੁਹਾਡੇ ਨਾਲ ਬਚਨ ਕੀਤਾ ਸੀ ਅਤੇ ਜਿਵੇਂ ਉਸ ਨੇ ਤੁਹਾਡੇ ਪੁਰਖਿਆਂ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ।
14ਮੈਂ ਇਸ ਨੇਮ ਅਤੇ ਇਸ ਸਹੁੰ ਨੂੰ ਸਿਰਫ਼ ਤੁਹਾਡੇ ਨਾਲ ਹੀ ਨਹੀਂ ਬੰਨ੍ਹ ਰਿਹਾ ਹਾਂ,
15ਸਗੋਂ ਉਨ੍ਹਾਂ ਨਾਲ ਵੀ ਜਿਹੜੇ ਅੱਜ ਇੱਥੇ ਸਾਡੇ ਨਾਲ ਸਾਡੇ ਪਰਮੇਸ਼ੁਰ ਯਹੋਵਾਹ ਦੇ ਸਨਮੁਖ ਖੜ੍ਹੇ ਹਨ ਅਤੇ ਉਨ੍ਹਾਂ ਨਾਲ ਵੀ ਜਿਹੜਾ ਅੱਜ ਇੱਥੇ ਸਾਡੇ ਨਾਲ ਨਹੀਂ ਹਨ,
16ਕਿਉਂ ਜੋ ਤੁਸੀਂ ਜਾਣਦੇ ਹੋ ਕਿ ਕਿਵੇਂ ਅਸੀਂ ਮਿਸਰ ਦੇਸ਼ ਵਿੱਚ ਵੱਸੇ ਅਤੇ ਕਿਵੇਂ ਅਸੀਂ ਉਨ੍ਹਾਂ ਕੌਮਾਂ ਦੇ ਵਿੱਚੋਂ ਦੀ ਹੋ ਕੇ ਆਏ, ਜਿਨ੍ਹਾਂ ਦੇ ਵਿੱਚੋਂ ਤੁਸੀਂ ਲੰਘੇ,
17ਤੁਸੀਂ ਉਹਨਾਂ ਦੀਆਂ ਘਿਣਾਉਣੀਆਂ ਚੀਜ਼ਾਂ ਅਤੇ ਉਹਨਾਂ ਦੀਆਂ ਲੱਕੜੀਆਂ, ਪੱਥਰ, ਚਾਂਦੀ ਅਤੇ ਸੋਨੇ ਦੀਆਂ ਮੂਰਤਾਂ ਵੇਖੀਆਂ, ਜਿਹੜੀਆਂ ਉਹਨਾਂ ਦੇ ਕੋਲ ਸਨ।
18ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਵਿੱਚੋਂ ਕੋਈ ਪੁਰਖ, ਜਾਂ ਇਸਤਰੀ, ਜਾਂ ਟੱਬਰ, ਜਾਂ ਕੋਈ ਗੋਤ ਹੋਵੇ ਜਿਸ ਦਾ ਮਨ ਅੱਜ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਫਿਰ ਜਾਵੇ ਅਤੇ ਉਹ ਜਾ ਕੇ ਉਨ੍ਹਾਂ ਕੌਮਾਂ ਦੇ ਦੇਵਤਿਆਂ ਦੀ ਪੂਜਾ ਕਰੇ, ਫੇਰ ਕਿਤੇ ਅਜਿਹਾ ਵੀ ਨਾ ਹੋਵੇ ਕਿ ਤੁਹਾਡੇ ਵਿੱਚੋਂ ਕੋਈ ਕੁੜੱਤਣ ਅਤੇ ਅੱਕ ਦੀ ਜੜ੍ਹ ਫੁੱਟ ਨਿੱਕਲੇ
19ਅਤੇ ਅਜਿਹਾ ਹੋਵੇਗਾ ਕਿ ਜੇਕਰ ਕੋਈ ਮਨੁੱਖ ਇਸ ਸਰਾਪ ਦੀਆਂ ਗੱਲਾਂ ਸੁਣ ਕੇ ਆਪਣੇ ਮਨ ਵਿੱਚ ਆਪਣੇ ਆਪ ਨੂੰ ਇਹ ਆਖ ਕੇ ਅਸੀਸ ਦੇਵੇ ਕਿ ਮੈਂ ਸ਼ਾਂਤੀ ਪਾਵਾਂਗਾ ਭਾਵੇਂ ਮੈਂ ਆਪਣੇ ਮਨ ਦੀ ਜ਼ਿੱਦ ਵਿੱਚ ਚੱਲਾਂ ਅਤੇ ਪਿਆਸ ਨੂੰ ਵਧਾ ਕੇ ਮਤਵਾਲਾ ਹੋਵਾਂ।
20ਯਹੋਵਾਹ ਉਸ ਨੂੰ ਮਾਫ਼ ਨਹੀਂ ਕਰੇਗਾ ਪਰ ਯਹੋਵਾਹ ਦਾ ਕ੍ਰੋਧ ਅਤੇ ਉਸ ਦੀ ਅਣਖ ਦਾ ਧੂੰਆਂ ਉਸ ਮਨੁੱਖ ਉੱਤੇ ਸੁਲਗੇਗਾ ਅਤੇ ਸਾਰੇ ਸਰਾਪ ਜਿਹੜੇ ਇਸ ਪੁਸਤਕ ਵਿੱਚ ਲਿਖੇ ਹਨ, ਉਸ ਉੱਤੇ ਆ ਪੈਣਗੇ ਅਤੇ ਯਹੋਵਾਹ ਉਸ ਦਾ ਨਾਮ ਅਕਾਸ਼ ਦੇ ਹੇਠੋਂ ਮਿਟਾ ਦੇਵੇਗਾ।
21ਯਹੋਵਾਹ ਉਸ ਨੂੰ ਇਸ ਨੇਮ ਦੇ ਸਾਰੇ ਸਰਾਪਾਂ ਅਨੁਸਾਰ ਜਿਹੜੇ ਇਸ ਬਿਵਸਥਾ ਦੀ ਪੁਸਤਕ ਵਿੱਚ ਲਿਖੇ ਹੋਏ ਹਨ, ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਬੁਰਿਆਈ ਲਈ ਵੱਖਰਾ ਕਰੇਗਾ ।
22ਅਤੇ ਆਉਣ ਵਾਲੀ ਪੀੜ੍ਹੀ ਵਿੱਚ ਤੁਹਾਡੇ ਬੱਚੇ ਜਿਹੜੇ ਤੁਹਾਡੇ ਬਾਅਦ ਪੈਦਾ ਹੋਣਗੇ ਅਤੇ ਪਰਦੇਸੀ ਵੀ ਜਿਹੜੇ ਦੂਰ ਦੇਸ਼ ਤੋਂ ਆਉਣਗੇ, ਜਦ ਉਹ ਉਸ ਦੇਸ਼ ਦੀਆਂ ਬਵਾਂ ਅਤੇ ਉਸ ਵਿੱਚ ਯਹੋਵਾਹ ਦੀਆਂ ਫੈਲਾਈਆਂ ਹੋਈਆਂ ਬਿਮਾਰੀਆਂ ਨੂੰ ਵੇਖਣਗੇ ਤਾਂ ਆਖਣਗੇ,
23“ਕਿਵੇਂ ਉਹ ਸਾਰੀ ਧਰਤੀ ਗੰਧਕ ਤੇ ਲੂਣ ਹੋ ਗਈ ਅਤੇ ਸੜ ਗਈ ਹੈ! ਨਾ ਤਾਂ ਉਸ ਵਿੱਚ ਕੁਝ ਬੀਜਿਆ ਜਾਂਦਾ ਹੈ, ਨਾ ਹੀ ਕੁਝ ਉੱਗਦਾ ਹੈ, ਨਾ ਹੀ ਉਸ ਵਿੱਚੋਂ ਘਾਹ ਨਿੱਕਲਦਾ ਹੈ। ਉਹ ਸਦੂਮ, ਅਮੂਰਾਹ, ਅਦਮਾਹ ਅਤੇ ਸਬੋਈਮ ਦੇ ਵਾਂਗੂੰ ਹਨ , ਜਿਨ੍ਹਾਂ ਨੂੰ ਯਹੋਵਾਹ ਨੇ ਆਪਣੇ ਕ੍ਰੋਧ ਅਤੇ ਗੁੱਸੇ ਨਾਲ ਪਲਟ ਦਿੱਤਾ ਸੀ,”
24ਤਦ ਸਾਰੀਆਂ ਕੌਮਾਂ ਵੀ ਆਖਣਗੀਆਂ ਕਿ ਯਹੋਵਾਹ ਨੇ ਇਸ ਦੇਸ਼ ਨਾਲ ਅਜਿਹਾ ਕਿਉਂ ਕੀਤਾ ਅਤੇ ਇਸ ਵੱਡੇ ਕ੍ਰੋਧ ਦੇ ਭੜਕਣ ਦਾ ਕਾਰਨ ਕੀ ਹੈ?
25ਤਦ ਲੋਕ ਉੱਤਰ ਦੇਣਗੇ, “ਇਸ ਲਈ ਕਿ ਉਨ੍ਹਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਯਹੋਵਾਹ ਦੇ ਨੇਮ ਨੂੰ ਤਿਆਗ ਦਿੱਤਾ ਜਿਹੜਾ ਉਸ ਨੇ ਉਨ੍ਹਾਂ ਨਾਲ ਬੰਨ੍ਹਿਆ ਸੀ, ਜਦ ਉਹ ਉਨ੍ਹਾਂ ਨੂੰ ਮਿਸਰ ਦੇਸ਼ ਤੋਂ ਬਾਹਰ ਲਿਆਇਆ,
26ਉਨ੍ਹਾਂ ਨੇ ਜਾ ਕੇ ਦੂਜੇ ਦੇਵਤਿਆਂ ਦੀ ਪੂਜਾ ਕੀਤੀ ਅਤੇ ਉਹਨਾਂ ਦੇ ਅੱਗੇ ਮੱਥਾ ਟੇਕਿਆ, ਉਹ ਦੇਵਤੇ ਜਿਨ੍ਹਾਂ ਨੂੰ ਉਹ ਜਾਣਦੇ ਵੀ ਨਹੀਂ ਸਨ, ਨਾ ਹੀ ਉਸ ਨੇ ਉਨ੍ਹਾਂ ਲਈ ਠਹਿਰਾਏ ਸਨ।
27ਇਸ ਕਾਰਨ ਯਹੋਵਾਹ ਦਾ ਕ੍ਰੋਧ ਇਸ ਦੇਸ਼ ਦੇ ਉੱਤੇ ਭੜਕਿਆ ਤਾਂ ਜੋ ਉਹ ਸਾਰੇ ਸਰਾਪ ਜਿਹੜੇ ਇਸ ਪੁਸਤਕ ਵਿੱਚ ਲਿਖੇ ਹੋਏ ਹਨ, ਇਸ ਉੱਤੇ ਪਾਵੇ।
28ਯਹੋਵਾਹ ਨੇ ਕ੍ਰੋਧ, ਗੁੱਸੇ ਅਤੇ ਵੱਡੇ ਕਹਿਰ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਿੱਚੋਂ ਉਖਾੜ ਕੇ ਦੂਜੇ ਦੇਸ਼ ਵਿੱਚ ਸੁੱਟ ਦਿੱਤਾ, ਜਿਵੇਂ ਅੱਜ ਦੇ ਦਿਨ ਹੈ।”
29“ਗੁਪਤ ਗੱਲਾਂ ਤਾਂ ਯਹੋਵਾਹ ਸਾਡੇ ਪਰਮੇਸ਼ੁਰ ਦੇ ਵੱਸ ਵਿੱਚ ਹਨ, ਪਰ ਜਿਹੜੀਆਂ ਪ੍ਰਗਟ ਹਨ ਉਹ ਸਦਾ ਤੱਕ ਸਾਡੇ ਲਈ ਅਤੇ ਸਾਡੇ ਪੁੱਤਰਾਂ ਲਈ ਹਨ, ਤਾਂ ਜੋ ਅਸੀਂ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਪੂਰੀਆਂ ਕਰਦੇ ਰਹੀਏ।”
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath