ਈਸਾਈ
ਪਿੱਛੇ

ਬਿਵਸਥਾ ਸਾਰ 1

1ਇਹ ਉਹ ਬਚਨ ਹਨ ਜਿਹੜੇ ਮੂਸਾ ਨੇ ਸਾਰੇ ਇਸਰਾਏਲ ਨੂੰ ਯਰਦਨ ਦੇ ਪਾਰ ਉਜਾੜ ਵਿੱਚ ਆਖੇ, ਜੋ ਸੂਫ ਦੇ ਸਾਹਮਣੇ ਦੇ ਅਰਾਬਾਹ ਵਿੱਚ ਪਾਰਾਨ, ਤੋਫਲ, ਲਾਬਾਨ, ਹਸੇਰੋਥ ਅਤੇ ਦੀਜ਼ਾਹਾਬ ਦੇ ਵਿਚਕਾਰ ਹੈ।

2ਹੋਰੇਬ ਤੋਂ ਕਾਦੇਸ਼-ਬਰਨੇਆ ਤੱਕ ਸੇਈਰ ਪਰਬਤ ਦਾ ਗਿਆਰ੍ਹਾਂ ਦਿਨ ਦਾ ਸਫ਼ਰ ਹੈ।

3ਅਜਿਹਾ ਹੋਇਆ ਕਿ ਚਾਲੀਵੇਂ ਸਾਲ ਦੇ ਗਿਆਰਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਮੂਸਾ ਨੇ ਇਸਰਾਏਲੀਆਂ ਨਾਲ ਉਹ ਸਾਰੀਆਂ ਗੱਲਾਂ ਕੀਤੀਆਂ, ਜਿਨ੍ਹਾਂ ਦਾ ਯਹੋਵਾਹ ਨੇ ਉਸ ਨੂੰ ਉਨ੍ਹਾਂ ਦੇ ਲਈ ਹੁਕਮ ਦਿੱਤਾ ਸੀ,

4ਅਰਥਾਤ ਜਦ ਮੂਸਾ ਨੇ ਅਮੋਰੀਆਂ ਦੇ ਰਾਜਾ ਸੀਹੋਨ ਨੂੰ ਜਿਹੜਾ ਹਸ਼ਬੋਨ ਦਾ ਵਾਸੀ ਸੀ ਅਤੇ ਬਾਸ਼ਾਨ ਦੇ ਰਾਜਾ ਓਗ ਨੂੰ ਜਿਹੜਾ ਅਸ਼ਤਾਰੋਥ ਦਾ ਵਾਸੀ ਸੀ, ਅਦਰਈ ਵਿੱਚ ਮਾਰ ਦਿੱਤਾ,

5ਤਦ ਯਰਦਨ ਦੇ ਪਾਰ ਮੋਆਬ ਦੇ ਦੇਸ਼ ਵਿੱਚ ਮੂਸਾ ਬਿਵਸਥਾ ਦੀ ਵਿਆਖਿਆ ਇਸ ਤਰ੍ਹਾਂ ਕਰਨ ਲੱਗਾ,

6“ਸਾਡੇ ਪਰਮੇਸ਼ੁਰ ਯਹੋਵਾਹ ਨੇ ਹੋਰੇਬ ਵਿੱਚ ਸਾਨੂੰ ਕਿਹਾ ਸੀ, ਤੁਹਾਨੂੰ ਇਸ ਪਰਬਤ ਵਿੱਚ ਰਹਿੰਦੇ ਹੋਏ ਬਹੁਤ ਦਿਨ ਹੋ ਗਏ ਹਨ,

7ਇਸ ਲਈ ਹੁਣ ਤੁਸੀਂ ਇੱਥੋਂ ਕੂਚ ਕਰੋ ਅਤੇ ਅਮੋਰੀਆਂ ਦੇ ਪਹਾੜੀ ਦੇਸ਼ ਨੂੰ ਅਤੇ ਅਰਾਬਾਹ ਦੇ ਨੇੜੇ-ਤੇੜੇ ਦੇ ਸਥਾਨਾਂ ਵਿੱਚ, ਪਹਾੜੀ ਦੇਸ਼ ਵਿੱਚ, ਮੈਦਾਨ ਵਿੱਚ, ਦੱਖਣ ਵੱਲ ਅਤੇ ਸਮੁੰਦਰ ਦੇ ਕੰਢਿਆਂ ਉੱਤੇ, ਲਬਾਨੋਨ ਪਰਬਤ ਵਿੱਚ ਅਤੇ ਵੱਡੇ ਦਰਿਆ ਫ਼ਰਾਤ ਤੱਕ ਰਹਿਣ ਵਾਲੇ ਕਨਾਨੀਆਂ ਦੇ ਦੇਸ਼ ਵਿੱਚ ਚਲੇ ਜਾਓ।

8ਵੇਖੋ, ਮੈਂ ਇਸ ਦੇਸ਼ ਨੂੰ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ, ਜਿਸ ਦੇਸ਼ ਦੀ ਯਹੋਵਾਹ ਨੇ ਤੁਹਾਡੇ ਪੁਰਖਿਆਂ ਦੇ ਨਾਲ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ ਕਿ ਮੈਂ ਇਸ ਦੇਸ਼ ਨੂੰ ਤੁਹਾਨੂੰ ਅਤੇ ਤੁਹਾਡੇ ਬਾਅਦ ਤੁਹਾਡੇ ਵੰਸ਼ ਨੂੰ ਦਿਆਂਗਾ, ਇਸ ਲਈ ਜਾਓ ਅਤੇ ਇਸ ਦੇਸ਼ ਨੂੰ ਆਪਣੇ ਅਧੀਨ ਕਰ ਲਓ।”

9ਫਿਰ ਉਸੇ ਸਮੇਂ ਮੈਂ ਤੁਹਾਨੂੰ ਕਿਹਾ, “ਮੈਂ ਇਕੱਲਾ ਤੁਹਾਡਾ ਭਾਰ ਨਹੀਂ ਚੁੱਕ ਸਕਦਾ,

10ਕਿਉਂ ਜੋ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਇਸ ਹੱਦ ਤੱਕ ਵਧਾਇਆ ਹੈ ਕਿ ਵੇਖੋ, ਅੱਜ ਤੁਸੀਂ ਅਕਾਸ਼ ਦੇ ਤਾਰਿਆਂ ਵਾਂਗੂੰ ਹੋ ਗਏ ਹੋ।

11ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਤੁਹਾਨੂੰ ਹਜ਼ਾਰ ਗੁਣਾ ਵਧਾਵੇ ਅਤੇ ਤੁਹਾਨੂੰ ਬਰਕਤ ਦੇਵੇ, ਜਿਵੇਂ ਉਸ ਨੇ ਤੁਹਾਡੇ ਨਾਲ ਵਾਇਦਾ ਕੀਤਾ ਹੈ।

12ਮੈਂ ਇਕੱਲਾ ਕਿਵੇਂ ਤੁਹਾਡੀਆਂ ਮੁਸੀਬਤਾਂ, ਤੁਹਾਡਾ ਭਾਰ ਅਤੇ ਤੁਹਾਡਾ ਕੁੜਕੁੜਾਉਣਾ ਸਹਿਣ ਕਰਾਂ?

13ਤੁਸੀਂ ਆਪਣੇ ਵਿੱਚੋਂ ਬੁੱਧਵਾਨ, ਸਿਆਣੇ ਅਤੇ ਗਿਆਨ ਰੱਖਣ ਵਾਲੇ ਮਨੁੱਖ ਗੋਤਾਂ ਅਨੁਸਾਰ ਚੁਣ ਲਓ ਤਾਂ ਜੋ ਮੈਂ ਉਹਨਾਂ ਨੂੰ ਤੁਹਾਡੇ ਉੱਤੇ ਪ੍ਰਧਾਨ ਠਹਿਰਾਵਾਂ।”

14ਤਦ ਤੁਸੀਂ ਮੈਨੂੰ ਉੱਤਰ ਦੇ ਕੇ ਆਖਿਆ, “ਇਹ ਚੰਗੀ ਗੱਲ ਹੈ, ਜਿਹੜੀ ਤੂੰ ਸਾਨੂੰ ਕਰਨ ਲਈ ਆਖੀ ਹੈ।”

15ਇਸ ਲਈ ਮੈਂ ਤੁਹਾਡੇ ਗੋਤਾਂ ਦੇ ਪ੍ਰਧਾਨਾਂ ਨੂੰ ਲਿਆ ਜਿਹੜੇ ਬੁੱਧਵਾਨ ਅਤੇ ਗਿਆਨੀ ਮਨੁੱਖ ਸਨ ਅਤੇ ਤੁਹਾਡੇ ਉੱਤੇ ਪ੍ਰਧਾਨ ਠਹਿਰਾਇਆ ਅਰਥਾਤ ਹਜ਼ਾਰਾਂ ਦੇ ਪ੍ਰਧਾਨ, ਸੈਂਕੜਿਆਂ ਦੇ ਪ੍ਰਧਾਨ, ਪੰਜਾਹਾਂ ਦੇ ਪ੍ਰਧਾਨ ਅਤੇ ਦਸਾਂ ਦੇ ਪ੍ਰਧਾਨ, ਨਾਲ ਹੀ ਤੁਹਾਡੇ ਗੋਤਾਂ ਦੇ ਆਗੂਆਂ ਨੂੰ ਵੀ ਲਿਆ।

16ਉਸੇ ਵੇਲੇ ਮੈਂ ਤੁਹਾਡੇ ਨਿਆਂਈਆਂ ਨੂੰ ਹੁਕਮ ਦੇ ਕੇ ਆਖਿਆ, “ਆਪਣੇ ਭਰਾਵਾਂ ਦੇ ਵਿਚਕਾਰਲੇ ਝਗੜੇ ਸੁਣੋ ਅਤੇ ਮਨੁੱਖ ਅਤੇ ਉਸ ਦੇ ਭਰਾ ਦਾ ਅਤੇ ਉਸ ਪਰਦੇਸੀ ਦਾ ਜਿਹੜਾ ਤੁਹਾਡੇ ਵਿੱਚ ਰਹਿੰਦਾ ਹੈ, ਧਰਮ ਨਾਲ ਨਿਆਂ ਕਰੋ।

17ਨਿਆਂ ਕਰਨ ਦੇ ਵੇਲੇ ਕਿਸੇ ਦਾ ਪੱਖਪਾਤ ਨਾ ਕਰਿਓ। ਤੁਸੀਂ ਵੱਡੇ-ਛੋਟੇ ਦੀ ਗੱਲ ਨੂੰ ਇੱਕੋ ਜਿਹੀ ਸੁਣਿਓ ਅਤੇ ਤੁਸੀਂ ਮਨੁੱਖ ਦੇ ਮੂੰਹ ਨੂੰ ਵੇਖ ਕੇ ਨਾ ਡਰਿਓ, ਕਿਉਂ ਜੋ ਨਿਆਂ ਪਰਮੇਸ਼ੁਰ ਦਾ ਹੈ ਅਤੇ ਜਿਹੜੀ ਗੱਲ ਤੁਹਾਡੇ ਲਈ ਬਹੁਤ ਔਖੀ ਹੋਵੇ, ਉਹ ਤੁਸੀਂ ਮੇਰੇ ਕੋਲ ਲਿਆਓ ਅਤੇ ਮੈਂ ਉਸ ਨੂੰ ਸੁਣਾਂਗਾ।”

18ਮੈਂ ਉਸ ਵੇਲੇ ਤੁਹਾਨੂੰ ਉਨ੍ਹਾਂ ਸਾਰੀਆਂ ਗੱਲਾਂ ਦਾ ਹੁਕਮ ਦਿੱਤਾ, ਜਿਹੜੀਆਂ ਤੁਹਾਡੇ ਕਰਨ ਦੀਆਂ ਸਨ।

19ਫੇਰ ਅਸੀਂ ਹੋਰੇਬ ਤੋਂ ਕੂਚ ਕਰ ਕੇ ਉਸ ਵੱਡੀ ਅਤੇ ਭਿਆਨਕ ਉਜਾੜ ਵਿੱਚੋਂ ਦੀ ਗਏ ਜਿਹੜੀ ਤੁਸੀਂ ਅਮੋਰੀਆਂ ਦੇ ਪਹਾੜੀ ਦੇਸ਼ ਦੇ ਕੋਲ ਵੇਖੀ ਸੀ, ਜਿਵੇਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਹੁਕਮ ਦਿੱਤਾ ਸੀ ਅਤੇ ਅਸੀਂ ਕਾਦੇਸ਼-ਬਰਨੇਆ ਵਿੱਚ ਆਏ।

20ਫੇਰ ਮੈਂ ਤੁਹਾਨੂੰ ਆਖਿਆ, “ਤੁਸੀਂ ਅਮੋਰੀਆਂ ਦੇ ਪਹਾੜੀ ਦੇਸ਼ ਕੋਲ ਪਹੁੰਚ ਗਏ ਹੋ, ਜਿਹੜਾ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਦਿੰਦਾ ਹੈ।

21ਵੇਖੋ, ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਅੱਗੇ ਇਹ ਦੇਸ਼ ਰੱਖਿਆ ਹੈ। ਅੱਗੇ ਵਧ ਕੇ ਹਮਲਾ ਕਰੋ ਅਤੇ ਇਸ ਨੂੰ ਅਧਿਕਾਰ ਵਿੱਚ ਲੈ ਲਓ, ਜਿਵੇਂ ਯਹੋਵਾਹ ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਆਖਿਆ ਹੈ! ਨਾ ਡਰੋ ਅਤੇ ਨਾ ਘਬਰਾਓ!”

22ਫਿਰ ਤੁਸੀਂ ਸਾਰੇ ਮੇਰੇ ਕੋਲ ਆ ਕੇ ਆਖਣ ਲੱਗੇ, “ਅਸੀਂ ਆਪਣੇ ਅੱਗੇ ਮਨੁੱਖਾਂ ਨੂੰ ਭੇਜਾਂਗੇ ਤਾਂ ਜੋ ਉਹ ਸਾਡੇ ਲਈ ਉਸ ਦੇਸ਼ ਦਾ ਭੇਤ ਲੈਣ ਅਤੇ ਵਾਪਸ ਆ ਕੇ ਸਾਨੂੰ ਉਸ ਰਾਹ ਦਾ ਪਤਾ ਦੇਣ ਜਿਸ ਦੇ ਵਿੱਚੋਂ ਹੋ ਕੇ ਅਸੀਂ ਅੱਗੇ ਜਾਣਾ ਹੈ ਅਤੇ ਸਾਨੂੰ ਕਿਹੜੇ ਸ਼ਹਿਰਾਂ ਵਿੱਚ ਪਹੁੰਚਣਾ ਹੈ।”

23ਇਹ ਗੱਲ ਮੈਨੂੰ ਚੰਗੀ ਲੱਗੀ, ਇਸ ਲਈ ਮੈਂ ਤੁਹਾਡੇ ਵਿੱਚੋਂ ਬਾਰਾਂ ਮਨੁੱਖ ਅਰਥਾਤ ਹਰੇਕ ਗੋਤ ਤੋਂ ਇੱਕ-ਇੱਕ ਮਨੁੱਖ ਚੁਣ ਲਿਆ।

24ਉਹ ਮੁੜ ਕੇ ਉਸ ਪਹਾੜੀ ਦੇਸ਼ ਨੂੰ ਗਏ ਅਤੇ ਅਸ਼ਕੋਲ ਦੀ ਵਾਦੀ ਵਿੱਚ ਪਹੁੰਚ ਕੇ ਉਸ ਦੇਸ਼ ਦਾ ਭੇਤ ਲਿਆ।

25ਉਨ੍ਹਾਂ ਨੇ ਉਸ ਦੇਸ਼ ਦੇ ਫਲਾਂ ਵਿੱਚੋਂ ਕੁਝ ਆਪਣੇ ਹੱਥਾਂ ਵਿੱਚ ਲਿਆ ਅਤੇ ਉਸ ਨੂੰ ਸਾਡੇ ਕੋਲ ਲਿਆਏ ਅਤੇ ਸਾਨੂੰ ਖ਼ਬਰ ਦਿੰਦੇ ਹੋਏ ਆਖਿਆ, “ਉਹ ਦੇਸ਼ ਚੰਗਾ ਹੈ, ਜਿਹੜਾ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਦਿੰਦਾ ਹੈ।”

26ਪਰ ਤੁਸੀਂ ਉੱਥੇ ਜਾਣਾ ਨਹੀਂ ਚਾਹੁੰਦੇ ਸੀ, ਸਗੋਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਦੇ ਵਿਰੁੱਧ ਹੋ ਗਏ

27ਜਦ ਕਿ ਤੁਸੀਂ ਆਪਣੇ ਤੰਬੂਆਂ ਵਿੱਚ ਬੁੜਬੁੜ ਕਰਨ ਲੱਗ ਪਏ ਅਤੇ ਆਖਿਆ, “ਯਹੋਵਾਹ ਸਾਡੇ ਨਾਲ ਵੈਰ ਰੱਖਦਾ ਹੈ, ਇਸ ਲਈ ਸਾਨੂੰ ਮਿਸਰ ਦੇਸ਼ ਤੋਂ ਕੱਢ ਕੇ ਲੈ ਆਇਆ ਤਾਂ ਜੋ ਸਾਨੂੰ ਅਮੋਰੀਆਂ ਦੇ ਹੱਥਾਂ ਵਿੱਚ ਦੇ ਦੇਵੇ, ਜੋ ਸਾਡਾ ਨਾਸ ਕਰ ਦੇਣ।

28ਅਸੀਂ ਕਿੱਧਰ ਜਾਈਏ? ਸਾਡੇ ਭਰਾਵਾਂ ਨੇ ਇਹ ਆਖ ਕੇ ਸਾਡਾ ਹੌਂਸਲਾ ਤੋੜ ਦਿੱਤਾ ਹੈ ਕਿ ਉਹ ਲੋਕ ਸਾਡੇ ਤੋਂ ਵੱਡੇ ਅਤੇ ਉੱਚੇ-ਲੰਮੇ ਹਨ! ਉਹਨਾਂ ਦੇ ਸ਼ਹਿਰ ਵੱਡੇ ਅਤੇ ਅਕਾਸ਼ ਤੱਕ ਉੱਚੇ ਗੜ੍ਹਾਂ ਵਾਲੇ ਹਨ ਅਤੇ ਅਸੀਂ ਉੱਥੇ ਅਨਾਕੀਆਂ ਨੂੰ ਵੀ ਵੇਖਿਆ ਹੈ!”

29ਤਦ ਮੈਂ ਤੁਹਾਨੂੰ ਆਖਿਆ, “ਤੁਸੀਂ ਉਨ੍ਹਾਂ ਤੋਂ ਨਾ ਘਬਰਾਓ ਅਤੇ ਨਾ ਹੀ ਡਰੋ।

30ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ-ਅੱਗੇ ਜਾਂਦਾ ਹੈ। ਉਹ ਤੁਹਾਡੇ ਲਈ ਲੜੇਗਾ, ਜਿਵੇਂ ਉਸ ਨੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਮਿਸਰ ਵਿੱਚ ਕੀਤਾ

31ਅਤੇ ਉਜਾੜ ਵਿੱਚ ਵੀ, ਜਿੱਥੇ ਤੁਸੀਂ ਵੇਖਿਆ ਕਿ ਜਿਵੇਂ ਮਨੁੱਖ ਆਪਣੇ ਪੁੱਤਰ ਨੂੰ ਚੁੱਕਦਾ ਹੈ, ਉਸੇ ਤਰ੍ਹਾਂ ਹੀ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਤੁਹਾਡੇ ਸਾਰੇ ਰਾਹਾਂ ਵਿੱਚ ਜਿੱਥੇ ਤੁਸੀਂ ਜਾਂਦੇ ਸੀ ਚੁੱਕ ਕੇ ਰੱਖਿਆ, ਜਦ ਤੱਕ ਤੁਸੀਂ ਇਸ ਸਥਾਨ ਤੱਕ ਨਹੀਂ ਪਹੁੰਚੇ।”

32ਪਰ ਇਸ ਗੱਲ ਵਿੱਚ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਵਿਸ਼ਵਾਸ ਨਾ ਕੀਤਾ,

33ਜੋ ਰਾਹ ਵਿੱਚ ਤੁਹਾਡੇ ਅੱਗੇ-ਅੱਗੇ ਚੱਲਦਾ ਸੀ ਤਾਂ ਜੋ ਉਹ ਤੁਹਾਡੇ ਲਈ ਡੇਰੇ ਲਾਉਣ ਦਾ ਸਥਾਨ ਲੱਭੇ, ਰਾਤ ਨੂੰ ਅੱਗ ਵਿੱਚ ਅਤੇ ਦਿਨ ਨੂੰ ਬੱਦਲ ਵਿੱਚ ਹੋ ਕੇ ਉਹ ਤੁਹਾਨੂੰ ਉਹ ਰਾਹ ਵਿਖਾਉਂਦਾ ਸੀ, ਜਿਸ ਵਿੱਚ ਤੁਸੀਂ ਜਾਣਾ ਹੁੰਦਾ ਸੀ।

34ਯਹੋਵਾਹ ਨੇ ਤੁਹਾਡੀਆਂ ਗੱਲਾਂ ਦਾ ਰੌਲ਼ਾ ਸੁਣਿਆ, ਤਦ ਉਸ ਦਾ ਕ੍ਰੋਧ ਭੜਕਿਆ ਅਤੇ ਉਸ ਨੇ ਇਹ ਆਖ ਕੇ ਸਹੁੰ ਖਾਧੀ,

35“ਇਸ ਬੁਰੀ ਪੀੜ੍ਹੀ ਵਿੱਚੋਂ ਇੱਕ ਵੀ ਮਨੁੱਖ ਉਸ ਚੰਗੇ ਦੇਸ਼ ਨੂੰ ਨਾ ਵੇਖੇਗਾ, ਜਿਸ ਨੂੰ ਦੇਣ ਦੀ ਸਹੁੰ ਮੈਂ ਤੁਹਾਡੇ ਪੁਰਖਿਆਂ ਨਾਲ ਖਾਧੀ ਸੀ।

36ਸਿਰਫ਼ ਯਫ਼ੁੰਨਹ ਦਾ ਪੁੱਤਰ ਕਾਲੇਬ ਉਸ ਦੇਸ਼ ਨੂੰ ਵੇਖੇਗਾ ਅਤੇ ਮੈਂ ਉਹ ਦੇਸ਼ ਜਿੱਥੇ ਉਸ ਨੇ ਪੈਰ ਰੱਖੇ ਹਨ, ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਦਿਆਂਗਾ ਕਿਉਂ ਜੋ ਉਹ ਯਹੋਵਾਹ ਦੇ ਪਿੱਛੇ ਪੂਰੀ ਰੀਤੀ ਨਾਲ ਤੁਰਿਆ ਹੈ।”

37ਤੁਹਾਡੇ ਕਾਰਨ ਯਹੋਵਾਹ ਮੇਰੇ ਨਾਲ ਵੀ ਇਹ ਆਖ ਕੇ ਗੁੱਸੇ ਹੋਇਆ, “ਤੂੰ ਵੀ ਉੱਥੇ ਨਹੀਂ ਜਾਵੇਂਗਾ।

38ਨੂਨ ਦਾ ਪੁੱਤਰ ਯਹੋਸ਼ੁਆ ਜਿਹੜਾ ਤੇਰੇ ਅੱਗੇ ਖੜ੍ਹਾ ਰਹਿੰਦਾ ਹੈ, ਉਹ ਉੱਥੇ ਜਾਵੇਗਾ। ਉਹ ਨੂੰ ਹੌਂਸਲਾ ਦੇ ਕਿਉਂ ਜੋ ਉਹ ਇਸਰਾਏਲ ਨੂੰ ਉਸ ਦੀ ਵਿਰਾਸਤ ਦੁਆਵੇਗਾ।”

39ਫਿਰ ਤੁਹਾਡੇ ਬੱਚੇ ਜਿਨ੍ਹਾਂ ਦੇ ਵਿਖੇ ਤੁਸੀਂ ਆਖਦੇ ਸੀ ਕਿ ਉਹ ਲੁੱਟ ਵਿੱਚ ਚਲੇ ਜਾਣਗੇ ਅਤੇ ਤੁਹਾਡੇ ਪੁੱਤਰ ਜੋ ਹੁਣੇ ਭਲੇ ਬੁਰੇ ਦੀ ਸਿਆਣ ਨਹੀਂ ਰੱਖਦੇ, ਉਹ ਉੱਥੇ ਪ੍ਰਵੇਸ਼ ਕਰਨਗੇ ਅਤੇ ਮੈਂ ਉਹ ਦੇਸ਼ ਉਹਨਾਂ ਨੂੰ ਦਿਆਂਗਾ ਅਤੇ ਉਹ ਉਸ ਨੂੰ ਅਧਿਕਾਰ ਵਿੱਚ ਲੈ ਲੈਣਗੇ।

40ਪਰ ਤੁਸੀਂ ਘੁੰਮ ਕੇ ਕੂਚ ਕਰੋ ਅਤੇ ਲਾਲ ਸਮੁੰਦਰ ਦੇ ਰਾਹ ਤੋਂ ਉਜਾੜ ਵੱਲ ਜਾਓ।

41ਤਦ ਤੁਸੀਂ ਮੈਨੂੰ ਉੱਤਰ ਦੇ ਕੇ ਆਖਿਆ, “ਅਸੀਂ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ। ਹੁਣ ਅਸੀਂ ਉੱਪਰ ਜਾ ਕੇ ਲੜਾਂਗੇ, ਜਿਵੇਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਹੁਕਮ ਦਿੱਤਾ ਹੈ।” ਫਿਰ ਤੁਹਾਡੇ ਵਿੱਚੋਂ ਹਰੇਕ ਨੇ ਆਪਣੇ ਯੁੱਧ ਦੇ ਸ਼ਸਤਰ ਬੰਨ੍ਹੇ ਅਤੇ ਪਹਾੜੀ ਦੇਸ਼ ਉੱਤੇ ਹਮਲਾ ਕਰਨ ਨੂੰ ਇੱਕ ਛੋਟੀ ਜਿਹੀ ਗੱਲ ਜਾਣਿਆ।

42ਪਰ ਯਹੋਵਾਹ ਨੇ ਮੈਨੂੰ ਆਖਿਆ, “ਉਨ੍ਹਾਂ ਨੂੰ ਆਖ ਕਿ ਉੱਪਰ ਨਾ ਜਾਓ ਅਤੇ ਨਾ ਲੜੋ ਕਿਉਂ ਜੋ ਮੈਂ ਤੁਹਾਡੇ ਨਾਲ ਨਹੀਂ ਹਾਂ, ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਵੈਰੀਆਂ ਦੇ ਅੱਗੇ ਮਾਰੇ ਜਾਓ।”

43ਮੈਂ ਤੁਹਾਨੂੰ ਇਹ ਗੱਲ ਆਖ ਦਿੱਤੀ, ਪਰ ਤੁਸੀਂ ਨਾ ਸੁਣਿਆ ਸਗੋਂ ਤੁਸੀਂ ਯਹੋਵਾਹ ਦੇ ਹੁਕਮ ਦੇ ਵਿਰੁੱਧ ਹੋ ਗਏ ਅਤੇ ਢਿਠਾਈ ਨਾਲ ਪਹਾੜੀ ਦੇਸ਼ ਵਿੱਚ ਚੜ੍ਹ ਗਏ।

44ਤਦ ਅਮੋਰੀਆਂ ਨੇ ਜਿਹੜੇ ਉਸ ਪਹਾੜੀ ਦੇਸ਼ ਵਿੱਚ ਵੱਸਦੇ ਸਨ, ਨਿੱਕਲ ਕੇ ਤੁਹਾਡਾ ਸਾਹਮਣਾ ਕੀਤਾ ਅਤੇ ਤੁਹਾਨੂੰ ਭਜਾਇਆ, ਜਿਵੇਂ ਸ਼ਹਿਦ ਦੀਆਂ ਮੱਖੀਆਂ ਕਰਦੀਆਂ ਹਨ ਅਤੇ ਤੁਹਾਨੂੰ ਸੇਈਰ ਵਿੱਚ ਹਾਰਮਾਹ ਤੱਕ ਮਾਰਦੇ ਗਏ।

45ਫੇਰ ਤੁਸੀਂ ਵਾਪਸ ਆ ਕੇ ਯਹੋਵਾਹ ਅੱਗੇ ਰੋਏ, ਪਰ ਯਹੋਵਾਹ ਨੇ ਤੁਹਾਡੀ ਅਵਾਜ਼ ਨਾ ਸੁਣੀ ਅਤੇ ਨਾ ਹੀ ਆਪਣਾ ਕੰਨ ਤੁਹਾਡੇ ਵੱਲ ਲਾਇਆ।

46ਇਸ ਲਈ ਤੁਸੀਂ ਕਾਦੇਸ਼ ਵਿੱਚ ਬਹੁਤ ਦਿਨਾਂ ਤੱਕ ਟਿਕੇ ਰਹੇ, ਸਗੋਂ ਬਹੁਤ ਹੀ ਲੰਮੇ ਸਮੇਂ ਤੱਕ ਟਿਕੇ ਰਹੇ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath