ਬਿਵਸਥਾ ਸਾਰ 13
1ਜੇਕਰ ਤੁਹਾਡੇ ਵਿੱਚ ਕੋਈ ਨਬੀ ਜਾਂ ਸੁਫ਼ਨਾ ਵੇਖਣ ਵਾਲਾ ਉੱਠੇ ਅਤੇ ਉਹ ਤੁਹਾਨੂੰ ਕੋਈ ਨਿਸ਼ਾਨ ਜਾਂ ਅਚਰਜ਼ ਕੰਮ ਵਿਖਾਵੇ,
2ਅਤੇ ਉਹ ਨਿਸ਼ਾਨ ਜਾਂ ਅਚਰਜ਼ ਕੰਮ ਪੂਰਾ ਹੋ ਜਾਵੇ ਜਿਸ ਦੇ ਵਿਖੇ ਉਹ ਤੁਹਾਡੇ ਨਾਲ ਬੋਲਿਆ ਸੀ ਕਿ ਆਓ, ਅਸੀਂ ਦੂਜੇ ਦੇਵਤਿਆਂ ਦੇ ਪਿੱਛੇ ਚੱਲੀਏ, (ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ) ਅਤੇ ਉਹਨਾਂ ਦੀ ਪੂਜਾ ਕਰੀਏ,
3ਤਾਂ ਤੁਸੀਂ ਉਸ ਨਬੀ ਜਾਂ ਸੁਫ਼ਨੇ ਵੇਖਣ ਵਾਲੇ ਦੀਆਂ ਗੱਲਾਂ ਨੂੰ ਨਾ ਸੁਣਿਓ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਪਰਖੇਗਾ ਤਾਂ ਜੋ ਉਹ ਜਾਣੇ ਕਿ ਤੁਸੀਂ ਯਹੋਵਾਹ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਪ੍ਰੇਮ ਕਰਦੇ ਹੋ ਜਾਂ ਨਹੀਂ।
4ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਪਿੱਛੇ ਚੱਲਿਓ, ਉਸੇ ਤੋਂ ਡਰਿਓ, ਉਸੇ ਦੇ ਹੁਕਮਾਂ ਦੀ ਪਾਲਨਾ ਕਰਿਓ, ਉਸੇ ਦੀ ਆਵਾਜ਼ ਨੂੰ ਸੁਣਿਓ, ਉਸੇ ਦੀ ਉਪਾਸਨਾ ਕਰਿਓ ਅਤੇ ਉਸ ਦੇ ਨਾਲ ਲੱਗੇ ਰਹਿਓ।
5ਉਹ ਨਬੀ ਜਾਂ ਸੁਫ਼ਨੇ ਵੇਖਣ ਵਾਲਾ ਮਾਰ ਦਿੱਤਾ ਜਾਵੇ ਕਿਉਂ ਜੋ ਉਸ ਨੇ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਵਿਰੁੱਧ ਬੋਲ ਕੇ ਤੁਹਾਨੂੰ ਕੁਰਾਹੇ ਪਾਇਆ ਹੈ, ਜਿਹੜਾ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ ਅਤੇ ਗੁਲਾਮੀ ਦੇ ਘਰ ਤੋਂ ਤੁਹਾਨੂੰ ਛੁਟਕਾਰਾ ਦਿੱਤਾ। ਉਹ ਤੁਹਾਨੂੰ ਉਸ ਰਾਹ ਤੋਂ ਜਿਸ ਉੱਤੇ ਚੱਲਣ ਦਾ ਹੁਕਮ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਦਿੱਤਾ ਸੀ, ਕੁਰਾਹੇ ਪਾਉਣਾ ਚਾਹੁੰਦਾ ਸੀ। ਇਸ ਤਰ੍ਹਾਂ ਤੁਸੀਂ ਉਸ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦੇਈਓ।
6ਜੇ ਤੁਹਾਡਾ ਸੱਕਾ ਭਰਾ, ਜਾਂ ਤੁਹਾਡਾ ਪੁੱਤਰ, ਜਾਂ ਤੁਹਾਡੀ ਧੀ, ਜਾਂ ਤੁਹਾਡੀ ਪਿਆਰੀ ਪਤਨੀ ਜਾਂ ਤੁਹਾਡਾ ਜਾਨੀ ਦੋਸਤ ਤੁਹਾਨੂੰ ਗੁਪਤ ਰੂਪ ਵਿੱਚ ਇਹ ਆਖ ਕੇ ਫੁਸਲਾਵੇ ਕਿ ਆ ਅਸੀਂ ਦੂਜੇ ਦੇਵਤਿਆਂ ਦੇ ਪਿੱਛੇ ਚੱਲੀਏ ਅਤੇ ਉਹਨਾਂ ਦੀ ਪੂਜਾ ਕਰੀਏ, ਜਿਨ੍ਹਾਂ ਨੂੰ ਨਾ ਤੁਸੀਂ, ਨਾ ਤੁਹਾਡੇ ਪਿਉ-ਦਾਦੇ ਜਾਣਦੇ ਸਨ,
7ਅਰਥਾਤ ਪਰਾਈਆਂ ਕੌਮਾਂ ਦੇ ਦੇਵਤੇ ਜਿਹੜੇ ਤੁਹਾਡੇ ਆਲੇ-ਦੁਆਲੇ, ਦੂਰ ਜਾਂ ਨੇੜੇ, ਜਾਂ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਰਹਿਣ ਵਾਲੇ ਲੋਕਾਂ ਦੇ ਦੇਵਤੇ ਹੋਣ,
8ਤਾਂ ਤੁਸੀਂ ਹਾਮੀ ਨਾ ਭਰਿਓ, ਨਾ ਉਸ ਦੀ ਸੁਣਿਓ, ਨਾ ਤੁਹਾਡੀਆਂ ਅੱਖਾਂ ਵਿੱਚ ਉਸ ਉੱਤੇ ਤਰਸ ਆਵੇ, ਨਾ ਉਸ ਨੂੰ ਮਾਫ਼ ਕਰਿਓ, ਨਾ ਉਸ ਨੂੰ ਲੁਕਾਓ
9ਪਰ ਤੁਸੀਂ ਉਸ ਨੂੰ ਜ਼ਰੂਰ ਹੀ ਮਾਰ ਸੁੱਟਿਓ, ਉਸ ਨੂੰ ਮਾਰਨ ਵਿੱਚ ਤੇਰਾ ਹੱਥ ਪਹਿਲ ਕਰੇ ਅਤੇ ਉਸ ਦੇ ਬਾਅਦ ਸਾਰੀ ਪਰਜਾ ਦੇ ਹੱਥ ਉੱਠਣ।
10ਤੁਸੀਂ ਉਸ ਉੱਤੇ ਅਜਿਹਾ ਪਥਰਾਓ ਕਰਿਓ ਕਿ ਉਹ ਮਰ ਜਾਵੇ ਕਿਉਂ ਜੋ ਉਹ ਤੁਹਾਨੂੰ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਭਟਕਾਉਣਾ ਚਾਹੁੰਦਾ ਹੈ, ਜਿਹੜਾ ਤੁਹਾਨੂੰ ਮਿਸਰ ਦੇਸ਼ ਤੋਂ ਅਰਥਾਤ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ ਹੈ।
11ਸਾਰਾ ਇਸਰਾਏਲ ਇਹ ਸੁਣੇ ਅਤੇ ਡਰੇ ਅਤੇ ਫੇਰ ਤੁਹਾਡੇ ਵਿੱਚ ਅਜਿਹੀ ਬੁਰਿਆਈ ਦਾ ਕੰਮ ਨਾ ਹੋਵੇ।
12ਜੇਕਰ ਤੁਸੀਂ ਆਪਣੇ ਕਿਸੇ ਸ਼ਹਿਰ ਦੇ ਵਿਖੇ ਸੁਣੋ, ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵੱਸਣ ਲਈ ਦਿੰਦਾ ਹੈ,
13ਕਿ ਤੁਹਾਡੇ ਵਿੱਚੋਂ ਕਈ ਦੁਸ਼ਟ ਮਨੁੱਖ ਨਿੱਕਲੇ ਹਨ ਅਤੇ ਉਨ੍ਹਾਂ ਨੇ ਸ਼ਹਿਰ ਦੇ ਵਾਸੀਆਂ ਨੂੰ ਇਹ ਆਖ ਕੇ ਕੁਰਾਹੇ ਪਾਇਆ ਹੈ ਕਿ ਆਓ ਚੱਲੀਏ ਅਤੇ ਦੂਜੇ ਦੇਵਤਿਆਂ ਦੀ ਪੂਜਾ ਕਰੀਏ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ,
14ਤਾਂ ਤੁਸੀਂ ਪੁੱਛ-ਗਿੱਛ ਕਰੋ ਅਤੇ ਲੱਭੋ ਅਤੇ ਪੱਕਾ ਪਤਾ ਲਗਾਓ। ਅਤੇ ਵੇਖੋ, ਜੇਕਰ ਇਹ ਗੱਲ ਸੱਚੀ ਅਤੇ ਪੱਕੀ ਹੋਵੇ ਕਿ ਇਹ ਘਿਣਾਉਣਾ ਕੰਮ ਤੁਹਾਡੇ ਵਿੱਚ ਕੀਤਾ ਗਿਆ ਹੈ,
15ਤਾਂ ਤੁਸੀਂ ਉਸ ਸ਼ਹਿਰ ਦੇ ਵਾਸੀਆਂ ਨੂੰ ਜ਼ਰੂਰ ਹੀ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਓ, ਉਸ ਦੇ ਵਿੱਚ ਦੀਆਂ ਸਭ ਚੀਜ਼ਾਂ ਨੂੰ ਅਤੇ ਉਸ ਦੇ ਪਸ਼ੂਆਂ ਨੂੰ ਤਲਵਾਰ ਦੀ ਧਾਰ ਨਾਲ ਪੂਰੀ ਤਰ੍ਹਾਂ ਨਾਸ ਕਰ ਦੇਣਾ।
16ਉਸ ਦਾ ਸਾਰਾ ਲੁੱਟ ਦਾ ਮਾਲ ਚੌਂਕ ਵਿੱਚ ਇਕੱਠਾ ਕਰਿਓ, ਅਤੇ ਉਸ ਸ਼ਹਿਰ ਨੂੰ ਅਤੇ ਉਸ ਦੇ ਸਾਰੇ ਲੁੱਟ ਦੇ ਮਾਲ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਲਈ ਅੱਗ ਨਾਲ ਸਾੜ ਸੁੱਟਿਓ, ਤਾਂ ਜੋ ਉਹ ਸਦਾ ਲਈ ਮਿੱਟੀ ਦਾ ਢੇਰ ਬਣ ਜਾਵੇ ਜਿਹੜਾ ਫੇਰ ਕਦੀ ਨਾ ਉਸਾਰਿਆ ਜਾਵੇ।
17ਉਨ੍ਹਾਂ ਨਾਸ ਕੀਤੇ ਜਾਣ ਦੀਆਂ ਚੀਜ਼ਾਂ ਵਿੱਚੋਂ ਕੋਈ ਵੀ ਚੀਜ਼ ਤੁਹਾਡੇ ਹੱਥ ਨਾ ਲੱਗੇ, ਤਾਂ ਜੋ ਯਹੋਵਾਹ ਆਪਣੇ ਕ੍ਰੋਧ ਦੀ ਸਖ਼ਤੀ ਤੋਂ ਸ਼ਾਂਤ ਹੋਵੇ ਅਤੇ ਤੁਹਾਡੇ ਉੱਤੇ ਕਿਰਪਾ ਕਰੇ ਅਤੇ ਦਯਾਵਾਨ ਹੋ ਕੇ ਤੁਹਾਨੂੰ ਵਧਾਵੇ, ਜਿਵੇਂ ਉਸ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ।
18ਇਹ ਤਦ ਹੋਵੇਗਾ ਜਦ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਵਾਜ਼ ਸੁਣੋਗੇ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਨਾ ਕਰੋਗੇ, ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਅਤੇ ਜੋ ਕੁਝ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਨਿਗਾਹ ਵਿੱਚ ਠੀਕ ਹੈ ਤੁਸੀਂ ਉਹ ਹੀ ਕਰੋਗੇ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath