ਬਿਵਸਥਾ ਸਾਰ 11
1ਇਸ ਲਈ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ ਅਤੇ ਉਸ ਦੀਆਂ ਬਿਧੀਆਂ, ਕਨੂੰਨਾਂ, ਹੁਕਮਾਂ ਅਤੇ ਨਿਰਦੇਸ਼ਾਂ ਦੀ ਸਦਾ ਲਈ ਪਾਲਨਾ ਕਰੋ।
2ਅੱਜ ਤੁਸੀਂ ਜਾਣ ਲਓ ਕਿ ਮੈਂ ਤੁਹਾਡੇ ਪੁੱਤਰਾਂ ਨਾਲ ਨਹੀਂ ਬੋਲਦਾ, ਜਿਨ੍ਹਾਂ ਨੇ ਨਾ ਤਾਂ ਕੁਝ ਜਾਣਿਆ ਅਤੇ ਨਾ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਤਾੜ, ਉਸ ਦੀ ਮਹਾਨਤਾ, ਉਸ ਦਾ ਸ਼ਕਤੀ ਵਾਲਾ ਹੱਥ ਅਤੇ ਉਸ ਦੀ ਲੰਮੀ ਬਾਂਹ ਨੂੰ ਵੇਖਿਆ ਹੈ,
3ਨਾਲ ਹੀ ਉਸ ਦੇ ਨਿਸ਼ਾਨ ਅਤੇ ਉਸ ਦੇ ਕੰਮ ਜਿਹੜੇ ਉਸ ਨੇ ਮਿਸਰ ਵਿੱਚ ਉੱਥੋਂ ਦੇ ਰਾਜੇ ਫ਼ਿਰਊਨ ਅਤੇ ਉਸ ਦੇ ਦੇਸ਼ ਨਾਲ ਕੀਤੇ
4ਅਤੇ ਉਸ ਨੇ ਮਿਸਰ ਦੀ ਫ਼ੌਜ, ਉਨ੍ਹਾਂ ਦੇ ਘੋੜਿਆਂ ਅਤੇ ਉਨ੍ਹਾਂ ਦੇ ਰਥਾਂ ਨਾਲ ਕੀ ਕੀਤਾ, ਜਦ ਉਹ ਤੁਹਾਡਾ ਪਿੱਛਾ ਕਰਦੇ ਸਨ, ਉਸ ਨੇ ਲਾਲ ਸਮੁੰਦਰ ਦਾ ਪਾਣੀ ਉਨ੍ਹਾਂ ਦੇ ਉੱਤੋਂ ਦੀ ਵਗਾਇਆ, ਅਤੇ ਕਿਵੇਂ ਯਹੋਵਾਹ ਨੇ ਉਨ੍ਹਾਂ ਦਾ ਨਾਸ ਕੀਤਾ ਕਿ ਅੱਜ ਤੱਕ ਉਨ੍ਹਾਂ ਦਾ ਪਤਾ ਨਹੀਂ।
5ਤੁਹਾਡੇ ਇਸ ਸਥਾਨ ਵਿੱਚ ਪਹੁੰਚਣ ਤੱਕ ਉਸ ਨੇ ਤੁਹਾਡੇ ਲਈ ਉਜਾੜ ਵਿੱਚ ਕੀ-ਕੀ ਕੀਤਾ,
6ਅਤੇ ਉਸ ਨੇ ਰਊਬੇਨੀ ਅਲੀਆਬ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨਾਲ ਕੀ-ਕੀ ਕੀਤਾ, ਜਦ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਨ੍ਹਾਂ ਨੂੰ, ਉਨ੍ਹਾਂ ਦੇ ਘਰਾਣਿਆਂ ਨੂੰ, ਉਨ੍ਹਾਂ ਦੇ ਤੰਬੂਆਂ ਅਤੇ ਉਨ੍ਹਾਂ ਦੇ ਸਾਰੇ ਜੀਵ-ਜੰਤੂਆਂ ਨੂੰ ਅਤੇ ਉਨ੍ਹਾਂ ਨੂੰ ਜਿਹੜੇ ਉਨ੍ਹਾਂ ਦੀ ਪੈਰਵਈ ਕਰਦੇ ਸਨ, ਸਾਰੇ ਇਸਰਾਏਲੀਆਂ ਵਿੱਚੋਂ ਨਿਗਲ ਲਿਆ,
7ਪਰੰਤੂ ਤੁਹਾਡੀਆਂ ਅੱਖਾਂ ਨੇ ਯਹੋਵਾਹ ਦੇ ਕੀਤੇ ਹੋਏ ਇੰਨ੍ਹਾਂ ਸਾਰੇ ਵੱਡੇ-ਵੱਡੇ ਕੰਮਾਂ ਨੂੰ ਵੇਖਿਆ ਹੈ।
8ਇਸ ਲਈ ਤੁਸੀਂ ਇਹ ਸਾਰੇ ਹੁਕਮ ਮੰਨੋ, ਜਿਹੜੇ ਮੈਂ ਤੁਹਾਨੂੰ ਅੱਜ ਦਿੰਦਾ ਹਾਂ, ਤਾਂ ਜੋ ਤੁਸੀਂ ਤਕੜੇ ਹੋਵੇ ਅਤੇ ਜਾ ਕੇ ਉਸ ਦੇਸ਼ ਉੱਤੇ ਅਧਿਕਾਰ ਕਰ ਲਓ, ਜਿਸ ਦੇ ਅਧਿਕਾਰੀ ਹੋਣ ਲਈ ਤੁਸੀਂ ਪਾਰ ਜਾਂਦੇ ਹੋ,
9ਅਤੇ ਤੁਸੀਂ ਉਸ ਦੇਸ਼ ਵਿੱਚ ਬਹੁਤ ਦਿਨਾਂ ਤੱਕ ਰਹਿ ਸਕੋ, ਜਿਸ ਦੀ ਯਹੋਵਾਹ ਨੇ ਤੁਹਾਡੇ ਪੁਰਖਿਆਂ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਵੰਸ਼ ਨੂੰ ਦੇਣ ਦੀ ਸਹੁੰ ਖਾਧੀ ਸੀ, ਜਿਸ ਦੇਸ਼ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ।
10ਕਿਉਂ ਜੋ ਉਹ ਦੇਸ਼ ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਜਾਂਦੇ ਹੋ, ਮਿਸਰ ਦੇਸ਼ ਵਰਗਾ ਨਹੀਂ ਹੈ ਜਿੱਥੋਂ ਤੁਸੀਂ ਨਿੱਕਲੇ ਹੋ, ਜਿੱਥੇ ਤੁਸੀਂ ਆਪਣੇ ਬੀਜ ਬੀਜਦੇ ਸੀ ਅਤੇ ਸਾਗ ਪੱਤ ਦੀ ਕਿਆਰੀ ਵਾਂਗੂੰ ਆਪਣੇ ਪੈਰ ਨਾਲ ਨਾਲੀਆਂ ਬਣਾ ਕੇ ਪਾਣੀ ਦਿੰਦੇ ਸੀ।
11ਪਰ ਜਿਸ ਦੇਸ਼ ਉੱਤੇ ਅਧਿਕਾਰ ਕਰਨ ਤੁਸੀਂ ਪਾਰ ਜਾਂਦੇ ਹੋ, ਉਹ ਪਹਾੜਾਂ ਅਤੇ ਵਾਦੀਆਂ ਦਾ ਦੇਸ਼ ਹੈ ਜੋ ਅਕਾਸ਼ ਦੀ ਵਰਖਾ ਦਾ ਪਾਣੀ ਪੀਂਦੀਆਂ ਹਨ।
12ਉਹ ਇੱਕ ਅਜਿਹੀ ਧਰਤੀ ਹੈ, ਜਿਸ ਦਾ ਯਹੋਵਾਹ ਤੁਹਾਡਾ ਪਰਮੇਸ਼ੁਰ ਧਿਆਨ ਰੱਖਦਾ ਹੈ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਨਜ਼ਰ ਉਸ ਉੱਤੇ ਸਾਲ ਦੇ ਅਰੰਭ ਤੋਂ ਲੈ ਕੇ ਸਾਲ ਦੇ ਅੰਤ ਤੱਕ ਲੱਗੀ ਰਹਿੰਦੀ ਹੈ।
13ਅਜਿਹਾ ਹੋਵੇਗਾ ਕਿ ਜੇਕਰ ਤੁਸੀਂ ਮਨ ਲਾ ਕੇ ਮੇਰੇ ਹੁਕਮਾਂ ਨੂੰ ਸੁਣੋਗੇ, ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਅਰਥਾਤ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ ਅਤੇ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਉਸ ਦੀ ਸੇਵਾ ਕਰੋ,
14ਤਦ ਮੈਂ ਤੁਹਾਡੀ ਧਰਤੀ ਉੱਤੇ ਸਮੇਂ ਸਿਰ ਵਰਖਾ ਵਰ੍ਹਾਵਾਂਗਾ ਅਰਥਾਤ ਪਹਿਲੀ ਅਤੇ ਆਖਰੀ ਵਰਖਾ ਤਾਂ ਜੋ ਤੁਸੀਂ ਆਪਣਾ ਅੰਨ, ਨਵੀਂ ਮਧ ਅਤੇ ਤੇਲ ਇਕੱਠਾ ਕਰ ਸਕੋ।
15ਅਤੇ ਮੈਂ ਤੁਹਾਡੇ ਖੇਤਾਂ ਵਿੱਚ ਤੁਹਾਡੇ ਪਸ਼ੂਆਂ ਲਈ ਘਾਹ ਦੇਵਾਂਗਾ ਅਤੇ ਤੁਸੀਂ ਰੱਜ ਕੇ ਖਾਓਗੇ।
16ਚੌਕਸ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਮਨ ਭਟਕ ਜਾਣ ਅਤੇ ਤੁਸੀਂ ਕੁਰਾਹੇ ਪੈ ਕੇ ਦੂਜੇ ਦੇਵਤਿਆਂ ਦੀ ਪੂਜਾ ਕਰਨ ਲੱਗੋ ਅਤੇ ਉਹਨਾਂ ਦੇ ਅੱਗੇ ਮੱਥਾ ਟੇਕੋ
17ਅਤੇ ਯਹੋਵਾਹ ਦਾ ਕ੍ਰੋਧ ਤੁਹਾਡੇ ਉੱਤੇ ਭੜਕ ਉੱਠੇ ਅਤੇ ਉਹ ਅਕਾਸ਼ ਨੂੰ ਅਜਿਹਾ ਬੰਦ ਕਰੇ ਕਿ ਵਰਖਾ ਨਾ ਹੋਵੇ ਅਤੇ ਜ਼ਮੀਨ ਆਪਣਾ ਫਲ ਨਾ ਦੇਵੇ, ਅਤੇ ਤੁਸੀਂ ਉਸ ਚੰਗੇ ਦੇਸ਼ ਤੋਂ ਜਿਹੜਾ ਯਹੋਵਾਹ ਤੁਹਾਨੂੰ ਦਿੰਦਾ ਹੈ, ਛੇਤੀ ਨਾਲ ਨਾਸ ਹੋ ਜਾਓਗੇ।
18ਇਸ ਲਈ ਤੁਸੀਂ ਮੇਰੀਆਂ ਇਨ੍ਹਾਂ ਗੱਲਾਂ ਨੂੰ ਆਪਣੇ ਦਿਲਾਂ ਅਤੇ ਜਾਨਾਂ ਵਿੱਚ ਰੱਖੋ ਅਤੇ ਤੁਸੀਂ ਉਨ੍ਹਾਂ ਨੂੰ ਨਿਸ਼ਾਨ ਲਈ ਆਪਣੇ ਹੱਥ ਉੱਤੇ ਬੰਨ੍ਹਣਾ ਅਤੇ ਉਹ ਤੁਹਾਡੀਆਂ ਅੱਖਾਂ ਦੇ ਵਿਚਕਾਰ ਟਿੱਕੇ ਵਾਂਗੂੰ ਹੋਣ।
19ਤੁਸੀਂ ਆਪਣੇ ਘਰ ਵਿੱਚ ਬੈਠਦਿਆਂ, ਰਾਹ ਵਿੱਚ ਤੁਰਦਿਆਂ, ਲੇਟਦਿਆਂ ਅਤੇ ਉੱਠਦਿਆਂ ਇਨ੍ਹਾਂ ਗੱਲਾਂ ਦੀ ਚਰਚਾ ਕਰ ਕੇ ਆਪਣੇ ਬੱਚਿਆਂ ਨੂੰ ਸਿਖਾਇਓ।
20ਤੁਸੀਂ ਇਨ੍ਹਾਂ ਨੂੰ ਆਪਣੇ ਘਰਾਂ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਉੱਤੇ ਲਿਖਿਓ,
21ਤਾਂ ਜੋ ਜਿਸ ਦੇਸ਼ ਨੂੰ ਯਹੋਵਾਹ ਨੇ ਤੁਹਾਡੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ, ਉਸ ਵਿੱਚ ਤੁਹਾਡੀ ਅਤੇ ਤੁਹਾਡੇ ਬੱਚਿਆਂ ਦੀ ਉਮਰ ਲੰਮੀ ਹੋਵੇ ਅਤੇ ਜਦ ਤੱਕ ਧਰਤੀ ਉੱਤੇ ਅਕਾਸ਼ ਬਣਿਆ ਰਹੇ ਤਦ ਤੱਕ ਉਹ ਵੀ ਬਣੇ ਰਹਿਣ।
22ਜੇਕਰ ਤੁਸੀਂ ਇਨ੍ਹਾਂ ਸਾਰੇ ਹੁਕਮਾਂ ਦੀ, ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ, ਮਨ ਲਾ ਕੇ ਪਾਲਨਾ ਕਰੋ ਅਤੇ ਇਨ੍ਹਾਂ ਨੂੰ ਪੂਰਾ ਕਰੋ ਅਰਥਾਤ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ ਅਤੇ ਉਸ ਦੇ ਸਾਰੇ ਰਾਹਾਂ ਉੱਤੇ ਚੱਲੋ ਅਤੇ ਉਸ ਦੇ ਨਾਲ ਲੱਗੇ ਰਹੋ,
23ਤਾਂ ਯਹੋਵਾਹ ਇਨ੍ਹਾਂ ਸਾਰੀਆਂ ਕੌਮਾਂ ਨੂੰ ਤੁਹਾਡੇ ਅੱਗਿਓਂ ਕੱਢ ਦੇਵੇਗਾ ਅਤੇ ਤੁਸੀਂ ਸਾਰੀਆਂ ਕੌਮਾਂ ਉੱਤੇ ਜਿਹੜੀਆਂ ਤੁਹਾਡੇ ਨਾਲੋਂ ਵੱਡੀਆਂ ਅਤੇ ਬਲਵੰਤ ਹਨ, ਕਾਬੂ ਪਾ ਲਵੋਗੇ।
24ਹਰੇਕ ਸਥਾਨ ਜਿਸ ਨੂੰ ਤੁਹਾਡੇ ਪੈਰਾਂ ਦੇ ਤਲੇ ਮਿੱਧਣਗੇ, ਉਹ ਤੁਹਾਡਾ ਹੋਵੇਗਾ ਅਰਥਾਤ ਉਜਾੜ ਤੋਂ ਲਬਾਨੋਨ ਤੱਕ ਅਤੇ ਦਰਿਆ ਫ਼ਰਾਤ ਤੋਂ ਪੱਛਮ ਦੇ ਸਮੁੰਦਰ ਤੱਕ ਤੁਹਾਡੀਆਂ ਹੱਦਾਂ ਹੋਣਗੀਆਂ।
25ਕੋਈ ਮਨੁੱਖ ਤੁਹਾਡੇ ਅੱਗੇ ਠਹਿਰ ਨਾ ਸਕੇਗਾ ਕਿਉਂਕਿ ਜਿਵੇਂ ਉਸ ਨੇ ਤੁਹਾਨੂੰ ਬਚਨ ਦਿੱਤਾ ਹੈ, ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡਾ ਦਬਕਾ ਅਤੇ ਤੁਹਾਡਾ ਭੈਅ ਸਾਰੀ ਧਰਤੀ ਉੱਤੇ ਜਿੱਥੋਂ ਦੀ ਤੁਸੀਂ ਤੁਰੋਗੇ, ਪਾ ਦੇਵੇਗਾ।
26ਵੇਖੋ, ਮੈਂ ਅੱਜ ਤੁਹਾਡੇ ਅੱਗੇ ਬਰਕਤ ਅਤੇ ਸਰਾਪ ਰੱਖਦਾ ਹਾਂ:
27ਬਰਕਤ, ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਸੁਣੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ,
28ਸਰਾਪ, ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਨਾ ਸੁਣੋ ਪਰ ਉਸ ਮਾਰਗ ਤੋਂ ਕੁਰਾਹੇ ਪੈ ਜਾਓ, ਜਿਸ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਲੱਗ ਜਾਓ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ।
29ਅਜਿਹਾ ਹੋਵੇ ਕਿ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਦੇਸ਼ ਵਿੱਚ ਪਹੁੰਚਾ ਦੇਵੇ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਜਾ ਰਹੇ ਹੋ, ਤਾਂ ਤੁਸੀਂ ਬਰਕਤ ਗਰਿੱਜ਼ੀਮ ਪਰਬਤ ਉੱਤੋਂ ਅਤੇ ਸਰਾਪ ਏਬਾਲ ਪਰਬਤ ਉੱਤੋਂ ਦੇਇਓ।
30ਕੀ ਉਹ ਯਰਦਨ ਪਾਰ ਉਸ ਰਾਹ ਦੇ ਪਿੱਛੇ ਨਹੀਂ ਹਨ, ਜਿੱਥੇ ਸੂਰਜ ਡੁੱਬਦਾ ਹੈ ਅਤੇ ਕਨਾਨੀਆਂ ਦੇ ਦੇਸ਼ ਵਿੱਚ ਜਿਹੜੇ ਅਰਾਬਾਹ ਵਿੱਚ ਗਿਲਗਾਲ ਦੇ ਅੱਗੇ ਮੋਰਹ ਦੇ ਬਲੂਤਾਂ ਕੋਲ ਵੱਸਦੇ ਹਨ?
31ਕਿਉਂ ਜੋ ਤੁਸੀਂ ਯਰਦਨ ਪਾਰ ਲੰਘਣ ਵਾਲੇ ਹੋ ਤਾਂ ਜੋ ਤੁਸੀਂ ਜਾ ਕੇ ਉਸ ਦੇਸ਼ ਉੱਤੇ ਅਧਿਕਾਰ ਕਰ ਲਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ। ਤੁਸੀਂ ਉਸ ਉੱਤੇ ਅਧਿਕਾਰ ਕਰੋਗੇ ਅਤੇ ਉਸ ਵਿੱਚ ਵੱਸੋਗੇ,
32ਇਸ ਲਈ ਤੁਸੀਂ ਇਨ੍ਹਾਂ ਸਾਰੀਆਂ ਬਿਧੀਆਂ ਅਤੇ ਕਨੂੰਨਾਂ ਨੂੰ ਪੂਰਾ ਕਰਨ ਲਈ ਮੰਨੋ, ਜਿਹੜੇ ਮੈਂ ਅੱਜ ਤੁਹਾਡੇ ਅੱਗੇ ਰੱਖਦਾ ਹਾਂ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath