ਬਿਵਸਥਾ ਸਾਰ 10
1ਉਸ ਵੇਲੇ ਯਹੋਵਾਹ ਨੇ ਮੈਨੂੰ ਆਖਿਆ, “ਪਹਿਲਾਂ ਦੀ ਤਰ੍ਹਾਂ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਕੇ ਬਣਾ ਅਤੇ ਉਨ੍ਹਾਂ ਨੂੰ ਲੈ ਕੇ ਮੇਰੇ ਕੋਲ ਪਰਬਤ ਉੱਤੇ ਚੜ੍ਹ ਆ ਅਤੇ ਲੱਕੜੀ ਦਾ ਇੱਕ ਸੰਦੂਕ ਵੀ ਬਣਵਾ।
2ਮੈਂ ਉਨ੍ਹਾਂ ਫੱਟੀਆਂ ਉੱਤੇ ਉਹੋ ਗੱਲਾਂ ਲਿਖਾਂਗਾ, ਜਿਹੜੀਆਂ ਪਹਿਲੀਆਂ ਫੱਟੀਆਂ ਉੱਤੇ ਸਨ, ਜਿਨ੍ਹਾਂ ਨੂੰ ਤੂੰ ਭੰਨ ਸੁੱਟਿਆ। ਤੂੰ ਉਨ੍ਹਾਂ ਨੂੰ ਸੰਦੂਕ ਵਿੱਚ ਰੱਖ ਲਵੀਂ।
3ਤਦ ਮੈਂ ਬਬੂਲ ਦੀ ਲੱਕੜੀ ਦਾ ਇੱਕ ਸੰਦੂਕ ਬਣਵਾਇਆ ਅਤੇ ਮੈਂ ਪੱਥਰ ਦੀਆਂ ਦੋ ਫੱਟੀਆਂ ਪਹਿਲਾਂ ਵਾਂਗੂੰ ਘੜ੍ਹ ਕੇ ਬਣਾਈਆਂ ਅਤੇ ਇਹ ਦੋਨੋਂ ਫੱਟੀਆਂ ਆਪਣੇ ਹੱਥਾਂ ਵਿੱਚ ਲੈ ਕੇ ਮੈਂ ਪਰਬਤ ਉੱਤੇ ਚੜ੍ਹ ਗਿਆ।
4ਤਦ ਉਸ ਨੇ ਉਨ੍ਹਾਂ ਫੱਟੀਆਂ ਉੱਤੇ ਲਿਖਿਆ ਜਿਵੇਂ ਪਹਿਲਾਂ ਲਿਖਿਆ ਸੀ ਅਰਥਾਤ ਉਹ ਦਸ ਹੁਕਮ ਜਿਹੜੇ ਯਹੋਵਾਹ ਨੇ ਤੁਹਾਨੂੰ ਪਰਬਤ ਉੱਤੇ ਅੱਗ ਦੇ ਵਿੱਚੋਂ ਦੀ ਸਭਾ ਵਾਲੇ ਦਿਨ ਦਿੱਤੇ ਸਨ।” ਫੇਰ ਯਹੋਵਾਹ ਨੇ ਉਹ ਫੱਟੀਆਂ ਮੈਨੂੰ ਦੇ ਦਿੱਤੀਆਂ।
5ਜਦ ਮੈਂ ਪਰਬਤ ਤੋਂ ਉੱਤਰਿਆ ਤਾਂ ਮੈਂ ਉਨ੍ਹਾਂ ਫੱਟੀਆਂ ਨੂੰ ਉਸ ਸੰਦੂਕ ਵਿੱਚ ਰੱਖ ਦਿੱਤਾ, ਜਿਹੜਾ ਮੈਂ ਬਣਵਾਇਆ ਸੀ ਅਤੇ ਯਹੋਵਾਹ ਦੇ ਹੁਕਮ ਅਨੁਸਾਰ ਉਹ ਉੱਥੇ ਹੀ ਹਨ।
6ਇਸਰਾਏਲੀਆਂ ਨੇ ਯਆਕਾਨੀਆਂ ਦੇ ਬਏਰੋਥ ਤੋਂ ਮੋਸੇਰਾਹ ਤੱਕ ਕੂਚ ਕੀਤਾ। ਉੱਥੇ ਹਾਰੂਨ ਮਰ ਗਿਆ ਅਤੇ ਉਸ ਨੂੰ ਉੱਥੇ ਹੀ ਦੱਬਿਆ ਗਿਆ, ਤਦ ਉਸ ਦਾ ਪੁੱਤਰ ਅਲਆਜ਼ਾਰ ਉਸ ਦੇ ਸਥਾਨ ਤੇ ਜਾਜਕਾਈ ਦਾ ਕੰਮ ਕਰਨ ਲੱਗਾ।
7ਉੱਥੋਂ ਉਨ੍ਹਾਂ ਨੇ ਗੁਦਗੋਦਾਹ ਨੂੰ ਕੂਚ ਕੀਤਾ। ਫੇਰ ਗੁਦਗੋਦਾਹ ਤੋਂ ਯਾਟਬਾਥਾਹ ਨੂੰ ਜਿਹੜਾ ਪਾਣੀ ਦੀਆਂ ਨਦੀਆਂ ਦਾ ਦੇਸ਼ ਸੀ।
8ਉਸ ਸਮੇਂ ਯਹੋਵਾਹ ਨੇ ਲੇਵੀ ਦੇ ਗੋਤ ਨੂੰ ਵੱਖਰਾ ਕਰ ਦਿੱਤਾ ਤਾਂ ਜੋ ਉਹ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕਿਆ ਕਰਨ ਅਤੇ ਯਹੋਵਾਹ ਦੇ ਅੱਗੇ ਖੜ੍ਹੇ ਰਹਿ ਕੇ ਉਸ ਦੀ ਟਹਿਲ ਸੇਵਾ ਕਰਨ ਅਤੇ ਉਸ ਦੇ ਨਾਮ ਉੱਤੇ ਅਸੀਸ ਦਿਆ ਕਰਨ, ਜਿਵੇਂ ਅੱਜ ਦੇ ਦਿਨ ਤੱਕ ਦਿੰਦੇ ਆਏ ਹਨ।
9ਇਸ ਕਾਰਨ ਲੇਵੀ ਦਾ ਆਪਣੇ ਭਰਾਵਾਂ ਨਾਲ ਕੋਈ ਭਾਗ ਜਾਂ ਵਿਰਾਸਤ ਨਹੀਂ ਹੈ। ਯਹੋਵਾਹ ਹੀ ਉਸ ਦੀ ਵਿਰਾਸਤ ਹੈ, ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਸ ਨੂੰ ਆਖਿਆ ਸੀ।
10ਮੈਂ ਪਹਿਲਾਂ ਦੀ ਤਰ੍ਹਾਂ ਫੇਰ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤਾਂ ਪਰਬਤ ਉੱਤੇ ਰਿਹਾ, ਤਾਂ ਉਸ ਵੇਲੇ ਵੀ ਯਹੋਵਾਹ ਨੇ ਮੇਰੀ ਸੁਣ ਲਈ ਅਤੇ ਯਹੋਵਾਹ ਨੇ ਤੁਹਾਨੂੰ ਨਾਸ ਕਰਨਾ ਨਾ ਚਾਹਿਆ।
11ਯਹੋਵਾਹ ਨੇ ਮੈਨੂੰ ਆਖਿਆ, “ਉੱਠ ਅਤੇ ਇਸ ਪਰਜਾ ਦੇ ਅੱਗੇ-ਅੱਗੇ ਕੂਚ ਕਰ ਤਾਂ ਜੋ ਉਹ ਜਾ ਕੇ ਉਸ ਦੇਸ਼ ਉੱਤੇ ਅਧਿਕਾਰ ਕਰ ਲੈਣ ਜਿਸ ਨੂੰ ਦੇਣ ਦੀ ਸਹੁੰ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਖਾਧੀ ਸੀ।”
12ਹੇ ਇਸਰਾਏਲ, ਹੁਣ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਤੋਂ ਹੋਰ ਕੀ ਚਾਹੁੰਦਾ ਹੈ, ਸਿਰਫ਼ ਇਹ ਕਿ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈਅ ਮੰਨੋ, ਉਸ ਦੇ ਸਾਰੇ ਰਾਹਾਂ ਉੱਤੇ ਚੱਲੋ, ਉਸ ਨਾਲ ਪ੍ਰੇਮ ਰੱਖੋ ਅਤੇ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ।
13ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਨੂੰ ਮੰਨੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਤੁਹਾਡੀ ਭਲਿਆਈ ਲਈ ਹੁਕਮ ਦਿੰਦਾ ਹਾਂ।
14ਵੇਖੋ, ਅਕਾਸ਼ ਸਗੋਂ ਅਕਾਸ਼ਾਂ ਦਾ ਅਕਾਸ਼ ਅਤੇ ਧਰਤੀ ਅਤੇ ਜੋ ਕੁਝ ਉਸ ਵਿੱਚ ਹੈ, ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਹੈ।
15ਸਿਰਫ਼ ਤੁਹਾਡੇ ਪੁਰਖਿਆਂ ਨਾਲ ਪ੍ਰਸੰਨ ਹੋ ਕੇ ਯਹੋਵਾਹ ਉਨ੍ਹਾਂ ਨਾਲ ਪ੍ਰੇਮ ਕਰਦਾ ਸੀ ਅਤੇ ਉਨ੍ਹਾਂ ਦੇ ਬਾਅਦ ਉਨ੍ਹਾਂ ਦੇ ਵੰਸ਼ ਅਰਥਾਤ ਤੁਹਾਨੂੰ ਸਾਰੇ ਲੋਕਾਂ ਵਿੱਚੋਂ ਚੁਣ ਲਿਆ, ਜਿਵੇਂ ਅੱਜ ਦੇ ਦਿਨ ਹੈ।
16ਆਪਣੇ ਮਨਾਂ ਦੀ ਸੁੰਨਤ ਕਰਾਓ ਅਤੇ ਅੱਗੇ ਨੂੰ ਹਠੀਲੇ ਨਾ ਬਣੋ,
17ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਪਰਮੇਸ਼ੁਰਾਂ ਦਾ ਪਰਮੇਸ਼ੁਰ ਹੈ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਉਹ ਮਹਾਨ, ਸ਼ਕਤੀਮਾਨ ਅਤੇ ਭੈਅ ਦਾਇਕ ਪਰਮੇਸ਼ੁਰ ਹੈ, ਜਿਹੜਾ ਕਿਸੇ ਦਾ ਪੱਖਪਾਤ ਨਹੀਂ ਕਰਦਾ ਅਤੇ ਨਾ ਕਿਸੇ ਤੋਂ ਰਿਸ਼ਵਤ ਲੈਂਦਾ ਹੈ।
18ਉਹ ਯਤੀਮ ਅਤੇ ਵਿਧਵਾ ਦਾ ਨਿਆਂ ਕਰਦਾ ਹੈ ਅਤੇ ਪਰਦੇਸੀ ਨਾਲ ਪ੍ਰੇਮ ਰੱਖਦਾ ਹੈ ਕਿ ਉਸ ਨੂੰ ਰੋਟੀ ਅਤੇ ਕੱਪੜਾ ਦੇਵੇ।
19ਤੁਸੀਂ ਵੀ ਪਰਦੇਸੀ ਨਾਲ ਪ੍ਰੇਮ ਰੱਖੋ ਕਿਉਂ ਜੋ ਤੁਸੀਂ ਵੀ ਮਿਸਰ ਦੇਸ਼ ਵਿੱਚ ਪਰਦੇਸੀ ਸੀ।
20ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈਅ ਮੰਨੋ, ਉਸੇ ਦੀ ਉਪਾਸਨਾ ਕਰੋ, ਉਸ ਦੇ ਨਾਲ ਲੱਗੇ ਰਹੋ ਅਤੇ ਉਸੇ ਦੇ ਨਾਮ ਉੱਤੇ ਸਹੁੰ ਖਾਓ।
21ਉਹ ਹੀ ਤੁਹਾਡੀ ਮਹਿਮਾ ਦੇ ਯੋਗ ਹੈ। ਉਹ ਤੁਹਾਡਾ ਪਰਮੇਸ਼ੁਰ ਹੈ, ਜਿਸ ਨੇ ਤੁਹਾਡੇ ਲਈ ਇਹ ਵੱਡੇ ਅਤੇ ਭਿਆਨਕ ਕੰਮ ਕੀਤੇ ਹਨ, ਜਿਹੜੇ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੇ ਹਨ।
22ਤੁਹਾਡੇ ਪਿਉ-ਦਾਦੇ ਜਦ ਮਿਸਰ ਵਿੱਚ ਗਏ ਤਦ ਉਹ ਸੱਤਰ ਪ੍ਰਾਣੀ ਹੀ ਸਨ, ਅਤੇ ਹੁਣ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਅਕਾਸ਼ ਦੇ ਤਾਰਿਆਂ ਵਾਂਗੂੰ ਵਧਾਇਆ ਹੈ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath