ਦਾਨੀਏਲ 8
1ਬੇਲਸ਼ੱਸਰ ਰਾਜਾ ਦੇ ਰਾਜ ਦੇ ਤੀਜੇ ਸਾਲ ਵਿੱਚ ਮੈਨੂੰ, ਹਾਂ, ਮੈਂ ਦਾਨੀਏਲ ਨੇ ਜਿਹੜਾ ਪਹਿਲਾਂ ਦਰਸ਼ਣ ਵੇਖਿਆ ਸੀ ਉਹ ਦੇ ਪਿੱਛੋਂ ਇੱਕ ਹੋਰ ਦਰਸ਼ਣ ਵੇਖਿਆ।
2ਜਦ ਮੈਂ ਸ਼ੂਸ਼ਨ ਦੇ ਮਹਿਲ ਵਿੱਚ ਰਹਿੰਦਾ ਸੀ ਜਿਹੜਾ ਏਲਾਮ ਦੇ ਸੂਬੇ ਵਿੱਚ ਹੈ। ਫਿਰ ਮੈਂ ਦਰਸ਼ਣ ਵਿੱਚ ਵੇਖਿਆ ਕਿ ਮੈਂ ਉਲਾਈ ਨਦੀ ਦੇ ਕੰਢੇ ਉੱਤੇ ਹਾਂ।
3ਤਦ ਮੈਂ ਆਪਣੀਆਂ ਅੱਖਾਂ ਚੁੱਕ ਕੇ ਦੇਖਿਆ ਤਾਂ ਵੇਖੋ, ਨਦੀ ਦੇ ਅੱਗੇ ਇੱਕ ਮੇਂਢਾ ਖੜ੍ਹਾ ਸੀ ਜਿਹ ਦੇ ਦੋ ਸਿੰਙ ਸਨ ਅਤੇ ਉਹ ਦੋਵੇਂ ਉੱਚੇ ਸਨ ਪਰ ਇੱਕ ਦੂਜੇ ਨਾਲੋਂ ਵੱਡਾ ਸੀ ਅਤੇ ਵੱਡਾ ਦੂਜੇ ਨਾਲੋਂ ਪਿੱਛੋਂ ਉੱਗਿਆ ਸੀ।
4ਮੈਂ ਉਸ ਮੇਂਢੇ ਨੂੰ ਦੇਖਿਆ ਜਿਹੜਾ ਪੱਛਮ, ਉੱਤਰ ਅਤੇ ਦੱਖਣ ਵੱਲ ਸਿੰਙ ਮਾਰਦਾ ਸੀ ਐਥੋਂ ਤੱਕ ਕੋਈ ਦਰਿੰਦਾ ਉਹ ਦੇ ਸਾਹਮਣੇ ਨਾ ਕਰ ਸਕਿਆ ਅਤੇ ਨਾ ਕੋਈ ਉਹ ਦੇ ਹੱਥੋਂ ਛੁਡਾ ਸਕਿਆ ਪਰ ਉਹ ਜੋ ਚਾਹੁੰਦਾ ਸੀ ਸੋ ਕਰਦਾ ਸੀ ਅਤੇ ਆਪ ਨੂੰ ਵੱਡਾ ਬਣਾਉਂਦਾ ਸੀ।
5ਮੈਂ ਇਸ ਸੋਚ ਵਿੱਚ ਸੀ ਅਤੇ ਵੇਖੋ ਇੱਕ ਬੱਕਰਾ ਪੱਛਮ ਦੇ ਵੱਲੋਂ ਆਣ ਕੇ ਸਾਰੀ ਧਰਤੀ ਦੇ ਉੱਤੇ ਅਜਿਹਾ ਫਿਰਿਆ ਜੋ ਧਰਤੀ ਉੱਤੇ ਉਸ ਦਾ ਪੈਰ ਨਾ ਛੂਹਿਆ ਅਤੇ ਉਸ ਬੱਕਰੇ ਦੀਆਂ ਦੋਹਾਂ ਅੱਖਾਂ ਦੇ ਵਿਚਕਾਰ ਇੱਕ ਅਚਰਜ਼ ਸਿੰਙ ਸੀ।
6ਉਹ ਉਸ ਦੋਹਾਂ ਸਿੰਗਾਂ ਵਾਲੇ ਮੇਂਢੇ ਦੇ ਕੋਲ ਜਿਹ ਨੂੰ ਮੈਂ ਨਦੀ ਦੇ ਸਾਹਮਣੇ ਖੜ੍ਹਾ ਵੇਖਿਆ ਸੀ, ਆਇਆ ਅਤੇ ਆਪਣੇ ਜ਼ੋਰ ਦੇ ਗੁੱਸੇ ਨਾਲ ਉਸ ਦੇ ਉੱਤੇ ਦੌੜ ਪਿਆ।
7ਮੈਂ ਉਹ ਨੂੰ ਵੇਖਿਆ ਕਿ ਉਹ ਮੇਂਢੇ ਦੇ ਨੇੜੇ ਪੁੱਜਾ ਅਤੇ ਉਹ ਦਾ ਕ੍ਰੋਧ ਉਸ ਦੇ ਉੱਤੇ ਜਾਗਿਆ, ਮੇਂਢੇ ਨੂੰ ਮਾਰਿਆ ਅਤੇ ਉਸ ਦੇ ਦੋਵੇਂ ਸਿੰਙ ਭੰਨ ਸੁੱਟੇ। ਉਸ ਮੇਂਢੇ ਵਿੱਚ ਜ਼ੋਰ ਨਹੀਂ ਸੀ ਕਿ ਉਹ ਦਾ ਸਾਹਮਣਾ ਕਰੇ, ਇਸ ਲਈ ਉਹ ਨੇ ਉਸ ਨੂੰ ਧਰਤੀ ਉੱਤੇ ਢਾਹ ਲਿਆ ਅਤੇ ਉਸ ਨੂੰ ਕੁਚਲ ਸੁੱਟਿਆ ਅਤੇ ਕੋਈ ਨਹੀਂ ਸੀ ਜੋ ਮੇਂਢੇ ਨੂੰ ਉਹ ਦੇ ਹੱਥੋਂ ਛੁਡਾ ਸਕੇ।
8ਤਦ ਉਸ ਬੱਕਰੇ ਨੇ ਆਪਣੇ ਆਪ ਨੂੰ ਬਹੁਤ ਉੱਚਾ ਕੀਤਾ ਅਤੇ ਜਦ ਉਹ ਬਲਵਾਨ ਹੋਇਆ ਤਾਂ ਉਹ ਦਾ ਵੱਡਾ ਸਿੰਙ ਟੁੱਟ ਗਿਆ ਅਤੇ ਉਹ ਦੇ ਥਾਂ ਚਾਰ ਅਚਰਜ਼ ਸਿੰਙ ਅਕਾਸ਼ ਦੀਆਂ ਚਾਰੇ ਦਿਸ਼ਾਵਾਂ ਵੱਲ ਨਿੱਕਲੇ।
9ਉਹਨਾਂ ਵਿੱਚੋਂ ਇੱਕ ਹੋਰ ਨਿੱਕਾ ਸਿੰਙ ਨਿੱਕਲਿਆ ਜੋ ਦੱਖਣ, ਪੂਰਬ ਅਤੇ ਮਨਭਾਉਂਦੇ ਦੇਸ ਵੱਲ ਬਹੁਤ ਹੀ ਵੱਧ ਗਿਆ।
10ਉਹ ਅਕਾਸ਼ ਦੀ ਸੈਨਾਂ ਤੱਕ ਵੱਧ ਗਿਆ ਅਤੇ ਉਸ ਸੈਨਾਂ ਵਿੱਚੋਂ ਅਤੇ ਤਾਰਿਆਂ ਵਿੱਚੋਂ ਕਈਆਂ ਨੂੰ ਧਰਤੀ ਉੱਤੇ ਗਿਰਾ ਦਿੱਤਾ ਅਤੇ ਉਹਨਾਂ ਨੂੰ ਕੁਚਲ ਦਿੱਤਾ।
11ਸਗੋਂ ਉਸ ਨੇ ਸੈਨਾਂ ਦੇ ਪ੍ਰਧਾਨ ਤੱਕ ਆਪਣੇ ਆਪ ਨੂੰ ਉੱਚਾ ਵਧਾਇਆ ਅਤੇ ਉਸ ਤੋਂ ਸਦਾ ਦੀ ਬਲੀ ਚੁੱਕੀ ਗਈ ਅਤੇ ਉਸ ਦਾ ਪਵਿੱਤਰ ਸਥਾਨ ਢਾਇਆ ਗਿਆ।
12ਸੋ ਉਹ ਸੈਨਾਂ ਸਦਾ ਦੀ ਹੋਮ ਦੀ ਭੇਂਟ ਨਾਲ ਅਪਰਾਧ ਕਰਨ ਕਰਕੇ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਸਚਿਆਈ ਨੂੰ ਧਰਤੀ ਉੱਤੇ ਸੁੱਟਿਆ। ਉਹ ਇਹ ਕਰਦਾ ਅਤੇ ਸਫ਼ਲ ਹੁੰਦਾ ਰਿਹਾ।
13ਫਿਰ ਮੈਂ ਇੱਕ ਪਵਿੱਤਰ ਜਨ ਨੂੰ ਬੋਲਦਿਆਂ ਸੁਣਿਆ ਅਤੇ ਦੂਜੇ ਪਵਿੱਤਰ ਜਨ ਨੇ ਉਸ ਨੂੰ ਜੋ ਗੱਲਾਂ ਪਿਆ ਕਰਦਾ ਸੀ ਪੁੱਛਿਆ ਕਿ ਉਹ ਦਰਸ਼ਣ ਸਦਾ ਦੇ ਲਈ ਅਤੇ ਉਸ ਉਜਾੜਨ ਵਾਲੇ ਦੇ ਅਪਰਾਧ ਲਈ ਜੋ ਪਵਿੱਤਰ ਸਥਾਨ ਅਤੇ ਸੈਨਾਂ ਦੋਵੇਂ ਦਿੱਤੇ ਗਏ ਉਹਨਾਂ ਦਾ ਕੁਚਲਿਆ ਜਾਣਾ ਕਦੋਂ ਤੱਕ ਰਹੇ?
14ਉਸ ਨੇ ਮੈਨੂੰ ਆਖਿਆ ਕਿ ਦੋ ਹਜ਼ਾਰ ਤਿੰਨ ਸੌ ਸ਼ਾਮ ਅਤੇ ਸਵੇਰ ਤੱਕ ਹੈ ਫਿਰ ਪਵਿੱਤਰ ਸਥਾਨ ਸ਼ੁੱਧ ਕੀਤਾ ਜਾਵੇਗਾ।
15ਜਦ ਮੈਂ ਦਾਨੀਏਲ ਨੇ ਇਹ ਦਰਸ਼ਣ ਦੇਖਿਆ ਅਤੇ ਉਹ ਦਾ ਅਰਥ ਲੱਭਦਾ ਸੀ ਤਾਂ ਵੇਖੋ, ਮੇਰੇ ਸਾਹਮਣੇ ਕੋਈ ਖੜ੍ਹਾ ਸੀ ਜਿਸ ਦਾ ਰੂਪ ਮਨੁੱਖ ਜਿਹਾ ਸੀ।
16ਮੈਂ ਇੱਕ ਮਨੁੱਖ ਦੀ ਅਵਾਜ਼ ਸੁਣੀ ਜਿਸ ਨੇ ਉਲਾਈ ਦੇ ਵਿਚਕਾਰ ਪੁਕਾਰ ਕੇ ਆਖਿਆ ਕਿ ਹੇ ਜ਼ਿਬਰਾਏਲ, ਇਸ ਮਨੁੱਖ ਨੂੰ ਇਸ ਦਰਸ਼ਣ ਦਾ ਅਰਥ ਦੱਸ!
17ਫਿਰ ਜਿੱਥੇ ਮੈਂ ਖੜ੍ਹਾ ਸੀ ਉੱਥੇ ਉਹ ਨੇੜੇ ਆਇਆ ਅਤੇ ਉਸ ਦੇ ਆਉਂਦੇ ਹੀ ਮੈਂ ਡਰ ਗਿਆ ਅਤੇ ਮੂੰਹ ਦੇ ਬਲ ਡਿੱਗ ਪਿਆ ਪਰ ਉਸ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ ਸਮਝ ਲੈ ਕਿਉਂ ਜੋ ਇਹ ਦਰਸ਼ਣ ਅੰਤ ਦੇ ਸਮੇਂ ਵਿੱਚ ਪੂਰਾ ਹੋਵੇਗਾ।
18ਜਦ ਉਹ ਮੈਨੂੰ ਆਖਦਾ ਪਿਆ ਸੀ ਤਾਂ ਮੈਂ ਮੂੰਹ ਦੇ ਬਲ ਵੱਡੀ ਨੀਂਦ ਵਿੱਚ ਧਰਤੀ ਉੱਤੇ ਪਿਆ ਸੀ ਤਾਂ ਉਹ ਨੇ ਮੈਨੂੰ ਛੂਹਿਆ ਅਤੇ ਸਿੱਧਾ ਕਰ ਕੇ ਖੜਾ ਕੀਤਾ।
19ਤਦ ਉਸ ਨੇ ਆਖਿਆ, ਕ੍ਰੋਧ ਦੇ ਅੰਤ ਦੇ ਦਿਨਾਂ ਵਿੱਚ ਕੀ ਹੋਵੇਗਾ ਉਹ ਮੈਂ ਤੈਨੂੰ ਦੱਸਦਾ ਹਾਂ ਕਿਉਂ ਜੋ ਅੰਤ ਦੇ ਠਹਿਰਾਏ ਹੋਏ ਸਮੇਂ ਵਿੱਚ ਉਹ ਪੂਰਾ ਹੋ ਜਾਵੇਗਾ।
20ਉਹ ਮੇਂਢਾ ਜਿਸ ਨੂੰ ਤੂੰ ਡਿੱਠਾ ਕਿ ਉਸ ਦੇ ਦੋ ਸਿੰਙ ਹਨ ਸੋ ਮਾਦਾ ਅਤੇ ਫ਼ਾਰਸ ਦੇ ਰਾਜੇ ਹਨ।
21ਉਹ ਬਲਵਾਨ ਬੱਕਰਾ ਯੂਨਾਨ ਦਾ ਰਾਜਾ ਅਤੇ ਉਹ ਵੱਡਾ ਸਿੰਙ ਜੋ ਉਸ ਦੀਆਂ ਅੱਖੀਆਂ ਦੇ ਵਿਚਕਾਰ ਹੈ ਸੋ ਉਹ ਪਹਿਲਾਂ ਰਾਜਾ ਹੈ।
22ਇਸ ਕਰਕੇ ਉਹ ਦੇ ਟੁੱਟਣ ਦੇ ਪਿੱਛੋਂ ਉਹ ਦੇ ਥਾਂ ਵਿੱਚ ਚਾਰ ਹੋਰ ਨਿੱਕਲੇ ਸੋ ਇਹ ਚਾਰ ਰਾਜੇ ਹਨ ਜਿਹੜੇ ਉਸ ਦੇਸ਼ ਦੇ ਵਿਚਕਾਰ ਉੱਠਣਗੇ ਪਰ ਉਹਨਾਂ ਦਾ ਜ਼ੋਰ ਉਹ ਦੇ ਵਰਗਾ ਨਾ ਹੋਵੇਗਾ।
23ਉਹਨਾਂ ਦੇ ਰਾਜ ਦੇ ਅੰਤ ਦੇ ਸਮੇਂ ਵਿੱਚ ਜਿਸ ਵੇਲੇ ਅਪਰਾਧੀ ਤਾਂ ਇੱਕ ਰਾਜਾ ਕਠੋਰਤਾ ਵਾਲਾ ਮੂੰਹ ਅਤੇ ਭੇਤ ਦੀਆਂ ਗੱਲਾਂ ਬੁੱਝਣ ਵਾਲਾ ਉੱਠੇਗਾ।
24ਉਸ ਦੀ ਸਮਰੱਥਾ ਵੱਡੀ ਹੋਵੇਗੀ ਪਰ ਉਸ ਦਾ ਜ਼ੋਰ ਉਸ ਦੇ ਬਲ ਉੱਤੇ ਨਾ ਹੋਵੇਗਾ ਅਤੇ ਉਹ ਅਚਰਜ਼ ਰੀਤੀ ਨਾਲ ਮਾਰ ਸੁੱਟੇਗਾ ਅਤੇ ਸਫ਼ਲ ਹੋਵੇਗਾ ਅਤੇ ਕੰਮ ਕਰੇਗਾ ਅਤੇ ਜ਼ੋਰਾਵਰਾਂ ਨੂੰ ਅਤੇ ਪਵਿੱਤਰ ਲੋਕਾਂ ਨੂੰ ਨਾਸ ਕਰ ਸੁੱਟੇਗਾ।
25ਉਸ ਦੀ ਚਤਰਾਈ ਦੇ ਕਾਰਨ ਉਸਦਾ ਧੋਖਾ ਸਫ਼ਲ ਹੋਵੇਗਾ, ਅਤੇ ਉਹ ਮਨ ਵਿੱਚ ਘਮੰਡੀ ਹੋ ਕੇ ਬਹੁਤਿਆਂ ਦਾ ਨਾਸ ਕਰੇਗਾ। ਉਹ ਹਾਕਮਾਂ ਦੇ ਹਾਕਮ ਦੇ ਵਿਰੁੱਧ ਉੱਠ ਖੜ੍ਹਾ ਹੋਵੇਗਾ ਪਰ ਅੰਤ ਵਿੱਚ ਉਹ ਬਿਨ੍ਹਾਂ ਹੱਥ ਲਾਏ ਤੋੜਿਆ ਜਾਵੇਗਾ।
26ਉਹ ਸ਼ਾਮ ਅਤੇ ਸਵੇਰ ਦਾ ਦਰਸ਼ਣ ਜੋ ਤੂੰ ਦੇਖਿਆ ਅਤੇ ਸੁਣਿਆ ਹੈ ਸੋ ਸੱਚ ਹੈ, ਪਰ ਤੂੰ ਉਸ ਦਰਸ਼ਣ ਨੂੰ ਬੰਦ ਕਰ ਛੱਡ ਕਿਉਂ ਜੋ ਇਹ ਦੇ ਵਿੱਚ ਪੂਰਾ ਹੋਣ ਵਿੱਚ ਬਹੁਤ ਸਮਾਂ ਬਾਕੀ ਹੈ।
27ਮੈਨੂੰ, ਦਾਨੀਏਲ ਨੂੰ ਮੂਰਛਾ ਪੈ ਗਈ ਅਤੇ ਕਈਆਂ ਦਿਨਾਂ ਤੱਕ ਬਿਮਾਰ ਪਿਆ ਰਿਹਾ, ਫਿਰ ਉਹ ਦੇ ਪਿੱਛੋਂ ਮੈਂ ਉੱਠਿਆ ਅਤੇ ਰਾਜੇ ਦਾ ਕੰਮ-ਧੰਦਾ ਕਰਨ ਲੱਗਾ ਅਤੇ ਦਰਸ਼ਣ ਨਾਲ ਘਬਰਾਉਂਦਾ ਰਿਹਾ ਪਰ ਉਹ ਨੂੰ ਕਿਸੇ ਨੇ ਨਾ ਜਾਣਿਆ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath