ਈਸਾਈ
ਪਿੱਛੇ

ਦਾਨੀਏਲ 7

1ਬਾਬਲ ਦੇ ਰਾਜਾ ਬੇਲਸ਼ੱਸਰ ਦੇ ਰਾਜ ਦੇ ਪਹਿਲੇ ਸਾਲ ਵਿੱਚ ਦਾਨੀਏਲ ਨੇ ਆਪਣੇ ਪਲੰਘ ਉੱਤੇ ਇੱਕ ਦਰਸ਼ਣ ਦੇਖਿਆ, ਤਦ ਉਹ ਨੇ ਦਰਸ਼ਣ ਨੂੰ ਲਿਖਿਆ ਅਤੇ ਉਹਨਾਂ ਗੱਲਾਂ ਦਾ ਬਿਆਨ ਕੀਤਾ।

2ਦਾਨੀਏਲ ਨੇ ਆਖਿਆ ਕਿ ਰਾਤ ਨੂੰ ਮੈਂ ਇੱਕ ਦਰਸ਼ਣ ਦੇਖਿਆ ਅਤੇ ਕੀ ਵੇਖਦਾ ਹਾਂ ਜੋ ਅਕਾਸ਼ ਦੀਆਂ ਚਾਰੇ ਪੌਣਾਂ ਵੱਡੇ ਸਮੁੰਦਰ ਉੱਤੇ ਜ਼ੋਰ ਨਾਲ ਵਗੀਆਂ

3ਅਤੇ ਸਮੁੰਦਰ ਵਿੱਚੋਂ ਚਾਰ ਵੱਡੇ-ਵੱਡੇ ਦਰਿੰਦੇ ਨਿੱਕਲੇ, ਜੋ ਇੱਕ ਦੂਜੇ ਨਾਲੋਂ ਵੱਖੋ-ਵੱਖ ਸਨ l

4ਪਹਿਲਾ ਸ਼ੇਰ ਬੱਬਰ ਵਰਗਾ ਸੀ ਅਤੇ ਉਕਾਬ ਜਿਹੇ ਖੰਭਾਂ ਵਾਲਾ ਸੀ ਅਤੇ ਮੈਂ ਵੇਖਦਾ ਰਿਹਾ ਜਦੋਂ ਤੱਕ ਉਹ ਦੇ ਖੰਭ ਨਾ ਪੁੱਟੇ ਗਏ ਅਤੇ ਉਹ ਧਰਤੀ ਉੱਤੋਂ ਚੁੱਕਿਆ ਗਿਆ ਅਤੇ ਮਨੁੱਖ ਵਾਂਗੂੰ ਪੈਰਾਂ ਦੇ ਭਾਰ ਖੜਾ ਕੀਤਾ ਗਿਆ ਅਤੇ ਮਨੁੱਖ ਦਾ ਦਿਲ ਉਸ ਨੂੰ ਦਿੱਤਾ ਗਿਆ

5ਅਤੇ ਫਿਰ ਕੀ ਵੇਖਦਾ ਹਾਂ ਜੋ ਦੂਜਾ ਦਰਿੰਦਾ ਰਿੱਛ ਵਰਗਾ ਸੀ। ਉਹ ਇੱਕ ਪਾਸੇ ਵੱਲ ਖੜਾ ਹੋ ਗਿਆ ਅਤੇ ਉਹ ਦੇ ਮੂੰਹ ਵਿੱਚ ਉਹ ਦੇ ਦੰਦਾਂ ਦੇ ਵਿਚਕਾਰ ਤਿੰਨ ਪਸਲੀਆਂ ਸਨ। ਉਹਨਾਂ ਨੇ ਉਸ ਨੂੰ ਆਖਿਆ ਕਿ ਉੱਠ ਅਤੇ ਢੇਰ ਸਾਰਾ ਮਾਸ ਖਾਹ!

6ਉਹ ਦੇ ਪਿਛੋਂ ਮੈਂ ਡਿੱਠਾ ਅਤੇ ਕੀ ਵੇਖਦਾ ਹਾਂ ਕਿ ਇੱਕ ਹੋਰ ਦਰਿੰਦਾ ਚੀਤੇ ਵਰਗਾ ਉੱਠਿਆ ਜਿਸ ਉੱਤੇ ਪੰਛੀ ਜਿਹੇ ਚਾਰ ਖੰਭ ਸਨ ਅਤੇ ਉਸ ਦਰਿੰਦੇ ਦੇ ਚਾਰ ਸਿਰ ਸਨ ਅਤੇ ਉਹ ਨੂੰ ਰਾਜ ਦਿੱਤਾ ਗਿਆ।

7ਇਹ ਦੇ ਪਿੱਛੋਂ ਮੈਂ ਰਾਤ ਨੂੰ ਦਰਸ਼ਣ ਵਿੱਚ ਦੇਖਿਆ ਅਤੇ ਕੀ ਵੇਖਦਾ ਹਾਂ ਜੋ ਚੌਥਾ ਦਰਿੰਦਾ ਭਿਆਨਕ ਅਤੇ ਡਰਾਉਣਾ ਅਤੇ ਡਾਢਾ ਬਲਵਾਨ ਅਤੇ ਉਹ ਦੇ ਦੰਦ ਲੋਹੇ ਦੇ ਸਨ ਅਤੇ ਵੱਡੇ-ਵੱਡੇ ਸਨ। ਉਹ ਨਿਗਲੀ ਜਾਂਦਾ ਅਤੇ ਟੋਟੇ-ਟੋਟੇ ਕਰ ਦਿੰਦਾ ਅਤੇ ਵੱਧਦੇ ਨੂੰ ਆਪਣੇ ਪੈਰਾਂ ਹੇਠ ਲਤਾੜਦਾ ਸੀ ਅਤੇ ਇਹ ਉਹਨਾਂ ਸਭਨਾਂ ਦਰਿੰਦਿਆਂ ਨਾਲੋਂ ਜੋ ਉਸ ਦੇ ਪਹਿਲਾਂ ਸਨ ਵੱਖਰਾ ਸੀ, ਅਤੇ ਉਹ ਦੇ ਦਸ ਸਿੰਙ ਸਨ।

8ਮੈਂ ਉਹਨਾਂ ਸਿੰਗਾਂ ਨੂੰ ਧਿਆਨ ਲਾ ਕੇ ਦੇਖਿਆ ਅਤੇ ਕੀ ਵੇਖਦਾ ਹਾਂ ਕਿ ਉਹਨਾਂ ਵਿੱਚੋਂ ਇੱਕ ਹੋਰ ਨਿੱਕਾ ਜਿਹਾ ਸਿੰਙ ਨਿੱਕਲਿਆ ਜਿਹ ਦੇ ਅੱਗੇ ਪਹਿਲਿਆਂ ਵਿੱਚੋਂ ਤਿੰਨ ਸਿੰਙ ਮੁੱਢੋਂ ਪੁੱਟੇ ਗਏ ਅਤੇ ਕੀ ਵੇਖਦਾ ਹਾਂ ਕਿ ਉਸ ਸਿੰਙ ਵਿੱਚ ਅੱਖਾਂ ਮਨੁੱਖ ਦੀਆਂ ਅੱਖਾਂ ਵਰਗੀਆਂ ਸਨ ਅਤੇ ਇੱਕ ਮੂੰਹ ਸੀ ਜੋ ਵੱਡੀਆਂ-ਵੱਡੀਆਂ ਗੱਲਾਂ ਬੋਲ ਰਿਹਾ ਸੀ।

9ਮੈਂ ਐਥੋਂ ਤੱਕ ਵੇਖਦਾ ਰਿਹਾ ਕਿ, ਸਿੰਘਾਸਣ ਰੱਖੇ ਗਏ, ਅਤੇ ਅੱਤ ਪ੍ਰਾਚੀਨ ਬੈਠ ਗਿਆ। ਉਹ ਦਾ ਬਸਤਰ ਬਰਫ਼ ਵਰਗਾ ਚਿੱਟਾ ਸੀ, ਅਤੇ ਉਹ ਦੇ ਸਿਰ ਦੇ ਵਾਲ਼ ਉੱਨ ਵਾਂਗਰ ਸੁਥਰੇ, ਉਹ ਦਾ ਸਿੰਘਾਸਣ ਅੱਗ ਦੀ ਲਾਟ ਵਰਗਾ ਸੀ, ਅਤੇ ਉਹ ਦੇ ਪਹੀਏ ਬਲਦੀ ਅੱਗ ਵਰਗੇ ਸਨ।

10ਇੱਕ ਅੱਗ ਵਾਲੀ ਨਦੀ ਨਿੱਕਲੀ, ਜੋ ਉਹ ਦੇ ਅੱਗੋਂ ਦੀ ਵਗਦੀ ਸੀ। ਹਜ਼ਾਰਾਂ ਹੀ ਹਜ਼ਾਰ ਉਹ ਦੀ ਸੇਵਾ ਕਰਦੇ ਸਨ, ਅਤੇ ਲੱਖਾਂ ਉਹ ਦੇ ਸਾਹਮਣੇ ਖੜੇ ਸਨ! ਨਿਆਂ ਹੁੰਦਾ ਸੀ ਅਤੇ ਪੋਥੀਆਂ ਖੁੱਲੀਆਂ ਹੋਈਆਂ ਸਨ।

11ਮੈਂ ਉਸ ਵੇਲੇ ਉਸ ਸਿੰਙ ਦੀ ਅਵਾਜ਼ ਦੇ ਕਾਰਨ ਜੋ ਵੱਡੀਆਂ ਹੰਕਾਰ ਦੀਆਂ ਗੱਲਾਂ ਬੋਲਦਾ ਸੀ ਡਿੱਠਾ, ਹਾਂ, ਮੈਂ ਐਥੋਂ ਤੱਕ ਵੇਖਦਾ ਰਿਹਾ ਕਿ ਉਹ ਦਰਿੰਦਾ ਮਾਰਿਆ ਗਿਆ ਅਤੇ ਉਹ ਦਾ ਸਰੀਰ ਨਾਸ ਹੋ ਗਿਆ ਅਤੇ ਬਲਦੇ ਭਾਂਬੜ ਵਿੱਚ ਸੁੱਟਿਆ ਗਿਆ।

12ਬਾਕੀ ਦਰਿੰਦਿਆਂ ਦਾ ਰਾਜ ਵੀ ਉਹਨਾਂ ਤੋਂ ਲਿਆ ਗਿਆ ਪਰ ਇੱਕ ਵੇਲੇ ਅਤੇ ਇੱਕ ਸਮੇਂ ਤੋੜੀਂ ਉਹਨਾਂ ਨੂੰ ਜਿੰਦ ਦਿੱਤੀ ਗਈ।

13ਮੈਂ ਰਾਤ ਦੇ ਇਸ ਦਰਸ਼ਣ ਵਿੱਚ ਦੇਖਿਆ ਅਤੇ ਵੇਖੋ, ਇੱਕ ਜਣਾ ਮਨੁੱਖ ਦੇ ਪੁੱਤਰ ਵਰਗਾ ਅਕਾਸ਼ ਦੇ ਬੱਦਲਾਂ ਸਣੇ ਆਇਆ, ਅਤੇ ਅੱਤ ਪ੍ਰਾਚੀਨ ਤੱਕ ਪਹੁੰਚਿਆ, ਅਤੇ ਉਹ ਉਸ ਨੂੰ ਉਹ ਦੇ ਅੱਗੇ ਲਿਆਏ।

14ਪਾਤਸ਼ਾਹੀ ਅਤੇ ਪਰਤਾਪ ਅਤੇ ਰਾਜ ਉਹ ਨੂੰ ਦਿੱਤਾ ਗਿਆ, ਜੋ ਸੱਭੇ ਕੌਮਾਂ ਅਤੇ ਲੋਕ ਅਤੇ ਬੋਲੀਆਂ ਉਹ ਦੀ ਸੇਵਾ ਕਰਨ। ਉਹ ਦਾ ਰਾਜ ਸਦਾ ਦਾ ਰਾਜ ਹੈ, ਜਿਹੜਾ ਮਿਟੇਗਾ ਨਾ, ਅਤੇ ਉਹ ਦਾ ਰਾਜ ਅਜਿਹਾ ਹੈ ਜੋ ਟਲੇਗਾ ਨਾ।

15ਮੈਂ ਦਾਨੀਏਲ ਆਪਣੇ ਆਤਮਾ ਵਿੱਚ ਉਦਾਸ ਹੋਇਆ ਅਤੇ ਮੇਰੇ ਇਸ ਦਰਸ਼ਣ ਨੇ ਮੈਨੂੰ ਘਬਰਾ ਦਿੱਤਾ।

16ਅਤੇ ਜਿਹੜੇ ਨੇੜੇ ਖੜ੍ਹੇ ਸਨ ਮੈਂ ਉਹਨਾਂ ਵਿੱਚੋਂ ਇੱਕ ਜਣੇ ਕੋਲ ਗਿਆ ਅਤੇ ਉਹ ਨੂੰ ਇਹਨਾਂ ਸਾਰੀਆਂ ਗੱਲਾਂ ਦੀ ਅਸਲੀਅਤ ਪੁੱਛੀ। ਉਸ ਨੇ ਮੈਨੂੰ ਦੱਸਿਆ ਅਤੇ ਇਹਨਾਂ ਗੱਲਾਂ ਦਾ ਅਰਥ ਮੈਨੂੰ ਸਮਝਾਇਆ।

17ਇਹ ਚਾਰ ਵੱਡੇ ਦਰਿੰਦੇ ਚਾਰ ਰਾਜੇ ਹਨ ਜੋ ਧਰਤੀ ਉੱਤੇ ਉੱਠਣਗੇ।

18ਪਰ ਅੱਤ ਮਹਾਨ ਦੇ ਸੰਤ ਰਾਜ ਲੈ ਲੈਣਗੇ ਅਤੇ ਜੁੱਗਾਂ ਤੱਕ, ਹਾਂ, ਜੁੱਗੋ-ਜੁੱਗ ਤੱਕ ਉਸ ਰਾਜ ਦੇ ਮਾਲਕ ਹੋਣਗੇ।

19ਤਦ ਮੈਂ ਚਾਹਿਆ ਕਿ ਚੌਥੇ ਦਰਿੰਦੇ ਦੀ ਵਾਰਤਾ ਵੀ ਜਾਣਾ ਜਿਹੜਾ ਉਹਨਾਂ ਸਭਨਾਂ ਨਾਲੋਂ ਵੱਖਰਾ ਸੀ, ਜੋ ਡਾਢਾ ਡਰਾਉਣਾ ਸੀ ਜਿਹ ਦੇ ਦੰਦ ਲੋਹੇ ਦੇ ਅਤੇ ਨਹੁੰ ਪਿੱਤਲ ਦੇ, ਜੋ ਨਿਗਲਦਾ ਅਤੇ ਟੋਟੇ-ਟੋਟੇ ਕਰਦਾ ਅਤੇ ਆਪਣੇ ਪੈਰਾਂ ਹੇਠ ਲਿਤਾੜਦਾ ਸੀ।

20ਅਤੇ ਦਸਾਂ ਸਿੰਗਾਂ ਦੀ, ਜੋ ਉਹ ਦੇ ਸਿਰ ਉੱਤੇ ਸਨ ਅਤੇ ਉਸ ਇੱਕ ਦੀ ਜੋ ਨਿੱਕਲਿਆ ਅਤੇ ਜਿਹ ਦੇ ਅੱਗੇ ਤਿੰਨ ਡਿੱਗ ਪਏ ਸਨ, ਹਾਂ, ਉਸ ਸਿੰਙ ਦੀ ਜਿਹ ਦੀਆਂ ਅੱਖਾਂ ਸਨ ਅਤੇ ਇੱਕ ਮੂੰਹ ਜੋ ਵੱਡੇ ਹੰਕਾਰ ਦੀਆਂ ਗੱਲਾਂ ਬੋਲਦਾ ਸੀ ਅਤੇ ਉਸ ਦੇ ਸਾਥੀਆਂ ਨਾਲੋਂ ਵੱਧ ਡਰਾਉਣਾ ਸੀ।

21ਮੈਂ ਦੇਖਿਆ ਕਿ ਉਹੋ ਸਿੰਙ ਸੰਤਾਂ ਨਾਲ ਲੜਦਾ ਸੀ ਅਤੇ ਉਹਨਾਂ ਉੱਤੇ ਜਿੱਤ ਪਾ ਲੈਂਦਾ ਸੀ।

22ਜਦ ਤੱਕ ਅੱਤ ਪ੍ਰਾਚੀਨ ਨਾ ਆਇਆ ਅਤੇ ਅੱਤ ਮਹਾਨ ਦੇ ਸੰਤਾਂ ਦਾ ਨਿਆਂ ਨਾ ਦਿੱਤਾ ਗਿਆ ਅਤੇ ਵੇਲਾ ਨਾ ਆ ਪਹੁੰਚਿਆ ਕਿ ਸੰਤ ਰਾਜ ਵਾਲੇ ਹੋਣ।

23ਉਹ ਇਉਂ ਬੋਲਿਆ ਕਿ ਚੌਥਾ ਦਰਿੰਦਾ ਚੌਥਾ ਰਾਜਾ ਹੈ ਜੋ ਧਰਤੀ ਵਿੱਚ ਹੋਵੇਗਾ। ਉਹ ਸਭਨਾਂ ਰਾਜਾਂ ਨਾਲੋਂ ਵੱਖਰਾ ਹੋਵੇਗਾ ਅਤੇ ਸਾਰੀ ਪ੍ਰਿਥਵੀ ਨੂੰ ਨਿਗਲ ਜਾਵੇਗਾ ਅਤੇ ਉਹ ਨੂੰ ਲਤਾੜੇਗਾ ਅਤੇ ਉਹ ਨੂੰ ਟੋਟੇ-ਟੋਟੇ ਕਰੇਗਾ।

24ਉਹ ਦਸ ਸਿੰਙ ਜੋ ਹਨ ਸੋ ਦਸ ਰਾਜੇ ਹਨ ਜੋ ਉਸ ਰਾਜ ਦੇ ਵਿੱਚ ਉੱਠਣਗੇ ਅਤੇ ਉਹਨਾਂ ਦੇ ਪਿੱਛੋਂ ਇੱਕ ਹੋਰ ਉੱਠੇਗਾ ਅਤੇ ਉਹ ਪਹਿਲਿਆਂ ਨਾਲੋਂ ਵੱਖਰਾ ਹੋਵੇਗਾ। ਉਹ ਤਿੰਨਾਂ ਰਾਜਿਆਂ ਉੱਤੇ ਜਿੱਤ ਪਾ ਲਵੇਗਾ।

25ਉਹ ਅੱਤ ਮਹਾਨ ਪਰਮੇਸ਼ੁਰ ਦੇ ਵਿਰੁੱਧ ਹੰਕਾਰ ਦੀਆਂ ਗੱਲਾਂ ਬੋਲੇਗਾ ਅਤੇ ਅੱਤ ਮਹਾਨ ਦੇ ਸੰਤਾਂ ਨੂੰ ਦੁੱਖ ਦੇਵੇਗਾ ਅਤੇ ਚਾਹੇਗਾ ਕਿ ਨਿਯੁਕਤ ਸਮਿਆਂ ਅਤੇ ਬਿਵਸਥਾ ਨੂੰ ਬਦਲ ਦੇਵੇ ਅਤੇ ਉਹ ਇਹ ਦੇ ਹੱਥ ਵਿੱਚ ਦਿੱਤੇ ਜਾਣਗੇ ਐਥੋਂ ਤੱਕ ਇੱਕ ਸਮਾਂ ਅਤੇ ਸਮੇਂ ਅਤੇ ਅੱਧਾ ਸਮਾਂ ਲੰਘ ਜਾਵੇਗਾ ਤਕਰੀਬਨ ਸਾਢੇ ਤਿੰਨ ਸਾਲ।

26ਫਿਰ ਨਿਆਂ ਸਭਾ ਬੈਠੇਗੀ ਅਤੇ ਉਸ ਦਾ ਰਾਜ ਉਸ ਤੋਂ ਲੈ ਲਵੇਗੀ ਇਸ ਲਈ ਜੋ ਅਖ਼ੀਰ ਤੱਕ ਉਸ ਦਾ ਨਾਸ ਕਰ ਸੁੱਟਣ।

27ਸਾਰੇ ਅਕਾਸ਼ ਦੇ ਹੇਠਲੇ ਸਭਨਾਂ ਦੇਸਾਂ ਦੇ ਰਾਜਾਂ ਦਾ ਪਰਤਾਪ ਅਤੇ ਪਾਤਸ਼ਾਹੀ ਅਤੇ ਰਾਜ ਅੱਤ ਮਹਾਨ ਪਰਮੇਸ਼ੁਰ ਦੇ ਸੰਤਾਂ ਦੇ ਲੋਕਾਂ ਨੂੰ ਦਿੱਤੇ ਜਾਣਗੇ। ਉਹਦਾ ਰਾਜ ਇੱਕ ਸਦਾ ਦਾ ਰਾਜ ਹੈ ਅਤੇ ਸਾਰੀਆਂ ਪਾਤਸ਼ਾਹੀਆਂ ਉਹ ਦੀ ਉਪਾਸਨਾ ਕਰਨਗੀਆਂ ਅਤੇ ਆਗਿਆਕਾਰ ਹੋਣਗੀਆਂ।

28ਉਹ ਗੱਲ ਐਥੇ ਮੁੱਕ ਗਈ। ਮੈਂ ਜੋ ਦਾਨੀਏਲ ਹਾਂ, ਮੇਰੀਆਂ ਚਿੰਤਾ ਨੇ ਮੈਨੂੰ ਡਾਢਾ ਘਬਰਾ ਦਿੱਤਾ ਅਤੇ ਮੇਰੇ ਮੂੰਹ ਦਾ ਰੰਗ ਬਦਲ ਗਿਆ ਪਰ ਮੈਂ ਇਹ ਗੱਲਾਂ ਆਪਣੇ ਮਨ ਵਿੱਚ ਰੱਖੀਆਂ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath