ਦਾਨੀਏਲ 2
1ਨਬੂਕਦਨੱਸਰ ਨੇ ਆਪਣੇ ਰਾਜ ਦੇ ਦੂਜੇ ਸਾਲ ਵਿੱਚ ਅਜਿਹੇ ਸੁਫ਼ਨੇ ਵੇਖੇ, ਜਿਸ ਕਾਰਨ ਉਸ ਦੀ ਜਾਨ ਘਬਰਾ ਗਈ ਅਤੇ ਉਹ ਦੀ ਨੀਂਦ ਜਾਂਦੀ ਰਹੀ।
2ਤਦ ਰਾਜੇ ਨੇ ਹੁਕਮ ਦਿੱਤਾ ਕਿ ਜਾਦੂਗਰਾਂ, ਜੋਤਸ਼ੀਆਂ, ਮੰਤਰੀਆਂ ਤੇ ਕਸਦੀਆਂ ਨੂੰ ਸੱਦੋ ਜੋ ਉਹ ਰਾਜੇ ਦਾ ਸੁਫ਼ਨਾ ਉਹ ਨੂੰ ਦੱਸਣ, ਇਸ ਲਈ ਉਹ ਆਏ ਅਤੇ ਰਾਜੇ ਦੇ ਦਰਬਾਰ ਪੇਸ਼ ਹੋਏ।
3ਤਦ ਰਾਜੇ ਨੇ ਉਹਨਾਂ ਨੂੰ ਆਖਿਆ ਕਿ ਮੈਂ ਇੱਕ ਸੁਫ਼ਨਾ ਵੇਖਿਆ ਹੈ ਪਰ ਮੇਰਾ ਆਤਮਾ ਉਸ ਸੁਫ਼ਨੇ ਨੂੰ ਸਮਝਣ ਦੇ ਲਈ ਘਬਰਾਇਆ ਹੋਇਆ ਹੈ।
4ਅੱਗੋਂ ਕਸਦੀਆਂ ਨੇ ਰਾਜੇ ਦੇ ਅੱਗੇ ਅਰਾਮੀ ਭਾਸ਼ਾ ਵਿੱਚ ਬੇਨਤੀ ਕੀਤੀ, ਕਿ ਹੇ ਰਾਜਾ, ਤੁਸੀਂ ਲੰਮੀ ਉਮਰ ਜੀਉਂਦੇ ਰਹੋ! ਆਪਣੇ ਬੰਦਿਆਂ ਨੂੰ ਸੁਫ਼ਨਾ ਸੁਣਾਓ ਅਤੇ ਅਸੀਂ ਉਸ ਦਾ ਅਰਥ ਦੱਸਾਂਗੇ।
5ਰਾਜੇ ਨੇ ਕਸਦੀਆਂ ਨੂੰ ਉੱਤਰ ਦਿੱਤਾ ਕਿ ਗੱਲ ਮੇਰੇ ਮਨ ਵਿੱਚੋਂ ਜਾਂਦੀ ਰਹੀ ਹੈ। ਜੇ ਤੁਸੀਂ ਸੁਫ਼ਨਾ ਨਾ ਦੱਸੋ ਅਤੇ ਉਹ ਦਾ ਅਰਥ ਨਾ ਸੁਣਾਓ ਤਾਂ ਤੁਸੀਂ ਟੁੱਕੜੇ-ਟੁੱਕੜੇ ਕੀਤੇ ਜਾਓਗੇ ਅਤੇ ਤੁਹਾਡੇ ਘਰ ਕੂੜੇ ਦੇ ਢੇਰ ਬਣਨਗੇ!
6ਪਰ ਜੇ ਸੁਫ਼ਨਾ ਅਤੇ ਉਹਦਾ ਅਰਥ ਦੱਸੋ ਤਾਂ ਮੇਰੇ ਕੋਲੋਂ ਦਾਤਾਂ, ਇਨਾਮ ਤੇ ਬਹੁਤ ਆਦਰ ਪਾਓਗੇ, ਸੋ ਸੁਫ਼ਨਾ ਅਤੇ ਉਹ ਦਾ ਅਰਥ ਮੈਂਨੂੰ ਦੱਸੋ।
7ਉਹਨਾਂ ਨੇ ਫੇਰ ਦੂਜੀ ਵਾਰੀ ਬੇਨਤੀ ਕਰ ਕੇ ਆਖਿਆ, ਰਾਜਾ ਆਪਣੇ ਬੰਦਿਆਂ ਨੂੰ ਸੁਫ਼ਨਾ ਸੁਣਾਵੇ ਤਾਂ ਅਸੀਂ ਉਹ ਦਾ ਅਰਥ ਦੱਸਾਂਗੇ।
8ਰਾਜੇ ਨੇ ਉੱਤਰ ਦਿੱਤਾ, ਮੈਂ ਯਕੀਨਨ ਜਾਣਦਾ ਹਾਂ ਕਿ ਤੁਸੀਂ ਟਾਲਣਾ ਚਾਹੁੰਦੇ ਹੋ ਕਿਉਂ ਜੋ ਤੁਸੀਂ ਜਾਣਦੇ ਹੋ ਕਿ ਉਹ ਗੱਲ ਮੇਰੇ ਮਨੋਂ ਜਾਂਦੀ ਰਹੀ ਹੈ।
9ਪਰ ਜੇ ਤੁਸੀਂ ਮੈਨੂੰ ਸੁਫ਼ਨਾ ਨਾ ਦੱਸੋਗੇ ਤਾਂ ਤੁਹਾਡੇ ਲਈ ਇੱਕੋ ਹੀ ਹੁਕਮ ਹੈ, ਕਿਉਂ ਜੋ ਤੁਸੀਂ ਝੂਠ ਤੇ ਵਿਗਾੜ ਦੀਆਂ ਗੱਲਾਂ ਬਣਾਈਆਂ ਤਾਂ ਜੋ ਮੇਰੇ ਅੱਗੇ ਸੁਣਾਓ ਕਿ ਸਮਾਂ ਟਲ ਜਾਵੇ। ਸੋ ਸੁਫ਼ਨਾ ਸੁਣਾਓ ਤਦ ਮੈਂ ਜਾਣ ਲਵਾਂਗਾ ਜੋ ਤੁਸੀਂ ਉਹ ਦਾ ਅਰਥ ਵੀ ਦੱਸ ਸਕਦੇ ਹੋ!
10ਕਸਦੀਆਂ ਨੇ ਰਾਜੇ ਨੂੰ ਉੱਤਰ ਦਿੱਤਾ ਕਿ ਧਰਤੀ ਉੱਤੇ ਕੋਈ ਅਜਿਹਾ ਮਨੁੱਖ ਨਹੀਂ ਜਿਹੜਾ ਰਾਜੇ ਦੇ ਮਨ ਦੀ ਗੱਲ ਦੱਸ ਸਕੇ, ਨਾ ਕੋਈ ਅਜਿਹਾ ਰਾਜਾ ਜਾਂ ਸਰਦਾਰ ਜਾਂ ਹਾਕਮ ਅਜਿਹਾ ਹੋਇਆ ਹੈ ਜਿਸ ਨੇ ਕਿਸੇ ਜਾਦੂਗਰ, ਜੋਤਸ਼ੀ ਜਾਂ ਕਸਦੀ ਕੋਲੋਂ ਅਜਿਹੀ ਗੱਲ ਪੁੱਛੀ ਹੋਵੇ!
11ਜਿਹੜੀ ਗੱਲ ਰਾਜਾ ਪੁੱਛਦਾ ਹੈ ਬਹੁਤ ਅਨੋਖੀ ਹੈ ਅਤੇ ਦੇਵਤਿਆਂ ਬਿਨਾਂ ਜੋ ਦੇਹਧਾਰੀਆਂ ਨਾਲ ਨਹੀਂ ਵੱਸਦੇ, ਕੋਈ ਰਾਜੇ ਨੂੰ ਦੱਸ ਨਹੀਂ ਸਕਦਾ।
12ਇਸ ਕਾਰਨ ਰਾਜਾ ਕ੍ਰੋਧਵਾਨ ਹੋ ਕੇ ਅੱਤ ਗਰਮ ਹੋਇਆ ਅਤੇ ਉਹ ਨੇ ਹੁਕਮ ਦਿੱਤਾ ਕਿ ਬਾਬਲ ਦੇ ਸਾਰੇ ਵਿਦਵਾਨਾਂ ਨੂੰ ਨਾਸ ਕਰੋ!
13ਇਸ ਲਈ ਇਹ ਹੁਕਮ ਨਿੱਕਲਿਆ ਅਤੇ ਵਿਦਵਾਨਾਂ ਨੇ ਮਾਰੇ ਜਾਣਾ ਸੀ ਤੇ ਉਹਨਾਂ ਨੇ ਦਾਨੀਏਲ ਤੇ ਉਸ ਦੇ ਸਾਥੀਆਂ ਨੂੰ ਮਾਰੇ ਜਾਣ ਲਈ ਲੱਭਿਆ।
14ਤਦ ਦਾਨੀਏਲ ਰਾਜੇ ਦੇ ਜੱਲਾਦਾਂ ਦੇ ਸਰਦਾਰ ਅਰਯੋਕ ਨੂੰ ਜਿਹੜਾ ਬਾਬਲ ਦੇ ਵਿਦਵਾਨਾਂ ਨੂੰ ਮਾਰਨ ਲਈ ਨਿੱਕਲਿਆ ਸੀ, ਸੋਚ ਵਿਚਾਰ ਅਤੇ ਬੁੱਧ ਨਾਲ ਬੋਲਿਆ।
15ਉਹ ਨੇ ਰਾਜੇ ਦੇ ਸੁਰੱਖਿਆ ਕਰਮੀਆਂ ਦੇ ਸਰਦਾਰ ਅਰਯੋਕ ਨੂੰ ਪੁੱਛਿਆ ਕਿ ਰਾਜੇ ਦੇ ਹੁਕਮ ਵਿੱਚ ਐਨੀ ਕਾਹਲੀ ਕਿਉਂ ਹੁੰਦੀ ਹੈ? ਤਦ ਅਰਯੋਕ ਨੇ ਦਾਨੀਏਲ ਨੂੰ ਇਸ ਗੱਲ ਦਾ ਭੇਤ ਸੁਣਾਇਆ।
16ਤਦ ਦਾਨੀਏਲ ਨੇ ਅੰਦਰ ਜਾ ਕੇ ਰਾਜੇ ਅੱਗੇ ਬੇਨਤੀ ਕੀਤੀ ਕਿ ਮੈਨੂੰ ਵਕਤ ਦਿਓ ਅਤੇ ਮੈਂ ਰਾਜੇ ਨੂੰ ਅਰਥ ਦੱਸਾਂਗਾ।
17ਤਦ ਦਾਨੀਏਲ ਨੇ ਘਰ ਜਾ ਕੇ ਹਨਨਯਾਹ, ਮੀਸ਼ਾਏਲ ਤੇ ਅਜ਼ਰਯਾਹ ਆਪਣੇ ਸਾਥੀਆਂ ਨੂੰ ਦੱਸਿਆ,
18ਤਾਂ ਜੋ ਉਹ ਇਸ ਭੇਤ ਦੇ ਵਿਖੇ ਅਕਾਸ਼ ਦੇ ਪਰਮੇਸ਼ੁਰ ਤੋਂ ਦਯਾ ਮੰਗਣ ਕਿ ਦਾਨੀਏਲ ਤੇ ਉਹ ਦੇ ਸਾਥੀ ਬਾਬਲ ਦੇ ਦੂਜੇ ਵਿਦਵਾਨਾਂ ਦੇ ਨਾਲ ਨਾਸ ਨਾ ਹੋਣ।
19ਪਰ ਰਾਤ ਨੂੰ ਦਰਸ਼ਣ ਵਿੱਚ ਦਾਨੀਏਲ ਉੱਤੇ ਉਹ ਭੇਤ ਖੁੱਲ੍ਹ ਗਿਆ ਅਤੇ ਉਸ ਨੇ ਅਕਾਸ਼ ਦੇ ਪਰਮੇਸ਼ੁਰ ਦਾ ਧੰਨਵਾਦ ਕੀਤਾ।
20ਦਾਨੀਏਲ ਨੇ ਉੱਤਰ ਦੇ ਕੇ ਆਖਿਆ, ਪਰਮੇਸ਼ੁਰ ਦਾ ਨਾਮ ਸਦਾ ਤੱਕ ਮੁਬਾਰਕ ਹੋਵੇ, ਕਿਉਂ ਜੋ ਬੁੱਧ ਤੇ ਸ਼ਕਤੀ ਉਸ ਦੀ ਹੈ!
21ਉਹੀ ਸਮਿਆਂ ਤੇ ਵੇਲਿਆਂ ਨੂੰ ਬਦਲਦਾ ਹੈ, ਉਹੀ ਰਾਜਿਆਂ ਨੂੰ ਹਟਾਉਂਦਾ ਤੇ ਨਿਯੁਕਤ ਕਰਦਾ ਹੈ, ਉਹੀ ਬੁੱਧਵਾਨਾਂ ਨੂੰ ਬੁੱਧ ਤੇ ਵਿਦਵਾਨਾਂ ਨੂੰ ਗਿਆਨ ਦਿੰਦਾ ਹੈ।
22ਉਹੀ ਡੂੰਘੀਆਂ ਤੇ ਛਿਪੀਆਂ ਹੋਈਆਂ ਗੱਲਾਂ ਨੂੰ ਪਰਗਟ ਕਰਦਾ ਹੈ, ਅਤੇ ਜੋ ਕੁਝ ਅਨ੍ਹੇਰੇ ਵਿੱਚ ਹੈ ਉਹ ਨੂੰ ਜਾਣਦਾ ਹੈ, ਅਤੇ ਚਾਨਣ ਉਸੇ ਦੇ ਨਾਲ ਵੱਸਦਾ ਹੈ।
23ਮੈਂ ਤੇਰਾ ਸ਼ੁਕਰ ਤੇ ਉਸਤਤ ਕਰਦਾ ਹਾਂ, ਹੇ ਮੇਰੇ ਪੁਰਖਿਆਂ ਦੇ ਪਰਮੇਸ਼ੁਰ, ਜਿਸ ਨੇ ਮੈਨੂੰ ਬੁੱਧ ਤੇ ਸ਼ਕਤੀ ਦਿੱਤੀ, ਜੋ ਕੁਝ ਅਸੀਂ ਤੇਰੇ ਕੋਲੋਂ ਮੰਗਿਆ ਤੂੰ ਮੇਰੇ ਉੱਤੇ ਪਰਗਟ ਕੀਤਾ, ਕਿਉਂ ਜੋ ਤੂੰ ਰਾਜੇ ਦੀ ਗੱਲ ਸਾਡੇ ਉੱਤੇ ਪਰਗਟ ਕੀਤੀ ਹੈ।
24ਤਦ ਦਾਨੀਏਲ ਅਰਯੋਕ ਕੋਲ ਗਿਆ ਜਿਸ ਨੂੰ ਰਾਜੇ ਨੇ ਬਾਬਲ ਦੇ ਵਿਦਵਾਨਾਂ ਦੇ ਨਾਸ ਕਰਨ ਲਈ ਠਹਿਰਾਇਆ ਸੀ ਅਤੇ ਉਹ ਨੂੰ ਇਉਂ ਬੋਲਿਆ ਕਿ ਬਾਬਲ ਦੇ ਵਿਦਵਾਨਾਂ ਨੂੰ ਨਾਸ ਨਾ ਕਰੀਂ। ਮੈਨੂੰ ਰਾਜੇ ਦੇ ਦਰਬਾਰ ਲੈ ਚੱਲ ਅਤੇ ਮੈਂ ਰਾਜੇ ਨੂੰ ਅਰਥ ਦੱਸਾਂਗਾ।
25ਤਦ ਅਰਯੋਕ ਦਾਨੀਏਲ ਨੂੰ ਛੇਤੀ ਨਾਲ ਰਾਜੇ ਦੇ ਦਰਬਾਰ ਲੈ ਗਿਆ ਤੇ ਬੇਨਤੀ ਕੀਤੀ ਕਿ ਮੈਨੂੰ ਯਹੂਦਾਹ ਦੇ ਗੁਲਾਮਾਂ ਵਿੱਚੋਂ ਇੱਕ ਮਨੁੱਖ ਮਿਲਿਆ ਹੈ ਜਿਹੜਾ ਰਾਜੇ ਨੂੰ ਸੁਫ਼ਨੇ ਦਾ ਅਰਥ ਦੱਸੇਗਾ।
26ਰਾਜੇ ਨੇ ਦਾਨੀਏਲ ਤੋਂ ਜਿਹ ਦਾ ਨਾਮ ਬੇਲਟਸ਼ੱਸਰ ਸੀ ਪੁੱਛਿਆ, ਕੀ ਤੇਰੇ ਕੋਲ ਇਹ ਗੁਣ ਹੈ ਜੋ ਤੂੰ ਉਸ ਸੁਫ਼ਨੇ ਦਾ ਜੋ ਮੈਂ ਵੇਖਿਆ ਅਤੇ ਉਹ ਦਾ ਅਰਥ ਦੱਸ ਸਕਦਾ ਹੈਂ?
27ਦਾਨੀਏਲ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਉਹ ਭੇਤ ਜੋ ਰਾਜਾ ਪੁੱਛਦਾ ਹੈ ਨਾ ਤੇ ਗਿਆਨੀ ਨਾ ਜਾਦੂਗਰ ਨਾ ਮੰਤਰੀ ਨਾ ਅਗੰਮ ਜਾਣੀ ਰਾਜੇ ਨੂੰ ਦੱਸ ਸਕਦੇ ਹਨ,
28ਪਰ ਅਕਾਸ਼ ਉੱਤੇ ਇੱਕ ਪਰਮੇਸ਼ੁਰ ਹੈ ਜਿਹੜਾ ਭੇਤਾਂ ਦੀਆਂ ਗੱਲਾਂ ਪਰਗਟ ਕਰਦਾ ਹੈ ਅਤੇ ਉਸ ਨੇ ਨਬੂਕਦਨੱਸਰ ਰਾਜੇ ਉੱਤੇ ਪਰਗਟ ਕੀਤਾ ਹੈ ਕਿ ਅੰਤ ਦੇ ਦਿਨਾਂ ਵਿੱਚ ਕੀ ਕੁਝ ਹੋ ਜਾਵੇਗਾ। ਤੁਹਾਡਾ ਸੁਫ਼ਨਾ ਤੇ ਦਰਸ਼ਣ ਜਿਹੜੇ ਤੁਸੀਂ ਆਪਣੇ ਪਲੰਘ ਉੱਤੇ ਵੇਖੇ ਇਹ ਹਨ।
29ਹੇ ਰਾਜਾ, ਤੁਸੀਂ ਆਪਣੇ ਪਲੰਘ ਉੱਤੇ ਪਏ ਹੋਏ ਖਿਆਲ ਕੀਤਾ ਕਿ ਭਵਿੱਖ ਵਿੱਚ ਕੀ ਹੋਵੇਗਾ? ਇਸ ਕਾਰਨ ਉਹ ਜਿਹੜਾ ਭੇਤਾਂ ਦਾ ਖੋਲ੍ਹਣ ਵਾਲਾ ਹੈ ਉਹ ਤੁਹਾਡੇ ਉੱਤੇ ਪਰਗਟ ਕਰਦਾ ਹੈ ਕਿ ਕੀ ਕੁਝ ਹੋਵੇਗਾ।
30ਇਸ ਭੇਤ ਦੇ ਮੇਰੇ ਉੱਤੇ ਪਰਗਟ ਹੋਣ ਦਾ ਕਾਰਨ ਇਹ ਨਹੀਂ ਕਿ ਮੇਰੇ ਵਿੱਚ ਕਿਸੇ ਹੋਰ ਜੀਵ ਨਾਲੋਂ ਵਧੇਰੀ ਬੁੱਧ ਹੈ ਸਗੋਂ ਇਹ ਕਿ ਇਸ ਦਾ ਅਰਥ ਮਹਾਰਾਜੇ ਨੂੰ ਦੱਸਿਆ ਜਾਵੇ ਅਤੇ ਤੁਸੀਂ ਆਪਣੇ ਦਿਲ ਦੇ ਖਿਆਲ ਪਛਾਣੋ।
31ਹੇ ਰਾਜਾ, ਜਦ ਤੁਸੀਂ ਨਿਗਾਹ ਕੀਤੀ ਤਾਂ ਕੀ ਵੇਖਿਆ ਇੱਕ ਵੱਡੀ ਮੂਰਤੀ ਦਿਖਾਈ ਦਿੱਤੀ। ਉਹ ਮੂਰਤੀ ਜੋ ਤੁਹਾਡੇ ਸਾਹਮਣੇ ਖੜ੍ਹੀ ਸੀ ਉਹ ਬਲਵੰਤ ਸੀ ਜਿਹ ਦੀ ਚਮਕ ਅੱਤ ਉੱਤਮ ਸੀ ਅਤੇ ਉਹ ਦਾ ਰੂਪ ਭਿਆਨਕ ਸੀ।
32ਉਸ ਮੂਰਤੀ ਦਾ ਸਿਰ ਖ਼ਾਲਸ ਸੋਨੇ ਦਾ ਸੀ, ਉਹ ਦੀ ਛਾਤੀ ਤੇ ਉਹ ਦੀਆਂ ਬਾਂਹਾਂ ਚਾਂਦੀ ਦੀਆਂ, ਉਹ ਦਾ ਢਿੱਡ ਤੇ ਉਹ ਦੇ ਪੱਟ ਪਿੱਤਲ ਦੇ,
33ਉਹ ਦੀਆਂ ਲੱਤਾਂ ਲੋਹੇ ਦੀਆਂ, ਉਹ ਦੇ ਪੈਰ ਕੁਝ ਲੋਹੇ ਦੇ ਕੁਝ ਮਿੱਟੀ ਦੇ ਸਨ।
34ਤੁਸੀਂ ਉਹ ਨੂੰ ਵੇਖਦੇ ਰਹੇ ਇਥੋਂ ਤੱਕ ਜੋ ਇੱਕ ਪੱਥਰ ਬਿਨ੍ਹਾਂ ਹੱਥ ਲਾਏ ਵੱਢ ਕੇ ਕੱਢਿਆ ਗਿਆ, ਜਿਸਨੇ ਉਸ ਮੂਰਤ ਨੂੰ ਉਹ ਦੇ ਪੈਰਾਂ ਉੱਤੇ ਜਿਹੜੇ ਲੋਹੇ ਅਤੇ ਮਿੱਟੀ ਦੇ ਸਨ ਮਾਰਿਆ ਅਤੇ ਉਹ ਨੂੰ ਟੋਟੇ-ਟੋਟੇ ਕਰ ਦਿੱਤਾ।
35ਤਦ ਲੋਹਾ, ਮਿੱਟੀ, ਪਿੱਤਲ, ਚਾਂਦੀ ਤੇ ਸੋਨਾ ਸਾਰੇ ਟੋਟੇ-ਟੋਟੇ ਕਰ ਦਿੱਤੇ ਗਏ ਅਤੇ ਗਰਮੀ ਦੀ ਰੁੱਤ ਦੇ ਪਿੜ ਦੀ ਤੂੜੀ ਵਾਂਗੂੰ ਹੋ ਗਏ ਅਤੇ ਹਵਾ ਉਹਨਾਂ ਨੂੰ ਉਡਾ ਲੈ ਗਈ ਇੱਥੋਂ ਤੱਕ ਕਿ ਉਹਨਾਂ ਦੇ ਲਈ ਕੋਈ ਥਾਂ ਨਾ ਰਿਹਾ ਅਤੇ ਉਹੋ ਪੱਥਰ ਜਿਸ ਨੇ ਉਸ ਮੂਰਤੀ ਨੂੰ ਮਾਰਿਆ ਇੱਕ ਵੱਡਾ ਪਰਬਤ ਬਣ ਗਿਆ ਅਤੇ ਸਾਰੀ ਧਰਤੀ ਨੂੰ ਭਰ ਦਿੱਤਾ।
36ਸੁਫ਼ਨਾ ਇਹੀ ਹੈ ਅਤੇ ਅਸੀਂ ਉਸ ਦਾ ਅਰਥ ਰਾਜੇ ਨੂੰ ਦੱਸਦੇ ਹਾਂ।
37ਹੇ ਰਾਜਾ, ਤੁਸੀਂ ਰਾਜਿਆਂ ਦੇ ਮਹਾਰਾਜੇ ਹੋ ਜਿਹ ਨੂੰ ਅਕਾਸ਼ ਦੇ ਪਰਮੇਸ਼ੁਰ ਨੇ ਰਾਜ, ਸ਼ਕਤੀ, ਬਲ ਤੇ ਪਰਤਾਪ ਦਿੱਤਾ ਹੈ।
38ਜਿੱਥੇ ਕਿਤੇ ਮਨੁੱਖ ਦੀ ਵੰਸ਼ ਵੱਸਦੀ ਹੈ ਉਸ ਨੇ ਖੇਤ ਦੇ ਜਾਨਵਰ ਅਤੇ ਅਕਾਸ਼ ਦੇ ਪੰਛੀ ਤੁਹਾਡੇ ਹੱਥ ਵਿੱਚ ਕਰ ਕੇ ਤੁਹਾਨੂੰ ਉਨਾਂ ਸਭਨਾਂ ਦਾ ਅਧਿਕਾਰੀ ਬਣਾਇਆ ਹੈ। ਉਹੀ ਸੋਨੇ ਦਾ ਸਿਰ ਤੁਸੀਂ ਹੋ।
39ਤੁਹਾਡੇ ਪਿੱਛੋਂ ਇੱਕ ਹੋਰ ਰਾਜ ਉੱਠ ਖੜਾ ਹੋਵੇਗਾ ਜਿਹੜਾ ਤੁਹਾਥੋਂ ਛੋਟਾ ਹੋਵੇਗਾ ਅਤੇ ਫਿਰ ਤੀਜਾ ਰਾਜ ਪਿੱਤਲ ਦਾ ਜਿਹੜਾ ਸਾਰੀ ਧਰਤੀ ਉੱਤੇ ਰਾਜ ਕਰੇਗਾ
40ਅਤੇ ਚੌਥਾ ਰਾਜ ਲੋਹੇ ਵਰਗਾ ਸਖ਼ਤ ਹੋਵੇਗਾ ਅਤੇ ਜਿਵੇਂ ਲੋਹਾ ਤੋੜ ਕੇ ਟੋਟੇ-ਟੋਟੇ ਕਰਦਾ ਤੇ ਸਾਰੀਆਂ ਚੀਜ਼ਾਂ ਨੂੰ ਜਿੱਤ ਲੈਂਦਾ ਹੈ, ਹਾਂ, ਜਿਵੇਂ ਲੋਹਾ ਇਹਨਾਂ ਸਭਨਾਂ ਨੂੰ ਕੁਚਲਦਾ ਤਿਵੇਂ ਉਹ ਤੋੜ ਕੇ ਚੂਰ-ਚੂਰ ਕਰੇਗਾ ਅਤੇ ਕੁਚਲ ਦੇਵੇਗਾ।
41ਤੁਸੀਂ ਜੋ ਮੂਰਤੀ ਦੇ ਪੈਰ ਤੇ ਉਂਗਲੀਆਂ ਨੂੰ ਦੇਖਿਆ ਜੋ ਕੁਝ ਤਾਂ ਘੁਮਿਆਰਾਂ ਦੀ ਮਿੱਟੀ ਦੀਆਂ ਕੁਝ ਲੋਹੇ ਦੀਆਂ ਸਨ, ਇਸ ਲਈ ਉਸ ਰਾਜ ਵਿੱਚ ਵੰਡ ਪੈ ਜਾਵੇਗੀ ਅਤੇ ਪਰ ਉਸ ਵਿੱਚ ਲੋਹੇ ਦੀ ਤਕੜਾਈ ਹੋਵੇਗੀ, ਜਿਵੇਂ ਤੁਸੀਂ ਘੁਮਿਆਰ ਦੀ ਮਿੱਟੀ ਦੇ ਨਾਲ ਲੋਹਾ ਵੀ ਮਿਲਿਆ ਹੋਇਆ ਦੇਖਿਆ ਸੀ।
42ਜਿਵੇਂ ਪੈਰਾਂ ਦੀਆਂ ਉਂਗਲੀਆਂ ਕੁਝ ਲੋਹੇ ਦੀਆਂ ਤੇ ਕੁਝ ਮਿੱਟੀ ਦੀਆਂ ਸਨ ਉਸੇ ਤਰ੍ਹਾਂ ਰਾਜ ਕੁਝ ਤਕੜਾ ਅਤੇ ਕੁਝ ਕਮਜ਼ੋਰ ਹੋਵੇਗਾ।
43ਜਿਵੇਂ ਤੁਸੀਂ ਵੇਖਿਆ ਕਿ ਲੋਹਾ ਮਿੱਟੀ ਨਾਲ ਮਿਲਿਆ ਹੋਇਆ ਸੀ ਉਸੇ ਤਰ੍ਹਾਂ ਉਹ ਮਨੁੱਖ ਦੀ ਅੰਸ ਨਾਲ ਮਿਲਣਗੇ ਪਰ ਜਿਵੇਂ ਲੋਹਾ ਮਿੱਟੀ ਨਾਲ ਰਲਦਾ ਨਹੀਂ ਉਸੇ ਤਰ੍ਹਾਂ ਉਹਨਾਂ ਦਾ ਆਪੋ ਵਿੱਚ ਕੋਈ ਮੇਲ ਨਾ ਹੋਵੇਗਾ।
44ਉਹਨਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੱਕ ਨਾ ਖ਼ਤਮ ਹੋਵੇਗਾ, ਅਤੇ ਉਸ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਇਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ-ਚੂਰ ਕਰ ਕੇ ਸੱਤਿਆਨਾਸ ਕਰੇਗਾ ਪਰ ਆਪ ਸਦਾ ਤੱਕ ਕਾਇਮ ਰਹੇਗਾ।
45ਜਿਵੇਂ ਤੁਸੀਂ ਵੇਖਿਆ ਜੋ ਉਹ ਪੱਥਰ ਬਿਨ੍ਹਾਂ ਹੱਥ ਲਾਏ ਪਰਬਤ ਵਿੱਚੋਂ ਵੱਢ ਕੇ ਕੱਢਿਆ ਗਿਆ ਅਤੇ ਉਹ ਨੇ ਲੋਹੇ, ਪਿੱਤਲ, ਮਿੱਟੀ, ਚਾਂਦੀ ਤੇ ਸੋਨੇ ਨੂੰ ਚੂਰ-ਚੂਰ ਕੀਤਾ, ਉਸੇ ਤਰ੍ਹਾਂ ਮਹਾਨ ਪਰਮੇਸ਼ੁਰ ਨੇ ਰਾਜੇ ਨੂੰ ਵਿਖਾਇਆ ਹੈ ਕਿ ਇਸ ਤੋਂ ਮਗਰੋਂ ਕੀ ਕੁਝ ਹੋਣ ਵਾਲਾ ਹੈ, ਇਹ ਸੁਫ਼ਨਾ ਪੱਕਾ ਹੈ ਤੇ ਉਹ ਦਾ ਅਰਥ ਵੀ ਯਕੀਨਨ ਹੈ।
46ਤਦ ਨਬੂਕਦਨੱਸਰ ਰਾਜਾ ਨੇ ਮੂੰਹ ਦੇ ਭਾਰ ਡਿੱਗ ਕੇ ਦਾਨੀਏਲ ਨੂੰ ਮੱਥਾ ਟੇਕਿਆ ਅਤੇ ਆਗਿਆ ਦਿੱਤੀ ਕਿ ਉਹ ਨੂੰ ਚੜ੍ਹਾਵਾ ਦੇਣ ਤੇ ਉਹ ਦੇ ਅੱਗੇ ਧੂਪ ਧੁਖਾਉਣ।
47ਰਾਜੇ ਨੇ ਦਾਨੀਏਲ ਨੂੰ ਆਖਿਆ, ਯਕੀਨਨ ਤੇਰਾ ਪਰਮੇਸ਼ੁਰ ਦੇਵਤਿਆਂ ਦਾ ਦੇਵਤਾ ਅਤੇ ਰਾਜਿਆਂ ਦਾ ਰਾਜਾ ਅਤੇ ਭੇਤ ਖੋਲ੍ਹਣ ਵਾਲਾ ਹੈ ਕਿਉਂ ਜੋ ਤੂੰ ਇਸ ਭੇਤ ਨੂੰ ਖੋਲ੍ਹ ਸਕਿਆ!
48ਤਦ ਰਾਜੇ ਨੇ ਦਾਨੀਏਲ ਨੂੰ ਉੱਚਾ ਕੀਤਾ ਅਤੇ ਉਹ ਨੂੰ ਬਹੁਤ ਵੱਡੀਆਂ ਦਾਤਾਂ ਦਿੱਤੀਆਂ ਅਤੇ ਉਸ ਨੂੰ ਬਾਬਲ ਦੇ ਸਾਰੇ ਸੂਬੇ ਉੱਤੇ ਹੁਕਮਰਾਨੀ ਦਿੱਤੀ ਅਤੇ ਬਾਬਲ ਦੇ ਸਾਰੇ ਵਿਦਵਾਨਾਂ ਉੱਤੇ ਪ੍ਰਧਾਨ ਠਹਿਰਾਇਆ।
49ਤਦ ਦਾਨੀਏਲ ਨੇ ਰਾਜੇ ਅੱਗੇ ਬੇਨਤੀ ਕੀਤੀ ਅਤੇ ਉਹ ਨੇ ਸ਼ਦਰਕ, ਮੇਸ਼ਕ ਤੇ ਅਬੇਦਨਗੋ ਨੂੰ ਬਾਬਲ ਦੇ ਸੂਬੇ ਦੇ ਵਿਹਾਰਾਂ ਉੱਤੇ ਨਿਯੁਕਤ ਕੀਤਾ ਪਰ ਦਾਨੀਏਲ ਰਾਜੇ ਦੇ ਦਰਬਾਰ ਵਿੱਚ ਹੀ ਰਿਹਾ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath