ਈਸਾਈ
ਪਿੱਛੇ

ਰਸੂਲਾਂ ਦੇ ਕਰਤੱਬ 7

1ਪ੍ਰਧਾਨ ਜਾਜਕ ਨੇ ਪੁੱਛਿਆ, ਕੀ ਇਹ ਗੱਲਾਂ ਇਸ ਤਰ੍ਹਾਂ ਹੀ ਹਨ?

2ਤਾਂ ਉਹ ਬੋਲਿਆ, ਹੇ ਭਰਾਵੋ ਅਤੇ ਬਜ਼ੁਰਗੋ, ਸੁਣੋ। ਸਾਡੇ ਪਿਤਾ ਅਬਰਾਹਾਮ ਨੂੰ ਹਾਰਾਨ ਵਿੱਚ ਵੱਸਣ ਤੋਂ ਪਹਿਲਾਂ ਜਦੋਂ ਉਹ ਮੈਸੋਪਟਾਮਿਆ ਵਿੱਚ ਸੀ, ਉਸ ਨੂੰ ਤੇਜ ਰੂਪ ਵਿੱਚ ਪਰਮੇਸ਼ੁਰ ਨੇ ਦਰਸ਼ਣ ਦਿੱਤਾ।

3ਅਤੇ ਉਹ ਨੂੰ ਆਖਿਆ, ਤੂੰ ਆਪਣੇ ਦੇਸ਼ ਅਤੇ ਆਪਣੇ ਰਿਸ਼ਤੇਦਾਰਾਂ ਵਿੱਚੋਂ ਨਿੱਕਲ ਕੇ ਉਸ ਦੇਸ਼ ਵਿੱਚ ਜਿਹੜਾ ਮੈਂ ਤੈਨੂੰ ਵਿਖਾਵਾਂਗਾ ਚੱਲਿਆ ਜਾ।

4ਤਦ ਉਹ ਕਸਦੀਆਂ ਦੇ ਦੇਸ ਤੋਂ ਨਿੱਕਲ ਕੇ ਹਾਰਾਨ ਵਿੱਚ ਜਾ ਵੱਸਿਆ ਅਤੇ ਉਹ ਦੇ ਪਿਤਾ ਦੇ ਮਰਨ ਪਿੱਛੋਂ ਪਰਮੇਸ਼ੁਰ ਨੇ ਉਹ ਨੂੰ ਉੱਥੋਂ ਲਿਆ ਕੇ ਇਸ ਦੇਸ ਵਿੱਚ ਵਸਾਇਆ, ਜਿੱਥੇ ਹੁਣ ਤੁਸੀਂ ਰਹਿੰਦੇ ਹੋ।

5ਪਰਮੇਸ਼ੁਰ ਨੇ ਉਸ ਨੂੰ ਕੋਈ ਅਧਿਕਾਰ ਨਹੀਂ ਦਿੱਤਾ ਸਗੋਂ ਪੈਰ ਰੱਖਣ ਦੀ ਥਾਂ ਵੀ ਨਾ ਦਿੱਤੀ, ਪਰ ਉਸ ਨੇ ਵਾਇਦਾ ਕੀਤਾ ਜੋ ਮੈਂ ਇਹ ਧਰਤੀ ਤੈਨੂੰ ਅਤੇ ਤੇਰੇ ਪਿੱਛੋਂ ਤੇਰੀ ਅੰਸ ਨੂੰ ਦਿਆਂਗਾ ਭਾਵੇਂ ਉਸ ਦੇ ਕੋਲ ਅਜੇ ਕੋਈ ਪੁੱਤਰ ਨਹੀਂ ਸੀ।

6ਪਰਮੇਸ਼ੁਰ ਨੇ ਇਸ ਤਰ੍ਹਾਂ ਆਖਿਆ ਕਿ ਤੇਰਾ ਵੰਸ਼ ਪਰਾਏ ਦੇਸ਼ ਵਿੱਚ ਪਰਦੇਸੀ ਹੋ ਕੇ ਰਹੇਗਾ ਅਤੇ ਉਹ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਰੱਖਣਗੇ ਅਤੇ ਚਾਰ ਸੌ ਸਾਲ ਤੱਕ ਉਨ੍ਹਾਂ ਨੂੰ ਦੁੱਖ ਦੇਣਗੇ।

7ਫੇਰ ਪਰਮੇਸ਼ੁਰ ਨੇ ਆਖਿਆ, ਮੈਂ ਉਸ ਕੌਮ ਨੂੰ ਜਿਸ ਦੇ ਉਹ ਗੁਲਾਮ ਹੋਣਗੇ ਸਜ਼ਾ ਦਿਆਂਗਾ, ਅਤੇ ਉਸ ਤੋਂ ਬਾਅਦ ਉਹ ਛੁੱਟ ਜਾਣਗੇ ਅਤੇ ਇਸੇ ਥਾਂ ਵਿੱਚ ਮੇਰੀ ਉਪਾਸਨਾ ਕਰਨਗੇ।

8ਅਤੇ ਉਸ ਨੇ ਉਹਨਾਂ ਦੇ ਨਾਲ ਸੁੰਨਤ ਦਾ ਨੇਮ ਬੰਨਿਆ, ਇਸ ਤਰ੍ਹਾਂ ਉਹ ਦੇ ਇਸਹਾਕ ਜੰਮਿਆ ਅਤੇ ਉਹ ਨੇ ਅੱਠਵੇਂ ਦਿਨ ਉਹ ਦੀ ਸੁੰਨਤ ਕੀਤੀ ਅਤੇ ਇਸਹਾਕ ਦੇ ਘਰ ਯਾਕੂਬ ਜੰਮਿਆ ਅਤੇ ਯਾਕੂਬ ਦੇ ਘਰ ਬਾਰਾਂ ਗੋਤਾਂ ਦੇ ਸਰਦਾਰ ਜੰਮੇ।

9ਅਤੇ ਉਨ੍ਹਾਂ ਸਰਦਾਰਾਂ ਨੇ ਯੂਸੁਫ਼ ਨਾਲ ਵਿਰੋਧ ਕਰ ਕੇ ਉਹ ਨੂੰ ਵੇਚ ਦਿੱਤਾ ਕਿ ਉਹ ਨੂੰ ਮਿਸਰ ਵਿੱਚ ਲੈ ਜਾਣ, ਫਿਰ ਵੀ ਪਰਮੇਸ਼ੁਰ ਯੂਸੁਫ਼ ਦੇ ਨਾਲ ਸੀ।

10ਅਤੇ ਪਰਮੇਸ਼ੁਰ ਨੇ ਉਹ ਦੇ ਸਾਰੇ ਦੁੱਖਾਂ ਤੋਂ ਛੁਡਾਇਆ ਅਤੇ ਉਹ ਨੂੰ ਮਿਸਰ ਦੇ ਪਾਤਸ਼ਾਹ ਫ਼ਿਰਊਨ ਦੇ ਸਾਹਮਣੇ ਉਸ ਨੂੰ ਕਿਰਪਾ ਅਤੇ ਬੁੱਧ ਦਿੱਤੀ ਤਾਂ ਰਾਜੇ ਨੇ ਉਸ ਨੂੰ ਆਪਣੇ ਸਾਰੇ ਘਰ ਦਾ ਅਧਿਕਾਰੀ ਬਣਾਇਆ।

11ਫਿਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਪਿਆ ਅਤੇ ਵੱਡਾ ਕਸ਼ਟ ਆਇਆ ਅਤੇ ਸਾਡੇ ਪਿਉ-ਦਾਦਿਆਂ ਨੂੰ ਅਨਾਜ਼ ਨਹੀਂ ਮਿਲਿਆ।

12ਪਰ ਜਦੋਂ ਯਾਕੂਬ ਨੇ ਸੁਣਿਆ ਕਿ ਮਿਸਰ ਵਿੱਚ ਅਨਾਜ਼ ਹੈ ਤਾਂ ਸਾਡੇ ਪਿਉ-ਦਾਦਿਆਂ ਨੂੰ ਪਹਿਲੀ ਵਾਰ ਮਿਸਰ ਵਿੱਚ ਭੇਜਿਆ।

13ਅਤੇ ਦੂਜੀ ਵਾਰ ਯੂਸੁਫ਼ ਨੇ ਆਪਣੇ ਆਪ ਨੂੰ ਆਪਣੇ ਭਰਾਵਾਂ ਉੱਤੇ ਪਰਗਟ ਕੀਤਾ, ਅਤੇ ਫ਼ਿਰਊਨ ਨੂੰ ਯੂਸੁਫ਼ ਦੇ ਘਰਾਣੇ ਬਾਰੇ ਪਤਾ ਲੱਗ ਗਿਆ।

14ਤਦ ਯੂਸੁਫ਼ ਨੇ ਆਪਣੇ ਪਿਉ ਯਾਕੂਬ ਨੂੰ ਅਤੇ ਆਪਣੇ ਸਾਰੇ ਘਰਾਣੇ ਨੂੰ ਜੋ ਪੰਝੱਤਰ ਜਣੇ ਸਨ, ਬੁਲਾ ਲਿਆ।

15ਯਾਕੂਬ ਮਿਸਰ ਨੂੰ ਗਿਆ ਅਤੇ ਉਹ ਆਪ ਮਰ ਗਿਆ ਅਤੇ ਸਾਡੇ ਪਿਉ-ਦਾਦੇ ਵੀ।

16ਅਤੇ ਉਹ ਸ਼ਕਮ ਵਿੱਚ ਪਹੁੰਚਾਏ ਗਏ ਅਤੇ ਉਸ ਕਬਰਸਤਾਨ ਵਿੱਚ ਦੱਬੇ ਗਏ ਜੋ ਹਮੋਰ ਦੇ ਪੁੱਤਰਾਂ ਤੋਂ ਮੁੱਲ ਲਿਆ ਸੀ।

17ਪਰ ਜਦੋਂ ਉਸ ਵਾਇਦੇ ਦੇ ਪੂਰੇ ਹੋਣ ਦਾ ਸਮਾਂ ਆਇਆ ਜੋ ਪਰਮੇਸ਼ੁਰ ਨੇ ਅਬਰਾਹਾਮ ਨਾਲ ਕੀਤਾ ਸੀ ਤਾਂ ਉਹ ਲੋਕ ਮਿਸਰ ਵਿੱਚ ਬਹੁਤ ਵਧਣ ਲੱਗੇ।

18ਉਸ ਸਮੇਂ ਮਿਸਰ ਵਿੱਚ ਇੱਕ ਹੋਰ ਰਾਜਾ ਬਣਿਆ, ਜਿਹੜਾ ਯੂਸੁਫ਼ ਨੂੰ ਨਹੀਂ ਜਾਣਦਾ ਸੀ।

19ਉਹ ਨੇ ਸਾਡੀ ਕੌਮ ਨਾਲ ਚਲਾਕੀ ਕਰ ਕੇ ਸਾਡੇ ਪਿਉ-ਦਾਦਿਆਂ ਨੂੰ ਤੰਗ ਕੀਤਾ, ਕਿ ਉਹ ਆਪਣੇ ਬਾਲਕਾਂ ਨੂੰ ਬਾਹਰ ਸੁੱਟ ਦੇਣ ਤਾਂ ਜੋ ਉਹ ਜਿਉਂਦੇ ਨਾ ਰਹਿਣ।

20ਉਸ ਸਮੇਂ ਮੂਸਾ ਦਾ ਜਨਮ ਹੋਇਆ ਅਤੇ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਬਹੁਤ ਸੋਹਣਾ ਸੀ। ਉਹ ਤਿੰਨ ਮਹੀਨਿਆਂ ਤੱਕ ਆਪਣੇ ਪਿਉ ਦੇ ਘਰ ਵਿੱਚ ਪਲਦਾ ਰਿਹਾ।

21ਅਤੇ ਜਦੋਂ ਉਹ ਬਾਹਰ ਸੁੱਟਿਆ ਗਿਆ ਤਾਂ ਫ਼ਿਰਊਨ ਦੀ ਧੀ ਨੇ ਉਸ ਨੂੰ ਚੁੱਕ ਲਿਆ ਅਤੇ ਉਹ ਨੂੰ ਆਪਣਾ ਪੁੱਤਰ ਬਣਾ ਕੇ ਪਾਲਿਆ।

22ਮੂਸਾ ਨੇ ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ ਅਤੇ ਉਹ ਸਭ ਕੰਮਾਂ ਅਤੇ ਬੋਲਣ ਵਿੱਚ ਸਮਰੱਥ ਸੀ।

23ਜਦੋਂ ਉਹ ਚਾਲ੍ਹੀ ਸਾਲਾਂ ਦਾ ਹੋਣ ਲੱਗਾ, ਤਦ ਉਹ ਦੇ ਮਨ ਵਿੱਚ ਆਇਆ ਕਿ ਮੈਂ ਜਾ ਕੇ ਆਪਣੇ ਇਸਰਾਏਲੀ ਭਰਾਵਾਂ ਦੀ ਖ਼ਬਰ ਲਵਾਂ।

24ਤਦ ਉਸ ਨੇ ਇੱਕ ਇਸਰਾਏਲੀ ਨਾਲ ਬੁਰਾ ਵਿਹਾਰ ਹੁੰਦਾ ਵੇਖਿਆ, ਤਾਂ ਉਹ ਦੀ ਸਹਾਇਤਾ ਕੀਤੀ ਅਤੇ ਮਿਸਰੀ ਨੂੰ ਮਾਰ ਦਿੱਤਾ ਅਤੇ ਉਸ ਇਸਰਾਏਲੀ ਮਨੁੱਖ ਦਾ ਬਦਲਾ ਲੈ ਲਿਆ।

25ਤਾਂ ਉਸ ਨੇ ਸੋਚਿਆ ਕਿ ਮੇਰੇ ਭਰਾਂ ਸਮਝਣਗੇ ਜੋ ਪਰਮੇਸ਼ੁਰ ਮੇਰੇ ਹੱਥੀਂ ਉਨ੍ਹਾਂ ਨੂੰ ਛੁਟਕਾਰਾ ਦੇਣ ਲੱਗਾ ਹੈ, ਪਰ ਉਹ ਨਾ ਸਮਝੇ।

26ਫਿਰ ਦੂਜੇ ਦਿਨ ਜਦੋਂ ਉਹ ਆਪਸ ਵਿੱਚ ਲੜਦੇ ਸਨ ਅਤੇ ਇਹ ਕਹਿ ਕੇ ਉਨ੍ਹਾਂ ਵਿੱਚ ਮੇਲ ਕਰਾਉਣਾ ਚਾਹਿਆ ਕਿ ਹੇ ਪੁਰਖੋ, ਤੁਸੀਂ ਤਾਂ ਭਰਾ ਭਰਾ ਹੋ। ਫਿਰ ਕਿਉਂ ਇੱਕ ਦੂਜੇ ਨਾਲ ਲੜਦੇ ਹੋ?

27ਪਰ ਜਿਹੜਾ ਆਪਣੇ ਗੁਆਂਢੀ ਦੇ ਨਾਲ ਲੜਦਾ ਸੀ ਉਸ ਨੇ ਉਹ ਨੂੰ ਧੱਕਾ ਮਾਰ ਕੇ ਆਖਿਆ, ਤੈਨੂੰ ਕਿਸ ਨੇ ਸਾਡੇ ਉੱਤੇ ਅਧਿਕਾਰੀ ਅਤੇ ਨਿਆਈਂ ਬਣਾਇਆ ਹੈ?

28ਕੀ ਤੂੰ ਮੈਨੂੰ ਵੀ ਮਾਰਨਾ ਚਾਹੁੰਦਾ ਹੈ ਜਿਸ ਤਰ੍ਹਾਂ ਤੂੰ ਕੱਲ ਉਸ ਮਿਸਰੀ ਨੂੰ ਮਾਰ ਦਿੱਤਾ ਸੀ?

29ਇਸ ਗੱਲ ਨੂੰ ਸੁਣ ਕੇ ਮੂਸਾ ਭੱਜ ਗਿਆ ਅਤੇ ਮਿਦਯਾਨ ਦੇਸ ਵਿੱਚ ਜਾ ਰਹਿਣ ਲੱਗਾ। ਉੱਥੇ ਉਹ ਦੇ ਦੋ ਪੁੱਤਰ ਹੋਏ।

30ਅਤੇ ਜਦੋਂ ਚਾਲ੍ਹੀ ਸਾਲ ਬੀਤ ਗਏ ਤਾਂ ਸੀਨਈ ਦੇ ਪਹਾੜ ਦੇ ਉਜਾੜ ਵਿੱਚ ਇੱਕ ਦੂਤ ਅੱਗ ਦੀ ਲਾਟ ਵਿੱਚ ਝਾੜੀ ਵਿੱਚ ਉਹ ਨੂੰ ਵਿਖਾਈ ਦਿੱਤਾ।

31ਮੂਸਾ ਨੇ ਉਸ ਦਰਸ਼ਣ ਨੂੰ ਦੇਖ ਕੇ ਅਚਰਜ਼ ਮੰਨਿਆ ਅਤੇ ਜਦੋਂ ਦੇਖਣ ਲਈ ਨੇੜੇ ਗਿਆ ਤਾਂ ਪ੍ਰਭੂ ਦੀ ਅਵਾਜ਼ ਆਈ।

32ਕਿ ਮੈਂ ਤੇਰੇ ਪਿਉ-ਦਾਦਿਆਂ ਦਾ ਪਰਮੇਸ਼ੁਰ ਹਾਂ, ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ, ਤਦ ਮੂਸਾ ਕੰਬ ਉੱਠਿਆ ਅਤੇ ਦੇਖਣ ਦਾ ਹੌਂਸਲਾ ਨਾ ਕਰ ਸਕਿਆ।

33ਤਦ ਪ੍ਰਭੂ ਨੇ ਉਹ ਨੂੰ ਆਖਿਆ, ਕਿ ਆਪਣਿਆਂ ਪੈਰਾਂ ਦੀ ਜੁੱਤੀ ਲਾਹ, ਕਿਉਂ ਜੋ ਇਹ ਥਾਂ ਜਿੱਥੇ ਤੂੰ ਖੜ੍ਹਾ ਹੈ ਪਵਿੱਤਰ ਭੂਮੀ ਹੈ।

34ਮੈਂ ਦ੍ਰਿਸ਼ਟੀ ਕਰ ਕੇ ਆਪਣੇ ਲੋਕਾਂ ਦਾ ਜਿਹੜੇ ਮਿਸਰ ਵਿੱਚ ਹਨ, ਕਸ਼ਟ ਵੇਖਿਆ ਅਤੇ ਮੈਂ ਉਨ੍ਹਾਂ ਦੇ ਹੌਂਕੇ ਸੁਣ ਕੇ ਉਨ੍ਹਾਂ ਨੂੰ ਛੁਡਾਉਣ ਲਈ ਉੱਤਰਿਆ ਹਾਂ ਸੋ ਹੁਣ ਤੂੰ ਆ, ਮੈਂ ਤੈਨੂੰ ਮਿਸਰ ਵਿੱਚ ਭੇਜਾਂਗਾ।

35ਉਸ ਮੂਸਾ ਨੂੰ ਉਨ੍ਹਾਂ ਨੇ ਇਨਕਾਰ ਕਰ ਕੇ ਕਿਹਾ, ਤੈਨੂੰ ਕਿਸ ਨੇ ਅਧਿਕਾਰੀ ਅਤੇ ਨਿਆਈਂ ਬਣਾਇਆ? ਉਸੇ ਨੂੰ ਪਰਮੇਸ਼ੁਰ ਨੇ ਉਸ ਦੂਤ ਦੇ ਹੱਥੀਂ ਜੋ ਉਹ ਨੂੰ ਝਾੜੀ ਵਿੱਚ ਵਿਖਾਈ ਦਿੱਤਾ ਸੀ, ਅਧਿਕਾਰੀ ਅਤੇ ਛੁਟਕਾਰਾ ਦੇਣ ਵਾਲਾ ਕਰਕੇ ਭੇਜਿਆ।

36ਇਹੋ ਮਨੁੱਖ ਮਿਸਰ, ਲਾਲ ਸਮੁੰਦਰ, ਉਜਾੜ ਵਿੱਚ ਚਾਲ੍ਹੀ ਸਾਲਾਂ ਤੱਕ ਅਚਰਜ਼ ਕੰਮ ਅਤੇ ਨਿਸ਼ਾਨ ਵਿਖਾ ਕੇ ਉਨ੍ਹਾਂ ਨੂੰ ਕੱਢ ਲੈ ਆਇਆ।

37ਇਹ ਉਹ ਮੂਸਾ ਹੈ, ਜਿਸ ਨੇ ਇਸਰਾਏਲੀਆਂ ਨੂੰ ਆਖਿਆ, ਕਿ ਪਰਮੇਸ਼ੁਰ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਮੇਰੇ ਵਰਗਾ ਇੱਕ ਨਬੀ ਖੜ੍ਹਾ ਕਰੇਗਾ।

38ਇਹ ਉਹ ਹੀ ਹੈ ਜੋ ਉਜਾੜ ਦੀ ਸਭਾ ਵਿੱਚ ਉਸ ਦੂਤ ਦੇ ਨਾਲ ਜਿਹੜਾ ਸੀਨਈ ਦੇ ਪਹਾੜ ਉੱਤੇ ਉਹ ਦੇ ਨਾਲ ਬੋਲਿਆ ਅਤੇ ਸਾਡੇ ਪਿਉ-ਦਾਦਿਆਂ ਦੇ ਨਾਲ ਸੀ, ਅਤੇ ਉਸ ਨੇ ਪਰਮੇਸ਼ੁਰ ਦੇ ਜਿਉਂਦੇ ਬਚਨ ਪਾਏ ਕਿ ਸਾਨੂੰ ਦੇਵੇ।

39ਪਰ ਸਾਡੇ ਪਿਉ-ਦਾਦਿਆਂ ਨੇ ਉਹ ਦੇ ਅਧੀਨ ਹੋਣਾ ਨਾ ਚਾਹਿਆ ਸਗੋਂ ਉਹ ਨੂੰ ਧੱਕਾ ਦਿੱਤਾ ਅਤੇ ਉਨ੍ਹਾਂ ਦਾ ਦਿਲ ਮਿਸਰ ਦੀ ਵੱਲ ਫਿਰਿਆ।

40ਅਤੇ ਉਨ੍ਹਾਂ ਨੇ ਹਾਰੂਨ ਨੂੰ ਆਖਿਆ, ਕਿ ਸਾਡੇ ਲਈ ਦੇਵਤਾ ਬਣਾ ਜਿਹੜਾ ਸਾਡੇ ਅੱਗੇ-ਅੱਗੇ ਚੱਲੇ ਕਿਉਂ ਜੋ ਉਹ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਸਾਨੂੰ ਪਤਾ ਨਹੀਂ ਕਿ ਉਹ ਨੂੰ ਕੀ ਹੋਇਆ।

41ਤਾਂ ਉਨ੍ਹਾਂ ਨੇ ਇੱਕ ਵੱਛਾ ਬਣਾਇਆ ਅਤੇ ਉਸ ਮੂਰਤੀ ਅੱਗੇ ਬਲੀ ਚੜਾਈ ਅਤੇ ਆਪਣੇ ਹੱਥਾਂ ਦੇ ਕੰਮ ਉੱਤੇ ਖੁਸ਼ੀ ਮਨਾਈ।

42ਪਰ ਪਰਮੇਸ਼ੁਰ ਨੇ ਉਨ੍ਹਾਂ ਤੋਂ ਮੁੱਖ ਮੋੜ ਲਿਆ ਅਤੇ ਉਨ੍ਹਾਂ ਨੂੰ ਅਕਾਸ਼ ਦੀ ਸੈਨਾਂ ਨੂੰ ਪੂਜਣ ਲਈ ਛੱਡ ਦਿੱਤਾ, ਜਿਵੇਂ ਨਬੀਆਂ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ, “ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਉਜਾੜ ਵਿੱਚ ਚਾਲ੍ਹੀ ਸਾਲਾਂ ਤੱਕ ਭੇਟ ਅਤੇ ਬਲੀਦਾਨ ਮੈਨੂੰ ਹੀ ਚੜਾਏ?”

43ਅਤੇ ਤੁਸੀਂ ਮੋਲੋਕ ਦੇ ਤੰਬੂ, ਅਤੇ ਰਿਫ਼ਾਨ ਦੇਵਤੇ ਦੇ ਤਾਰੇ ਨੂੰ, ਅਰਥਾਤ ਉਨ੍ਹਾਂ ਮੂਰਤਾਂ ਨੂੰ ਚੁੱਕੀ ਫਿਰਦੇ ਹੋ ਜਿਹੜੀਆਂ ਤੁਸੀਂ ਆਪਣੇ ਪੂਜਣ ਲਈ ਬਣਾਈਆਂ, ਅਤੇ ਮੈਂ ਤੁਹਾਨੂੰ ਕੱਢ ਕੇ ਬਾਬੁਲ ਤੋਂ ਪਰੇ ਲੈ ਜਾ ਕੇ ਵਸਾਵਾਂਗਾ।

44ਗਵਾਹੀ ਦਾ ਡੇਰਾ ਉਜਾੜ ਵਿੱਚ ਸਾਡੇ ਪਿਉ-ਦਾਦਿਆਂ ਦੇ ਕੋਲ ਸੀ, ਜਿਵੇਂ ਉਸ ਨੇ ਆਗਿਆ ਦਿੱਤੀ ਜਿਹਨਾਂ ਮੂਸਾ ਨੂੰ ਆਖਿਆ ਸੀ ਕਿ, ਉਹ ਨੂੰ ਉਸ ਤੰਬੂ ਦੇ ਨਮੂਨੇ ਦੀ ਤਰ੍ਹਾਂ ਬਣਾ ਜੋ ਤੂੰ ਵੇਖਿਆ ਹੈ।

45ਅਤੇ ਉਸ ਨੂੰ ਸਾਡੇ ਪਿਉ-ਦਾਦਿਆਂ ਤੋਂ ਲੈ ਕੇ ਯਹੋਸ਼ੁਆ ਦੇ ਨਾਲ ਇਸ ਜਗ੍ਹਾ ਤੇ ਲਿਆਏ, ਜਿਸ ਸਮੇਂ ਉਹਨਾਂ ਨੇ ਉਨ੍ਹਾਂ ਕੌਮਾਂ ਉੱਤੇ ਅਧਿਕਾਰ ਪਾਇਆ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਡੇ ਪਿਉ-ਦਾਦਿਆਂ ਦੇ ਅੱਗਿਓਂ ਕੱਢ ਦਿੱਤਾ ਅਤੇ ਉਹ ਡੇਰਾ ਦਾਊਦ ਦੇ ਦਿਨਾਂ ਤੱਕ ਰਿਹਾ।

46ਦਾਊਦ ਉੱਤੇ ਪਰਮੇਸ਼ੁਰ ਦੀ ਕਿਰਪਾ ਹੋਈ ਤਾਂ ਦਾਊਦ ਨੇ ਚਾਹਿਆ ਕਿ ਉਹ ਯਾਕੂਬ ਦੇ ਪਰਮੇਸ਼ੁਰ ਦੇ ਲਈ ਇੱਕ ਡੇਰਾ ਬਣਾਵੇ।

47ਪਰ ਸੁਲੇਮਾਨ ਨੇ ਹੀ ਉਹ ਦੇ ਲਈ ਇੱਕ ਭਵਨ ਬਣਾਇਆ।

48ਪਰ ਅੱਤ ਮਹਾਨ ਹੱਥਾਂ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਰਹਿੰਦਾ, ਜਿਸ ਤਰ੍ਹਾਂ ਨਬੀ ਕਹਿੰਦਾ ਹੈ,

49ਸਵਰਗ ਮੇਰਾ ਸਿੰਘਾਸਣ, ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ, ਤੁਸੀਂ ਮੇਰੇ ਲਈ ਕਿਹੋ ਜਿਹਾ ਭਵਨ ਬਣਾਓਗੇ? ਪ੍ਰਭੂ ਆਖਦਾ ਹੈ, ਅਤੇ ਮੇਰੀ ਅਰਾਮਗਾਹ ਕਿੱਥੇ ਹੋਵੇਗੀ?

50ਕੀ ਮੇਰੇ ਹੀ ਹੱਥਾਂ ਨੇ ਇਹ ਸਭ ਵਸਤਾਂ ਨਹੀਂ ਬਣਾਈਆਂ?

51ਹੇ ਹਠੀਲੇ ਲੋਕੋ, ਤੁਹਾਡੇ ਮਨ ਅਤੇ ਕੰਨ ਬੇਸੁੰਨਤ ਹਨ, ਤੁਸੀਂ ਸਦਾ ਪਵਿੱਤਰ ਆਤਮਾ ਦਾ ਵਿਰੋਧ ਕਰਦੇ ਆਏ ਹੋ! ਤੁਸੀਂ ਵੀ ਉਸ ਤਰ੍ਹਾਂ ਕਰਦੇ ਹੋ ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਕੀਤਾ।

52ਨਬੀਆਂ ਵਿੱਚੋਂ ਕਿਸਨੂੰ ਤੁਹਾਡੇ ਪਿਉ-ਦਾਦਿਆਂ ਨੇ ਨਹੀਂ ਸਤਾਇਆ? ਸਗੋਂ ਉਨ੍ਹਾਂ ਨੇ ਉਸ ਧਰਮੀ ਦੇ ਆਉਣ ਦੀ ਖ਼ਬਰ ਦੇਣ ਵਾਲਿਆਂ ਨੂੰ ਵੱਢ ਸੁੱਟਿਆ ਜਿਸ ਦੇ ਹੁਣ ਤੁਸੀਂ ਫੜਵਾਉਣ ਵਾਲੇ ਅਤੇ ਖੂਨੀ ਹੋਏ।

53ਤੁਸੀਂ ਬਿਵਸਥਾ ਨੂੰ ਜਿਹੜੀ ਦੂਤਾਂ ਦੇ ਰਾਹੀਂ ਠਹਿਰਾਈ ਗਈ ਸੀ ਪਾਇਆ ਪਰ ਉਹ ਦੀ ਪਾਲਨਾ ਨਾ ਕੀਤੀ।

54ਇਹ ਗੱਲਾਂ ਸੁਣਦੇ ਹੀ ਉਹ ਗੁੱਸੇ ਨਾਲ ਭਰ ਗਏ ਅਤੇ ਉਸ ਉੱਤੇ ਦੰਦ ਪੀਹਣ ਲੱਗੇ।

55ਪਰ ਉਹ ਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਅਕਾਸ਼ ਦੀ ਵੱਲ ਦੇਖਿਆ, ਪਰਮੇਸ਼ੁਰ ਦਾ ਤੇਜ ਅਤੇ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜ੍ਹਾ ਵੇਖਿਆ।

56ਅਤੇ ਕਿਹਾ, ਵੇਖੋ ਮੈਂ ਅਕਾਸ਼ ਨੂੰ ਖੁੱਲ੍ਹਾ ਅਤੇ ਮਨੁੱਖ ਦੇ ਪੁੱਤਰ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜ੍ਹਾ ਵੇਖਦਾ ਹਾਂ!

57ਪਰ ਉਨ੍ਹਾਂ ਨੇ ਉੱਚੀ ਅਵਾਜ਼ ਨਾਲ ਡੰਡ ਪਾ ਕੇ ਆਪਣੇ ਕੰਨ ਬੰਦ ਕਰ ਲਏ ਅਤੇ ਇੱਕ ਮਨ ਹੋ ਕੇ ਉਹ ਦੇ ਉੱਤੇ ਟੁੱਟ ਪਏ।

58ਅਤੇ ਉਸ ਨੂੰ ਸ਼ਹਿਰ ਵਿੱਚੋਂ ਬਾਹਰ ਕੱਢ ਕੇ ਉਸ ਉੱਤੇ ਪਥਰਾਹ ਕੀਤਾ ਅਤੇ ਗਵਾਹਾਂ ਨੇ ਆਪਣੇ ਕੱਪੜੇ ਸੌਲੁਸ ਨਾਮ ਦੇ ਇੱਕ ਜਵਾਨ ਦੇ ਪੈਰਾਂ ਕੋਲ ਲਾਹ ਕੇ ਰੱਖ ਦਿੱਤੇ।

59ਉਨ੍ਹਾਂ ਨੇ ਇਸਤੀਫ਼ਾਨ ਉੱਤੇ ਪਥਰਾਹ ਕੀਤਾ ਜਦੋਂ ਉਹ ਬੇਨਤੀ ਕਰਦਾ ਹੋਇਆ ਇਹ ਆਖਦਾ ਸੀ ਕਿ ਹੇ ਪ੍ਰਭੂ ਯਿਸੂ, ਮੇਰੇ ਆਤਮਾ ਨੂੰ ਆਪਣੇ ਕੋਲ ਲੈ ਲੈ!

60ਫਿਰ ਉਹ ਗੋਡਿਆਂ ਤੇ ਆ ਕੇ ਉੱਚੀ ਆਵਾਜ਼ ਨਾਲ ਬੋਲਿਆ ਕਿ, ਹੇ ਪ੍ਰਭੂ ਇਹ ਪਾਪ ਉਨ੍ਹਾਂ ਦੇ ਉੱਪਰ ਨਾ ਆਵੇ, ਅਤੇ ਇਹ ਕਹਿ ਕੇ ਉਹ ਸੌਂ ਗਿਆ l

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath