ਈਸਾਈ
ਪਿੱਛੇ

ਰਸੂਲਾਂ ਦੇ ਕਰਤੱਬ 20

1ਜਦੋਂ ਰੌਲ਼ਾ ਹੱਟ ਗਿਆ ਤਾਂ ਪੌਲੁਸ ਨੇ ਯਿਸੂ ਦੇ ਚੇਲਿਆਂ ਨੂੰ ਸੱਦ ਕੇ ਦਿਲਾਸਾ ਦਿੱਤਾ ਅਤੇ ਉਹਨਾਂ ਕੋਲੋਂ ਵਿਦਾ ਹੋ ਕੇ ਮਕਦੂਨਿਯਾ ਵੱਲ ਨੂੰ ਤੁਰ ਪਿਆ।

2ਅਤੇ ਉਨ੍ਹਾਂ ਇਲਾਕਿਆਂ ਵਿੱਚੋਂ ਦੀ ਲੰਘਦਾ ਹੋਇਆ ਉਨ੍ਹਾਂ ਨੂੰ ਬਹੁਤੀਆਂ ਗੱਲਾਂ ਨਾਲ ਦਿਲਾਸਾ ਦੇ ਕੇ ਯੂਨਾਨ ਵਿੱਚ ਆਇਆ।

3ਉੱਥੇ ਤਿੰਨ ਮਹੀਨੇ ਰਹਿ ਕੇ ਜਦੋਂ ਉਹ ਜਹਾਜ਼ ਉੱਤੇ ਸੀਰੀਯਾ ਵੱਲ ਜਾਣ ਨੂੰ ਤਿਆਰ ਹੋਇਆ, ਤਦ ਯਹੂਦੀਆਂ ਨੇ ਉਹ ਦੇ ਵਿਰੁੱਧ ਯੋਜਨਾ ਬਣਾਈ, ਇਸ ਲਈ ਉਹ ਨੇ ਮਕਦੂਨਿਯਾ ਦੇ ਰਾਹ ਹੋ ਕੇ ਮੁੜਨ ਦਾ ਫੈਸਲਾ ਲਿਆ।

4ਅਤੇ ਪੁੱਰਸ ਦਾ ਪੁੱਤਰ ਸੋਪਤਰੁਸ ਜਿਹੜਾ ਬਰਿਯਾ ਦਾ ਸੀ, ਥੱਸਲੁਨੀਕੀਆਂ ਵਿੱਚੋਂ ਅਰਿਸਤਰਖੁਸ ਅਤੇ ਸਿਕੁੰਦੁਸ, ਦਰਬੇ ਦਾ ਗਾਯੁਸ ਅਤੇ ਤਿਮੋਥਿਉਸ, ਏਸ਼ੀਆ ਦੇ ਤੁਖਿਕੁਸ ਅਤੇ ਤ੍ਰੋਫ਼ਿਮੁਸ ਉਹ ਦੇ ਨਾਲ ਏਸ਼ੀਆ ਤੱਕ ਗਏ।

5ਪਰ ਇਹੋ ਅਗਾਹਾਂ ਜਾ ਕੇ ਤ੍ਰੋਆਸ ਵਿੱਚ ਸਾਨੂੰ ਉਡੀਕਦੇ ਸਨ।

6ਅਖ਼ਮੀਰੀ ਰੋਟੀ ਦੇ ਦਿਨਾਂ ਤੋਂ ਬਾਅਦ ਅਸੀਂ ਫ਼ਿਲਿੱਪੈ ਤੋਂ ਇੱਕ ਜਹਾਜ਼ ਉੱਤੇ ਚੜ੍ਹੇ ਅਤੇ ਪੰਜਵੇਂ ਦਿਨ ਤ੍ਰੋਆਸ ਵਿੱਚ ਉਨ੍ਹਾਂ ਦੇ ਕੋਲ ਪਹੁੰਚੇ ਅਤੇ ਸੱਤ ਦਿਨ ਉੱਥੇ ਰਹੇ।

7ਹਫ਼ਤੇ ਦੇ ਪਹਿਲੇ ਦਿਨ ਜਦੋਂ ਅਸੀਂ ਰੋਟੀ ਤੋੜਨ ਲਈ ਇਕੱਠੇ ਹੋਏ ਤਾਂ ਪੌਲੁਸ ਨੇ ਜੋ ਅਗਲੇ ਦਿਨ ਜਾਣ ਲਈ ਤਿਆਰ ਸੀ, ਉਨ੍ਹਾਂ ਨੂੰ ਬਚਨ ਸੁਣਾਇਆ ਅਤੇ ਉਹ ਅੱਧੀ ਰਾਤ ਤੱਕ ਉਪਦੇਸ਼ ਕਰਦਾ ਰਿਹਾ।

8ਚੁਬਾਰੇ ਵਿੱਚ ਜਿੱਥੇ ਅਸੀਂ ਇਕੱਠੇ ਹੋਏ ਸੀ ਉੱਥੇ ਬਹੁਤ ਸਾਰੇ ਦੀਵੇ ਬਲਦੇ ਸਨ।

9ਅਤੇ ਯੂਤਖੁਸ ਨਾਮ ਦਾ ਇੱਕ ਜਵਾਨ ਖਿੜਕੀ ਵਿੱਚ ਬੈਠਾ ਗਹਿਰੀ ਨੀਂਦ ਨਾਲ ਉਂਘਲਾਇਆ ਹੋਇਆ ਸੀ ਅਤੇ ਜਦੋਂ ਪੌਲੁਸ ਬਹੁਤ ਸਮੇਂ ਤੱਕ ਬਚਨ ਕਰਦਾ ਰਿਹਾ ਤਾਂ ਉਹ ਨੀਂਦ ਦੇ ਕਾਰਨ ਉਂਘਲਾਇਆ ਹੋਇਆ, ਤੀਸਰੀ ਮੰਜਿਲ ਤੋਂ ਹੇਠਾਂ ਡਿੱਗ ਪਿਆ ਅਤੇ ਮਰਿਆ ਹੋਇਆ ਚੁੱਕਿਆ ਗਿਆ।

10ਪਰ ਪੌਲੁਸ ਨੇ ਉਤਰ ਕੇ ਉਹ ਨੂੰ ਜੱਫੇ ਵਿੱਚ ਲਿਆ ਅਤੇ ਗਲ਼ ਨਾਲ ਲਾ ਕੇ ਆਖਣ ਲੱਗਾ ਕਿ ਤੁਸੀਂ ਰੌਲ਼ਾ ਨਾ ਪਾਓ ਕਿਉਂ ਜੋ ਉਹ ਦੀ ਜਾਨ ਉਸ ਵਿੱਚ ਹੈ।

11ਫੇਰ ਉਹ ਉੱਪਰ ਆਇਆ ਅਤੇ ਰੋਟੀ ਤੋੜ ਕੇ ਖਾਧੀ ਅਤੇ ਐਨਾ ਚਿਰ ਗੱਲਾਂ ਕਰਦਾ ਰਿਹਾ ਜੋ ਦਿਨ ਚੜ੍ਹ ਗਿਆ, ਤਦ ਉਹ ਤੁਰ ਪਿਆ।

12ਅਤੇ ਉਹ ਉਸ ਮੁੰਡੇ ਨੂੰ ਜਿਉਂਦਾ ਲਿਆਏ ਅਤੇ ਬਹੁਤ ਸ਼ਾਂਤ ਹੋਏ।

13ਪਰ ਅਸੀਂ ਅਗਾਹਾਂ ਤੁਰ ਕੇ ਜਹਾਜ਼ ਉੱਤੇ ਚੜ੍ਹੇ ਅਤੇ ਅੱਸੁਸ ਦੀ ਵੱਲ ਚੱਲੇ ਜਿੱਥੋਂ ਅਸੀਂ ਪੌਲੁਸ ਨੂੰ ਨਾਲ ਚੜ੍ਹਾ ਲੈਣਾ ਸੀ, ਕਿਉਂ ਜੋ ਉਹ ਆਪ ਪੈਦਲ ਜਾਣ ਦਾ ਇਰਾਦਾ ਬਣਾ ਕੇ ਇਸ ਤਰ੍ਹਾਂ ਹੀ ਹੁਕਮ ਦੇ ਗਿਆ ਸੀ।

14ਜਦੋਂ ਉਹ ਅਸੁੱਸ ਵਿੱਚ ਸਾਨੂੰ ਆ ਮਿਲਿਆ ਤਾਂ ਅਸੀਂ ਉਹ ਨੂੰ ਜਹਾਜ਼ ਉੱਤੇ ਚੜ੍ਹਾ ਕੇ ਮਿਤੁਲੇਨੇ ਨੂੰ ਆਏ।

15ਅਤੇ ਉੱਥੋਂ ਜਹਾਜ਼ ਖੋਲ੍ਹ ਕੇ ਦੂਜੇ ਦਿਨ ਖੀਓਸ ਦੇ ਬਰਾਬਰ ਪਹੁੰਚੇ ਅਤੇ ਉਸ ਦੇ ਦੂਜੇ ਦਿਨ ਸਾਮੁਸ ਵਿੱਚ ਜਾ ਪਹੁੰਚੇ। ਫੇਰ ਅਗਲੇ ਦਿਨ ਮਿਲੇਤੁਸ ਨੂੰ ਆਏ।

16ਕਿਉਂਕਿ ਪੌਲੁਸ ਨੇ ਇਹ ਫੈਸਲਾ ਕੀਤਾ ਸੀ ਜੋ ਅਫ਼ਸੁਸ ਤੋਂ ਲੰਘ ਜਾਂਵਾਂ ਕਿ ਏਸ਼ੀਆ ਵਿੱਚ ਮੈਨੂੰ ਕਿਤੇ ਚਿਰ ਨਾ ਲੱਗੇ, ਕਿਉਂ ਜੋ ਉਹ ਛੇਤੀ ਕਰਦਾ ਸੀ ਕਿ ਜੇ ਹੋ ਸਕੇ ਤਾਂ ਮੈਂ ਪੰਤੇਕੁਸਤ ਦੇ ਦਿਨ ਯਰੂਸ਼ਲਮ ਵਿੱਚ ਪਹੁੰਚ ਜਾਂਵਾਂ।

17ਉਸ ਨੇ ਮਿਲੇਤੁਸ ਤੋਂ ਅਫ਼ਸੁਸ ਦੀ ਵੱਲ ਸੁਨੇਹਾ ਭੇਜ ਕੇ ਕਲੀਸਿਯਾ ਦੇ ਆਗੂ ਬਜ਼ੁਰਗਾਂ ਨੂੰ ਬੁਲਾਇਆ।

18ਅਤੇ ਜਦੋਂ ਉਹ ਉਸ ਦੇ ਕੋਲ ਆਏ ਤਾਂ ਉਨ੍ਹਾਂ ਨੂੰ ਆਖਿਆ, ਤੁਸੀਂ ਜਾਣਦੇ ਹੋ ਜੋ ਮੈਂ ਪਹਿਲੇ ਦਿਨ ਤੋਂ ਹੀ ਜਦੋਂ ਮੈਂ ਏਸ਼ੀਆ ਵਿੱਚ ਪਹੁੰਚਿਆ ਤਾਂ ਹਰ ਰੋਜ਼ ਤੁਹਾਡੇ ਨਾਲ ਕਿਸ ਤਰ੍ਹਾਂ ਰਿਹਾ

19ਕਿ ਮੈਂ ਬਹੁਤ ਅਧੀਨਗੀ ਨਾਲ ਹੰਝੂ ਵਹਾ ਵਹਾ ਕੇ ਉਨ੍ਹਾਂ ਪਰਤਾਵਿਆਂ ਵਿੱਚ ਜੋ ਯਹੂਦੀਆਂ ਦੀਆਂ ਸਾਜਿਸ਼ਾਂ ਦੇ ਕਾਰਨ ਮੇਰੇ ਉੱਤੇ ਆਣ ਪਏ ਪ੍ਰਭੂ ਦੀ ਸੇਵਾ ਕਰਦਾ ਰਿਹਾ।

20ਮੈਂ ਤੁਹਾਡੇ ਭਲੇ ਦੀ ਕੋਈ ਗੱਲ ਦੱਸਣ ਵਿੱਚ ਕੁਝ ਫ਼ਰਕ ਨਹੀਂ ਕੀਤਾ, ਸਗੋਂ ਤੁਹਾਨੂੰ ਖੁੱਲ੍ਹ ਕੇ ਅਤੇ ਘਰ-ਘਰ ਜਾ ਕੇ ਉਪਦੇਸ਼ ਦਿੱਤਾ।

21ਅਤੇ ਮੈਂ ਯਹੂਦੀਆਂ ਅਤੇ ਯੂਨਾਨੀਆਂ ਦੇ ਸਾਹਮਣੇ ਗਵਾਹੀ ਦਿੱਤੀ ਕਿ ਪਰਮੇਸ਼ੁਰ ਦੇ ਅੱਗੇ ਤੋਬਾ ਕਰੋ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਕਰੋ।

22ਹੁਣ ਵੇਖੋ, ਮੈਂ ਆਤਮਾ ਦਾ ਬੱਧਾ ਹੋਇਆ ਯਰੂਸ਼ਲਮ ਨੂੰ ਜਾਂਦਾ ਹਾਂ ਅਤੇ ਮੈਂ ਨਹੀਂ ਜਾਣਦਾ ਜੋ ਉੱਥੇ ਮੇਰੇ ਨਾਲ ਕੀ ਹੋਵੇਗਾ।

23ਪਰ ਐਨਾ ਜਾਣਦਾ ਹਾਂ ਕਿ ਪਵਿੱਤਰ ਆਤਮਾ ਹਰੇਕ ਨਗਰ ਵਿੱਚ ਮੈਨੂੰ ਇਹ ਕਹਿ ਕੇ ਗਵਾਹੀ ਦਿੰਦਾ ਹੈ, ਜੋ ਬੰਧਨ ਅਤੇ ਬਿਪਤਾ ਤੇਰੇ ਲਈ ਤਿਆਰ ਹਨ।

24ਪਰੰਤੂ ਮੈਂ ਆਪਣੇ ਲਈ ਆਪਣੀ ਜਾਨ ਨੂੰ ਕਿਸੇ ਤਰ੍ਹਾਂ ਵੀ ਪਿਆਰੀ ਨਹੀਂ ਸਮਝਦਾ, ਤਾਂ ਜੋ ਮੈਂ ਆਪਣੀ ਦੌੜ ਨੂੰ ਅਤੇ ਉਸ ਸੇਵਾ ਨੂੰ ਪੂਰੀ ਕਰਾਂ, ਜਿਹੜੀ ਮੈਂ ਪਰਮੇਸ਼ੁਰ ਦੀ ਕਿਰਪਾ ਦੀ ਖੁਸ਼ਖਬਰੀ ਉੱਤੇ ਗਵਾਹੀ ਦੇਣ ਲਈ ਪ੍ਰਭੂ ਯਿਸੂ ਤੋਂ ਪਾਈ ਸੀ।

25ਅਤੇ ਹੁਣ ਵੇਖੋ, ਮੈਂ ਜਾਣਦਾ ਹਾਂ ਜੋ ਤੁਸੀਂ ਸਭ ਜਿਨ੍ਹਾਂ ਵਿੱਚ ਮੈਂ ਰਾਜ ਦਾ ਪਰਚਾਰ ਕੀਤਾ, ਤੁਸੀਂ ਮੇਰਾ ਮੂੰਹ ਫੇਰ ਕਦੇ ਨਾ ਵੇਖੋਗੇ।

26ਇਸ ਲਈ ਮੈਂ ਅੱਜ ਦੇ ਦਿਨ ਤੁਹਾਡੇ ਅੱਗੇ ਗਵਾਹੀ ਦਿੰਦਾ ਹਾਂ ਕਿ ਮੈਂ ਸਭਨਾਂ ਦੇ ਲਹੂ ਤੋਂ ਨਿਰਦੋਸ਼ ਹਾਂ।

27ਕਿਉਂ ਜੋ ਮੈਂ ਤੁਹਾਨੂੰ ਪਰਮੇਸ਼ੁਰ ਦੀ ਸਾਰੀ ਮਰਜ਼ੀ ਦੱਸਣ ਤੋਂ ਨਹੀਂ ਝਿੱਜਕਿਆ।

28ਤੁਸੀਂ ਆਪਣੀ, ਨਾਲੇ ਉਸ ਸਾਰੇ ਇੱਜੜ ਦੀ ਰਖਵਾਲੀ ਕਰੋ ਜਿਸ ਦੇ ਉੱਤੇ ਪਵਿੱਤਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ, ਜੋ ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰੋ ਜਿਸ ਨੂੰ ਉਸ ਨੇ ਆਪਣੇ ਹੀ ਲਹੂ ਨਾਲ ਮੁੱਲ ਲਿਆ ਹੈ।

29ਮੈਂ ਜਾਣਦਾ ਹਾਂ ਜੋ ਮੇਰੇ ਜਾਣ ਤੋਂ ਬਾਅਦ ਬੁਰੇ-ਬੁਰੇ ਬਘਿਆੜ ਤੁਹਾਡੇ ਵਿੱਚ ਆ ਵੜਨਗੇ, ਜੋ ਇੱਜੜ ਨੂੰ ਨਾ ਛੱਡਣਗੇ।

30ਅਤੇ ਤੁਹਾਡੇ ਆਪਣੇ ਹੀ ਵਿੱਚੋਂ ਕਈ ਪੁਰਸ਼ ਖੜੇ ਹੋਣਗੇ ਜਿਹੜੇ ਉਲਟੀਆਂ ਗੱਲਾਂ ਕਰਨਗੇ ਅਤੇ ਚੇਲਿਆਂ ਨੂੰ ਆਪਣੇ ਵੱਲ ਖਿੱਚ ਲੈਣਗੇ।

31ਇਸ ਕਰਕੇ ਜਾਗਦੇ ਰਹੋ ਅਤੇ ਯਾਦ ਰੱਖੋ ਜੋ ਮੈਂ ਤਿੰਨਾਂ ਸਾਲਾਂ ਤੱਕ ਰਾਤ-ਦਿਨ ਰੋ-ਰੋ ਕੇ ਹਰੇਕ ਨੂੰ ਚਿਤਾਵਨੀ ਦੇਣ ਤੋਂ ਨਾ ਰੁਕਿਆ।

32ਹੁਣ ਮੈਂ ਤੁਹਾਨੂੰ ਪਰਮੇਸ਼ੁਰ ਅਤੇ ਉਹ ਦੀ ਕਿਰਪਾ ਦੇ ਬਚਨ ਦੇ ਹੱਥ ਸੌਂਪਦਾ ਹਾਂ, ਜਿਹੜਾ ਤੁਹਾਨੂੰ ਸਿੱਧ ਬਣਾ ਸਕਦਾ ਅਤੇ ਤੁਹਾਨੂੰ ਸਾਰੇ ਪਵਿੱਤਰ ਕੀਤਿਆਂ ਹੋਇਆਂ ਵਿੱਚ ਵਿਰਾਸਤ ਦੇ ਸਕਦਾ ਹੈ।

33ਮੈਂ ਕਿਸੇ ਦੀ ਚਾਂਦੀ ਜਾਂ ਸੋਨੇ ਜਾਂ ਬਸਤਰ ਦਾ ਲਾਲਚ ਨਹੀਂ ਕੀਤਾ।

34ਤੁਸੀਂ ਆਪ ਜਾਣਦੇ ਹੋ ਕਿ ਮੇਰੇ ਇਨ੍ਹਾਂ ਹੀ ਹੱਥਾਂ ਨੇ ਮੇਰੀਆਂ ਅਤੇ ਮੇਰੇ ਸਾਥੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ।

35ਮੈਂ ਤੁਹਾਨੂੰ ਸਾਰੀਆਂ ਗੱਲਾਂ ਵਿੱਚ ਜਿਵੇਂ ਕਰ ਵਿਖਾਲਿਆ ਕਿ ਤੁਹਾਨੂੰ ਚਾਹੀਦਾ ਹੈ ਕਿ ਉਸੇ ਤਰ੍ਹਾਂ ਮਿਹਨਤ ਕਰ ਕੇ ਕਮਜ਼ੋਰਾਂ ਦੀ ਸਹਾਇਤਾ ਕਰੋ ਅਤੇ ਪ੍ਰਭੂ ਯਿਸੂ ਦੇ ਬਚਨ ਚੇਤੇ ਰੱਖੋ ਜੋ ਉਹ ਨੇ ਆਪ ਕਿਹਾ ਸੀ ਕਿ ਲੈਣ ਨਾਲੋਂ ਦੇਣਾ ਹੀ ਧੰਨ ਹੈ।

36ਉਸ ਨੇ ਇਸ ਤਰ੍ਹਾਂ ਕਹਿ ਕੇ ਗੋਡੇ ਟੇਕੇ ਅਤੇ ਉਨ੍ਹਾਂ ਸਾਰਿਆਂ ਦੇ ਨਾਲ ਪ੍ਰਾਰਥਨਾ ਕੀਤੀ।

37ਉਹ ਸਭ ਬਹੁਤ ਰੋਏ ਅਤੇ ਪੌਲੁਸ ਦੇ ਗਲ਼ ਮਿਲ ਕੇ ਉਹ ਨੂੰ ਚੁੰਮਿਆ।

38ਖ਼ਾਸ ਕਰਕੇ ਇਸ ਗੱਲ ਉੱਤੇ ਬਹੁਤ ਉਦਾਸ ਹੋਏ ਜਿਹੜੀ ਉਹ ਨੇ ਆਖੀ ਸੀ ਕਿ ਤੁਸੀਂ ਮੇਰਾ ਮੂੰਹ ਫੇਰ ਕਦੇ ਨਾ ਵੇਖੋਗੇ, ਅਤੇ ਉਨ੍ਹਾਂ ਜਹਾਜ਼ ਤੱਕ ਉਹ ਨੂੰ ਪਹੁੰਚਾ ਦਿੱਤਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath