ਰਸੂਲਾਂ ਦੇ ਕਰਤੱਬ 15
1ਕਈ ਆਦਮੀ ਯਹੂਦਿਯਾ ਤੋਂ ਆ ਕੇ, ਭਰਾਵਾਂ ਨੂੰ ਸਿਖਾਉਣ ਲੱਗੇ ਕਿ ਜੇ ਮੂਸਾ ਦੀ ਰੀਤ ਦੇ ਅਨੁਸਾਰ ਤੁਹਾਡੀ ਸੁੰਨਤ ਨਾ ਕਰਾਈ ਜਾਵੇ ਤਾਂ ਤੁਹਾਡੀ ਮੁਕਤੀ ਨਹੀਂ ਹੋ ਸਕਦੀ।
2ਜਦੋਂ ਪੌਲੁਸ ਅਤੇ ਬਰਨਬਾਸ ਦਾ ਉਨ੍ਹਾਂ ਨਾਲ ਝਗੜਾ ਅਤੇ ਵਾਦ-ਵਿਵਾਦ ਹੋਇਆ ਤਾਂ ਇਹ ਗੱਲ ਠਹਿਰੀ ਜੋ ਪੌਲੁਸ ਅਤੇ ਬਰਨਬਾਸ ਅਤੇ ਕਈ ਹੋਰ ਮਨੁੱਖ ਉਨ੍ਹਾਂ ਵਿੱਚੋਂ ਇਸ ਗੱਲ ਦੇ ਸਹੀ ਕਰਨ ਨੂੰ ਰਸੂਲਾਂ ਅਤੇ ਬਜ਼ੁਰਗਾਂ ਦੇ ਕੋਲ ਯਰੂਸ਼ਲਮ ਨੂੰ ਜਾਣ।
3ਜਦੋਂ ਉਹ ਕਲੀਸਿਯਾ ਵੱਲੋਂ ਕੁਝ ਦੂਰ ਪਹੁੰਚਾਏ ਗਏ ਤਾਂ ਫ਼ੈਨੀਕੇ ਅਤੇ ਸਾਮਰਿਯਾ ਦੇ ਵਿੱਚੋਂ ਦੀ ਲੰਘਦੇ ਹੋਏ ਪਰਾਈਆਂ ਕੌਮਾਂ ਦਿਆਂ ਲੋਕਾਂ ਦੇ ਮਨ ਫਿਰਾਉਣ ਦੀ ਖੁਸ਼ਖਬਰੀ ਸੁਣਾਉਂਦੇ ਗਏ ਅਤੇ ਸਭ ਭਰਾਵਾਂ ਨੂੰ ਬਹੁਤ ਖੁਸ਼ ਕੀਤਾ।
4ਜਦੋਂ ਯਰੂਸ਼ਲਮ ਵਿੱਚ ਪਹੁੰਚੇ ਤਾਂ ਕਲੀਸਿਯਾ, ਰਸੂਲਾਂ ਅਤੇ ਬਜ਼ੁਰਗਾਂ ਨੇ ਉਹਨਾਂ ਦੀ ਸੇਵਾ ਕੀਤੀ ਅਤੇ ਉਹਨਾਂ ਨੇ ਜੋ ਕੁਝ ਪਰਮੇਸ਼ੁਰ ਨੇ ਉਹਨਾਂ ਦੇ ਨਾਲ ਕੀਤਾ ਸੀ ਸੁਣਾ ਦਿੱਤਾ।
5ਤਦ ਕਈਆਂ ਨੇ ਫ਼ਰੀਸੀਆਂ ਦੇ ਪੰਥ ਵਿੱਚੋਂ ਜਿਨ੍ਹਾਂ ਵਿਸ਼ਵਾਸ ਕੀਤਾ, ਉੱਠ ਕੇ ਕਿਹਾ ਕਿ ਉਨ੍ਹਾਂ ਦੀ ਸੁੰਨਤ ਕਰਨੀ ਅਤੇ ਮੂਸਾ ਦੀ ਬਿਵਸਥਾ ਨੂੰ ਮੰਨਣ ਦਾ ਹੁਕਮ ਦੇਣਾ ਚਾਹੀਦਾ ਹੈ।
6ਤਦ ਰਸੂਲ ਅਤੇ ਬਜ਼ੁਰਗ ਇਕੱਠੇ ਹੋਏ ਕਿ ਉਹ ਇਸ ਗੱਲ ਨੂੰ ਸੋਚਣ।
7ਅਤੇ ਜਦੋਂ ਬਹੁਤ ਵਿਵਾਦ ਹੋਇਆ ਤਾਂ ਪਤਰਸ ਨੇ ਉੱਠ ਕੇ ਉਨ੍ਹਾਂ ਨੂੰ ਆਖਿਆ, ਹੇ ਭਰਾਵੋ, ਤੁਸੀਂ ਜਾਣਦੇ ਹੋ ਜੋ ਪਹਿਲੇ ਦਿਨਾਂ ਤੋਂ ਪਰਮੇਸ਼ੁਰ ਨੇ ਤੁਹਾਡੇ ਵਿੱਚੋਂ ਮੈਨੂੰ ਚੁਣਿਆ, ਜੋ ਪਰਾਈਆਂ ਕੌਮਾਂ ਮੇਰੀ ਜ਼ੁਬਾਨੀ ਖੁਸ਼ਖਬਰੀ ਦਾ ਬਚਨ ਸੁਣਨ ਅਤੇ ਵਿਸ਼ਵਾਸ ਕਰਨ।
8ਅਤੇ ਪਰਮੇਸ਼ੁਰ ਨੇ ਜੋ ਮਨਾਂ ਦਾ ਜਾਚਣ ਵਾਲਾ ਹੈ, ਉਹਨਾਂ ਨੂੰ ਵੀ ਸਾਡੀ ਤਰ੍ਹਾਂ ਪਵਿੱਤਰ ਆਤਮਾ ਦੇ ਕੇ ਉਨ੍ਹਾਂ ਉੱਤੇ ਗਵਾਹੀ ਦਿੱਤੀ।
9ਅਤੇ ਵਿਸ਼ਵਾਸ ਨਾਲ ਉਨ੍ਹਾਂ ਦੇ ਮਨ ਸ਼ੁੱਧ ਕਰ ਕੇ ਸਾਡੇ ਅਤੇ ਉਨ੍ਹਾਂ ਦੇ ਵਿੱਚ ਕੁਝ ਭੇਦਭਾਵ ਨਾ ਰੱਖਿਆ।
10ਹੁਣ ਕਿਉਂ ਤੁਸੀਂ ਪਰਮੇਸ਼ੁਰ ਨੂੰ ਪਰਤਾਉਂਦੇ ਹੋ, ਕਿ ਚੇਲਿਆਂ ਦੀ ਧੌਣ ਤੇ ਜੂਲਾ ਰੱਖੋ ਜਿਸ ਨੂੰ ਨਾ ਸਾਡੇ ਪਿਉ-ਦਾਦੇ, ਨਾ ਅਸੀਂ ਚੁੱਕ ਸਕੇ?
11ਪਰ ਸਾਨੂੰ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਉਹ ਵੀ ਮੁਕਤੀ ਪਾ ਗਏ ਅਸੀਂ ਵੀ ਪ੍ਰਭੂ ਯਿਸੂ ਦੀ ਕਿਰਪਾ ਨਾਲ ਮੁਕਤੀ ਪਾਵਾਂਗੇ।
12ਤਾਂ ਸਾਰੀ ਸਭਾ ਚੁੱਪ ਰਹੀ ਅਤੇ ਉਹ ਬਰਨਬਾਸ ਅਤੇ ਪੌਲੁਸ ਦੀਆਂ ਇਹ ਗੱਲਾਂ ਸੁਣਨ ਲੱਗੇ ਜੋ ਪਰਮੇਸ਼ੁਰ ਵੱਲੋਂ ਕਿਹੋ ਜਿਹੇ ਨਿਸ਼ਾਨ ਅਤੇ ਅਚਰਜ਼ ਕੰਮ, ਉਹਨਾਂ ਦੇ ਹੱਥੀਂ ਪਰਾਈਆਂ ਕੌਮਾਂ ਵਿੱਚ ਵਿਖਾਏ ਗਏ।
13ਅਤੇ ਜਦੋਂ ਉਹ ਚੁੱਪ ਹੋਏ ਤਾਂ ਯਾਕੂਬ ਅੱਗੋਂ ਕਹਿਣ ਲੱਗਾ, ਹੇ ਭਰਾਵੋ, ਮੇਰੀ ਸੁਣੋ।
14ਸ਼ਮਊਨ ਨੇ ਦੱਸਿਆ ਹੈ ਕਿ ਕਿਸ ਪਰਕਾਰ ਪਰਮੇਸ਼ੁਰ ਨੇ ਪਹਿਲਾਂ ਪਰਾਈਆਂ ਕੌਮਾਂ ਉੱਤੇ ਨਿਗਾਹ ਕੀਤੀ ਤਾਂ ਜੋ ਉਹਨਾਂ ਵਿੱਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ
15ਅਤੇ ਨਬੀਆਂ ਦੇ ਬਚਨ ਇਸ ਨਾਲ ਮਿਲਦੇ ਹਨ ਜਿਵੇਂ ਲਿਖਿਆ ਹੈ, -
16“ਇਹ ਤੋਂ ਪਿੱਛੋਂ ਮੈਂ ਮੁੜ ਆਵਾਂਗਾ, ਅਤੇ ਦਾਊਦ ਦੇ ਡਿੱਗੇ ਹੋਏ ਡੇਰੇ ਨੂੰ ਬਣਾਵਾਂਗਾ, ਅਤੇ ਉਹ ਦੇ ਖੋਲੇ ਨੂੰ ਫਿਰ ਬਣਾ ਕੇ ਖੜ੍ਹਾ ਕਰਾਂਗਾ,
17ਤਾਂ ਜੋ ਬਾਕੀ ਦੇ ਆਦਮੀ ਅਰਥਾਤ ਸਾਰੀਆਂ ਪਰਾਈਆਂ ਕੌਮਾਂ ਜੋ ਮੇਰੇ ਨਾਮ ਦੇ ਅਖਵਾਉਂਦੇ ਹਨ ਪ੍ਰਭੂ ਨੂੰ ਭਾਲਣ।”
18ਇਹ ਉਹ ਹੀ ਪ੍ਰਭੂ ਆਖਦਾ ਹੈ, ਜਿਹੜਾ ਸੰਸਾਰ ਦੀ ਉਤਪਤੀ ਤੋਂ ਹੀ ਇਹ ਗੱਲਾਂ ਪਰਗਟ ਕਰਦਾ ਆਇਆ ਹੈ।
19ਮੇਰੀ ਸਲਾਹ ਇਹ ਹੈ ਕਿ ਪਰਾਈਆਂ ਕੌਮਾਂ ਵਿੱਚੋਂ ਜਿਹੜੇ ਪਰਮੇਸ਼ੁਰ ਦੀ ਵੱਲ ਮੁੜਦੇ ਹਨ, ਅਸੀਂ ਉਹਨਾਂ ਨੂੰ ਪਰੇਸ਼ਾਨ ਨਾ ਕਰੀਏ।
20ਸਗੋਂ ਉਹਨਾਂ ਨੂੰ ਲਿਖ ਭੇਜੀਏ ਕਿ ਮੂਰਤਾਂ ਦੀਆਂ ਪਲੀਤਗੀਆਂ, ਹਰਾਮਕਾਰੀ ਅਤੇ ਗਲ਼ ਘੁੱਟੇ ਹੋਏ ਦੇ ਮਾਸ ਅਤੇ ਲਹੂ ਤੋਂ ਬਚੇ ਰਹਿਣ।
21ਕਿਉਂ ਜੋ ਪਹਿਲੇ ਸਮਿਆਂ ਤੋਂ ਹਰ ਨਗਰ ਵਿੱਚ ਮੂਸਾ ਦੇ ਪਰਚਾਰਕ ਹੁੰਦੇ ਆਏ ਹਨ ਅਤੇ ਹਰ ਸਬਤ ਦੇ ਦਿਨ ਪ੍ਰਾਰਥਨਾ ਘਰਾਂ ਵਿੱਚ ਉਹ ਦੀ ਬਿਵਸਥਾ ਪੜ੍ਹੀ ਜਾਂਦੀ ਹੈ।
22ਤਦ ਰਸੂਲਾਂ, ਬਜ਼ੁਰਗਾਂ ਅਤੇ ਸਾਰੀ ਕਲੀਸਿਯਾ ਨੂੰ ਇਹ ਚੰਗਾ ਲੱਗਿਆ ਕਿ ਆਪਣੇ ਵਿੱਚੋਂ ਮਨੁੱਖ ਚੁਣ ਕੇ ਪੌਲੁਸ ਅਤੇ ਬਰਨਬਾਸ ਦੇ ਨਾਲ ਅੰਤਾਕਿਯਾ ਨੂੰ ਭੇਜੀਏ, ਅਰਥਾਤ ਯਹੂਦਾ ਨੂੰ ਜਿਹੜਾ ਬਰਸਬਾਸ ਅਖਵਾਉਂਦਾ ਅਤੇ ਸੀਲਾਸ ਨੂੰ ਜਿਹੜੇ ਭਰਾਵਾਂ ਵਿੱਚ ਆਗੂ ਸੀ।
23ਅਤੇ ਉਨ੍ਹਾਂ ਦੇ ਹੱਥ ਇਹ ਲਿਖ ਭੇਜਿਆ ਕਿ ਉਨ੍ਹਾਂ ਭਰਾਵਾਂ ਨੂੰ ਜਿਹੜੇ ਪਰਾਈਆਂ ਕੌਮਾਂ ਵਿੱਚੋਂ ਹੋ ਕੇ ਅੰਤਾਕਿਯਾ, ਸੀਰੀਯਾ ਅਤੇ ਕਿਲਕਿਯਾ ਵਿੱਚ ਰਹਿੰਦੇ ਹਨ ਰਸੂਲਾਂ, ਬਜ਼ੁਰਗਾਂ ਅਤੇ ਭਰਾਵਾਂ ਦਾ ਪਰਨਾਮ
24ਜਦੋਂ ਅਸੀਂ ਸੁਣਿਆ ਜੋ ਕਈ ਸਾਡੇ ਵਿੱਚੋਂ ਨਿੱਕਲੇ ਜਿਨ੍ਹਾਂ ਤੁਹਾਡੇ ਮਨਾਂ ਨੂੰ ਵਿਗਾੜ ਕੇ ਤੁਹਾਨੂੰ ਗੱਲਾਂ ਨਾਲ ਡਰਾ ਦਿੱਤਾ, ਪਰ ਅਸੀਂ ਉਹਨਾਂ ਨੂੰ ਕੋਈ ਹੁਕਮ ਨਹੀਂ ਦਿੱਤਾ।
25ਤਾਂ ਅਸੀਂ ਇੱਕ ਮਨ ਹੋ ਕੇ ਇਹ ਚੰਗਾ ਸਮਝਿਆ ਜੋ ਕੁਝ ਪੁਰਖ ਚੁਣ ਕੇ ਆਪਣੇ ਪਿਆਰੇ ਬਰਨਬਾਸ ਅਤੇ ਪੌਲੁਸ ਦੇ ਨਾਲ, ਤੁਹਾਡੇ ਕੋਲ ਭੇਜੀਏ,
26ਜੋ ਅਜਿਹੇ ਮਨੁੱਖ ਹਨ ਕਿ ਜਿਨ੍ਹਾਂ ਆਪਣੇ ਪ੍ਰਾਣ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਲਈ ਜੋਖਮ ਵਿੱਚ ਪਾ ਦਿੱਤੇ।
27ਸੋ ਅਸੀਂ ਯਹੂਦਾਹ ਅਤੇ ਸੀਲਾਸ ਨੂੰ ਭੇਜਿਆ ਹੈ ਜੋ ਆਪਣੇ ਮੂੰਹੋਂ ਇਹ ਗੱਲਾਂ ਤੁਹਾਨੂੰ ਦੱਸਣਗੇ।
28ਕਿਉਂਕਿ ਪਵਿੱਤਰ ਆਤਮਾ ਨੇ ਅਤੇ ਅਸੀਂ ਚੰਗਾ ਸਮਝਿਆ ਜੋ ਇਨ੍ਹਾਂ ਜ਼ਰੂਰੀ ਗੱਲਾਂ ਤੋਂ ਬਿਨ੍ਹਾਂ ਤੁਹਾਡੇ ਉੱਤੇ ਹੋਰ ਕੁਝ ਭਾਰ ਨਾ ਪਾਈਏ
29ਕਿ ਤੁਸੀਂ ਮੂਰਤੀਆਂ ਦੇ ਚੜ੍ਹਾਵਿਆਂ, ਲਹੂ ਅਤੇ ਗਲ਼ ਘੁੱਟਿਆਂ ਹੋਇਆਂ ਦੇ ਮਾਸ ਅਤੇ ਹਰਾਮਕਾਰੀ ਤੋਂ ਬਚੇ ਰਹੋ। ਜੇ ਤੁਸੀਂ ਇਨ੍ਹਾਂ ਗੱਲਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਤਾਂ ਤੁਹਾਡਾ ਭਲਾ ਹੋਵੇਗਾ। ਤੁਹਾਡਾ ਭਲਾ ਹੋਵੇ।
30ਫੇਰ ਉਹ ਵਿਦਿਆ ਹੋ ਕੇ ਅੰਤਾਕਿਯਾ ਪਹੁੰਚੇ ਅਤੇ ਸੰਗਤ ਨੂੰ ਇਕੱਠੀ ਕਰ ਕੇ ਚਿੱਠੀ ਦਿੱਤੀ।
31ਉਹ ਪੜ੍ਹ ਕੇ ਇਸ ਤਸੱਲੀ ਦੀਆਂ ਗੱਲਾਂ ਨਾਲ ਬਹੁਤ ਅਨੰਦ ਹੋਏ।
32ਯਹੂਦਾ ਅਤੇ ਸੀਲਾਸ ਨੇ ਜੋ ਆਪ ਵੀ ਨਬੀ ਸਨ, ਭਰਾਵਾਂ ਨੂੰ ਬਹੁਤ ਸਾਰੀਆਂ ਗੱਲਾਂ ਨਾਲ ਉਪਦੇਸ਼ ਦੇ ਕੇ ਉਹਨਾਂ ਤਕੜੇ ਕੀਤਾ।
33ਅਤੇ ਉਹ ਕੁਝ ਦਿਨ ਰਹਿ ਕੇ ਆਪਣੇ ਭੇਜਣ ਵਾਲਿਆਂ ਦੇ ਕੋਲ ਜਾਣ ਨੂੰ ਭਰਾਵਾਂ ਕੋਲੋਂ ਸੁੱਖ-ਸਾਂਦ ਨਾਲ ਵਿਦਾ ਹੋਏ।
34ਪਰ ਸੀਲਾਸ ਨੂੰ ਉੱਥੇ ਰਹਿਣਾ ਚੰਗਾ ਲੱਗਿਆ,
35ਪਰ ਪੌਲੁਸ ਅਤੇ ਬਰਨਬਾਸ ਅੰਤਾਕਿਯਾ ਵਿੱਚ ਰਹਿ ਕੇ ਹੋਰ ਬਹੁਤਿਆਂ ਦੇ ਨਾਲ ਪ੍ਰਭੂ ਦਾ ਬਚਨ ਸਿਖਾਉਂਦੇ ਅਤੇ ਉਹ ਦੀ ਖੁਸ਼ਖਬਰੀ ਸੁਣਾਉਂਦੇ ਸਨ।
36ਕਈ ਦਿਨਾਂ ਪਿੱਛੋਂ ਪੌਲੁਸ ਨੇ ਬਰਨਬਾਸ ਨੂੰ ਆਖਿਆ ਕਿ ਆਉ ਹਰੇਕ ਨਗਰ ਵਿੱਚ ਜਿੱਥੇ ਅਸੀਂ ਪਰਮੇਸ਼ੁਰ ਦਾ ਬਚਨ ਸੁਣਾਇਆ ਸੀ, ਫਿਰ ਜਾ ਕੇ ਭਰਾਵਾਂ ਦੀ ਖ਼ਬਰ ਲਈਏ ਕਿ ਉਨ੍ਹਾਂ ਦਾ ਕੀ ਹਾਲ ਹੈ।
37ਅਤੇ ਬਰਨਬਾਸ ਦੀ ਇਹ ਸਲਾਹ ਹੋਈ ਜੋ ਅਸੀਂ ਯੂਹੰਨਾ ਨੂੰ ਜਿਸ ਨੂੰ ਮਰਕੁਸ ਵੀ ਕਹਿੰਦੇ ਹਨ ਆਪਣੇ ਨਾਲ ਲੈ ਚੱਲੀਏ।
38ਪਰ ਪੌਲੁਸ ਨੂੰ ਇਹ ਚੰਗਾ ਨਾ ਲੱਗਿਆ ਕਿ ਉਹ ਨੂੰ ਨਾਲ ਲੈ ਚੱਲੀਏ, ਜਿਹੜਾ ਪਮਫ਼ੁਲਿਯਾ ਤੋਂ ਉਨ੍ਹਾਂ ਕੋਲੋਂ ਅੱਡ ਹੋਇਆ ਅਤੇ ਉਨ੍ਹਾਂ ਦੇ ਨਾਲ ਕੰਮ ਨੂੰ ਨਾ ਗਿਆ ਸੀ।
39ਤਦ ਉਨ੍ਹਾਂ ਵਿੱਚ ਅਜਿਹਾ ਵਿਵਾਦ ਹੋਇਆ ਕਿ ਉਹ ਇੱਕ ਦੂਜੇ ਤੋਂ ਵੱਖ ਹੋ ਗਏ ਅਤੇ ਬਰਨਬਾਸ ਮਰਕੁਸ ਨੂੰ ਨਾਲ ਲੈ ਕੇ ਜਹਾਜ਼ ਉੱਤੇ ਚੜ੍ਹਿਆ ਅਤੇ ਕੁਪਰੁਸ ਨੂੰ ਚੱਲਿਆ ਗਿਆ।
40ਪਰ ਪੌਲੁਸ ਨੇ ਸੀਲਾਸ ਨੂੰ ਚੁਣਿਆ ਅਤੇ ਜਦੋਂ ਭਰਾਵਾਂ ਦੇ ਕੋਲੋਂ ਪਰਮੇਸ਼ੁਰ ਦੀ ਕਿਰਪਾ ਵਿੱਚ ਸੌਂਪਿਆ ਗਿਆ ਤਾਂ ਉਹ ਤੁਰ ਪਿਆ।
41ਅਤੇ ਸੀਰੀਯਾ ਅਤੇ ਕਿਲਕਿਯਾ ਵਿੱਚ ਫ਼ਿਰਦਿਆਂ ਹੋਇਆਂ ਉਸ ਨੇ ਕਲੀਸਿਯਾ ਨੂੰ ਮਜ਼ਬੂਤ ਕੀਤਾ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath