ਈਸਾਈ
ਪਿੱਛੇ

ਰਸੂਲਾਂ ਦੇ ਕਰਤੱਬ 12

1ਉਸ ਸਮੇਂ ਰਾਜਾ ਹੇਰੋਦੇਸ ਨੇ ਕਲੀਸਿਯਾ ਦੇ ਵਿੱਚ ਕਈ ਲੋਕਾਂ ਨੂੰ ਦੁੱਖ ਦੇਣ ਲਈ ਹੱਥ ਚੁੱਕਿਆ।

2ਅਤੇ ਉਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਮਰਵਾ ਦਿੱਤਾ।

3ਅਤੇ ਜਦੋਂ ਉਸ ਨੇ ਵੇਖਿਆ ਕਿ ਯਹੂਦੀਆਂ ਨੂੰ ਇਹ ਕੰਮ ਚੰਗਾ ਲੱਗਾ, ਤਾਂ ਪਤਰਸ ਨੂੰ ਵੀ ਫੜ ਲਿਆ। ਇਹ ਅਖ਼ਮੀਰੀ ਰੋਟੀ ਦੇ ਦਿਨ ਸਨ।

4ਇਸ ਲਈ ਉਹ ਨੂੰ ਫੜ੍ਹ ਕੇ ਕੈਦਖ਼ਾਨੇ ਵਿੱਚ ਪਾ ਦਿੱਤਾ ਅਤੇ ਚਾਰ-ਚਾਰ ਸਿਪਾਹੀਆਂ ਦੀਆਂ ਚਾਰ ਟੋਲੀਆਂ ਦੇ ਹਵਾਲੇ ਕੀਤਾ ਕਿ ਉਹ ਦੀ ਚੌਕਸੀ ਕਰਨ, ਅਤੇ ਉਹ ਨੂੰ ਪਸਾਹ ਦੇ ਤਿਉਹਾਰ ਤੋਂ ਬਾਅਦ ਲੋਕਾਂ ਦੇ ਅੱਗੇ ਕੱਢ ਲਿਆਉਣ ਦੀ ਯੋਜਨਾ ਬਣਾਈ।

5ਕੈਦ ਵਿੱਚ ਪਤਰਸ ਦੀ ਰਾਖੀ ਹੁੰਦੀ ਸੀ, ਪਰ ਕਲੀਸਿਯਾ ਉਹ ਦੇ ਲਈ ਪਰਮੇਸ਼ੁਰ ਅੱਗੇ ਲਗਾਤਾਰ ਮਨ ਲਾ ਕੇ ਪ੍ਰਾਰਥਨਾ ਕਰਦੀ ਰਹੀ।

6ਜਦੋਂ ਹੇਰੋਦੇਸ ਉਹ ਨੂੰ ਬਾਹਰ ਲਿਆਉਣ ਨੂੰ ਤਿਆਰ ਸੀ, ਉਸ ਰਾਤ ਪਤਰਸ ਦੋ ਸੰਗਲਾਂ ਨਾਲ ਜਕੜਿਆ ਹੋਇਆ ਦੋ ਸਿਪਾਹੀਆਂ ਦੇ ਵਿੱਚਕਾਰ ਸੁੱਤਾ ਪਿਆ ਸੀ, ਅਤੇ ਪਹਿਰੇ ਵਾਲੇ ਕੈਦਖ਼ਾਨੇ ਦੇ ਫਾਟਕ ਤੇ ਪਹਿਰਾ ਦੇ ਰਹੇ ਸਨ।

7ਵੇਖੋ, ਪ੍ਰਭੂ ਦਾ ਇੱਕ ਦੂਤ ਆਇਆ ਤਾਂ ਉਸ ਕੋਠੜੀ ਵਿੱਚ ਚਾਨਣ ਚਮਕਿਆ ਅਤੇ ਉਸ ਨੇ ਪਤਰਸ ਦੀ ਵੱਖੀ ਤੇ ਹੱਥ ਮਾਰ ਕੇ ਉਹ ਨੂੰ ਜਗਾਇਆ ਅਤੇ ਆਖਿਆ ਕਿ ਛੇਤੀ ਉੱਠ, ਤਦ ਉਹ ਦੇ ਸੰਗਲ ਉਹ ਦੇ ਹੱਥਾਂ ਤੋਂ ਡਿੱਗ ਪਏ।

8ਅਤੇ ਦੂਤ ਨੇ ਉਹ ਨੂੰ ਕਿਹਾ ਕਿ ਲੱਕ ਬੰਨ੍ਹ ਅਤੇ ਆਪਣੀ ਜੁੱਤੀ ਪਾ, ਤਦ ਉਹ ਨੇ ਇਸੇ ਤਰ੍ਹਾਂ ਕੀਤਾ। ਫੇਰ ਉਸ ਨੇ ਉਹ ਨੂੰ ਆਖਿਆ, ਆਪਣੇ ਕੱਪੜੇ ਪਹਿਨ ਕੇ ਮੇਰੇ ਮਗਰ ਆ ਜਾ।

9ਅਤੇ ਉਹ ਨਿੱਕਲ ਕੇ ਉਸ ਦੇ ਪਿੱਛੇ-ਪਿੱਛੇ ਤੁਰ ਪਿਆ ਅਤੇ ਉਸ ਨੂੰ ਇਹ ਪਤਾ ਨਾ ਲੱਗਿਆ ਕਿ ਇਹ ਜੋ ਦੂਤ ਵੱਲੋਂ ਹੋ ਰਿਹਾ ਹੈ ਸੋ ਸੱਚ ਹੈ, ਪਰ ਉਸ ਨੇ ਸੋਚਿਆ ਕਿ ਮੈਂ ਇੱਕ ਦਰਸ਼ਣ ਵੇਖ ਰਿਹਾ ਹਾਂ।

10ਤਦ ਉਹ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਦੀ ਨਿੱਕਲ ਕੇ ਇੱਕ ਲੋਹੇ ਦੇ ਫਾਟਕ ਤੱਕ ਆਏ, ਜਿਹੜਾ ਸ਼ਹਿਰ ਵਿੱਚ ਪੁਹੰਚਾਉਂਦਾ ਹੈ ਅਤੇ ਉਹ ਫਾਟਕ ਆਪਣੇ ਆਪ ਉਨ੍ਹਾਂ ਲਈ ਖੁੱਲ੍ਹ ਗਿਆ ਅਤੇ ਉਹ ਨਿੱਕਲ ਕੇ ਇੱਕ ਗਲੀ ਦੇ ਵਿੱਚ ਤੁਰ ਪਏ ਤਾਂ ਉਸੇ ਵੇਲੇ ਦੂਤ ਉਹ ਦੇ ਕੋਲੋਂ ਚੱਲਿਆ ਗਿਆ।

11ਤਦ ਪਤਰਸ ਨੇ ਹੋਸ਼ ਵਿੱਚ ਆ ਕੇ ਕਿਹਾ ਕਿ ਹੁਣ ਮੈਂ ਠੀਕ ਜਾਣ ਗਿਆਂ ਹਾਂ ਕਿ ਪ੍ਰਭੂ ਨੇ ਆਪਣਾ ਦੂਤ ਭੇਜ ਕੇ ਮੈਨੂੰ ਹੇਰੋਦੇਸ ਦੇ ਹੱਥੋਂ ਛੁਡਾਇਆ ਅਤੇ ਯਹੂਦੀ ਕੌਮ ਦੀ ਸਾਰੀ ਉਮੀਦ ਤੋੜ ਦਿੱਤੀ ਹੈ!

12ਫਿਰ ਉਹ ਇਹ ਸਭ ਸੋਚ ਕੇ, ਯੂਹੰਨਾ ਜੋ ਮਰਕੁਸ ਅਖਵਾਉਂਦਾ ਹੈ ਉਹ ਦੀ ਮਾਤਾ ਮਰਿਯਮ ਦੇ ਘਰ ਆਇਆ ਜਿੱਥੇ ਬਹੁਤ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ।

13ਜਦੋਂ ਉਹ ਨੇ ਡਿਉੜੀ ਦਾ ਦਰਵਾਜ਼ਾ ਖੜਕਾਇਆ ਤਾਂ ਇੱਕ ਰੋਦੇ ਨਾਮ ਦੀ ਦਾਸੀ ਦੇਖਣ ਆਈ।

14ਅਤੇ ਪਤਰਸ ਦੀ ਅਵਾਜ਼ ਪਛਾਣ ਕੇ ਖੁਸ਼ੀ ਦੇ ਕਾਰਨ ਬੂਹਾ ਨਾ ਖੋਲ੍ਹਿਆ ਪਰ ਦੌੜ ਕੇ ਅੰਦਰ ਜਾ ਕੇ ਦੱਸਿਆ ਕਿ ਪਤਰਸ ਡਿਉੜੀ ਦੇ ਅੱਗੇ ਖੜ੍ਹਾ ਹੈ!

15ਉਨ੍ਹਾਂ ਉਸ ਨੂੰ ਆਖਿਆ, ਤੂੰ ਤਾਂ ਕਮਲੀ ਹੈਂ, ਪਰ ਉਹ ਜੋਰ ਦੇ ਕੇ ਬੋਲੀ ਕਿ ਇਸ ਤਰ੍ਹਾਂ ਹੀ ਹੈ! ਤਦ ਉਨ੍ਹਾਂ ਆਖਿਆ, ਕਿ ਉਹ ਦਾ ਦੂਤ ਹੋਵੇਗਾ।

16ਪਰ ਪਤਰਸ ਦਰਵਾਜ਼ਾ ਖੜਕਾਉਂਦਾ ਰਿਹਾ। ਤਦ ਉਨ੍ਹਾਂ ਨੇ ਬੂਹਾ ਖੋਲ੍ਹ ਕੇ ਉਹ ਨੂੰ ਵੇਖਿਆ ਅਤੇ ਹੈਰਾਨ ਹੋ ਗਏ।

17ਪਰੰਤੂ ਉਹ ਨੇ ਉਨ੍ਹਾਂ ਨੂੰ ਹੱਥ ਨਾਲ ਇਸ਼ਾਰਾ ਕੀਤਾ ਕਿ ਚੁੱਪ ਰਹਿਣ ਅਤੇ ਦੱਸਿਆ ਜੋ ਪ੍ਰਭੂ ਨੇ ਕਿਵੇਂ ਮੈਨੂੰ ਕੈਦਖ਼ਾਨੇ ਵਿੱਚੋਂ ਕੱਢਿਆ ਅਤੇ ਆਖਿਆ ਕਿ ਯਾਕੂਬ ਅਤੇ ਭਰਾਵਾਂ ਨੂੰ ਵੀ ਇਨ੍ਹਾਂ ਗੱਲਾਂ ਦੀ ਖ਼ਬਰ ਦੇਵੋ, ਅਤੇ ਉਹ ਹੋਰ ਥਾਂ ਚੱਲਿਆ ਗਿਆ।

18ਜਦੋਂ ਦਿਨ ਚੜ੍ਹਿਆ ਤਾਂ ਸਿਪਾਹੀ ਬਹੁਤ ਘਬਰਾ ਗਏ ਕਿ ਪਤਰਸ ਕਿੱਥੇ ਗਿਆ?

19ਜਦੋਂ ਹੇਰੋਦੇਸ ਨੇ ਉਹ ਦੀ ਖੋਜ ਕੀਤੀ ਅਤੇ ਉਹ ਨਾ ਲੱਭਾ ਤਾਂ ਪਹਿਰੇ ਵਾਲਿਆਂ ਦੀ ਜਾਂਚ ਕਰ ਕੇ ਹੁਕਮ ਦਿੱਤਾ ਕਿ ਉਹ ਵੱਢੇ ਜਾਣ ਅਤੇ ਉਹ ਯਹੂਦਿਯਾ ਤੋਂ ਨਿੱਕਲ ਕੇ ਕੈਸਰਿਯਾ ਵਿੱਚ ਜਾ ਠਹਿਰਿਆ।

20ਹੇਰੋਦੇਸ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬਹੁਤ ਨਰਾਜ਼ ਸੀ। ਤਦ ਉਹ ਇੱਕ ਮਨ ਹੋ ਕੇ ਉਹ ਦੇ ਕੋਲ ਆਏ ਅਤੇ ਬਲਾਸਤੁਸ ਨੂੰ ਜਿਹੜਾ ਰਾਜੇ ਦਾ ਸਹਾਇਕ ਸੀ, ਫੁਸਲਾ ਕੇ ਸੁਲਾਹ ਲਈ ਬੇਨਤੀ ਕਰਨ ਲੱਗੇ ਕਿਉਂ ਜੋ ਉਨ੍ਹਾਂ ਦੇ ਦੇਸ ਦੀ ਪਿਰਤਪਾਲ ਰਾਜੇ ਦੇ ਦੇਸ ਤੋਂ ਹੁੰਦੀ ਸੀ।

21ਹੇਰੋਦੇਸ ਇੱਕ ਮਿਥੇ ਹੋਏ ਦਿਨ ਨੂੰ ਰਾਜ ਬਸਤਰ ਪਹਿਨ ਕੇ ਅਦਾਲਤ ਦੇ ਸਿੰਘਾਸਣ ਉੱਤੇ ਬੈਠਾ ਅਤੇ ਉਨ੍ਹਾਂ ਦੇ ਅੱਗੇ ਬੋਲਣ ਲੱਗਾ।

22ਅਤੇ ਲੋਕ ਉੱਚੀ ਦੇ ਕੇ ਬੋਲੇ ਕਿ ਇਹ ਤਾਂ ਦੇਵਤੇ ਦੀ ਅਵਾਜ਼ ਹੈ, ਮਨੁੱਖ ਦੀ ਨਹੀਂ!

23ਤਦ ਪ੍ਰਭੂ ਦੇ ਇੱਕ ਦੂਤ ਨੇ ਉਹ ਨੂੰ ਅਜਿਹਾ ਮਾਰਿਆ ਕਿ ਉਹ ਕੀੜੇ ਪੈ ਕੇ ਮਰ ਗਿਆ, ਕਿਉਂਕਿ ਉਸ ਨੇ ਪਰਮੇਸ਼ੁਰ ਦੀ ਵਡਿਆਈ ਨਹੀਂ ਕੀਤੀ ਸੀ।

24ਪਰ ਪਰਮੇਸ਼ੁਰ ਦਾ ਬਚਨ ਵਧਦਾ ਅਤੇ ਫੈਲਦਾ ਗਿਆ।

25ਬਰਨਬਾਸ ਅਤੇ ਸੌਲੁਸ ਆਪਣੀ ਸੇਵਾ ਪੂਰੀ ਕਰ ਕੇ ਯੂਹੰਨਾ ਨੂੰ ਜਿਸ ਨੂੰ ਮਰਕੁਸ ਵੀ ਕਿਹਾ ਜਾਂਦਾ ਹੈ, ਨਾਲ ਲੈ ਕੇ ਯਰੂਸ਼ਲਮ ਤੋਂ ਮੁੜੇ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath