ਤਿਮੋਥਿਉਸ ਨੂੰ ਦੂਜੀ ਪੱਤ੍ਰੀ 4
1ਮੈਂ ਪਰਮੇਸ਼ੁਰ ਅਤੇ ਮਸੀਹ ਯਿਸੂ ਨੂੰ, ਜਿਹੜਾ ਜਿਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰੇਗਾ, ਗਵਾਹ ਕਰਕੇ ਉਹ ਦੇ ਪਰਕਾਸ਼ ਅਤੇ ਰਾਜ ਦਾ ਵਾਸਤਾ ਦੇ ਕੇ ਆਗਿਆ ਦਿੰਦਾ ਹਾਂ।
2ਬਚਨ ਦਾ ਪਰਚਾਰ ਕਰ। ਵੇਲੇ ਕੁਵੇਲੇ ਉਸ ਵਿੱਚ ਤਿਆਰ ਰਹਿ। ਪੂਰੇ ਧੀਰਜ ਅਤੇ ਸਿੱਖਿਆ ਨਾਲ ਝਿੜਕ ਦੇ, ਤਾੜਨਾ ਅਤੇ ਹੁਕਮ ਕਰ।
3ਕਿਉਂ ਜੋ ਉਹ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ, ਪਰ ਕੰਨਾਂ ਦੀ ਖੁਜਲੀ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਬਹੁਤ ਸਾਰੇ ਗੁਰੂ ਲੱਭ ਲੈਣਗੇ।
4ਅਤੇ ਸਚਿਆਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਮਨ ਲਗਾਉਣਗੇ।
5ਪਰ ਤੂੰ ਸਭ ਗੱਲਾਂ ਵਿੱਚ ਸੁਚੇਤ ਰਹੀਂ, ਦੁੱਖ ਝੱਲੀ, ਪਰਚਾਰਕ ਦਾ ਕੰਮ ਕਰੀਂ, ਆਪਣੀ ਸੇਵਕਾਈ ਨੂੰ ਪੂਰਾ ਕਰੀਂ।
6ਕਿਉਂ ਜੋ ਹੁਣ ਮੈਂ ਆਪਣੇ ਲਹੂ ਦਾ ਅਰਘ ਦੇਣ ਨੂੰ ਹਾਂ ਅਤੇ ਮੇਰਾ ਆਖਰੀ ਸਮਾਂ ਆ ਚੁੱਕਿਆ ਹੈ।
7ਮੈਂ ਚੰਗੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਪੂਰੀ ਕਰ ਲਈ ਹੈ, ਮੈਂ ਵਿਸ਼ਵਾਸ ਦੀ ਸੰਭਾਲ ਕੀਤੀ ਹੈ।
8ਆਖਿਰਕਾਰ, ਮੇਰੇ ਲਈ ਧਾਰਮਿਕਤਾ ਦਾ ਮੁਕਟ ਰੱਖਿਆ ਹੋਇਆ ਹੈ ਜਿਹੜਾ ਪ੍ਰਭੂ ਜੋ ਧਰਮੀ ਨਿਆਈਂ ਹੈ ਉਸ ਦਿਨ ਮੈਨੂੰ ਦੇਵੇਗਾ ਅਤੇ ਕੇਵਲ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਭਨਾਂ ਨੂੰ ਵੀ ਜਿਹਨਾਂ ਉਹ ਦੇ ਪ੍ਰਗਟ ਹੋਣ ਨੂੰ ਪਿਆਰਾ ਜਾਣਿਆ।
9ਤੂੰ ਮੇਰੇ ਕੋਲ ਛੇਤੀ ਆਉਣ ਦਾ ਯਤਨ ਕਰ।
10ਕਿਉਂ ਜੋ ਦੇਮਾਸ ਨੇ ਇਸ ਵਰਤਮਾਨ ਜੁੱਗ ਨਾਲ ਮੋਹ ਲਾ ਕੇ ਮੈਨੂੰ ਛੱਡ ਦਿੱਤਾ ਅਤੇ ਥਸਲੁਨੀਕੇ ਨੂੰ ਚੱਲਿਆ ਗਿਆ, ਕਰੇਸਕੇਸ ਗਲਾਤਿਯਾ ਨੂੰ ਅਤੇ ਤੀਤੁਸ ਦਲਮਾਤਿਯਾ ਨੂੰ ਚੱਲਿਆ ਗਿਆ।
11ਇਕੱਲਾ ਲੂਕਾ ਹੀ ਮੇਰੇ ਕੋਲ ਹੈ। ਤੂੰ ਮਰਕੁਸ ਨੂੰ ਨਾਲ ਲੈ ਕੇ ਆਵੀਂ ਕਿਉਂ ਜੋ ਉਹ ਸੇਵਾ ਲਈ ਮੇਰੇ ਕੰਮ ਦਾ ਹੈ।
12ਪਰ ਤੁਖਿਕੁਸ ਨੂੰ ਮੈਂ ਅਫ਼ਸੁਸ ਭੇਜਿਆ।
13ਉਹ ਚੋਗਾ ਜਿਹੜਾ ਮੈਂ ਤ੍ਰੋਆਸ ਵਿੱਚ ਕਾਰਪੁਸ ਦੇ ਕੋਲ ਛੱਡ ਆਇਆ ਸੀ ਅਤੇ ਪੋਥੀਆਂ ਅਤੇ ਖ਼ਾਸ ਕਰ ਕੇ ਉਹ ਚਮੜੇ ਦੇ ਪੱਤ੍ਰੇ ਤੂੰ ਲੈਂਦਾ ਆਵੀਂ।
14ਸਿਕੰਦਰ ਠਠੇਰੇ ਨੇ ਮੈਨੂੰ ਬਹੁਤ ਨੁਕਸਾਨ ਪਹੁੰਚਾਇਆ, ਪ੍ਰਭੂ ਉਹ ਦੇ ਕੰਮਾਂ ਦੇ ਅਨੁਸਾਰ ਉਹ ਨੂੰ ਫਲ ਦੇਵੇਗਾ।
15ਉਸ ਤੋਂ ਤੂੰ ਵੀ ਚੌਕਸ ਰਹੀਂ ਕਿਉਂ ਜੋ ਉਹ ਨੇ ਸਾਡੀਆਂ ਗੱਲਾਂ ਦੀ ਬਹੁਤ ਵਿਰੋਧਤਾ ਕੀਤੀ।
16ਮੇਰੀ ਪਹਿਲੀ ਪੇਸ਼ੀ ਉੱਤੇ ਕਿਸੇ ਨੇ ਮੇਰੀ ਹਾਮੀ ਨਾ ਭਰੀ ਸਗੋਂ ਸਾਰੇ ਮੈਨੂੰ ਛੱਡ ਗਏ। ਕਿਤੇ ਇਹ ਦਾ ਲੇਖਾ ਉਨ੍ਹਾਂ ਨੂੰ ਦੇਣਾ ਨਾ ਪਵੇ।
17ਪਰ ਪ੍ਰਭੂ ਮੇਰੇ ਅੰਗ-ਸੰਗ ਰਿਹਾ ਅਤੇ ਮੈਨੂੰ ਤਕੜਿਆਂ ਕੀਤਾ ਕਿ ਮੇਰੇ ਰਾਹੀਂ ਪਰਚਾਰ ਪੂਰਾ ਕੀਤਾ ਜਾਵੇ ਅਤੇ ਪਰਾਈਆਂ ਕੌਮਾਂ ਸੱਭੇ ਸੁਣਨ, ਅਤੇ ਮੈਂ ਬੱਬਰ ਸ਼ੇਰ ਦੇ ਮੂੰਹੋਂ ਛੁਡਾਇਆ ਗਿਆ।
18ਪ੍ਰਭੂ ਮੈਨੂੰ ਹਰੇਕ ਬੁਰੇ ਕੰਮ ਤੋਂ ਛੁਡਾਵੇਗਾ ਅਤੇ ਆਪਣੇ ਸਵਰਗ ਰਾਜ ਲਈ ਮੁਕਤੀ ਦੇ ਕੇ ਸੰਭਾਲ ਰੱਖੇਗਾ। ਉਹ ਦੀ ਵਡਿਆਈ ਜੁੱਗੋ-ਜੁੱਗ ਹੋਵੇ। ਆਮੀਨ।
19ਪਰਿਸਕਾ ਅਤੇ ਅਕੂਲਾ ਨੂੰ ਅਤੇ ਉਨੇਸਿਫ਼ੁਰੁਸ ਦੇ ਘਰਾਣੇ ਨੂੰ ਸੁੱਖ-ਸਾਂਦ ਆਖਣਾ।
20ਅਗਸਤੁਸ ਕੁਰਿੰਥੁਸ ਵਿੱਚ ਰਿਹਾ, ਤ੍ਰੋਫ਼ਿਮੁਸ ਨੂੰ ਮੈਂ ਮਿਲੇਤੁਸ ਵਿੱਚ ਬਿਮਾਰ ਛੱਡ ਆਇਆ l
21ਤੂੰ ਸਿਆਲ ਤੋਂ ਪਹਿਲਾਂ ਆਉਣ ਦਾ ਯਤਨ ਕਰ। ਯਬੂਲੁਸ ਤੇਰੀ ਸੁੱਖ-ਸਾਂਦ ਪੁੱਛਦਾ ਹੈ ਨਾਲੇ ਪੂਦੇਸ, ਲੀਨੁਸ, ਕਲੋਦੀਆ ਅਤੇ ਸਾਰੇ ਭਾਈ।
22ਪ੍ਰਭੂ ਤੇਰੇ ਆਤਮਾ ਦੇ ਅੰਗ-ਸੰਗ ਰਹੇ। ਤੁਹਾਡੇ ਉੱਤੇ ਕਿਰਪਾ ਹੁੰਦੀ ਰਹੇ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath