ਥੱਸਲੁਨੀਕੀਆ ਨੂੰ ਦੂਜੀ ਪੱਤ੍ਰੀ 2
1ਹੁਣ ਹੇ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਅਤੇ ਸਾਡੇ ਉਸ ਕੋਲ ਇਕੱਠਿਆਂ ਹੋਣ ਦੇ ਬਾਰੇ ਅਸੀਂ ਤੁਹਾਡੇ ਅੱਗੇ ਇਹ ਬੇਨਤੀ ਕਰਦੇ ਹਾਂ।
2ਜੋ ਤੁਸੀਂ ਕਿਸੇ ਆਤਮਾ, ਬਚਨ ਜਾਂ ਸਾਡੇ ਨਾਮ ਦੀ ਨਕਲੀ ਪੱਤ੍ਰੀ ਤੋਂ ਆਪਣੇ ਮਨੋਂ ਛੇਤੀ ਨਾ ਡੋਲੋ, ਨਾ ਘਬਰਾਓ ਜੋ ਸਮਝੋ ਕਿ ਪ੍ਰਭੂ ਦਾ ਦਿਨ ਆਉਣ ਵਾਲਾ ਹੈ!
3ਕੋਈ ਤੁਹਾਨੂੰ ਕਿਸੇ ਤਰ੍ਹਾਂ ਨਾ ਭਰਮਾਵੇ ਕਿਉਂ ਜੋ ਉਹ ਦਿਨ ਉਦੋਂ ਤੱਕ ਨਹੀਂ ਆਵੇਗਾ ਜਿੰਨਾਂ ਚਿਰ ਪਹਿਲਾਂ ਧਰਮ ਤਿਆਗ ਨਾ ਹੋ ਲਵੇ ਅਤੇ ਉਹ ਪਾਪ ਦਾ ਪੁਰਖ ਅਰਥਾਤ ਵਿਨਾਸ਼ ਦਾ ਪੁੱਤਰ ਪਰਗਟ ਨਾ ਹੋ ਜਾਵੇ।
4ਜੋ ਮਸੀਹ ਵਿਰੋਧੀ ਹੈ ਅਤੇ ਹਰ ਇੱਕ ਉੱਤੇ ਜਿਹੜਾ ਦੇਵ ਅਖਵਾਉਂਦਾ ਜਾਂ ਪੂਜਿਆ ਜਾਂਦਾ ਹੈ, ਆਪਣੇ ਆਪ ਨੂੰ ਉੱਚਿਆਂ ਕਰਦਾ ਹੈ ਐਥੋਂ ਤੱਕ ਕਿ ਉਹ ਪਰਮੇਸ਼ੁਰ ਦੀ ਹੈਕਲ ਵਿੱਚ ਬਹਿੰਦਾ ਹੈ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਵਾਂਗੂੰ ਵਿਖਾਉਂਦਾ ਹੈ।
5ਕੀ ਤੁਹਾਨੂੰ ਚੇਤੇ ਨਹੀਂ ਕਿ ਜਦੋਂ ਮੈਂ ਤੁਹਾਡੇ ਕੋਲ ਸੀ, ਮੈਂ ਤੁਹਾਨੂੰ ਇਹ ਗੱਲਾਂ ਨਹੀਂ ਆਖੀਆਂ ਸਨ?
6ਹੁਣ ਤੁਸੀਂ ਉਹ ਨੂੰ ਜਾਣਦੇ ਹੋ ਜੋ ਉਸ ਨੂੰ ਰੋਕ ਰਿਹਾ ਹੈ ਕਿ ਉਹ ਆਪਣੇ ਸਮੇਂ ਸਿਰ ਪਰਗਟ ਹੋਵੇ।
7ਕੁਧਰਮ ਅਰਥਾਤ ਪਾਪ ਦਾ ਭੇਤ ਹੁਣ ਵੀ ਕੰਮ ਕਰੀ ਜਾਂਦਾ ਹੈ ਪਰ ਹੁਣ ਇੱਕ ਰੋਕਣ ਵਾਲਾ ਹੈ ਅਤੇ ਜਦੋਂ ਤੱਕ ਉਹ ਦੂਰ ਨਾ ਹੋ ਜਾਵੇ, ਉਹ ਰੁੱਕਿਆ ਰਹੇਗਾ।
8ਤਦ ਉਹ ਕੁਧਰਮੀ ਪਰਗਟ ਹੋਵੇਗਾ, ਜਿਸ ਨੂੰ ਪ੍ਰਭੂ ਯਿਸੂ ਆਪਣੇ ਮੂੰਹ ਦੀ ਫੂਕ ਨਾਲ ਮਾਰ ਸੁੱਟੇਗਾ ਅਤੇ ਆਪਣੇ ਆਉਣ ਦੇ ਪਰਕਾਸ਼ ਨਾਲ ਨਾਸ ਕਰੇਗਾ।
9ਉਸ ਕੁਧਰਮੀ ਦਾ ਆਉਣਾ ਸ਼ੈਤਾਨ ਦੇ ਕੰਮਾਂ ਦੇ ਅਨੁਸਾਰ ਹਰ ਪਰਕਾਰ ਦੀ ਸਮਰੱਥਾ, ਝੂਠੀਆਂ ਨਿਸ਼ਾਨੀਆਂ ਅਤੇ ਹੈਰਾਨ ਕਰਨ ਵਾਲੀਆਂ ਗੱਲਾਂ ਨਾਲ ਹੋਵੇਗਾ।
10ਨਾਲੇ ਉਹਨਾਂ ਲਈ ਜਿਹੜੇ ਨਾਸ ਹੋ ਰਹੇ ਹਨ, ਕੁਧਰਮ ਦੇ ਹਰ ਪ੍ਰਕਾਰ ਦੇ ਧੋਖੇ ਨਾਲ ਹੋਵੇਗਾ, ਇਸ ਕਾਰਨ ਜੋ ਉਹਨਾਂ ਨੇ ਸਚਿਆਈ ਦੇ ਬਚਨ ਨੂੰ ਕਬੂਲ ਨਾ ਕੀਤਾ ਜਿਸ ਤੋਂ ਉਹਨਾਂ ਦੀ ਮੁਕਤੀ ਹੋ ਸਕਦੀ ਸੀ।
11ਇਸ ਲਈ ਪਰਮੇਸ਼ੁਰ ਉਨ੍ਹਾਂ ਉੱਤੇ ਭਰਮਾਉਣ ਵਾਲੀ ਤਾਕਤ ਨੂੰ ਭੇਜੇਗਾ ਤਾਂ ਜੋ ਉਹ ਝੂਠ ਨੂੰ ਸੱਚ ਮੰਨਣ।
12ਅਤੇ ਉਹ ਸਾਰੇ ਦੋਸ਼ੀ ਠਹਿਰਣ ਜਿਨ੍ਹਾਂ ਨੇ ਸੱਚ ਨੂੰ ਨਾ ਮੰਨਿਆ ਸਗੋਂ ਝੂਠ ਉੱਤੇ ਪਰਸੰਨ ਰਹੇ।
13ਪਰ ਹੇ ਭਰਾਵੋ, ਪ੍ਰਭੂ ਦੇ ਪਿਆਰਿਓ, ਸਾਨੂੰ ਚਾਹੀਦਾ ਹੈ ਜੋ ਤੁਹਾਡੇ ਲਈ ਸਦਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹੀਏ ਕਿਉਂਕਿ ਪਰਮੇਸ਼ੁਰ ਨੇ ਆਦ ਤੋਂ ਹੀ ਤੁਹਾਨੂੰ ਚੁਣ ਲਿਆ ਜੋ ਆਤਮਾ ਤੋਂ ਪਵਿੱਤਰ ਹੋ ਕੇ ਅਤੇ ਸਚਿਆਈ ਤੇ ਵਿਸ਼ਵਾਸ ਕਰਕੇ ਮੁਕਤੀ ਪਾਓ।
14ਜਿਸ ਦੇ ਲਈ ਉਸ ਨੇ ਤੁਹਾਨੂੰ ਸਾਡੀ ਖੁਸ਼ਖਬਰੀ ਦੇ ਰਾਹੀਂ ਸੱਦਿਆ ਕਿ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਪ੍ਰਾਪਤ ਹੋਵੇ।
15ਸੋ ਇਸ ਕਾਰਨ ਹੇ ਭਰਾਵੋ, ਕਾਇਮ ਰਹੋ ਅਤੇ ਉਨ੍ਹਾਂ ਸਾਰੀਆਂ ਗੱਲਾਂ ਨੂੰ ਜਿਹੜੀਆਂ ਤੁਸੀਂ ਭਾਵੇਂ ਜ਼ੁਬਾਨੀ ਭਾਵੇਂ ਸਾਡੀ ਪੱਤ੍ਰੀ ਤੋਂ ਸਿੱਖੀਆਂ ਫੜ੍ਹੀ ਰੱਖੋ।
16ਹੁਣ ਸਾਡਾ ਪ੍ਰਭੂ ਯਿਸੂ ਮਸੀਹ ਆਪ ਅਤੇ ਸਾਡਾ ਪਿਤਾ ਪਰਮੇਸ਼ੁਰ ਜਿਸ ਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਡੇ ਉੱਤੇ ਕਿਰਪਾ ਕਰ ਕੇ ਸਾਨੂੰ ਸਦੀਪਕਾਲ ਦੀ ਤਸੱਲੀ ਅਤੇ ਚੰਗੀ ਆਸ ਦਿੱਤੀ।
17ਤੁਹਾਡੇ ਮਨਾਂ ਨੂੰ ਸ਼ਾਂਤੀ ਦੇਵੇ ਅਤੇ ਤੁਹਾਨੂੰ ਹਰੇਕ ਭਲੇ ਕੰਮ ਅਤੇ ਬਚਨ ਵਿੱਚ ਮਜ਼ਬੂਤ ਕਰੇ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath