2 ਸਮੂਏਲ 8
1ਇਸ ਤੋਂ ਬਾਅਦ ਅਜਿਹਾ ਹੋਇਆ ਕਿ ਦਾਊਦ ਨੇ ਫ਼ਲਿਸਤੀਆਂ ਨੂੰ ਮਾਰਿਆ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਕਰ ਲਿਆ ਅਤੇ ਦਾਊਦ ਨੇ ਰਾਜਧਾਨੀ ਫ਼ਲਿਸਤੀਆਂ ਦੇ ਹੱਥ ਵਿੱਚੋਂ ਖੋਹ ਲਈ।
2ਅਤੇ ਉਸ ਨੇ ਮੋਆਬ ਦੇਸ ਨੂੰ ਜਿੱਤ ਲਿਆ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਲੰਮੇ ਪਾ ਕੇ ਡੋਰੀ ਨਾਲ ਉਨ੍ਹਾਂ ਨੂੰ ਮਿਣਿਆ ਅਰਥਾਤ ਦੋ ਡੋਰੀਆਂ ਤੱਕ ਮਿਣੇ ਗਏ ਲੋਕਾਂ ਨੂੰ ਘਾਤ ਕੀਤਾ ਅਤੇ ਇੱਕ ਡੋਰੀ ਤੱਕ ਮਿਣੇ ਗਏ ਲੋਕਾਂ ਨੂੰ ਜੀਉਂਦੇ ਛੱਡ ਦਿੱਤਾ, ਤਦ ਮੋਆਬੀ ਦਾਊਦ ਦੇ ਦਾਸ ਬਣ ਗਏ ਅਤੇ ਨਜ਼ਰਾਨੇ ਲਿਆਉਣ ਲੱਗੇ।
3ਦਾਊਦ ਨੇ ਸੋਬਾਹ ਦੇ ਰਾਜਾ ਰਹੋਬ ਦੇ ਪੁੱਤਰ ਹਦਦਅਜ਼ਰ ਨੂੰ ਵੀ ਜਿੱਤ ਲਿਆ, ਜਦ ਉਹ ਫ਼ਰਾਤ ਦਰਿਆ ਉੱਤੇ ਆਪਣੇ ਦੇਸ ਨੂੰ ਛੁਡਾਉਣ ਨਿੱਕਲਿਆ ਸੀ।
4ਦਾਊਦ ਨੇ ਉਸ ਦੇ ਇੱਕ ਹਜ਼ਾਰ ਸੱਤ ਸੌ ਸਵਾਰ ਅਤੇ ਵੀਹ ਹਜ਼ਾਰ ਪਿਆਦੇ ਫੜ ਲਏ। ਦਾਊਦ ਨੇ ਰਥਾਂ ਦੇ ਸਾਰੇ ਘੋੜਿਆਂ ਦੀਆਂ ਨਾੜਾਂ ਨੂੰ ਵੱਡ ਸੁੱਟਿਆ ਪਰ ਉਨ੍ਹਾਂ ਵਿੱਚੋਂ ਸੌ ਰਥਾਂ ਦੇ ਲਈ ਘੋੜੇ ਬਚਾ ਰੱਖੇ।
5ਜਦੋਂ ਦੰਮਿਸ਼ਕ ਦੇ ਅਰਾਮੀ ਲੋਕ, ਸੋਬਾਹ ਦੇ ਰਾਜਾ ਹਦਦਅਜ਼ਰ ਦੀ ਸਹਾਇਤਾ ਕਰਨ ਨੂੰ ਆਏ ਤਾਂ ਦਾਊਦ ਨੇ ਅਰਾਮੀਆਂ ਦੇ ਬਾਈ ਹਜ਼ਾਰ ਮਨੁੱਖ ਮਾਰ ਸੁੱਟੇ।
6ਤਦ ਦਾਊਦ ਨੇ ਦੰਮਿਸ਼ਕ ਦੇ ਅਰਾਮੀਆਂ ਦੇ ਵਿਚਕਾਰ ਚੌਂਕੀਆਂ ਬੈਠਾ ਦਿੱਤੀਆਂ, ਸੋ ਅਰਾਮੀ ਵੀ ਦਾਊਦ ਦੇ ਅਧੀਨ ਹੋ ਗਏ ਅਤੇ ਨਜ਼ਰਾਨੇ ਲਿਆਉਣ ਲੱਗੇ। ਜਿੱਥੇ ਵੀ ਦਾਊਦ ਜਾਂਦਾ ਸੀ, ਯਹੋਵਾਹ ਉਸ ਨੂੰ ਜਿੱਤ ਬਖਸ਼ਦਾ ਸੀ।
7ਦਾਊਦ ਨੇ ਹਦਦਅਜ਼ਰ ਦੇ ਸੇਵਕਾਂ ਦੀਆਂ ਸੁਨਹਿਰੀ ਢਾਲਾਂ ਖੋਹ ਲਈਆਂ ਅਤੇ ਉਨ੍ਹਾਂ ਨੂੰ ਯਰੂਸ਼ਲਮ ਵਿੱਚ ਲੈ ਆਇਆ।
8ਅਤੇ ਬਟਹ ਅਤੇ ਬੇਰੋਤਈ ਤੋਂ ਜੋ ਹਦਦਅਜ਼ਰ ਦੇ ਸ਼ਹਿਰਾਂ ਵਿੱਚੋਂ ਸਨ, ਦਾਊਦ ਰਾਜਾ ਢੇਰ ਸਾਰਾ ਪਿੱਤਲ ਲੈ ਆਇਆ।
9ਜਦ ਹਮਾਥ ਦੇ ਰਾਜਾ ਤੋਈ ਨੇ ਸੁਣਿਆ ਕਿ ਦਾਊਦ ਨੇ ਹਦਦਅਜ਼ਰ ਦੀ ਸਾਰੀ ਫ਼ੌਜ ਨੂੰ ਨਸ਼ਟ ਕਰ ਦਿੱਤਾ ਹੈ,
10ਤਦ ਤੋਈ ਨੇ ਆਪਣੇ ਪੁੱਤਰ ਯੋਰਾਮ ਨੂੰ ਦਾਊਦ ਰਾਜਾ ਕੋਲ ਭੇਜਿਆ ਜੋ ਉਸ ਦੀ ਸੁੱਖ-ਸਾਂਦ ਪੁੱਛੇ ਅਤੇ ਵਧਾਈ ਦੇਵੇ ਕਿਉਂ ਜੋ ਉਸ ਨੇ ਹਦਦਅਜ਼ਰ ਨਾਲ ਯੁੱਧ ਕਰ ਕੇ ਉਹ ਨੂੰ ਮਾਰ ਲਿਆ ਸੀ, ਕਿਉਂ ਜੋ ਹਦਦਅਜ਼ਰ ਤੋਈ ਨਾਲ ਵੀ ਲੜਾਈ ਕਰਦਾ ਰਹਿੰਦਾ ਸੀ। ਸੋ ਯੋਰਾਮ ਚਾਂਦੀ, ਅਤੇ ਪਿੱਤਲ ਦੇ ਭਾਂਡੇ ਆਪਣੇ ਨਾਲ ਲੈ ਆਇਆ।
11ਦਾਊਦ ਰਾਜਾ ਨੇ ਉਹ ਸਭ ਕੁਝ ਜੋ ਉਸਨੇ ਕੌਮਾਂ ਤੋਂ ਜਿੱਤਿਆ ਸੀ, ਉਹਨਾਂ ਦੀ ਚਾਂਦੀ ਅਤੇ ਸੋਨੇ ਸਮੇਤ, ਇਨ੍ਹਾਂ ਨੂੰ ਵੀ ਯਹੋਵਾਹ ਦੇ ਲਈ ਪਵਿੱਤਰ ਕਰ ਕੇ ਰੱਖ ਛੱਡਿਆ।
12ਅਰਥਾਤ ਅਰਾਮੀਆਂ, ਮੋਆਬੀਆਂ, ਅੰਮੋਨੀਆਂ, ਫ਼ਲਿਸਤੀਆਂ, ਅਮਾਲੇਕੀਆਂ, ਅਤੇ ਸੋਬਾਹ ਦੇ ਰਾਜਾ ਰਹੋਬ ਦੇ ਪੁੱਤਰ ਹਦਦਅਜ਼ਰ ਦੀ ਲੁੱਟ ਵਿੱਚੋਂ ਰੱਖਿਆ,
13ਜਦ ਦਾਊਦ ਲੂਣ ਦੀ ਵਾਦੀ ਵਿੱਚ ਅਠਾਰਾਂ ਹਜ਼ਾਰ ਅਰਾਮੀਆਂ ਨੂੰ ਮਾਰ ਕੇ ਮੁੜ ਆਇਆ ਤਦ ਉਸਦਾ ਨਾਮ ਵੱਡਾ ਹੋਇਆ।
14ਉਸ ਨੇ ਅਦੋਮ ਵਿੱਚ ਚੌਂਕੀਆਂ ਬਿਠਾਈਆਂ, ਸਗੋਂ ਸਾਰੇ ਅਦੋਮ ਵਿੱਚ ਚੌਂਕੀਆਂ ਬਿਠਾਈਆਂ। ਸਾਰੇ ਅਦੋਮੀ ਵੀ ਦਾਊਦ ਦੇ ਅਧੀਨ ਹੋ ਗਏ। ਜਿੱਥੇ-ਜਿੱਥੇ ਵੀ ਦਾਊਦ ਗਿਆ, ਯਹੋਵਾਹ ਉਸ ਨੂੰ ਜਿੱਤ ਬਖ਼ਸ਼ਦਾ ਸੀ।
15ਦਾਊਦ ਨੇ ਸਾਰੇ ਇਸਰਾਏਲ ਉੱਤੇ ਰਾਜ ਕੀਤਾ ਅਤੇ ਦਾਊਦ ਆਪਣੀ ਸਾਰੀ ਪਰਜਾ ਨਾਲ ਧਰਮ ਅਤੇ ਨਿਆਂ ਦੇ ਕੰਮ ਕਰਦਾ ਸੀ।
16ਸਰੂਯਾਹ ਦਾ ਪੁੱਤਰ ਯੋਆਬ ਸੈਨਾਪਤੀ ਸੀ ਅਤੇ ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਤ ਇਤਿਹਾਸ ਦਾ ਲਿਖਾਰੀ ਸੀ।
17ਅਹੀਟੂਬ ਦਾ ਪੁੱਤਰ ਸਾਦੋਕ ਅਤੇ ਅਬਯਾਥਾਰ ਦਾ ਪੁੱਤਰ ਅਹੀਮਲਕ ਜਾਜਕ ਸਨ, ਅਤੇ ਸਰਾਯਾਹ ਮੁਨਸ਼ੀ ਸੀ,
18ਅਤੇ ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਤੀਆਂ ਅਤੇ ਫਲੇਤੀਆਂ ਉੱਤੇ ਪ੍ਰਧਾਨ ਸੀ ਅਤੇ ਦਾਊਦ ਦੇ ਪੁੱਤਰ ਵਜ਼ੀਰ ਸਨ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath