2 ਸਮੂਏਲ 7
1ਅਜਿਹਾ ਹੋਇਆ ਜਿਸ ਵੇਲੇ ਰਾਜਾ ਆਪਣੇ ਘਰ ਵਿੱਚ ਬੈਠਾ ਸੀ, ਯਹੋਵਾਹ ਨੇ ਉਸ ਦੇ ਚੁਫ਼ੇਰੇ ਦੇ ਵੈਰੀਆਂ ਤੋਂ ਉਹ ਨੂੰ ਆਰਾਮ ਦਿੱਤਾ।
2ਤਦ ਦਾਊਦ ਨੇ ਨਾਥਾਨ ਨਬੀ ਨੂੰ ਆਖਿਆ, ਵੇਖ, ਮੈਂ ਤਾਂ ਦਿਆਰ ਦੀ ਲੱਕੜ ਦੇ ਬਣਾਏ ਹੋਏ ਮਹਿਲ ਵਿੱਚ ਰਹਿੰਦਾ ਹਾਂ ਪਰ ਪਰਮੇਸ਼ੁਰ ਦਾ ਸੰਦੂਕ ਤੰਬੂ ਵਿੱਚ ਰਹਿੰਦਾ ਹੈ।
3ਤਦ ਨਾਥਾਨ ਨੇ ਦਾਊਦ ਨੂੰ ਆਖਿਆ, ਜਾ, ਜੋ ਕੁਝ ਤੇਰੇ ਮਨ ਵਿੱਚ ਹੈ ਤੂੰ ਉਸੇ ਤਰ੍ਹਾਂ ਕਰ, ਕਿਉਂ ਜੋ ਯਹੋਵਾਹ ਤੇਰੇ ਨਾਲ ਹੈ।
4ਉਸੇ ਰਾਤ ਯਹੋਵਾਹ ਦਾ ਬਚਨ ਨਾਥਾਨ ਨੂੰ ਆਇਆ, ਜਾ ਕੇ ਮੇਰੇ ਦਾਸ ਦਾਊਦ ਨੂੰ ਆਖ, ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ,
5ਕੀ ਤੂੰ ਮੇਰੇ ਨਿਵਾਸ ਲਈ ਇੱਕ ਭਵਨ ਬਣਾਏਂਗਾ?
6ਜਿਸ ਦਿਨ ਤੋਂ ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਹਾਂ, ਅੱਜ ਤੱਕ ਮੈਂ ਕਿਸੇ ਭਵਨ ਵਿੱਚ ਨਹੀਂ ਰਿਹਾ ਸਗੋਂ ਤੰਬੂ ਤੋਂ ਤੰਬੂ ਅਤੇ ਡੇਰੇ ਤੋਂ ਡੇਰੇ ਵਿੱਚ ਫਿਰਦਾ ਰਿਹਾ ਹਾਂ।
7ਜਿੱਥੇ-ਜਿੱਥੇ ਮੈਂ ਸਾਰੇ ਇਸਰਾਏਲੀਆਂ ਦੇ ਨਾਲ ਫਿਰਦਾ ਰਿਹਾ ਹਾਂ, ਤਾਂ ਕੀ ਭਲਾ, ਮੈਂ ਇਸਰਾਏਲ ਦੇ ਨਿਆਂਈਆਂ ਵਿੱਚੋਂ ਜਿਨ੍ਹਾਂ ਨੂੰ ਮੈਂ ਆਪਣੀ ਪਰਜਾ ਨੂੰ ਚਰਾਉਣ ਦੀ ਆਗਿਆ ਕੀਤੀ, ਕਿਸੇ ਨੂੰ ਕਦੀ ਆਖਿਆ ਕਿ ਤੁਸੀਂ ਮੇਰੇ ਲਈ ਦਿਆਰ ਦਾ ਭਵਨ ਕਿਉਂ ਨਹੀਂ ਬਣਾਇਆ?
8ਸੋ ਹੁਣ ਤੂੰ ਮੇਰੇ ਦਾਸ ਦਾਊਦ ਨੂੰ ਆਖ ਕਿ ਸੈਨਾਂ ਦਾ ਯਹੋਵਾਹ ਇਹ ਆਖਦਾ ਹੈ, ਮੈਂ ਤੈਨੂੰ ਉਸ ਸਥਾਨ ਤੋਂ ਕੱਢ ਕੇ ਜਿੱਥੇ ਤੂੰ ਭੇਡਾਂ-ਬੱਕਰੀਆਂ ਚਾਰਦਾ ਸੀ, ਆਪਣੀ ਪਰਜਾ ਇਸਰਾਏਲ ਦਾ ਪ੍ਰਧਾਨ ਬਣਾ ਦਿੱਤਾ।
9ਅਤੇ ਜਿੱਥੇ-ਜਿੱਥੇ ਤੂੰ ਗਿਆ ਮੈਂ ਤੇਰੇ ਨਾਲ ਰਿਹਾ ਅਤੇ ਤੇਰੇ ਸਾਰੇ ਵੈਰੀਆਂ ਨੂੰ ਤੇਰੇ ਅੱਗੋਂ ਮਿਟਾ ਦਿੱਤਾ ਅਤੇ ਮੈਂ ਜਗਤ ਦੇ ਵੱਡੇ ਨਾਮੀ ਲੋਕਾਂ ਵਾਂਗੂੰ, ਤੇਰਾ ਨਾਮ ਵੀ ਵੱਡਾ ਕਰਾਂਗਾ।
10ਮੈਂ ਆਪਣੀ ਪਰਜਾ ਇਸਰਾਏਲ ਦੇ ਲਈ ਇੱਕ ਥਾਂ ਠਹਿਰਾ ਦਿਆਂਗਾ ਅਤੇ ਉੱਥੇ ਉਨ੍ਹਾਂ ਨੂੰ ਸਥਿਰ ਕਰਾਂਗਾ, ਜੋ ਉਹ ਆਪਣੇ ਠੀਕ ਥਾਂ ਵਿੱਚ ਵੱਸਣ ਅਤੇ ਫੇਰ ਨਾ ਭਟਕਣ ਅਤੇ ਦੁਸ਼ਟ ਲੋਕ ਫਿਰ ਉਹਨਾਂ ਨੂੰ ਦੁੱਖ ਨਾ ਦੇਣਗੇ ਜਿਵੇਂ ਪਹਿਲਾਂ ਦਿੰਦੇ ਸਨ,
11ਸਗੋਂ ਉਸ ਦਿਨ ਵਾਂਗੂੰ ਜਿਸ ਵਿੱਚ ਮੈਂ ਨਿਆਂਈਆਂ ਨੂੰ ਹੁਕਮ ਦਿੱਤਾ ਸੀ ਕਿ ਮੇਰੀ ਪਰਜਾ ਇਸਰਾਏਲ ਉੱਤੇ ਹੋਵੋ ਅਤੇ ਮੈਂ ਤੇਰੇ ਸਾਰੇ ਵੈਰੀਆਂ ਤੋਂ ਆਰਾਮ ਦਿਆਂਗਾ। ਫਿਰ ਯਹੋਵਾਹ ਤੈਨੂੰ ਇਹ ਵੀ ਦੱਸਦਾ ਹੈ ਜੋ ਯਹੋਵਾਹ ਤੇਰੇ ਘਰਾਣੇ ਨੂੰ ਬਣਾਵੇਗਾ,
12ਅਤੇ ਜਦ ਤੇਰੇ ਦਿਨ ਪੂਰੇ ਹੋਣਗੇ, ਅਤੇ ਤੂੰ ਆਪਣੇ ਪਿਓ ਦਾਦਿਆਂ ਦੇ ਨਾਲ ਸੌਂ ਜਾਵੇਂਗਾ, ਤਾਂ ਮੈਂ ਤੇਰੇ ਪਿੱਛੋਂ ਤੇਰੀ ਸੰਤਾਨ ਨੂੰ ਖੜ੍ਹਾ ਕਰਾਂਗਾ ਅਤੇ ਉਸ ਦੇ ਰਾਜ ਨੂੰ ਮਜ਼ਬੂਤ ਕਰਾਂਗਾ।
13ਉਹ ਮੇਰੇ ਨਾਮ ਦਾ ਇੱਕ ਭਵਨ ਬਣਾਵੇਗਾ ਅਤੇ ਮੈਂ ਉਸ ਦੀ ਰਾਜ ਗੱਦੀ ਨੂੰ ਸਦੀਪਕ ਕਾਲ ਤੱਕ ਸਥਿਰ ਰੱਖਾਂਗਾ।
14ਮੈਂ ਉਸ ਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਜੇ ਕਦੀ ਉਹ ਬੁਰਾਈ ਕਰੇ, ਤਾਂ ਮੈਂ ਉਹ ਨੂੰ ਮਨੁੱਖਾਂ ਦੀ ਜੋਗ ਸਜ਼ਾ ਅਤੇ ਆਦਮ ਦੀ ਸੰਤਾਨ ਦੀ ਜੋਗ ਸਜ਼ਾ ਨਾਲ ਤਾੜਨਾ ਦੇਵਾਂਗਾ।
15ਪਰ ਮੇਰੀ ਦਯਾ ਉਸ ਤੋਂ ਵੱਖਰੀ ਨਾ ਹੋਵੇਗੀ, ਜਿਵੇਂ ਸ਼ਾਊਲ ਤੋਂ ਵੱਖਰੀ ਕਰ ਕੇ ਮੈਂ ਉਸ ਨੂੰ ਤੇਰੇ ਅੱਗੋਂ ਨਾਸ ਕੀਤਾ।
16ਤੇਰਾ ਘਰਾਣਾ ਅਤੇ ਤੇਰਾ ਰਾਜ ਸਦੀਪਕ ਕਾਲ ਤੱਕ ਤੇਰੇ ਅੱਗੇ ਅਟੱਲ ਰਹੇਗਾ। ਤੇਰੀ ਰਾਜ ਗੱਦੀ ਸਦਾ ਅਟੱਲ ਰਹੇਗੀ।
17ਸੋ ਨਾਥਾਨ ਨੇ ਇਨ੍ਹਾਂ ਸਾਰੀਆਂ ਗੱਲਾਂ ਅਤੇ ਇਸ ਦਰਸ਼ਣ ਅਨੁਸਾਰ ਦਾਊਦ ਨੂੰ ਸਮਝਾ ਦਿੱਤਾ।
18ਤਦ ਦਾਊਦ ਰਾਜਾ ਅੰਦਰ ਗਿਆ ਅਤੇ ਯਹੋਵਾਹ ਦੇ ਹਜ਼ੂਰ ਬੈਠ ਕੇ ਆਖਿਆ, ਹੇ ਪ੍ਰਭੂ ਯਹੋਵਾਹ, ਮੈਂ ਕੌਣ ਹਾਂ, ਅਤੇ ਮੇਰਾ ਘਰਾਣਾ ਕੀ ਹੈ ਜੋ ਤੂੰ ਮੈਨੂੰ ਐਥੋਂ ਤੱਕ ਪਹੁੰਚਾ ਦਿੱਤਾ ਹੈ?
19ਤਾਂ ਵੀ ਹੇ ਪ੍ਰਭੂ ਯਹੋਵਾਹ, ਇਹ ਤਾਂ ਤੇਰੀ ਨਿਗਾਹ ਵਿੱਚ ਬਹੁਤ ਛੋਟੀ ਜਿਹੀ ਗੱਲ ਸੀ, ਕਿਉਂ ਜੋ ਤੂੰ ਆਪਣੇ ਦਾਸ ਦੇ ਘਰਾਣੇ ਦੇ ਲਈ ਬਹੁਤ ਦੂਰ ਦੀ ਖ਼ਬਰ ਪਹਿਲਾਂ ਹੀ ਦੱਸ ਦਿੱਤੀ। ਹੇ ਪ੍ਰਭੂ ਯਹੋਵਾਹ, ਮਨੁੱਖ ਦਾ ਇਹੋ ਨਿਯਮ ਹੈ!
20ਅਤੇ ਦਾਊਦ ਤੈਨੂੰ ਹੋਰ ਕੀ ਆਖ ਸਕਦਾ ਹੈ? ਹੇ ਪ੍ਰਭੂ ਯਹੋਵਾਹ, ਤੂੰ ਤਾਂ ਆਪਣੇ ਦਾਸ ਨੂੰ ਜਾਣਦਾ ਹੈਂ!
21ਤੂੰ ਆਪਣੇ ਬਚਨ ਦੇ ਅਨੁਸਾਰ ਅਤੇ ਆਪਣੇ ਮਨ ਦੇ ਅਨੁਸਾਰ ਇਹ ਸਾਰੇ ਵੱਡੇ ਕੰਮ ਕੀਤੇ ਤਾਂ ਜੋ ਤੇਰਾ ਦਾਸ ਜਾਣ ਲਵੇ।
22ਇਸ ਲਈ ਹੇ ਯਹੋਵਾਹ ਪਰਮੇਸ਼ੁਰ, ਤੂੰ ਵੱਡਾ ਹੈਂ ਕਿਉਂ ਜੋ ਜਿੱਥੋਂ ਤੱਕ ਅਸੀਂ ਆਪਣੇ ਕੰਨਾਂ ਨਾਲ ਸੁਣਿਆ ਹੈ ਤੇਰੇ ਤੁੱਲ ਕੋਈ ਨਹੀਂ ਅਤੇ ਤੇਰੇ ਤੋਂ ਬਿਨ੍ਹਾਂ ਹੋਰ ਕੋਈ ਪਰਮੇਸ਼ੁਰ ਨਹੀਂ ਹੈ।
23ਅਤੇ ਇਸ ਸੰਸਾਰ ਵਿੱਚ ਤੇਰੀ ਪਰਜਾ ਇਸਰਾਏਲ ਦੇ ਵਰਗੀ ਕਿਹੜੀ ਕੌਮ ਹੈ, ਜਿਸ ਦੇ ਬਚਾਉਣ ਨੂੰ ਪਰਮੇਸ਼ੁਰ ਆਪ ਗਿਆ ਕਿ ਉਹ ਨੂੰ ਆਪਣੀ ਪਰਜਾ ਬਣਾਵੇ ਅਤੇ ਤੁਹਾਡੇ ਅਤੇ ਤੇਰੇ ਦੇਸ਼ ਦੇ ਲਈ ਵੱਡੀਆਂ ਤੇ ਡਰਾਉਣੀਆਂ ਸ਼ਕਤੀਆਂ ਆਪਣੀ ਪਰਜਾ ਦੇ ਅੱਗੇ ਵਿਖਾਵੇ, ਜਿਸ ਨੂੰ ਤੂੰ ਮਿਸਰ ਤੋਂ, ਕੌਮਾਂ ਤੇ ਅਤੇ ਉਨ੍ਹਾਂ ਦੇ ਦੇਵਤਿਆਂ ਤੋਂ ਆਪਣੇ ਲਈ ਛੁਟਕਾਰਾ ਦਿੱਤਾ?
24ਤੂੰ ਆਪਣੇ ਲਈ ਆਪਣੀ ਪਰਜਾ ਇਸਰਾਏਲ ਨੂੰ ਕਾਇਮ ਕੀਤਾ, ਜੋ ਸਦੀਪਕ ਕਾਲ ਤੱਕ ਉਹ ਤੇਰੀ ਪਰਜਾ ਹੋਵੇ ਅਤੇ ਹੇ ਯਹੋਵਾਹ, ਤੂੰ ਆਪ ਉਨ੍ਹਾਂ ਦਾ ਪਰਮੇਸ਼ੁਰ ਬਣਿਆ।
25ਹੁਣ ਹੇ ਯਹੋਵਾਹ ਪਰਮੇਸ਼ੁਰ, ਉਸ ਬਚਨ ਨੂੰ ਜੋ ਤੂੰ ਆਪਣੇ ਦਾਸ ਲਈ ਅਤੇ ਉਹ ਦੇ ਘਰਾਣੇ ਦੇ ਬਾਰੇ ਬੋਲਿਆ ਹੈ, ਸਦੀਪਕ ਕਾਲ ਤੱਕ ਅਟੱਲ ਕਰ ਅਤੇ ਜੋ ਤੂੰ ਬੋਲਿਆ ਹੈ ਉਸੇ ਤਰ੍ਹਾਂ ਹੀ ਕਰ।
26ਇਹ ਆਖ ਕੇ ਤੇਰੇ ਨਾਮ ਦੀ ਵਡਿਆਈ ਸਦੀਪਕ ਕਾਲ ਤੱਕ ਹੋਵੇ ਕਿ ਸੈਨਾਂ ਦਾ ਯਹੋਵਾਹ ਇਸਰਾਏਲ ਉੱਤੇ ਪਰਮੇਸ਼ੁਰ ਹੈ ਅਤੇ ਤੇਰੇ ਦਾਸ ਦਾਊਦ ਦਾ ਘਰਾਣਾ ਤੇਰੇ ਸਾਹਮਣੇ ਅਟੱਲ ਰਹੇ।
27ਕਿਉਂ ਜੋ ਹੇ ਸੈਨਾਂ ਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਤੂੰ ਆਪਣੇ ਦਾਸ ਦੇ ਕੰਨ ਖੋਲ੍ਹ ਦਿੱਤੇ ਅਤੇ ਆਖਿਆ ਕਿ ਮੈਂ ਤੇਰੇ ਲਈ ਘਰ ਬਣਾਵਾਂਗਾ ਇਸ ਲਈ ਤੇਰੇ ਦਾਸ ਨੂੰ ਇੰਨ੍ਹੀ ਹਿੰਮਤ ਹੋਈ ਜੋ ਤੇਰੇ ਅੱਗੇ ਇਹ ਪ੍ਰਾਰਥਨਾ ਕਰੇ।
28ਹੇ ਯਹੋਵਾਹ ਪ੍ਰਭੂ, ਤੂੰ ਹੀ ਪਰਮੇਸ਼ੁਰ ਹੈਂ ਅਤੇ ਤੇਰੇ ਬਚਨ ਸੱਚੇ ਹਨ ਅਤੇ ਤੂੰ ਆਪਣੇ ਦਾਸ ਨਾਲ ਭਲਿਆਈ ਦਾ ਵਾਇਦਾ ਕੀਤਾ ਹੈ।
29ਸੋ ਹੁਣ ਤੂੰ ਆਪਣੇ ਦਾਸ ਦੇ ਘਰ ਨੂੰ ਅਸੀਸ ਦੇ, ਜੋ ਉਹ ਤੇਰੇ ਅੱਗੇ ਸਦੀਪਕ ਕਾਲ ਤੱਕ ਅਟੱਲ ਰਹੇ ਕਿਉਂ ਜੋ ਤੂੰ ਹੇ ਯਹੋਵਾਹ ਪ੍ਰਭੂ, ਇਹ ਆਖਿਆ ਹੈ ਅਤੇ ਤੇਰੀ ਹੀ ਅਸੀਸ ਨਾਲ ਤੇਰੇ ਦਾਸ ਦਾ ਘਰਾਣਾ ਸਦੀਪਕ ਤੱਕ ਮੁਬਾਰਕ ਹੋਵੇ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath