2 ਸਮੂਏਲ 6
1ਫਿਰ ਦਾਊਦ ਨੇ ਇਸਰਾਏਲ ਦੇ ਸਾਰੇ ਚੁਣੇ ਹੋਏ, ਤੀਹ ਹਜ਼ਾਰ ਜੁਆਨਾਂ ਨੂੰ ਇਕੱਠਿਆਂ ਕੀਤਾ।
2ਤਦ ਦਾਊਦ ਉੱਠਿਆ ਅਤੇ ਆਪਣੇ ਨਾਲ ਦੇ ਸਾਰਿਆਂ ਲੋਕਾਂ ਨੂੰ ਲੈ ਕੇ ਬਆਲੇ ਨਾਮ ਦੇ ਸਥਾਨ, ਯਹੂਦਾਹ ਤੋਂ ਤੁਰਿਆ, ਤਾਂ ਜੋ ਪਰਮੇਸ਼ੁਰ ਦੇ ਸੰਦੂਕ ਨੂੰ ਲੈ ਆਵੇ ਜਿਹੜਾ ਉਸ ਨਾਮ ਤੋਂ ਅਰਥਾਤ ਸੈਨਾਂ ਦੇ ਯਹੋਵਾਹ ਦੇ ਨਾਮ ਤੋਂ ਸਦਾਉਂਦਾ ਹੈ, ਜੋ ਕਰੂਬੀਆਂ ਦੇ ਉੱਤੇ ਬਿਰਾਜਮਾਨ ਹੈ।
3ਸੋ ਉਨ੍ਹਾਂ ਨੇ ਪਰਮੇਸ਼ੁਰ ਦੇ ਸੰਦੂਕ ਨੂੰ ਨਵੀਂ ਬੈਲ ਗੱਡੀ ਉੱਤੇ ਰੱਖਿਆ ਅਤੇ ਉਹ ਨੂੰ ਅਬੀਨਾਦਾਬ ਦੇ ਘਰ ਤੋਂ ਜੋ ਗਿਬਆਹ ਵਿੱਚ ਸੀ, ਚੁੱਕ ਲਿਆਏ ਅਤੇ ਅਬੀਨਾਦਾਬ ਦੇ ਪੁੱਤਰਾਂ ਊਜ਼ਾਹ ਅਤੇ ਅਹਯੋ ਨੇ ਉਸ ਨਵੀਂ ਗੱਡੀ ਨੂੰ ਹੱਕਿਆ।
4ਉਹ ਉਸ ਨੂੰ ਅਬੀਨਾਦਾਬ ਦੇ ਘਰ ਤੋਂ ਜੋ ਗਿਬਆਹ ਪਰਬਤ ਵਿੱਚ ਸੀ ਚੁੱਕ ਲਿਆਏ ਅਤੇ ਪਰਮੇਸ਼ੁਰ ਦੇ ਸੰਦੂਕ ਦੇ ਨਾਲ-ਨਾਲ ਗਏ। ਅਤੇ ਅਹਯੋ ਸੰਦੂਕ ਦੇ ਅੱਗੇ-ਅੱਗੇ ਤੁਰਿਆ।
5ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਚੀਲ ਦੀ ਲੱਕੜ ਦੇ ਸਾਰੇ ਤਰ੍ਹਾਂ ਦੇ ਵਾਜੇ ਅਰਥਾਤ ਬੀਨ, ਮੱਧਮ, ਖੰਜ਼ਰੀਆਂ, ਚਿਮਟਾ ਅਤੇ ਛੈਣੇ ਲੈ ਕੇ ਯਹੋਵਾਹ ਦੇ ਸੰਦੂਕ ਅੱਗੇ-ਅੱਗੇ ਵਜਾਉਂਦੇ ਗਏ।
6ਜਦ ਉਹ ਨਾਕੋਨ ਦੇ ਪਿੜ ਕੋਲ ਪਹੁੰਚੇ, ਤਦ ਊਜ਼ਾਹ ਨੇ ਹੱਥ ਵਧਾ ਕੇ ਪਰਮੇਸ਼ੁਰ ਦੇ ਸੰਦੂਕ ਨੂੰ ਫੜ੍ਹ ਕੇ ਸੰਭਾਲਿਆ।
7ਕਿਉਂ ਜੋ ਬਲ਼ਦਾਂ ਨੂੰ ਠੋਕਰ ਲੱਗੀ ਸੀ, ਤਦ ਯਹੋਵਾਹ ਦਾ ਕ੍ਰੋਧ ਊਜ਼ਾਹ ਦੇ ਉੱਤੇ ਭੜਕਿਆ ਅਤੇ ਪਰਮੇਸ਼ੁਰ ਨੇ ਉਹ ਦੇ ਦੋਸ਼ ਦੇ ਕਾਰਨ ਉਹ ਨੂੰ ਮਾਰਿਆ ਅਤੇ ਉਹ ਯਹੋਵਾਹ ਦੇ ਸੰਦੂਕ ਦੇ ਕੋਲ ਹੀ ਮਰ ਗਿਆ।
8ਦਾਊਦ ਦੁਖੀ ਹੋ ਗਿਆ, ਕਿਉਂ ਜੋ ਯਹੋਵਾਹ ਊਜ਼ਾਹ ਉੱਤੇ ਆਣ ਪਿਆ ਅਤੇ ਉਹ ਨੇ ਉਸ ਥਾਂ ਦਾ ਨਾਮ ਪਰਸ-ਊਜ਼ਾਹ ਰੱਖਿਆ ਜੋ ਅੱਜ ਤੱਕ ਪ੍ਰਸਿੱਧ ਹੈ।
9ਦਾਊਦ ਉਸ ਦਿਨ ਯਹੋਵਾਹ ਤੋਂ ਡਰ ਗਿਆ ਅਤੇ ਆਖਿਆ, ਮੈਂ ਯਹੋਵਾਹ ਦੇ ਸੰਦੂਕ ਨੂੰ ਆਪਣੇ ਕੋਲ ਕਿਵੇਂ ਲਿਆਵਾਂ?
10ਸੋ ਦਾਊਦ ਦਾ ਜੀਅ ਨਾ ਕੀਤਾ ਜੋ ਯਹੋਵਾਹ ਦੇ ਸੰਦੂਕ ਨੂੰ ਆਪਣੇ ਸ਼ਹਿਰ ਵਿੱਚ ਲੈ ਜਾ ਕੇ ਆਪਣੇ ਕੋਲ ਰੱਖੇ, ਤਦ ਦਾਊਦ ਉਹ ਨੂੰ ਇੱਕ ਪਾਸੇ ਗਿੱਤੀ ਓਬੇਦ-ਅਦੋਮ ਦੇ ਘਰ ਵਿੱਚ ਲੈ ਗਿਆ।
11ਯਹੋਵਾਹ ਦਾ ਸੰਦੂਕ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਤਿੰਨ ਮਹੀਨਿਆਂ ਤੱਕ ਰਿਹਾ। ਯਹੋਵਾਹ ਨੇ ਓਬੇਦ-ਅਦੋਮ ਨੂੰ ਅਤੇ ਉਸ ਦੇ ਸਾਰੇ ਘਰਾਣੇ ਨੂੰ ਬਰਕਤ ਦਿੱਤੀ।
12ਦਾਊਦ ਰਾਜਾ ਨੂੰ ਲੋਕਾਂ ਨੇ ਇਹ ਖ਼ਬਰ ਦਿੱਤੀ ਕਿ ਓਬੇਦ-ਅਦੋਮ ਦੇ ਘਰ ਨੂੰ ਅਤੇ ਉਸ ਦੀਆਂ ਵਸਤਾਂ ਨੂੰ ਪਰਮੇਸ਼ੁਰ ਦੇ ਸੰਦੂਕ ਦੇ ਕਾਰਨ ਯਹੋਵਾਹ ਨੇ ਬਰਕਤ ਦਿੱਤੀ ਹੈ। ਤਦ ਦਾਊਦ ਗਿਆ ਅਤੇ ਪਰਮੇਸ਼ੁਰ ਦੇ ਸੰਦੂਕ ਨੂੰ ਓਬੇਦ-ਅਦੋਮ ਦੇ ਘਰੋਂ ਦਾਊਦ ਦੇ ਸ਼ਹਿਰ ਵਿੱਚ ਆਨੰਦ ਨਾਲ ਲੈ ਆਇਆ।
13ਅਤੇ ਜਦ ਯਹੋਵਾਹ ਦੇ ਸੰਦੂਕ ਦੇ ਚੁੱਕਣ ਵਾਲੇ ਛੇ ਕਦਮ ਤੁਰੇ ਤਾਂ ਦਾਊਦ ਨੇ ਬਲ਼ਦ ਅਤੇ ਪਲਿਆ ਹੋਇਆ ਵੱਛਾ ਭੇਟ ਕਰ ਕੇ ਚੜ੍ਹਾਇਆ।
14ਦਾਊਦ ਯਹੋਵਾਹ ਦੇ ਸੰਦੂਕ ਅੱਗੇ ਆਪਣੇ ਸਾਰੇ ਜ਼ੋਰ ਨਾਲ ਨੱਚਦਾ ਜਾਂਦਾ ਸੀ ਅਤੇ ਦਾਊਦ ਨੇ ਕਤਾਨ ਦਾ ਏਫ਼ੋਦ ਪਹਿਨਿਆ ਹੋਇਆ ਸੀ।
15ਇਸ ਤਰ੍ਹਾਂ ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਯਹੋਵਾਹ ਦੇ ਸੰਦੂਕ ਨੂੰ ਜੈਕਾਰਾ ਬੁਲਾਉਂਦੇ ਅਤੇ ਤੁਰ੍ਹੀਆਂ ਵਜਾਉਂਦੇ ਹੋਏ ਚੁੱਕ ਕੇ ਲੈ ਆਏ।
16ਜਦੋਂ ਯਹੋਵਾਹ ਦਾ ਸੰਦੂਕ ਦਾਊਦ ਦੇ ਸ਼ਹਿਰ ਵਿੱਚ ਆਇਆ ਤਾਂ ਸ਼ਾਊਲ ਦੀ ਧੀ ਮੀਕਲ ਨੇ ਬਾਰੀ ਵਿੱਚੋਂ ਦੀ ਝਾਤੀ ਮਾਰ ਕੇ ਦਾਊਦ ਰਾਜਾ ਨੂੰ ਯਹੋਵਾਹ ਦੇ ਅੱਗੇ ਨੱਚਦੇ-ਟੱਪਦੇ ਦੇਖਿਆ ਤਾਂ ਉਸ ਨੇ ਆਪਣੇ ਮਨ ਵਿੱਚ ਉਹ ਨੂੰ ਤੁੱਛ ਜਾਣਿਆ।
17ਇਸ ਤਰ੍ਹਾਂ ਓਹ ਯਹੋਵਾਹ ਦੇ ਸੰਦੂਕ ਨੂੰ ਅੰਦਰ ਲੈ ਆਏ ਅਤੇ ਉਹ ਨੂੰ ਉਹ ਦੇ ਠੀਕ ਥਾਂ ਵਿੱਚ ਉਸ ਤੰਬੂ ਦੇ ਵਿਚਕਾਰ, ਜੋ ਦਾਊਦ ਨੇ ਉਹ ਦੇ ਲਈ ਲਾਇਆ ਸੀ ਰੱਖ ਦਿੱਤਾ ਅਤੇ ਦਾਊਦ ਨੇ ਹੋਮ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਈਆਂ।
18ਜਦ ਦਾਊਦ ਹੋਮ ਦੀਆਂ ਬਲੀਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾ ਚੁੱਕਾ ਤਾਂ ਉਸ ਨੇ ਸੈਨਾਂ ਦੇ ਯਹੋਵਾਹ ਦਾ ਨਾਮ ਲੈ ਕੇ ਲੋਕਾਂ ਨੂੰ ਅਸੀਸ ਦਿੱਤੀ।
19ਅਤੇ ਉਸ ਨੇ ਸਾਰਿਆਂ ਲੋਕਾਂ ਨੂੰ ਸਗੋਂ ਇਸਰਾਏਲ ਦੀ ਸਾਰੀ ਪਰਜਾ ਨੂੰ ਭਾਵੇ ਇਸਰਤੀ, ਪੁਰਸ਼, ਸਾਰਿਆਂ ਨੂੰ ਇੱਕ-ਇੱਕ ਰੋਟੀ, ਇੱਕ-ਇੱਕ ਮਾਸ ਦਾ ਟੁੱਕੜਾ ਅਤੇ ਇੱਕ-ਇੱਕ ਨੂੰ ਸੋਗੀ ਦੀ ਟਿੱਕੀ ਦਿੱਤੀਆਂ ਤਦ ਸਭ ਲੋਕ ਆਪੋ ਆਪਣੇ ਘਰਾਂ ਨੂੰ ਵਿਦਾ ਹੋਏ।
20ਤਦ ਦਾਊਦ ਆਪਣੇ ਘਰਾਣੇ ਨੂੰ ਅਸੀਸ ਦੇਣ ਲਈ ਮੁੜਿਆ। ਉਸ ਵੇਲੇ ਸ਼ਾਊਲ ਦੀ ਧੀ ਮੀਕਲ ਦਾਊਦ ਦੇ ਮਿਲਣ ਨੂੰ ਨਿੱਕਲੀ ਅਤੇ ਬੋਲੀ, ਇਸਰਾਏਲ ਦਾ ਰਾਜਾ ਅੱਜ ਪ੍ਰਤਾਪੀ ਲੱਗਦਾ ਸੀ, ਜਿਸ ਨੇ ਅੱਜ ਆਪਣੇ ਨੌਕਰਾਂ ਦੀਆਂ ਦਾਸੀਆਂ ਦੀਆਂ ਅੱਖਾਂ ਦੇ ਸਾਹਮਣੇ ਆਪਣੇ ਆਪ ਨੂੰ ਨੰਗਾ ਕੀਤਾ, ਜਿਵੇਂ ਕੋਈ ਲੁੱਚਾ ਆਪ ਨੂੰ ਨਿਰਲੱਜ ਬਣਾ ਕੇ ਨੰਗਾ ਕਰਦਾ ਹੈ।
21ਦਾਊਦ ਨੇ ਮੀਕਲ ਨੂੰ ਆਖਿਆ, ਇਹ ਯਹੋਵਾਹ ਦੇ ਅੱਗੇ ਸੀ ਜਿਸ ਨੇ ਤੇਰੇ ਪਿਤਾ ਅਤੇ ਉਹ ਦੇ ਸਾਰੇ ਘਰਾਣੇ ਦੇ ਅੱਗੇ ਮੈਨੂੰ ਚੁਣ ਲਿਆ ਅਤੇ ਯਹੋਵਾਹ ਦੀ ਪਰਜਾ ਇਸਰਾਏਲ ਦਾ ਪ੍ਰਧਾਨ ਬਣਾ ਦਿੱਤਾ, ਇਸ ਲਈ ਮੈਂ ਯਹੋਵਾਹ ਦੇ ਅੱਗੇ ਨੱਚਾਂਗਾ
22ਸਗੋਂ ਮੈਂ ਇਸ ਨਾਲੋਂ ਵੀ ਨੀਚ ਬਣਾਂਗਾ ਅਤੇ ਆਪਣੇ ਆਪ ਨੂੰ ਆਪਣੀ ਨਜ਼ਰ ਵਿੱਚ ਤੁੱਛ ਗਿਣਾਂਗਾ ਅਤੇ ਜਿਹੜੀਆਂ ਦਾਸੀਆਂ ਦੀ ਗੱਲ ਤੂੰ ਕੀਤੀ ਹੈ ਉਹ ਮੇਰਾ ਆਦਰ ਸਨਮਾਨ ਕਰਨਗੀਆਂ।
23ਇਸ ਕਾਰਨ ਮੀਕਲ ਸ਼ਾਊਲ ਦੀ ਧੀ ਨੂੰ ਮਰਨ ਤੱਕ ਕੋਈ ਬੱਚਾ ਨਾ ਜੰਮਿਆ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath