ਈਸਾਈ
ਪਿੱਛੇ

2 ਸਮੂਏਲ 3

1ਸ਼ਾਊਲ ਦੇ ਘਰਾਣੇ ਅਤੇ ਦਾਊਦ ਦੇ ਘਰਾਣੇ ਵਿੱਚ ਲੰਮੇ ਸਮੇਂ ਤੱਕ ਯੁੱਧ ਹੁੰਦਾ ਰਿਹਾ, ਪਰ ਦਾਊਦ ਦਿਨੋ ਦਿਨ ਤਕੜਾ ਹੁੰਦਾ ਗਿਆ, ਪਰ ਸ਼ਾਊਲ ਦਾ ਘਰਾਣਾ ਕਮਜ਼ੋਰ ਹੁੰਦਾ ਗਿਆ।

2ਫਿਰ ਹਬਰੋਨ ਵਿੱਚ ਦਾਊਦ ਦੇ ਪੁੱਤਰ ਪੈਦਾ ਹੋਏ, ਉਹ ਦਾ ਪਹਿਲੌਠੇ ਪੁੱਤਰ ਅਮਨੋਨ ਸੀ ਜੋ ਯਿਜ਼ਰੇਲਣ ਅਹੀਨੋਅਮ ਦੀ ਕੁੱਖੋਂ ਹੋਇਆ,

3ਦੂਜੇ ਦਾ ਨਾਮ ਕਿਲਆਬ ਸੀ ਜੋ ਕਰਮਲੀ ਨਾਬਾਲ ਦੀ ਪਤਨੀ ਅਬੀਗੈਲ ਦੀ ਕੁੱਖੋਂ ਪੈਦਾ ਹੋਇਆ ਅਤੇ ਤੀਜਾ ਅਬਸ਼ਾਲੋਮ ਸੀ ਜੋ ਗਸ਼ੂਰ ਦੇ ਰਾਜੇ ਤਲਮਈ ਦੀ ਧੀ ਮਅਕਾਹ ਦੀ ਕੁੱਖੋਂ ਪੈਦਾ ਹੋਇਆ,

4ਅਤੇ ਚੌਥੇ ਦਾ ਨਾਮ ਅਦੋਨੀਯਾਹ ਜਿਸ ਨੂੰ ਹੱਗੀਥ ਨੇ ਜਨਮ ਦਿੱਤਾ ਅਤੇ ਪੰਜਵੇ ਦਾ ਨਾਮ ਸ਼ਫ਼ਟਯਾਹ ਸੀ ਜਿਸ ਨੂੰ ਅਬੀਟਾਲ ਨੇ ਜਨਮ ਦਿੱਤਾ

5ਅਤੇ ਛੇਵਾਂ ਯਿਥਰਆਮ ਸੀ, ਉਹ ਜੋ ਦਾਊਦ ਦੀ ਪਤਨੀ ਅਗਲਾਹ ਦੀ ਕੁੱਖੋਂ ਪੈਦਾ ਹੋਇਆ ਸੀ। ਦਾਊਦ ਦੇ ਇਹ ਪੁੱਤਰ ਹਬਰੋਨ ਵਿੱਚ ਪੈਦਾ ਹੋਏ।

6ਜਦ ਸ਼ਾਊਲ ਦੇ ਘਰਾਣੇ ਅਤੇ ਦਾਊਦ ਘਰਾਣੇ ਵਿੱਚ ਲੜਾਈ ਹੋ ਰਹੀ ਸੀ ਤਾਂ ਅਜਿਹਾ ਹੋਇਆ ਕਿ ਅਬਨੇਰ ਨੇ ਸ਼ਾਊਲ ਦੇ ਘਰਾਣੇ ਵਿੱਚ ਆਪਣੇ ਆਪ ਨੂੰ ਤਕੜਾ ਕੀਤਾ।

7ਸ਼ਾਊਲ ਦੀ ਇੱਕ ਰਖ਼ੈਲ ਰਿਜ਼ਪਾਹ ਜੋ ਅੱਯਾਹ ਦੀ ਧੀ ਸੀ, ਈਸ਼ਬੋਸ਼ਥ ਨੇ ਅਬਨੇਰ ਨੂੰ ਆਖਿਆ, ਤੂੰ ਮੇਰੇ ਪਿਤਾ ਦੀ ਰਖ਼ੈਲ ਨਾਲ ਕਿਉਂ ਸੰਗ ਕੀਤਾ?

8ਅਬਨੇਰ ਈਸ਼ਬੋਸ਼ਥ ਦੀ ਇਸ ਗੱਲ ਦੇ ਕਾਰਨ ਗੁੱਸੇ ਹੋਇਆ ਅਤੇ ਆਖਿਆ, ਕੀ ਮੈਂ ਯਹੂਦਾਹ ਦੇ ਕੁੱਤੇ ਦਾ ਸਿਰ ਹਾਂ? ਮੈਂ ਯਹੂਦਾਹ ਨਾਲ ਵਿਰੋਧ ਕਰ ਕੇ ਅੱਜ ਦੇ ਦਿਨ ਤੱਕ ਤੇਰੇ ਪਿਤਾ ਸ਼ਾਊਲ ਦੇ ਘਰਾਣੇ ਉੱਤੇ ਅਤੇ ਉਹ ਦੇ ਭਰਾਵਾਂ ਉੱਤੇ ਅਤੇ ਉਹ ਦੇ ਮਿੱਤਰਾਂ ਉੱਤੇ ਕਿਰਪਾ ਕਰਦਾ ਰਿਹਾ ਹਾਂ ਅਤੇ ਮੈਂ ਤੈਨੂੰ ਦਾਊਦ ਦੇ ਹੱਥ ਨਹੀਂ ਸੌਂਪਿਆ, ਪਰ ਤੂੰ ਅੱਜ ਇਸ ਇਸਤਰੀ ਦੇ ਕਾਰਨ ਮੇਰੇ ਉੱਤੇ ਦੋਸ਼ ਲਗਾਉਂਦਾ ਹੈਂ?

9ਪਰਮੇਸ਼ੁਰ ਅਬਨੇਰ ਨਾਲ ਅਜਿਹਾ ਹੀ ਕਰੇ ਸਗੋਂ ਇਸ ਨਾਲੋਂ ਵੀ ਵਧੇਰੇ ਮੈਂ ਉਸੇ ਤਰ੍ਹਾਂ ਨਾਲ ਕੰਮ ਨਾ ਕਰਾਂ, ਜਿਵੇਂ ਯਹੋਵਾਹ ਨੇ ਦਾਊਦ ਨਾਲ ਸਹੁੰ ਖਾਧੀ ਹੈ।

10ਰਾਜ ਨੂੰ ਸ਼ਾਊਲ ਦੇ ਘਰਾਣੇ ਤੋਂ ਵੱਖਰਾ ਕਰ ਦੇਵਾਂ ਅਤੇ ਦਾਊਦ ਦੀ ਗੱਦੀ ਨੂੰ ਇਸਰਾਏਲ ਉੱਤੇ ਅਤੇ ਯਹੂਦਾਹ ਉੱਤੇ ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਸਥਿਰ ਕਰ ਦੇਵਾਂ!

11ਤਦ ਉਹ ਅਬਨੇਰ ਦੇ ਸਾਹਮਣੇ ਫਿਰ ਕੁਝ ਉੱਤਰ ਨਾ ਦੇ ਸਕਿਆ, ਕਿਉਂ ਜੋ ਉਹ ਉਸ ਤੋਂ ਡਰ ਗਿਆ ਸੀ।

12ਇਸ ਲਈ ਅਬਨੇਰ ਨੇ ਦਾਊਦ ਕੋਲ ਦੂਤ ਭੇਜੇ ਅਤੇ ਆਖਿਆ, ਦੇਸ਼ ਕਿਹ ਦਾ ਹੈ? ਤੁਸੀਂ ਮੇਰੇ ਨਾਲ ਵਾਇਦਾ ਕਰੋ ਅਤੇ ਵੇਖੋ, ਮੈਂ ਤੁਹਾਡੀ ਸਹਾਇਤਾ ਕਰਾਂਗਾ ਜੋ ਸਾਰੇ ਇਸਰਾਏਲ ਦੇ ਮਨਾਂ ਨੂੰ ਤੁਹਾਡੀ ਵੱਲ ਕਰ ਦੇਵਾਂ।

13ਤਦ ਦਾਊਦ ਬੋਲਿਆ, ਚੰਗੀ ਗੱਲ, ਮੈਂ ਤੇਰੇ ਨਾਲ ਬਚਨ ਕਰਾਂਗਾ, ਪਰ ਤੈਥੋਂ ਮੈਂ ਇੱਕ ਗੱਲ ਮੰਗਦਾ ਕਿ ਜਿਸ ਵੇਲੇ ਤੂੰ ਮੈਨੂੰ ਮਿਲਣ ਲਈ ਆਵੇਂ ਅਤੇ ਸ਼ਾਊਲ ਦੀ ਧੀ ਮੀਕਲ ਨੂੰ ਆਪਣੇ ਨਾਲ ਨਾ ਲਿਆਵੇਂ ਤਾਂ ਤੂੰ ਮੇਰਾ ਮੂੰਹ ਕਦੇ ਨਾ ਵੇਖੇਂਗਾ।

14ਫਿਰ ਦਾਊਦ ਨੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੂੰ ਦੂਤਾਂ ਦੇ ਰਾਹੀਂ ਸੁਨੇਹਾ ਭੇਜਿਆ, ਮੇਰੀ ਪਤਨੀ ਮੀਕਲ ਨੂੰ, ਜੋ ਮੈਂ ਫ਼ਲਿਸਤੀਆਂ ਦੀਆਂ ਸੌ ਖਲੜੀਆਂ ਦੇ ਕੇ ਵਿਆਹੀ ਸੀ ਮੇਰੇ ਹੱਥ ਸੌਂਪ ਦੇ।

15ਤਦ ਈਸ਼ਬੋਸ਼ਥ ਨੇ ਲੋਕ ਭੇਜੇ ਅਤੇ ਉਸ ਇਸਤਰੀ ਨੂੰ ਉਸ ਦੇ ਪਤੀ ਲੈਸ਼ ਦੇ ਪੁੱਤਰ ਫ਼ਲਟੀਏਲ ਕੋਲੋਂ ਖੋਹ ਲਿਆ।

16ਤਦ ਉਸ ਦਾ ਪਤੀ ਉਸ ਇਸਤਰੀ ਦੇ ਨਾਲ ਤੁਰਿਆ ਉਸ ਦੇ ਪਿੱਛੇ ਬਹੁਰੀਮ ਸ਼ਹਿਰ ਤੱਕ ਰੋਂਦਾ ਆਇਆ। ਤਦ ਅਬਨੇਰ ਨੇ ਉਹ ਨੂੰ ਆਖਿਆ, ਜਾ, ਮੁੜ ਜਾ! ਤਦ ਉਹ ਮੁੜ ਗਿਆ।

17ਤਦ ਅਬਨੇਰ ਨੇ ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰ ਕੇ ਆਖਿਆ, ਤੁਸੀਂ ਤਾਂ ਪਹਿਲਾ ਹੀ ਚਾਹੁੰਦੇ ਸੀ ਕਿ ਦਾਊਦ ਸਾਡਾ ਰਾਜਾ ਬਣੇ,

18ਇਸ ਲਈ ਹੁਣ ਤੁਸੀਂ ਅਜਿਹਾ ਹੀ ਕਰੋਂ ਕਿਉਂ ਜੋ ਯਹੋਵਾਹ ਨੇ ਦਾਊਦ ਦੇ ਲਈ ਆਖਿਆ ਹੈ ਕਿ ਮੈਂ ਆਪਣੇ ਦਾਸ ਦਾਊਦ ਦੇ ਰਾਹੀਂ ਆਪਣੀ ਪਰਜਾ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥੋਂ ਅਤੇ ਉਸ ਦੇ ਸਾਰੇ ਵੈਰੀਆਂ ਦੇ ਹੱਥੋਂ ਛੁਟਕਾਰਾ ਦਿਆਂਗਾ।

19ਤਦ ਅਬਨੇਰ ਨੇ ਬਿਨਯਾਮੀਨ ਨੂੰ ਵੀ ਇਹ ਗੱਲ ਸੁਣਾਈ ਤਾਂ ਫਿਰ ਅਬਨੇਰ ਹਬਰੋਨ ਨੂੰ ਗਿਆ ਤਾਂ ਕਿ ਜੋ ਸਭ ਕੁਝ ਜਿਹੜਾ ਇਸਰਾਏਲ ਨੂੰ ਅਤੇ ਬਿਨਯਾਮੀਨ ਦੇ ਸਾਰੇ ਘਰਾਣੇ ਨੂੰ ਚੰਗਾ ਲੱਗਿਆ ਸੀ ਉਹ ਸਭ ਕੁਝ ਦਾਊਦ ਨੂੰ ਸੁਣਾਵੇ।

20ਸੋ ਅਬਨੇਰ ਹਬਰੋਨ ਵਿੱਚ ਦਾਊਦ ਕੋਲ ਆਇਆ ਅਤੇ ਵੀਹ ਮਨੁੱਖ ਉਹ ਦੇ ਨਾਲ ਸਨ। ਤਦ ਦਾਊਦ ਨੇ ਅਬਨੇਰ ਦੀ ਅਤੇ ਉਹ ਦੇ ਨਾਲ ਦੇ ਲੋਕਾਂ ਦੀ ਦਾਵਤ ਕੀਤੀ।

21ਅਬਨੇਰ ਨੇ ਦਾਊਦ ਨੂੰ ਆਖਿਆ, ਹੁਣ ਮੈਂ ਉੱਠ ਕੇ ਜਾਂਵਾਂਗਾ ਅਤੇ ਸਾਰੇ ਇਸਰਾਏਲ ਨੂੰ ਆਪਣੇ ਮਹਾਰਾਜ ਰਾਜਾ ਦੇ ਕੋਲ ਇਕੱਠਿਆਂ ਕਰਾਂਗਾ ਜੋ ਓਹ ਤੁਹਾਡੇ ਨਾਲ ਵਾਇਦਾ ਕਰਨ ਅਤੇ ਜਿੱਥੇ ਤੁਹਾਡਾ ਜੀਅ ਕਰੇ ਉੱਥੇ ਹੀ ਤੁਸੀਂ ਰਾਜ ਕਰੋ। ਦਾਊਦ ਨੇ ਅਬਨੇਰ ਨੂੰ ਵਿਦਾ ਕੀਤਾ ਅਤੇ ਉਹ ਸੁੱਖ-ਸਾਂਦ ਨਾਲ ਚੱਲਿਆ ਗਿਆ।

22ਵੇਖੋ, ਉਸ ਵੇਲੇ ਦਾਊਦ ਦੇ ਸੇਵਕਾਂ ਅਤੇ ਯੋਆਬ ਕਿਸੇ ਟੋਲੀ ਦਾ ਪਿੱਛਾ ਕਰ ਕੇ ਢੇਰ ਸਾਰੀ ਲੁੱਟ ਆਪਣੇ ਨਾਲ ਲੈ ਆਏ। ਉਸ ਵੇਲੇ ਅਬਨੇਰ ਹਬਰੋਨ ਵਿੱਚ ਦਾਊਦ ਦੇ ਕੋਲ ਨਹੀਂ ਸੀ ਕਿਉਂ ਜੋ ਉਸ ਨੇ ਉਹ ਨੂੰ ਤੋਰ ਦਿੱਤਾ ਸੀ। ਉਹ ਸੁੱਖ-ਸਾਂਦ ਨਾਲ ਚੱਲਿਆ ਗਿਆ।

23ਜਦ ਯੋਆਬ ਅਤੇ ਦਲ ਦੇ ਸਭ ਲੋਕ ਜੋ ਉਹ ਦੇ ਨਾਲ ਸਨ ਆਏ ਤਾਂ ਉਨ੍ਹਾਂ ਨੇ ਯੋਆਬ ਨੂੰ ਆਖਿਆ, ਨੇਰ ਦਾ ਪੁੱਤਰ ਅਬਨੇਰ ਰਾਜਾ ਕੋਲ ਆਇਆ ਸੀ ਅਤੇ ਉਸ ਨੇ ਉਹ ਨੂੰ ਤੋਰ ਦਿੱਤਾ ਅਤੇ ਉਹ ਸੁੱਖ-ਸਾਂਦ ਨਾਲ ਚੱਲਿਆ ਗਿਆ।

24ਸੋ ਯੋਆਬ ਰਾਜਾ ਦੇ ਕੋਲ ਆ ਕੇ ਬੋਲਿਆ, ਇਹ ਤੂੰ ਕੀ ਕੀਤਾ? ਵੇਖ ਅਬਨੇਰ ਤੇਰੇ ਕੋਲ ਆਇਆ ਸੋ ਤੂੰ ਉਹ ਨੂੰ ਕਿਉਂ ਵਿਦਾ ਕੀਤਾ ਅਤੇ ਉਹ ਚੱਲਿਆ ਗਿਆ।

25ਤੂੰ ਨੇਰ ਦੇ ਪੁੱਤਰ ਅਬਨੇਰ ਨੂੰ ਜਾਣਦਾ ਹੈਂ ਉਹ ਜੋ ਤੇਰੇ ਨਾਲ ਧੋਖਾ ਕਰਨ ਨੂੰ ਅਤੇ ਤੇਰੇ ਆਉਣ ਜਾਣ ਅਤੇ ਤੇਰੇ ਸਾਰੇ ਕੰਮਾਂ ਦਾ ਭੇਦ ਲੈਣ ਆਇਆ ਸੀ।

26ਫਿਰ ਜਦ ਯੋਆਬ ਦਾਊਦ ਕੋਲੋਂ ਨਿੱਕਲ ਆਇਆ ਤਾਂ ਉਸ ਨੇ ਅਬਨੇਰ ਦੇ ਪਿੱਛੇ ਦੂਤ ਭੇਜੇ ਅਤੇ ਓਹ ਉਸ ਨੂੰ ਸਿਰਾਹ ਦੇ ਖੂਹ ਕੋਲੋਂ ਮੋੜ ਲਿਆਏ ਪਰ ਦਾਊਦ ਨੂੰ ਇਸ ਗੱਲ ਦੀ ਖ਼ਬਰ ਨਹੀਂ ਸੀ।

27ਜਦ ਅਬਨੇਰ ਹਬਰੋਨ ਵਿੱਚ ਮੁੜ ਆਇਆ ਤਾਂ ਯੋਆਬ ਉਸ ਦੇ ਨਾਲ ਇਕੱਲੇ ਵਿੱਚ ਗੱਲ ਕਰਨ ਲਈ ਉਹ ਡਿਉੜ੍ਹੀ ਦੀ ਨੁੱਕਰ ਵਿੱਚ ਲੈ ਗਿਆ ਅਤੇ ਉੱਥੇ ਉਸ ਦੇ ਢਿੱਡ ਵਿੱਚ ਆਪਣੇ ਭਰਾ ਅਸਾਹੇਲ ਦੇ ਖੂਨ ਬਦਲੇ ਅਜਿਹਾ ਮਾਰਿਆ ਕਿ ਉਹ ਮਰ ਗਿਆ।

28ਇਹ ਦੇ ਪਿੱਛੋਂ ਜਦ ਦਾਊਦ ਨੇ ਸੁਣਿਆ ਤਾਂ ਉਹ ਬੋਲਿਆ, ਮੈਂ ਆਪਣੇ ਰਾਜ ਸਮੇਤ ਯਹੋਵਾਹ ਦੇ ਅੱਗੇ ਨੇਰ ਦੇ ਪੁੱਤਰ ਅਬਨੇਰ ਦੇ ਖੂਨ ਤੋਂ ਨਿਰਦੋਸ਼ ਹਾਂ।

29ਉਹ ਯੋਆਬ ਦੇ ਸਿਰ ਅਤੇ ਉਹ ਦੇ ਪਿਤਾ ਦੇ ਸਾਰੇ ਘਰਾਣੇ ਦੇ ਉੱਤੇ ਰਹੇ ਅਤੇ ਯੋਆਬ ਦੇ ਘਰ ਵਿੱਚ ਕੋਈ ਨਾ ਕੋਈ ਅਜਿਹਾ ਰਹੇ ਜਿਹ ਦਾ ਲਹੂ ਵਗੇ ਜਾਂ ਕੋੜ੍ਹ ਹੋਵੇ ਜਾਂ ਲਾਠੀ ਫੜ੍ਹ ਕੇ ਤੁਰੇ ਜਾਂ ਤਲਵਾਰ ਨਾਲ ਡਿੱਗੇ ਜਾਂ ਰੋਟੀ ਦੀ ਘਾਟ ਹੋਵੇ!

30ਸੋ ਯੋਆਬ ਅਤੇ ਉਸ ਦੇ ਭਰਾ ਅਬੀਸ਼ਈ ਨੇ ਅਬਨੇਰ ਨੂੰ ਮਾਰ ਸੁੱਟਿਆ ਕਿਉਂ ਜੋ ਉਸ ਨੇ ਉਨ੍ਹਾਂ ਦੇ ਭਰਾ ਅਸਾਹੇਲ ਨੂੰ ਗਿਬਓਨ ਦੀ ਲੜਾਈ ਦੇ ਵਿੱਚ ਮਾਰ ਸੁੱਟਿਆ ਸੀ।

31ਦਾਊਦ ਨੇ ਯੋਆਬ ਅਤੇ ਸਾਰੇ ਲੋਕਾਂ ਨੂੰ ਜੋ ਉਹ ਦੇ ਨਾਲ ਸਨ ਆਖਿਆ ਆਪਣੇ ਕੱਪੜੇ ਪਾੜੋ ਅਤੇ ਤੱਪੜ ਪਹਿਨ ਲਓ ਅਤੇ ਅਬਨੇਰ ਦੇ ਅੱਗੇ ਤੁਰ ਕੇ ਰੋਵੋ ਅਤੇ ਦਾਊਦ ਰਾਜਾ ਆਪ ਅਰਥੀ ਪਿੱਛੇ-ਪਿੱਛੇ ਤੁਰਿਆ।

32ਸੋ ਉਨ੍ਹਾਂ ਨੇ ਅਬਨੇਰ ਨੂੰ ਹਬਰੋਨ ਵਿੱਚ ਦਫ਼ਨਾ ਦਿੱਤਾ ਅਤੇ ਰਾਜਾ ਉੱਚੀ ਅਵਾਜ਼ ਨਾਲ ਅਬਨੇਰ ਦੀ ਕਬਰ ਉੱਤੇ ਰੋਇਆ ਅਤੇ ਲੋਕ ਵੀ ਰੋਏ।

33ਰਾਜਾ ਨੇ ਅਬਨੇਰ ਲਈ ਵਿਰਲਾਪ ਕੀਤਾ ਅਤੇ ਆਖਿਆ, ਹਾਏ ਅਬਨੇਰ! ਕੀ ਤੂੰ ਇੱਕ ਮੂਰਖ ਦੀ ਮੌਤ ਮਰਿਆ?

34ਤੇਰੇ ਹੱਥ ਬੰਨ੍ਹੇ ਹੋਏ ਨਹੀਂ ਸਨ, ਨਾ ਤੇਰੇ ਪੈਰੀਂ ਬੇੜੀਆਂ ਸਨ, ਤੂੰ ਤਾਂ ਇਸ ਤਰ੍ਹਾਂ ਡਿੱਗਿਆ ਜਿਵੇਂ ਕੋਈ ਅਪਰਾਧੀ ਅੱਗੇ ਡਿੱਗ ਪਵੇ! ਤਦ ਉਹ ਦੇ ਉੱਤੇ ਸਭ ਲੋਕ ਹੋਰ ਰੋਏ।

35ਤਾਂ ਸਭ ਲੋਕ ਉੱਥੋਂ ਆਏ ਤੇ ਦਿਨ ਰਹਿੰਦਿਆਂ ਦਾਊਦ ਨੂੰ ਕੁਝ ਖੁਵਾਉਣ ਲੱਗੇ। ਤਦ ਦਾਊਦ ਨੇ ਸਹੁੰ ਖਾ ਕੇ ਆਖਿਆ, ਜੇਕਰ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਰੋਟੀ ਜਾਂ ਹੋਰ ਕੁਝ ਖਾਵਾਂ ਤਾਂ ਪਰਮੇਸ਼ੁਰ ਮੇਰੇ ਨਾਲ ਅਜਿਹਾ ਹੀ ਕਰੇ ਸਗੋਂ ਇਸ ਨਾਲੋਂ ਵੀ ਵੱਧ ਕਰੇ!

36ਸਾਰੇ ਲੋਕਾਂ ਨੇ ਇਸ ਗੱਲ ਉੱਤੇ ਧਿਆਨ ਕੀਤਾ ਅਤੇ ਇਹ ਗੱਲ ਉਨ੍ਹਾਂ ਨੂੰ ਚੰਗੀ ਲੱਗੀ ਕਿਉਂਕਿ ਜੋ ਕੁਝ ਰਾਜਾ ਕਰਦਾ ਸੀ, ਸਭ ਲੋਕ ਉਸ ਤੇ ਰਾਜ਼ੀ ਹੁੰਦੇ ਸਨ।

37ਸਾਰੇ ਲੋਕਾਂ ਨੇ ਅਤੇ ਸਾਰੇ ਇਸਰਾਏਲ ਨੇ ਉਸ ਦਿਨ ਇਹ ਜਾਣ ਲਿਆ ਕਿ ਨੇਰ ਦਾ ਪੁੱਤਰ ਅਬਨੇਰ ਰਾਜੇ ਦੀ ਮਰਜ਼ੀ ਨਾਲ ਨਹੀਂ ਮਰਿਆ।

38ਰਾਜੇ ਨੇ ਆਪਣੇ ਸੇਵਕਾਂ ਨੂੰ ਆਖਿਆ, ਭਲਾ, ਤੁਸੀਂ ਨਹੀਂ ਜਾਣਦੇ ਕਿ ਅੱਜ ਦੇ ਦਿਨ ਇੱਕ ਪ੍ਰਧਾਨ ਸਗੋਂ ਇੱਕ ਮਹਾਂ ਪੁਰਸ਼ ਇਸਰਾਏਲ ਦੇ ਵਿੱਚੋਂ ਹਟਾ ਦਿੱਤਾ ਗਿਆ ਹੈ?

39ਭਾਵੇਂ ਮੈਂ ਅਭਿਸ਼ੇਕ ਕੀਤਾ ਹੋਇਆ ਰਾਜਾ ਹਾਂ, ਫ਼ਿਰ ਵੀ ਅੱਜ ਦੇ ਦਿਨ ਮੈਂ ਕਮਜ਼ੋਰ ਹਾਂ ਅਤੇ ਇਹ ਲੋਕ ਸਰੂਯਾਹ ਦੇ ਪੁੱਤਰ ਮੇਰੇ ਨਾਲ ਜ਼ੋਰਾਵਰੀ ਕਰਦੇ ਹਨ, ਪਰ ਯਹੋਵਾਹ ਬੁਰਿਆਰ ਨੂੰ ਉਹ ਦੀ ਬੁਰਿਆਈ ਦਾ ਪੂਰਾ ਬਦਲਾ ਦੇਵੇਗਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath