ਈਸਾਈ
ਪਿੱਛੇ

2 ਸਮੂਏਲ 2

1ਇਹ ਤੋਂ ਬਾਅਦ ਦਾਊਦ ਨੇ ਯਹੋਵਾਹ ਕੋਲੋਂ ਪੁੱਛ-ਗਿੱਛ ਕੀਤੀ, ਕੀ ਮੈਂ ਯਹੂਦਾਹ ਦੇ ਨਗਰ ਵਿੱਚ ਜਾਂਵਾਂ? ਯਹੋਵਾਹ ਨੇ ਉਹ ਨੂੰ ਆਖਿਆ, ਚਲਾ ਜਾ! ਫਿਰ ਦਾਊਦ ਨੇ ਪੁੱਛਿਆ, ਕਿੱਥੇ ਜਾਂਵਾਂ? ਉਸ ਨੇ ਆਖਿਆ ਹਬਰੋਨ ਵੱਲ,

2ਇਸ ਲਈ ਦਾਊਦ ਉੱਥੇ ਗਿਆ ਅਤੇ ਉਹ ਦੀਆਂ ਪਤਨੀਆਂ ਅਰਥਾਤ ਯਿਜ਼ਰਏਲ ਅਹੀਨੋਅਮ ਅਤੇ ਕਰਮਲੀ ਨਾਬਾਲ ਦੀ ਪਤਨੀ ਅਬੀਗੈਲ ਵੀ ਉਸ ਦੇ ਨਾਲ ਸਨ।

3ਦਾਊਦ ਆਪਣੇ ਲੋਕਾਂ ਨੂੰ ਜੋ ਉਹ ਦੇ ਨਾਲ ਸਨ, ਉਨ੍ਹਾਂ ਦੇ ਘਰਾਣੇ ਸਮੇਤ ਲੈ ਆਇਆ ਸੋ ਉਹ ਹਬਰੋਨ ਦੇ ਪਿੰਡਾਂ ਵਿੱਚ ਆ ਵੱਸੇ।

4ਤਦ ਯਹੂਦਾਹ ਦੇ ਲੋਕ ਆਏ ਅਤੇ ਉੱਥੇ ਉਨ੍ਹਾਂ ਨੇ ਦਾਊਦ ਨੂੰ ਅਭਿਸ਼ੇਕ ਕੀਤਾ ਜੋ ਉਹ ਯਹੂਦਾਹ ਦੇ ਘਰਾਣੇ ਦਾ ਰਾਜਾ ਬਣੇ ਅਤੇ ਲੋਕਾਂ ਨੇ ਇਹ ਆਖ ਕੇ ਦਾਊਦ ਨੂੰ ਖ਼ਬਰ ਦਿੱਤੀ ਕਿ ਜਿਨ੍ਹਾਂ ਨੇ ਸ਼ਾਊਲ ਨੂੰ ਦੱਬਿਆ ਸੀ ਉਹ ਗਿਲਆਦ ਦੇ ਯਾਬੇਸ਼ ਨਗਰ ਦੇ ਲੋਕ ਹਨ।

5ਸੋ ਦਾਊਦ ਨੇ ਯਾਬੇਸ਼ ਗਿਲਆਦ ਦੇ ਲੋਕਾਂ ਕੋਲ ਦੂਤ ਭੇਜ ਕੇ ਉਨ੍ਹਾਂ ਨੂੰ ਆਖਿਆ ਕਿ ਯਹੋਵਾਹ ਵੱਲੋਂ ਤੁਸੀਂ ਆਪਣੇ ਮਾਲਕ ਸ਼ਾਊਲ ਉੱਤੇ ਵੱਡੀ ਦਯਾ ਕੀਤੀ ਜੋ ਉਹ ਨੂੰ ਦਫ਼ਨਾ ਦਿੱਤਾ।

6ਹੁਣ ਯਹੋਵਾਹ ਤੁਹਾਡੇ ਨਾਲ ਕਿਰਪਾ ਅਤੇ ਸਚਿਆਈ ਨਾਲ ਵਰਤਾਉ ਕਰੇ ਅਤੇ ਮੈਂ ਵੀ ਤੁਹਾਨੂੰ ਉਸ ਭਲਿਆਈ ਦਾ ਬਦਲਾ ਦਿਆਂਗਾ ਕਿਉਂ ਜੋ ਤੁਸੀਂ ਇਹ ਕੰਮ ਕੀਤਾ।

7ਇਸ ਲਈ ਤੁਹਾਡੇ ਹੱਥ ਮਜ਼ਬੂਤ ਹੋਣ ਤੁਸੀਂ ਦਲੇਰ ਹੋਵੋ ਕਿਉਂ ਜੋ ਤੁਹਾਡਾ ਮਾਲਕ ਸ਼ਾਊਲ ਮਰ ਗਿਆ ਹੈ ਅਤੇ ਯਹੂਦਾਹ ਦੇ ਘਰਾਣੇ ਨੇ ਮੈਨੂੰ ਅਭਿਸ਼ੇਕ ਕੀਤਾ ਜੋ ਮੈਂ ਉਹਨਾਂ ਦਾ ਰਾਜਾ ਬਣਾਂ।

8ਪਰ ਨੇਰ ਦੇ ਪੁੱਤਰ ਅਬਨੇਰ ਨੇ ਜਿਹੜਾ ਸ਼ਾਊਲ ਦਾ ਸੈਨਾਪਤੀ ਸੀ, ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੂੰ ਨਾਲ ਲੈ ਕੇ ਉਹ ਨੂੰ ਮਹਨਇਮ ਵਿੱਚ ਪਹੁੰਚਾ ਦਿੱਤਾ।

9ਅਤੇ ਉਹ ਨੂੰ ਗਿਲਆਦ, ਅਸ਼ੂਰਿਆ, ਯਿਜ਼ਰਏਲ, ਇਫ਼ਰਾਈਮ, ਬਿਨਯਾਮੀਨ, ਅਤੇ ਸਾਰੇ ਇਸਰਾਏਲ ਦਾ ਰਾਜਾ ਬਣਾ ਦਿੱਤਾ।

10ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਦੀ ਉਮਰ ਚਾਲ੍ਹੀ ਸਾਲ ਸੀ, ਜਿਸ ਵੇਲੇ ਉਹ ਇਸਰਾਏਲ ਦਾ ਰਾਜਾ ਬਣਿਆ ਅਤੇ ਉਸ ਨੇ ਦੋ ਸਾਲ ਰਾਜ ਕੀਤਾ ਪਰ ਯਹੂਦਾਹ ਦਾ ਘਰਾਣਾ ਦਾਊਦ ਦੇ ਪੱਖ ਵਿੱਚ ਰਿਹਾ।

11ਦਾਊਦ ਨੇ ਹਬਰੋਨ ਵਿੱਚ ਯਹੂਦਾਹ ਦੇ ਘਰਾਣੇ ਉੱਤੇ ਸੱਤ ਸਾਲ ਛੇ ਮਹੀਨੇ ਰਾਜ ਕੀਤਾ।

12ਨੇਰ ਦੇ ਪੁੱਤਰ ਅਬਨੇਰ ਅਤੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਦੇ ਸੇਵਕ ਮਹਨਇਮ ਵਿੱਚੋਂ ਚੱਲ ਕੇ ਗਿਬਓਨ ਵਿੱਚ ਆਏ।

13ਅਤੇ ਸਰੂਯਾਹ ਦਾ ਪੁੱਤਰ ਯੋਆਬ ਅਤੇ ਦਾਊਦ ਦੇ ਸੇਵਕ ਨਿੱਕਲ ਕੇ ਗਿਬਓਨ ਦੇ ਤਲਾਬ ਕੋਲ ਉਨ੍ਹਾਂ ਨੂੰ ਮਿਲੇ ਅਤੇ ਦੋਵੇਂ ਬੈਠ ਗਏ ਇੱਕ ਤਾਂ ਤਲਾਬ ਦੇ ਉਰਲੇ ਬੰਨ੍ਹੇ ਅਤੇ ਦੂਜਾ ਤਲਾਬ ਦੇ ਪਰਲੇ ਬੰਨ੍ਹੇ।

14ਤਦ ਅਬਨੇਰ ਨੇ ਯੋਆਬ ਨੂੰ ਆਖਿਆ, ਆਖੋ ਤਾਂ ਜੁਆਨ ਉੱਠਣ ਅਤੇ ਸਾਡੇ ਅੱਗੇ ਕੋਈ ਖੇਡ ਵਿਖਾਉਣ। ਯੋਆਬ ਬੋਲਿਆ, ਉੱਠੋ।

15ਤਦ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਵੱਲੋਂ ਬਿਨਯਾਮੀਨ ਦੇ ਗਿਣਤੀ ਦੇ ਬਾਰਾਂ ਜੁਆਨ ਉੱਠੇ ਅਤੇ ਪਰਲੇ ਪਾਸੇ ਗਏ ਅਤੇ ਦਾਊਦ ਦੇ ਸੇਵਕਾਂ ਵੱਲੋਂ ਵੀ ਬਾਰਾਂ ਜੁਆਨ ਨਿੱਕਲੇ।

16ਅਤੇ ਇੱਕ-ਇੱਕ ਨੇ ਆਪੋ ਆਪਣੇ ਵਿਰੋਧੀ ਨੂੰ ਸਿਰੋਂ ਫੜ੍ਹ ਕੇ ਆਪਣੀ ਤਲਵਾਰ ਆਪਣੇ ਵਿਰੋਧੀ ਦੀ ਵੱਖੀ ਵਿੱਚ ਧਸਾ ਦਿੱਤੀ, ਅਤੇ ਉਹ ਇਕੱਠੇ ਹੀ ਡਿੱਗ ਪਏ! ਇਸ ਲਈ ਉਸ ਥਾਂ ਦਾ ਨਾਮ ਹਲਕਤ ਹੱਸੂਰੀਮ ਰੱਖਿਆ, ਜੋ ਗਿਬਓਨ ਵਿੱਚ ਹੈ।

17ਅਤੇ ਉਸ ਦਿਨ ਵੱਡੀ ਲੜਾਈ ਹੋਈ ਅਤੇ ਅਬਨੇਰ ਅਤੇ ਇਸਰਾਏਲ ਦੇ ਲੋਕ ਦਾਊਦ ਦੇ ਲੋਕਾਂ ਕੋਲੋਂ ਹਾਰ ਗਏ।

18ਉੱਥੇ ਸਰੂਯਾਹ ਦੇ ਤਿੰਨ ਪੁੱਤਰ ਯੋਆਬ, ਅਬੀਸ਼ਈ ਅਤੇ ਅਸਾਹੇਲ ਸਨ। ਅਸਾਹੇਲ ਜੰਗਲੀ ਹਿਰਨ ਦੀ ਤਰ੍ਹਾਂ ਫੁਰਤੀਲਾ ਸੀ।

19ਅਤੇ ਅਸਾਹੇਲ ਨੇ ਅਬਨੇਰ ਦਾ ਪਿੱਛਾ ਕੀਤਾ ਅਤੇ ਅਬਨੇਰ ਦਾ ਪਿੱਛਾ ਕਰਨ ਵੇਲੇ ਨਾ ਤਾਂ ਸੱਜੇ ਨਾ ਹੀ ਖੱਬੇ ਪਾਸੇ ਮੁੜਿਆ

20ਤਦ ਅਬਨੇਰ ਨੇ ਆਪਣੇ ਪਿੱਛੇ ਵੇਖ ਕੇ ਉਹ ਨੂੰ ਪੁੱਛਿਆ, ਕੀ ਤੂੰ ਹੀ ਅਸਾਹੇਲ ਹੈਂ? ਉਸ ਨੇ ਉੱਤਰ ਦਿੱਤਾ, ਹਾਂ, ਮੈਂ ਹੀ ਹਾਂ!

21ਤਦ ਅਬਨੇਰ ਨੇ ਉਹ ਨੂੰ ਆਖਿਆ, ਸੱਜੇ ਜਾਂ ਖੱਬੇ ਹੱਥ ਨੂੰ ਮੁੜ ਅਤੇ ਜੁਆਨਾਂ ਵਿੱਚੋਂ ਕਿਸੇ ਨੂੰ ਫੜ੍ਹ ਲੈ ਅਤੇ ਉਹ ਦੇ ਸ਼ਸਤਰ ਲੁੱਟ ਲੈ, ਪਰ ਅਸਾਹੇਲ ਨੇ ਉਸ ਦਾ ਪਿੱਛਾ ਕਰਨਾ ਨਾ ਛੱਡਿਆ ਜੋ ਉਸ ਦਾ ਪਿੱਛਾ ਕਰਨ ਤੋਂ ਕਿਸੇ ਹੋਰ ਦੀ ਵੱਲ ਜਾਂਵਾਂ।

22ਅਬਨੇਰ ਨੇ ਅਸਾਹੇਲ ਨੂੰ ਫਿਰ ਆਖਿਆ, ਮੇਰਾ ਪਿੱਛਾ ਕਰਨਾ ਛੱਡ ਦੇ! ਮੈਂ ਕਿਉਂ ਤੈਨੂੰ ਵੱਢ ਕੇ ਧਰਤੀ ਤੇ ਸੁੱਟਾਂ? ਫੇਰ ਮੈਂ ਤੇਰੇ ਭਰਾ ਯੋਆਬ ਨੂੰ ਕਿਵੇਂ ਮੂੰਹ ਵਿਖਾਵਾਂਗਾ?

23ਪਰ ਉਸ ਨੇ ਕਿਸੇ ਹੋਰ ਪਾਸੇ ਮੁੜਨ ਤੋਂ ਨਾਂਹ ਕੀਤੀ। ਤਦ ਅਬਨੇਰ ਨੇ ਬਰਛੀ ਦੇ ਪਿਛਲੇ ਸਿਰੇ ਨਾਲ ਉਸ ਦੇ ਢਿੱਡ ਵਿੱਚ ਅਜਿਹਾ ਮਾਰਿਆ ਜੋ ਉਸ ਦੀ ਪਿੱਠ ਵਿੱਚੋਂ ਦੀ ਪਾਰ ਨਿੱਕਲ ਗਈ, ਉਹ ਉੱਥੇ ਡਿੱਗ ਪਿਆ ਅਤੇ ਉਸੇ ਥਾਂ ਮਰ ਗਿਆ। ਅਜਿਹਾ ਹੋਇਆ, ਜੋ ਕੋਈ ਉਸ ਸਥਾਨ ਉੱਤੇ ਆਉਂਦਾ ਸੀ ਜਿੱਥੇ ਅਸਾਹੇਲ ਮਰਿਆ ਪਿਆ ਸੀ, ਤਾਂ ਉਹ ਉੱਥੇ ਹੀ ਖੜ੍ਹਾ ਰਹਿੰਦਾ ਸੀ।

24ਤਦ ਯੋਆਬ ਅਤੇ ਅਬੀਸ਼ਈ ਵੀ ਅਬਨੇਰ ਦਾ ਪਿੱਛਾ ਕਰਦੇ ਰਹੇ ਅਤੇ ਜਦ ਉਹ ਅੰਮਾਹ ਦੇ ਪਰਬਤ ਤੱਕ ਜੋ ਗਿਬਓਨ ਦੇ ਉਜਾੜ ਦੇ ਰਾਹ ਵਿੱਚ ਗਿਯਹ ਦੇ ਸਾਹਮਣੇ ਹੈ ਪਹੁੰਚੇ, ਤਦ ਸੂਰਜ ਡੁੱਬ ਗਿਆ।

25ਅਤੇ ਬਿਨਯਾਮੀਨੀ ਅਬਨੇਰ ਦੇ ਪਿੱਛੇ ਹੋ ਕੇ ਇਕੱਠੇ ਹੋਏ ਅਤੇ ਇੱਕ ਟੋਲੀ ਬਣ ਕੇ ਇੱਕ ਪਰਬਤ ਦੀ ਟੀਸੀ ਉੱਤੇ ਖੜ੍ਹੇ ਹੋ ਗਏ।

26ਤਦ ਅਬਨੇਰ ਨੇ ਯੋਆਬ ਨੂੰ ਸੱਦ ਕੇ ਆਖਿਆ, ਭਲਾ, ਕੀ ਤਲਵਾਰ ਸਦਾ ਤਬਾਹੀ ਕਰਦੀ ਰਹੇਗੀ? ਭਲਾ ਤੂੰ ਨਹੀਂ ਜਾਣਦਾ ਜੋ ਇਸ ਦਾ ਫਲ ਬੁਰਾ ਹੋਵੇਗਾ ਅਤੇ ਕਦ ਤੱਕ ਤੂੰ ਲੋਕਾਂ ਨੂੰ ਆਪੋ ਆਪਣੇ ਭਰਾਵਾਂ ਦਾ ਪਿੱਛਾ ਕਰਨ ਤੋਂ ਨਾ ਮੋੜੇਂਗਾ?

27ਤਦ ਯੋਆਬ ਨੇ ਆਖਿਆ, ਜਿਉਂਦੇ ਪਰਮੇਸ਼ੁਰ ਦੀ ਸਹੁੰ, ਜੇ ਕਦੇ ਤੂੰ ਇਹ ਗੱਲ ਨਾ ਆਖਦਾ, ਤਾਂ ਲੋਕ ਸਵੇਰੇ ਹੀ ਮੁੜ ਜਾਂਦੇ ਅਤੇ ਆਪੋ ਆਪਣੇ ਭਰਾਵਾਂ ਦਾ ਪਿੱਛਾ ਨਾ ਕਰਦੇ।

28ਯੋਆਬ ਨੇ ਤੁਰ੍ਹੀ ਵਜਾਈ ਅਤੇ ਸਭ ਲੋਕ ਖੜ੍ਹੇ ਹੋ ਗਏ ਅਤੇ ਫਿਰ ਇਸਰਾਏਲ ਦਾ ਪਿੱਛਾ ਨਾ ਕੀਤਾ ਅਤੇ ਲੜਾਈ ਵੀ ਨਾ ਕੀਤੀ।

29ਅਬਨੇਰ ਅਤੇ ਉਹ ਦੇ ਲੋਕ ਉਸ ਸਾਰੀ ਰਾਤ ਮੈਦਾਨ ਵਿੱਚ ਤੁਰਦੇ ਗਏ ਅਤੇ ਯਰਦਨ ਦੇ ਪਾਰ ਹੋਏ ਅਤੇ ਉਹ ਸਾਰੇ ਦਿਨ ਚਲਦੇ ਰਹੇ ਅਤੇ ਮਹਨਇਮ ਵਿੱਚ ਆ ਗਏ।

30ਯੋਆਬ ਅਬਨੇਰ ਦਾ ਪਿੱਛਾ ਕਰਨ ਤੋਂ ਮੁੜ ਗਿਆ; ਅਤੇ ਜਦ ਉਸ ਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਤਦ ਉਸ ਨੇ ਵੇਖਿਆ ਕਿ ਦਾਊਦ ਦੇ ਸੇਵਕਾਂ ਵਿੱਚੋਂ ਉੱਨੀ ਮਨੁੱਖ ਨਾ ਲੱਭੇ ਅਤੇ ਅਸਾਹੇਲ ਵੀ ਨਾ ਲੱਭਿਆ।

31ਪਰ ਦਾਊਦ ਦੇ ਸੇਵਕਾਂ ਨੇ ਬਿਨਯਾਮੀਨ ਵਿੱਚੋਂ ਅਤੇ ਅਬਨੇਰ ਦੇ ਸੇਵਕਾਂ ਵਿੱਚੋਂ ਲੋਕਾਂ ਨੂੰ ਅਜਿਹਾ ਮਾਰਿਆ, ਜੋ ਤਿੰਨ ਸੋ ਸੱਠ ਮਨੁੱਖ ਮਰ ਗਏ।

32ਉਨ੍ਹਾਂ ਨੇ ਅਸਾਹੇਲ ਨੂੰ ਚੁੱਕ ਲਿਆ ਅਤੇ ਉਹ ਦੇ ਪਿਤਾ ਦੇ ਕਬਰਿਸਤਾਨ ਵਿੱਚ ਜੋ ਬੈਤਲਹਮ ਵਿੱਚ ਸੀ, ਉਹ ਨੂੰ ਦਫ਼ਨਾ ਦਿੱਤਾ ਅਤੇ ਯੋਆਬ ਅਤੇ ਉਹ ਦੇ ਮਨੁੱਖ ਸਾਰੀ ਰਾਤ ਤੁਰ ਕੇ ਪਹਿਲੇ ਪਹਿਰ ਹਬਰੋਨ ਵਿੱਚ ਆ ਗਏ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath