2 ਸਮੂਏਲ 24
1ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਫਿਰ ਭੜਕਿਆ, ਅਤੇ ਉਸ ਨੇ ਦਾਊਦ ਦੇ ਮਨ ਨੂੰ ਉਨ੍ਹਾਂ ਦੇ ਵਿਰੋਧ ਵਿੱਚ ਉਭਾਰਿਆ, ਕਿ ਜਾ ਇਸਰਾਏਲ ਅਤੇ ਯਹੂਦਾਹ ਦੀ ਗਿਣਤੀ ਕਰ।
2ਇਸ ਲਈ ਰਾਜਾ ਨੇ ਯੋਆਬ ਸੈਨਾਪਤੀ ਨੂੰ ਜੋ ਉਹ ਦੇ ਨਾਲ ਸੀ ਆਖਿਆ, ਇਸਰਾਏਲ ਦੇ ਸਾਰੇ ਗੋਤਾਂ ਵਿੱਚ, ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਜਾ ਅਤੇ ਲੋਕਾਂ ਨੂੰ ਗਿਣ ਲੈ ਕਿ ਮੈਨੂੰ ਲੋਕਾਂ ਦੀ ਗਿਣਤੀ ਪਤਾ ਹੋਵੇ।
3ਯੋਆਬ ਨੇ ਰਾਜਾ ਨੂੰ ਆਖਿਆ, ਪਰਜਾ ਦੇ ਲੋਕ ਕਿੰਨ੍ਹੇ ਵੀ ਕਿਉਂ ਨਾ ਹੋਣ, ਤੁਹਾਡਾ ਪਰਮੇਸ਼ੁਰ ਯਹੋਵਾਹ ਲੋਕਾਂ ਨੂੰ ਸੌ ਗੁਣਾ ਵਧਾਵੇ, ਅਤੇ ਮੇਰੇ ਮਹਾਰਾਜ ਦੀਆਂ ਅੱਖੀਆਂ ਵੀ ਇਹ ਗੱਲ ਵੇਖਣ, ਪਰ ਇਹ ਤੁਸੀਂ ਕਿਉਂ ਚਾਹੁੰਦੇ ਹੋ?
4ਫਿਰ ਵੀ ਰਾਜੇ ਦੀ ਆਗਿਆ ਯੋਆਬ ਉੱਤੇ ਅਤੇ ਦਲ ਦੇ ਪ੍ਰਧਾਨਾਂ ਉੱਤੇ ਪਰਬਲ ਹੋਈ। ਤਦ ਯੋਆਬ ਅਤੇ ਦਲ ਦੇ ਪ੍ਰਧਾਨ ਰਾਜਾ ਦੇ ਅੱਗਿਓਂ ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰਨ ਨੂੰ ਨਿੱਕਲ ਗਏ।
5ਉਹ ਯਰਦਨ ਤੋਂ ਪਾਰ ਲੰਘੇ ਅਤੇ ਅਰੋਏਰ ਵਿੱਚ ਜੋ ਗਾਦ ਦੀ ਵਾਦੀ ਦੇ ਸ਼ਹਿਰ ਦੇ ਸੱਜੇ ਬੰਨੇ ਯਾਜ਼ੇਰ ਵੱਲ ਹੈ, ਤੰਬੂ ਲਾਏ l
6ਉੱਥੋਂ ਗਿਲਆਦ ਅਤੇ ਤਹਤੀਮ ਹਾਦਸ਼ੀ ਦੇ ਦੇਸ਼ ਨੂੰ ਆਏ ਦਾਨ ਯਾਨ ਨੂੰ ਆਏ ਅਤੇ ਘੁੰਮ ਕੇ ਸੀਦੋਨ ਤੱਕ ਪਹੁੰਚੇ।
7ਅਤੇ ਉੱਥੋਂ ਸੂਰ ਦੇ ਗੜ੍ਹ ਤੱਕ ਆਏ ਅਤੇ ਹਿੱਵੀਆਂ ਅਤੇ ਕਨਾਨੀਆਂ ਦੇ ਸਾਰਿਆਂ ਸ਼ਹਿਰਾਂ ਤੱਕ ਅਤੇ ਯਹੂਦਾਹ ਦੇ ਦੱਖਣ ਨੂੰ ਬਏਰਸ਼ਬਾ ਤੱਕ ਨਿੱਕਲ ਗਏ।
8ਇਸ ਤਰ੍ਹਾਂ, ਓਹ ਸਾਰੇ ਦੇਸ਼ ਵਿੱਚੋਂ ਘੁੰਮ ਕੇ ਨੌ ਮਹੀਨੇ ਅਤੇ ਵੀਹ ਦਿਨਾਂ ਬਾਅਦ ਯਰੂਸ਼ਲਮ ਨੂੰ ਮੁੜ ਆਏ।
9ਅਤੇ ਯੋਆਬ ਨੇ ਲੋਕਾਂ ਦੀ ਗਿਣਤੀ ਦਾ ਲੇਖਾ ਰਾਜਾ ਨੂੰ ਦਿੱਤਾ ਅਤੇ ਇਸਰਾਏਲ ਦੇ ਅੱਠ ਲੱਖ ਮਨੁੱਖ ਸਨ ਅਤੇ ਯਹੂਦਾਹ ਦੇ ਪੰਜ ਲੱਖ ਮਨੁੱਖ ਸਨ।
10ਲੋਕਾਂ ਦੀ ਗਿਣਤੀ ਕਰਨ ਤੋਂ ਬਾਅਦ ਦਾਊਦ ਦੇ ਮਨ ਨੇ ਉਹ ਨੂੰ ਸਤਾਇਆ ਅਤੇ ਦਾਊਦ ਨੇ ਯਹੋਵਾਹ ਨੂੰ ਆਖਿਆ ਕਿ ਜੋ ਮੈਂ ਕੀਤਾ ਹੈ ਵੱਡਾ ਪਾਪ ਹੈ! ਹੁਣ ਹੇ ਯਹੋਵਾਹ ਦਯਾ ਕਰ ਕੇ ਆਪਣੇ ਦਾਸ ਦੀ ਬਦੀ ਦੂਰ ਕਰ, ਕਿਉਂ ਜੋ ਮੈਂ ਵੱਡੀ ਮੂਰਖਤਾਈ ਦਾ ਕੰਮ ਕੀਤਾ ਹੈ।
11ਸੋ ਜਦ ਦਾਊਦ ਸਵੇਰ ਨੂੰ ਉੱਠਿਆ ਤਾਂ ਯਹੋਵਾਹ ਦਾ ਬਚਨ ਗਾਦ ਨਬੀ ਨੂੰ ਜੋ ਦਾਊਦ ਦਾ ਅਗੰਮ ਗਿਆਨੀ ਸੀ, ਆਇਆ ਅਤੇ ਉਹ ਨੂੰ ਆਖਿਆ।
12ਜਾ ਕੇ ਦਾਊਦ ਨੂੰ ਆਖ ਕਿ ਯਹੋਵਾਹ ਇਹ ਫ਼ਰਮਾਉਂਦਾ ਹੈ ਕਿ ਮੈਂ ਤੇਰੇ ਅੱਗੇ ਤਿੰਨ ਬਿਪਤਾਵਾਂ ਰੱਖਦਾ ਹਾਂ ਸੋ ਤੂੰ ਉਨ੍ਹਾਂ ਵਿੱਚੋਂ ਇੱਕ ਚੁਣ ਲੈ ਜੋ ਮੈਂ ਤੇਰੇ ਉੱਤੇ ਪਾਵਾਂ।
13ਸੋ ਗਾਦ ਨੇ ਦਾਊਦ ਕੋਲ ਆ ਕੇ ਦੱਸਿਆ ਅਤੇ ਉਹ ਨੂੰ ਪੁੱਛਿਆ ਕਿ ਤੂੰ ਕਿ ਚਾਹੁੰਦਾ ਹੈ ਜੋ ਤੇਰੇ ਦੇਸ਼ ਵਿੱਚ ਤੇਰੇ ਉੱਤੇ ਸੱਤਾਂ ਸਾਲਾਂ ਦਾ ਕਾਲ ਪਵੇ ਜਾਂ ਤਿੰਨ ਮਹੀਨਿਆਂ ਤੱਕ ਤੂੰ ਆਪਣੇ ਵੈਰੀਆਂ ਅੱਗਿਓਂ ਭੱਜੇਂ ਅਤੇ ਉਹ ਤੇਰੇ ਪਿੱਛੇ ਲੱਗਣ ਜਾਂ ਤੇਰੇ ਦੇਸ਼ ਵਿੱਚ ਤਿੰਨ ਦਿਨਾਂ ਤੱਕ ਮਹਾਂ ਮਰੀ ਪਵੇ? ਹੁਣ ਸਲਾਹ ਕਰ ਅਤੇ ਠਹਿਰਾ ਲੈ ਜੋ ਮੈਂ ਉਸ ਨੂੰ ਜਿਸ ਨੇ ਮੈਨੂੰ ਭੇਜਿਆ ਹੈ ਕੀ ਉੱਤਰ ਦੇਵਾਂ।
14ਤਦ ਦਾਊਦ ਨੇ ਗਾਦ ਨੂੰ ਆਖਿਆ, ਮੈਂ ਵੱਡੀ ਮੁਸੀਬਤ ਵਿੱਚ ਪਿਆ ਹਾਂ! ਹੁਣ ਅਸੀਂ ਯਹੋਵਾਹ ਦੇ ਹੱਥ ਵਿੱਚ ਪਈਏ ਕਿਉਂ ਜੋ ਉਸ ਦੀ ਦਯਾ ਵੱਡੀ ਹੈ ਪਰ ਮਨੁੱਖ ਦੇ ਹੱਥ ਵਿੱਚ ਨਾ ਪਈਏ।
15ਸੋ ਯਹੋਵਾਹ ਨੇ ਇਸਰਾਏਲ ਦੇ ਉੱਤੇ ਮਰੀ ਘੱਲੀ ਜਿਹੜੀ ਉਸ ਸਵੇਰ ਤੋਂ ਠਹਿਰਾਏ ਹੋਏ ਸਮੇਂ ਤੱਕ ਪਈ ਰਹੀ ਅਤੇ ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਪਰਜਾ ਵਿੱਚੋਂ ਸੱਤਰ ਹਜ਼ਾਰ ਲੋਕ ਮਰ ਗਏ।
16ਜਦ ਦੂਤ ਨੇ ਯਰੂਸ਼ਲਮ ਦੇ ਨਾਸ ਕਰਨ ਨੂੰ ਆਪਣਾ ਹੱਥ ਵਧਾਇਆ ਤਾਂ ਯਹੋਵਾਹ ਉਸ ਸਾਰੀ ਬਿਪਤਾ ਦੇ ਕਾਰਨ ਪਛਤਾਇਆ ਅਤੇ ਉਸ ਦੂਤ ਨੂੰ ਜੋ ਲੋਕਾਂ ਨੂੰ ਮਾਰਦਾ ਸੀ ਆਖਿਆ, ਬਸ, ਬਹੁਤ ਹੋ ਗਿਆ, ਹੁਣ ਆਪਣਾ ਹੱਥ ਖਿੱਚ ਲੈ। ਉਸ ਵੇਲੇ ਯਹੋਵਾਹ ਦਾ ਦੂਤ ਯਬੂਸੀ ਅਰਵਨਾਹ ਦੇ ਪਿੜ ਕੋਲ ਖੜ੍ਹਾ ਸੀ।
17ਅਤੇ ਜਦ ਦਾਊਦ ਨੇ ਉਸ ਲੋਕਾਂ ਦੇ ਮਾਰਨ ਵਾਲੇ ਦੂਤ ਨੂੰ ਵੇਖਿਆ ਤਾਂ ਯਹੋਵਾਹ ਨੂੰ ਆਖਿਆ, ਵੇਖ, ਪਾਪ ਤਾਂ ਮੈਂ ਕੀਤਾ ਅਤੇ ਬੁਰਿਆਈ ਵੀ ਮੇਰੇ ਕੋਲੋਂ ਹੋਈ ਪਰ ਇਨ੍ਹਾਂ ਭੇਡਾਂ ਦਾ ਕੀ ਦੋਸ਼? ਸੋ ਮੇਰੇ ਪਿਤਾ ਦੇ ਘਰਾਣੇ ਉੱਤੇ ਆਪਣਾ ਹੱਥ ਚਲਾ!
18ਉਸ ਦਿਨ ਗਾਦ ਦਾਊਦ ਕੋਲ ਆਇਆ ਅਤੇ ਉਹ ਨੂੰ ਆਖਿਆ, ਜਾ ਅਤੇ ਯਬੂਸੀ ਅਰਵਨਾਹ ਦੇ ਪਿੜ ਵਿੱਚ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾ।
19ਦਾਊਦ ਨੇ ਗਾਦ ਦੇ ਆਖਣ ਅਨੁਸਾਰ ਜਿਵੇਂ ਯਹੋਵਾਹ ਦੀ ਆਗਿਆ ਸੀ ਉੱਥੇ ਗਿਆ।
20ਅਤੇ ਅਰਵਨਾਹ ਨੇ ਤੱਕਿਆ ਅਤੇ ਰਾਜਾ ਅਤੇ ਉਸ ਦੇ ਸੇਵਕਾਂ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਸੋ ਅਰਵਨਾਹ ਨਿੱਕਲਿਆ ਅਤੇ ਰਾਜਾ ਦੇ ਅੱਗੇ ਮੂੰਹ ਭਾਰ ਝੁੱਕ ਕੇ ਨਮਸਕਾਰ ਕੀਤਾ।
21ਅਤੇ ਅਰਵਨਾਹ ਨੇ ਆਖਿਆ, ਮਹਾਰਾਜ ਮੇਰਾ ਰਾਜਾ ਆਪਣੇ ਸੇਵਕ ਕੋਲ ਕਿਉਂ ਆਇਆ? ਦਾਊਦ ਨੇ ਆਖਿਆ, ਇਹ ਪਿੜ ਮੈਂ ਤੇਰੇ ਕੋਲੋਂ ਮੁੱਲ ਲੈਣ ਲਈ ਆਇਆ ਹਾਂ ਕਿ ਯਹੋਵਾਹ ਲਈ ਇੱਕ ਜਗਵੇਦੀ ਬਣਾਵਾਂ ਤਾਂ ਜੋ ਲੋਕਾਂ ਵਿੱਚੋਂ ਮਰੀ ਹਟ ਜਾਏ।
22ਅਰਵਨਾਹ ਨੇ ਦਾਊਦ ਨੂੰ ਆਖਿਆ, ਮੇਰਾ ਮਹਾਰਾਜ ਰਾਜਾ ਜੋ ਕੁਝ ਭੇਟ ਕਰਨ ਲਈ ਉਸ ਦੀ ਨਿਗਾਹ ਵਿੱਚ ਚੰਗਾ ਹੋਵੇ ਸੋ ਲਵੇ; ਹੋਮ ਦੀ ਭੇਟ ਲਈ ਬਲ਼ਦ ਹਨ, ਅਤੇ ਗਾਹ ਪਾਉਣ ਦਾ ਵਲੇਵਾ ਬਲ਼ਦਾਂ ਦੇ ਵਲੇਵੇ ਸਣੇ ਲੱਕੜ ਦੇ ਲਈ ਹੈ।
23ਇਹ ਸਭ ਕੁਝ ਅਰਵਨਾਹ ਨੇ ਰਾਜਾ ਨੂੰ ਦੇ ਦਿੱਤਾ। ਫਿਰ ਅਰਵਨਾਹ ਨੇ ਰਾਜਾ ਨੂੰ ਆਖਿਆ, ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਤੋਂ ਪਰਸੰਨ ਹੋਵੇ।
24ਰਾਜਾ ਨੇ ਅਰਵਨਾਹ ਨੂੰ ਆਖਿਆ, ਅਜਿਹਾ ਨਹੀਂ ਹੋਵੇਗਾ ਨਹੀਂ, ਪਰ ਮੈਂ ਤੈਨੂੰ ਮੁੱਲ ਦੇ ਕੇ ਉਹ ਪਿੜ ਲਵਾਂਗਾ ਅਤੇ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਅਜਿਹੀ ਭੇਟ ਨਾ ਚੜ੍ਹਾਵਾਂਗਾ ਜਿਸ ਵਿੱਚ ਮੇਰਾ ਕੁਝ ਮੁੱਲ ਨਾ ਲੱਗਾ ਹੋਵੇ! ਸੋ ਦਾਊਦ ਨੇ ਉਹ ਪਿੜ ਅਤੇ ਉਹ ਬਲ਼ਦ ਚਾਂਦੀ ਦੇ ਪੰਜਾਹ ਸ਼ਕੇਲ ਰੁਪਏ ਦੇ ਕੇ ਮੁੱਲ ਲੈ ਲਿਆ।
25ਤਦ ਦਾਊਦ ਨੇ ਉੱਥੇ ਯਹੋਵਾਹ ਦੇ ਲਈ ਜਗਵੇਦੀ ਬਣਾਈ ਅਤੇ ਹੋਮ ਦੀਆਂ ਬਲੀਆਂ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। ਸੋ ਯਹੋਵਾਹ ਨੇ ਦੇਸ਼ ਦੇ ਲਈ ਉਨ੍ਹਾਂ ਦੀਆਂ ਬੇਨਤੀਆਂ ਸੁਣ ਲਈਆਂ, ਤਦ ਇਸਰਾਏਲ ਵਿੱਚੋਂ ਮਰੀ ਹਟ ਗਈ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath