2 ਸਮੂਏਲ 22
1ਜਿਸ ਦਿਨ ਯਹੋਵਾਹ ਨੇ ਦਾਊਦ ਨੂੰ ਉਹ ਦੇ ਸਾਰੇ ਵੈਰੀਆਂ ਅਤੇ ਸ਼ਾਊਲ ਦੇ ਹੱਥੋਂ ਛੁਟਕਾਰਾ ਦਿੱਤਾ, ਉਸ ਦਿਨ ਉਸ ਨੇ ਯਹੋਵਾਹ ਲਈ ਇਸ ਭਜਨ ਨੂੰ ਗਾਇਆ।
2ਉਹ ਨੇ ਆਖਿਆ, ਯਹੋਵਾਹ ਮੇਰੀ ਚੱਟਾਨ, ਮੇਰਾ ਗੜ੍ਹ, ਮੇਰਾ ਛੁਡਾਉਣ ਵਾਲਾ ਹੈ, ਉਹ ਮੇਰਾ ਹੈ!
3ਪਰਮੇਸ਼ੁਰ ਮੇਰਾ ਟਿੱਲਾ ਹੈ, ਜਿਸ ਦੀ ਸ਼ਰਨ ਵਿੱਚ ਮੈਂ ਆਇਆ ਹਾਂ, ਮੇਰੀ ਢਾਲ਼, ਮੇਰੇ ਬਚਾਓ ਦਾ ਸਿੰਗ, ਮੇਰਾ ਉੱਚਾ ਗੜ੍ਹ ਅਤੇ ਮੇਰੀ ਓਟ। ਮੇਰੇ ਬਚਾਉਣ ਵਾਲੇ, ਤੂੰ ਮੈਨੂੰ ਅੰਧਕਾਰ ਤੋਂ ਬਚਾਉਂਦਾ ਹੈਂ।
4ਮੈਂ ਯਹੋਵਾਹ ਨੂੰ ਜਿਹੜਾ ਉਸਤਤ ਯੋਗ ਹੈ ਪੁਕਾਰਾਂਗਾ, ਅਤੇ ਮੈਂ ਆਪਣੇ ਵੈਰੀਆਂ ਤੋਂ ਬਚ ਜਾਂਵਾਂਗਾ l
5ਮੌਤ ਦੀਆਂ ਲਹਿਰਾਂ ਨੇ ਮੈਨੂੰ ਘੇਰ ਲਿਆ, ਕੁਧਰਮੀ ਦੇ ਹੜ੍ਹਾਂ ਨੇ ਮੈਨੂੰ ਡਰਾਇਆ।
6ਅਧੋਲੋਕ ਦੀਆਂ ਰੱਸੀਆਂ ਨੇ ਮੈਨੂੰ ਘੇਰ ਲਿਆ, ਮੌਤ ਦੇ ਫੰਦੇ ਮੇਰੇ ਚੁਫ਼ੇਰੇ ਸਨ।
7ਆਪਣੀ ਔਖ ਦੇ ਵੇਲੇ ਮੈਂ ਯਹੋਵਾਹ ਨੂੰ ਪੁਕਾਰਿਆ, ਹਾਂ, ਆਪਣੇ ਪਰਮੇਸ਼ੁਰ ਨੂੰ ਪੁਕਾਰਿਆ। ਉਹ ਨੇ ਆਪਣੀ ਹੈਕਲ ਵਿੱਚੋਂ ਮੇਰੀ ਅਵਾਜ਼ ਸੁਣੀ, ਅਤੇ ਮੇਰੀ ਦੁਹਾਈ ਉਹ ਦੇ ਕੰਨਾਂ ਤੱਕ ਪਹੁੰਚੀ।
8ਤਦ ਧਰਤੀ ਕੰਬ ਗਈ ਅਤੇ ਥਰ-ਥਰਾਈ, ਅਤੇ ਆਕਾਸ਼ ਦੀਆਂ ਨੀਹਾਂ ਹਿੱਲ ਗਈਆਂ, ਅਤੇ ਧੜਕ ਉੱਠੀਆਂ, ਕਿਉਂ ਜੋ ਉਹ ਕ੍ਰੋਧਵਾਨ ਹੋ ਗਿਆ ਸੀ!
9ਉਸ ਦੀਆਂ ਨਾਸਾਂ ਤੋਂ ਧੂੰਆਂ ਉੱਠਿਆ ਅਤੇ ਉਸ ਦੇ ਮੂੰਹ ਤੋਂ ਅੱਗ ਭਸਮ ਕਰਦੀ ਸੀ, ਅੰਗਿਆਰੇ ਉਸ ਤੋਂ ਦਗ-ਦਗ ਕਰਨ ਲੱਗੇ!
10ਉਸ ਨੇ ਅਕਾਸ਼ਾਂ ਨੂੰ ਝੁਕਾਇਆ ਅਤੇ ਹੇਠਾਂ ਉਤਰਿਆ, ਅਤੇ ਉਸ ਦੇ ਪੈਰਾਂ ਹੇਠ ਘੁੱਪ ਹਨ੍ਹੇਰਾ ਸੀ।
11ਉਹ ਕਰੂਬ ਉੱਤੇ ਸਵਾਰ ਹੋ ਕੇ ਉੱਡਿਆ, ਹਾਂ ਉਹ ਪੌਣ ਦਿਆਂ ਖੰਭਾਂ ਉੱਤੇ ਵੇਖਿਆ ਗਿਆ।
12ਉਸ ਨੇ ਹਨੇਰੇ ਨੂੰ ਆਪਣੇ ਆਲੇ-ਦੁਆਲੇ ਦਾ ਮੰਡਪ ਬਣਾਇਆ, ਬੱਦਲਾਂ ਦੇ ਇਕੱਠ, ਅਕਾਸ਼ ਦੀਆਂ ਘਟਾਂਵਾਂ ਨੂੰ।
13ਉਸ ਚਮਕ ਤੋਂ ਜੋ ਉਸ ਦੇ ਅੱਗੇ ਸੀ, ਅੰਗਿਆਰੇ ਦਗ-ਦਗ ਕਰਨ ਲੱਗੇ!
14ਯਹੋਵਾਹ ਅਕਾਸ਼ ਤੋਂ ਗਰਜਿਆ ਅਤੇ ਅੱਤ ਮਹਾਨ ਨੇ ਆਪਣੀ ਅਵਾਜ਼ ਸੁਣਾਈ।
15ਫੇਰ ਉਹ ਨੇ ਆਪਣੇ ਤੀਰ ਚਲਾ ਕੇ ਮੇਰੇ ਵੈਰੀਆਂ ਨੂੰ ਤਿੱਤਰ-ਬਿੱਤਰ ਕਰ ਦਿੱਤਾ, ਬਿਜਲੀਆਂ ਲਿਸ਼ਕਾ ਕੇ ਉਨ੍ਹਾਂ ਨੂੰ ਘਬਰਾ ਦਿੱਤਾ!
16ਯਹੋਵਾਹ ਦੇ ਦਬਕੇ ਦੇ ਕਾਰਨ, ਉਹ ਦੀਆਂ ਨਾਸਾਂ ਦੇ ਸੁਆਸ ਦੇ ਝੋਕੇ ਦੇ ਕਾਰਨ, ਸਮੁੰਦਰਾਂ ਦੀਆਂ ਸਤਹ ਦਿੱਸ ਪਈਆਂ, ਅਤੇ ਜਗਤ ਦੀਆਂ ਨੀਹਾਂ ਖੁੱਲ੍ਹ ਗਈਆਂ।
17ਉਸ ਨੇ ਉੱਪਰੋਂ ਹੱਥ ਵਧਾ ਕੇ ਮੈਨੂੰ ਸੰਭਾਲ ਲਿਆ, ਉਸ ਨੇ ਮੈਨੂੰ ਪਾਣੀ ਦੇ ਹੜ੍ਹਾਂ ਵਿੱਚੋਂ ਕੱਢ ਲਿਆ।
18ਉਸ ਨੇ ਮੇਰੇ ਬਲਵੰਤ ਵੈਰੀ ਤੋਂ ਮੈਨੂੰ ਛੁਡਾਇਆ, ਅਤੇ ਉਹਨਾਂ ਤੋਂ ਜਿਹੜੇ ਮੈਥੋਂ ਘਿਣ ਕਰਦੇ ਸਨ, ਕਿਉਂ ਜੋ ਓਹ ਮੇਰੇ ਨਾਲੋਂ ਬਹੁਤ ਤਕੜੇ ਸਨ।
19ਮੇਰੀ ਬਿਪਤਾ ਦੇ ਦਿਨ ਉਨ੍ਹਾਂ ਨੇ ਮੇਰਾ ਸਾਹਮਣਾ ਕੀਤਾ, ਪਰੰਤੂ ਯਹੋਵਾਹ ਮੇਰਾ ਆਸਰਾ ਸੀ।
20ਉਸ ਨੇ ਮੈਨੂੰ ਖੁੱਲ੍ਹੇ ਸਥਾਨ ਵਿੱਚ ਪਹੁੰਚਾਇਆ, ਉਸ ਨੇ ਮੈਨੂੰ ਛੁਡਾਇਆ ਕਿਉਂ ਜੋ ਉਹ ਮੈਥੋਂ ਪ੍ਰਸੰਨ ਸੀ।
21ਯਹੋਵਾਹ ਨੇ ਮੇਰੇ ਧਰਮ ਦੇ ਅਨੁਸਾਰ ਮੈਨੂੰ ਬਦਲਾ ਦਿੱਤਾ, ਮੇਰੇ ਹੱਥਾਂ ਦੀ ਸੁੱਚਮਤਾਈ ਦੇ ਅਨੁਸਾਰ ਮੈਨੂੰ ਬਦਲਾ ਦਿੱਤਾ।
22ਕਿਉਂ ਜੋ ਮੈਂ ਯਹੋਵਾਹ ਦੇ ਰਾਹਾਂ ਦੀ ਪਾਲਣਾ ਕੀਤੀ, ਅਤੇ ਬਦੀ ਕਰਕੇ ਆਪਣੇ ਪਰਮੇਸ਼ੁਰ ਤੋਂ ਬੇਮੁੱਖ ਨਹੀਂ ਹੋਇਆ!
23ਉਹ ਦੇ ਸਾਰੇ ਨਿਯਮ ਮੇਰੇ ਸਾਹਮਣੇ ਰਹੇ ਅਤੇ ਉਹ ਦੀਆਂ ਬਿਧੀਆਂ ਤੋਂ ਮੈਂ ਨਹੀਂ ਮੁੜਿਆ।
24ਮੈਂ ਉਹ ਦੇ ਨਾਲ ਖਰਾ ਉਤਰਿਆ, ਅਤੇ ਆਪਣੇ ਆਪ ਨੂੰ ਬਦੀ ਤੋਂ ਬਚਾਈ ਰੱਖਿਆ।
25ਇਸ ਲਈ ਯਹੋਵਾਹ ਨੇ ਮੇਰੇ ਧਰਮ ਦੇ ਅਨੁਸਾਰ ਮੇਰੇ ਨਾਲ ਵਰਤਾਉ ਕੀਤਾ, ਮੇਰੇ ਹੱਥਾਂ ਦੀ ਸ਼ੁੱਧਤਾ ਦੇ ਅਨੁਸਾਰ ਮੈਨੂੰ ਵੱਟਾ ਦਿੱਤਾ।
26ਦਯਾਵਾਨ ਲਈ ਤੂੰ ਆਪਣੇ ਆਪ ਨੂੰ ਦਯਾਵਾਨ ਵਿਖਾਵੇਂਗਾ, ਪੂਰੇ ਮਨੁੱਖ ਲਈ ਤੂੰ ਆਪਣੇ ਆਪ ਨੂੰ ਪੂਰਾ ਵਿਖਾਵੇਂਗਾ।
27ਸ਼ੁੱਧ ਲਈ ਤੂੰ ਆਪਣੇ ਆਪ ਨੂੰ ਸ਼ੁੱਧ ਵਿਖਾਵੇਂਗਾ, ਅਤੇ ਟੇਢਿਆਂ ਲਈ ਤੂੰ ਆਪਣੇ ਆਪ ਨੂੰ ਟੇਢਾ ਵਿਖਾਵੇਂਗਾ।
28ਤੂੰ ਦੁਖੀ ਲੋਕਾਂ ਨੂੰ ਬਚਾਵੇਂਗਾ, ਪਰ ਤੇਰੀਆਂ ਅੱਖਾਂ ਹੰਕਾਰੀਆਂ ਦੇ ਉੱਤੇ ਹਨ ਕਿ ਉਨ੍ਹਾਂ ਨੂੰ ਨੀਵਾਂ ਕਰੇਂ।
29ਤੂੰ ਮੇਰਾ ਦੀਵਾ ਹੈਂ, ਹੇ ਯਹੋਵਾਹ, ਯਹੋਵਾਹ ਮੇਰੇ ਹਨੇਰੇ ਨੂੰ ਚਾਨਣ ਕਰਦਾ ਹੈ!
30ਤਦ ਮੈਂ ਤੇਰੀ ਸਹਾਇਤਾ ਨਾਲ ਮੈਂ ਆਪਣੇ ਵੈਰੀਆਂ ਦੇ ਵਿਰੁੱਧ ਹੱਲਾ ਬੋਲ ਸਕਦਾ ਹਾਂ, ਅਤੇ ਆਪਣੇ ਪਰਮੇਸ਼ੁਰ ਦੀ ਸਹਾਇਤਾ ਨਾਲ ਮੈਂ ਸ਼ਹਿਰਪਨਾਹ ਨੂੰ ਟੱਪ ਸਕਦਾ ਹਾਂ।
31ਪਰਮੇਸ਼ੁਰ ਦਾ ਰਾਹ ਸਿੱਧ ਹੈ ਯਹੋਵਾਹ ਦਾ ਬਚਨ ਤਾਇਆ ਹੋਇਆ ਹੈ, ਉਹ ਆਪਣੇ ਸਾਰੇ ਸ਼ਰਨਾਰਥੀਆਂ ਲਈ ਇੱਕ ਢਾਲ਼ ਹੈ।
32ਯਹੋਵਾਹ ਤੋਂ ਬਿਨ੍ਹਾਂ ਹੋਰ ਕੌਣ ਪਰਮੇਸ਼ੁਰ ਹੈ? ਅਤੇ ਸਾਡੇ ਪਰਮੇਸ਼ੁਰ ਤੋਂ ਛੁੱਟ ਹੋਰ ਕਿਹੜੀ ਚੱਟਾਨ ਹੈ?
33ਪਰਮੇਸ਼ੁਰ ਮੇਰਾ ਪੱਕਾ ਗੜ੍ਹ ਹੈ ਉਹ ਮੇਰਾ ਰਾਹ ਸੰਪੂਰਨ ਕਰਦਾ ਹੈ।
34ਉਹ ਮੇਰੇ ਪੈਰਾਂ ਨੂੰ ਹਰਨੀਆਂ ਦੇ ਪੈਰਾਂ ਜਿਹੇ ਬਣਾਉਂਦਾ ਹੈ, ਅਤੇ ਮੈਨੂੰ ਮੇਰੇ ਉੱਚਿਆਂ ਥਾਂਵਾਂ ਉੱਤੇ ਖੜ੍ਹਾ ਕਰਦਾ ਹੈ।
35ਉਹ ਮੇਰੇ ਹੱਥਾਂ ਨੂੰ ਯੁੱਧ ਕਰਨਾ ਇਸ ਤਰ੍ਹਾਂ ਸਿਖਾਉਂਦਾ ਹੈ ਕਿ ਮੇਰੀਆਂ ਬਾਹਾਂ ਪਿੱਤਲ ਦਾ ਧਣੁੱਖ ਝੁਕਾ ਦਿੰਦੀਆਂ ਹਨ।
36ਤੂੰ ਆਪਣੇ ਬਚਾਓ ਦੀ ਢਾਲ਼ ਮੈਨੂੰ ਦਿੱਤੀ ਹੈ, ਅਤੇ ਤੇਰੀ ਨਰਮਾਈ ਨੇ ਮੈਨੂੰ ਵਡਿਆਇਆ ਹੈ।
37ਤੂੰ ਮੇਰੇ ਕਦਮਾਂ ਲਈ ਸਥਾਨ ਚੌੜਾ ਕਰਦਾ ਹੈ ਅਤੇ ਮੇਰੇ ਪੈਰ ਨਹੀਂ ਤਿਲਕੇ।
38ਮੈਂ ਆਪਣੇ ਵੈਰੀਆਂ ਦਾ ਪਿੱਛਾ ਕਰ ਕੇ ਉਨ੍ਹਾਂ ਦਾ ਨਾਸ ਕੀਤਾ, ਮੈਂ ਪਿੱਛੇ ਨਾ ਹਟਿਆ ਜਿਨ੍ਹਾਂ ਚਿਰ ਉਨ੍ਹਾਂ ਦਾ ਨਾਸ ਨਾ ਹੋ ਗਿਆ।
39ਮੈਂ ਉਨ੍ਹਾਂ ਦਾ ਅੰਤ ਕੀਤਾ ਅਤੇ ਅਜਿਹਾ ਮਾਰਿਆ, ਕਿ ਉਹ ਫਿਰ ਨਾ ਉੱਠੇ - ਉਹ ਮੇਰੇ ਪੈਰਾਂ ਹੇਠ ਡਿੱਗ ਪਏ ਸਨ!
40ਤੂੰ ਯੁੱਧ ਲਈ ਮੇਰੇ ਲੱਕ ਨੂੰ ਬਲ ਦਿੱਤਾ, ਤੂੰ ਮੇਰੇ ਵਿਰੋਧੀਆਂ ਨੂੰ ਮੇਰੇ ਸਾਹਮਣੇ ਹਰਾ ਦਿੱਤਾ ਹੈ।
41ਤੂੰ ਮੇਰੇ ਵੈਰੀਆਂ ਦੀ ਪਿੱਠ ਮੈਨੂੰ ਵਿਖਾਈ, ਅਤੇ ਮੈਂ ਆਪਣੇ ਘਿਣ ਕਰਨ ਵਾਲਿਆਂ ਦਾ ਸੱਤਿਆਨਾਸ ਕੀਤਾ!
42ਉਨ੍ਹਾਂ ਨੇ ਵੇਖਿਆ ਪਰ ਕੋਈ ਬਚਾਉਣ ਵਾਲਾ ਨਹੀਂ ਸੀ, ਸਗੋਂ ਯਹੋਵਾਹ ਵੱਲ ਵੀ, ਪਰ ਉਸ ਨੇ ਉਨ੍ਹਾਂ ਨੂੰ ਉੱਤਰ ਨਾ ਦਿੱਤਾ।
43ਫੇਰ ਮੈਂ ਉਨ੍ਹਾਂ ਨੂੰ ਧਰਤੀ ਦੀ ਧੂੜ੍ਹ ਵਾਂਗੂੰ ਪੀਹ ਸੁੱਟਿਆ ਰਸਤੇ ਦੇ ਚਿੱਕੜ ਵਾਂਗੂੰ ਉਨ੍ਹਾਂ ਨੂੰ ਮਿੱਧਿਆ ਅਤੇ ਉਨ੍ਹਾਂ ਨੂੰ ਖਿਲਾਰ ਦਿੱਤਾ!
44ਤੂੰ ਮੈਨੂੰ ਮੇਰੇ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ, ਤੂੰ ਮੈਨੂੰ ਕੌਮਾਂ ਦਾ ਮੁਖੀਆ ਨਿਯੁਕਤ ਕੀਤਾ, ਜਿਨ੍ਹਾਂ ਲੋਕਾਂ ਨੂੰ ਮੈਂ ਨਹੀਂ ਜਾਣਿਆ, ਉਨ੍ਹਾਂ ਨੇ ਮੇਰੀ ਸੇਵਾ ਕੀਤੀ।
45ਪਰਦੇਸੀ ਮੇਰੇ ਅੱਗੇ ਚਾਪਲੂਸੀ ਕਰਨਗੇ, ਮੇਰਾ ਨਾਮ ਸੁਣਦੇ ਹੀ ਉਹ ਮੇਰੇ ਅਧੀਨ ਹੋ ਗਏ।
46ਪਰਦੇਸੀ ਕੁਮਲਾ ਗਏ, ਅਤੇ ਆਪਣੇ ਕੋਟਾਂ ਵਿੱਚੋਂ ਥਰ-ਥਰਾਉਂਦੇ ਹੋਏ ਨਿੱਕਲੇ।
47ਯਹੋਵਾਹ ਜਿਉਂਦਾ ਹੈ ਸੋ ਧੰਨ ਹੋਵੇ ਮੇਰੀ ਚੱਟਾਨ! ਪਰਮੇਸ਼ੁਰ ਦੀ ਜੋ ਮੇਰੇ ਬਚਾਓ ਦੀ ਚੱਟਾਨ ਹੈ ਬਜ਼ੁਰਗੀ ਹੋਵੇ!
48ਉਸੇ ਹੀ ਪਰਮੇਸ਼ੁਰ ਨੇ ਮੇਰਾ ਬਦਲਾ ਲਿਆ, ਅਤੇ ਲੋਕਾਂ ਨੂੰ ਮੇਰੇ ਵੱਸ ਕਰ ਦਿੱਤਾ।
49ਜਿਸ ਨੇ ਮੈਨੂੰ ਮੇਰੇ ਵੈਰੀਆਂ ਵਿੱਚੋਂ ਕੱਢਿਆ ਹਾਂ, ਤੂੰ ਮੈਨੂੰ ਮੇਰੇ ਵਿਰੋਧੀਆਂ ਵਿੱਚ ਉੱਚਾ ਕੀਤਾ, ਮੈਨੂੰ ਜ਼ਾਲਮਾਂ ਤੋਂ ਬਚਾਇਆ।
50ਇਸੇ ਕਾਰਨ ਹੇ ਯਹੋਵਾਹ, ਮੈਂ ਕੌਮਾਂ ਵਿੱਚ ਤੇਰਾ ਧੰਨਵਾਦ ਕਰਾਂਗਾ, ਅਤੇ ਤੇਰੇ ਨਾਮ ਦਾ ਜਸ ਗਾਵਾਂਗਾ!
51ਉਹ ਆਪਣੇ ਠਹਿਰਾਏ ਹੋਏ ਰਾਜਾ ਲਈ ਬਚਾਓ ਦਾ ਬੁਰਜ ਹੈ, ਅਤੇ ਆਪਣੇ ਮਸਹ ਕੀਤੇ ਹੋਏ ਉੱਤੇ, ਅਰਥਾਤ ਦਾਊਦ, ਉਹ ਦੀ ਅੰਸ ਉੱਤੇ, ਸਦਾ ਤੱਕ ਦਯਾ ਕਰਦਾ ਹੈ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath