2 ਸਮੂਏਲ 17
1ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਇਹ ਵੀ ਆਖਿਆ ਕਿ ਮੈਨੂੰ ਹੁਕਮ ਦਿਓ ਤਾਂ ਜੋ ਮੈਂ ਹੁਣ ਬਾਰਾਂ ਹਜ਼ਾਰ ਮਨੁੱਖ ਚੁਣ ਲਵਾਂ ਅਤੇ ਅੱਜ ਰਾਤ ਨੂੰ ਹੀ ਉੱਠ ਕੇ ਦਾਊਦ ਦਾ ਪਿੱਛਾ ਕਰਾਂਗਾ,
2ਜਿਸ ਵੇਲੇ ਉਹ ਥੱਕਿਆ ਹੋਇਆ ਹੋਵੇ ਅਤੇ ਉਹ ਦੇ ਹੱਥ ਢਿੱਲੇ ਹੋਣ ਤਾਂ ਮੈਂ ਉਸ ਉੱਤੇ ਹਮਲਾ ਕਰਾਂਗਾ ਅਤੇ ਉਸ ਨੂੰ ਡਰਾਵਾਂਗਾ ਅਤੇ ਉਸ ਦੇ ਨਾਲ ਦੇ ਸਾਰੇ ਭੱਜ ਜਾਣਗੇ ਅਤੇ ਮੈਂ ਸਿਰਫ਼ ਰਾਜਾ ਨੂੰ ਹੀ ਮਾਰ ਲਵਾਂਗਾ।
3ਸਾਰੇ ਲੋਕਾਂ ਨੂੰ ਮੈਂ ਤੁਹਾਡੇ ਵੱਲ ਮੋੜ ਲਿਆਵਾਂਗਾ ਕਿਉਂ ਜੋ ਉਹ ਮਨੁੱਖ ਜਿਸ ਨੂੰ ਤੁਸੀਂ ਲੱਭਦੇ ਹੋ ਅਤੇ ਇਨ੍ਹਾਂ ਸਾਰੇ ਲੋਕਾਂ ਦਾ ਮੁੜਨਾ ਇੱਕੋ ਜਿਹਾ ਹੀ ਹੈ ਅਤੇ ਸਾਰੇ ਲੋਕ ਸੁੱਖ-ਸਾਂਦ ਨਾਲ ਰਹਿਣਗੇ।
4ਇਹ ਗੱਲ ਅਬਸ਼ਾਲੋਮ ਅਤੇ ਸਾਰੇ ਇਸਰਾਏਲੀ ਬਜ਼ੁਰਗਾਂ ਨੂੰ ਚੰਗੀ ਲੱਗੀ।
5ਉਸ ਵੇਲੇ ਅਬਸ਼ਾਲੋਮ ਨੇ ਆਖਿਆ, ਹੂਸ਼ਈ ਅਰਕੀ ਨੂੰ ਵੀ ਸੱਦ ਲਓ ਤਾਂ ਜੋ ਅਸੀਂ ਉਹ ਦੇ ਮੂੰਹੋਂ ਵੀ ਕੁਝ ਸੁਣੀਏ।
6ਜਦ ਹੂਸ਼ਈ ਅਬਸ਼ਾਲੋਮ ਦੇ ਸਾਹਮਣੇ ਆਇਆ ਤਾਂ ਅਬਸ਼ਾਲੋਮ ਨੇ ਉਹ ਨੂੰ ਆਖਿਆ ਕਿ ਅਹੀਥੋਫ਼ਲ ਇਹ ਸਲਾਹ ਦਿੰਦਾ ਹੈ, ਸੋ ਅਸੀਂ ਅਜਿਹਾ ਕਰੀਏ ਜਾਂ ਨਹੀਂ? ਤੂੰ ਕੀ ਆਖਦਾ ਹੈਂ?
7ਤਦ ਹੂਸ਼ਈ ਨੇ ਅਬਸ਼ਾਲੋਮ ਨੂੰ ਆਖਿਆ, ਇਹ ਸਲਾਹ ਜੋ ਅਹੀਥੋਫ਼ਲ ਨੇ ਦਿੱਤੀ ਹੈ, ਇਸ ਵੇਲੇ ਚੰਗੀ ਨਹੀਂ ਹੈ।
8ਫਿਰ ਹੂਸ਼ਈ ਨੇ ਇਹ ਵੀ ਆਖਿਆ, ਤੁਸੀਂ ਆਪਣੇ ਪਿਤਾ ਅਤੇ ਉਹ ਦੇ ਮਨੁੱਖਾਂ ਨੂੰ ਜਾਣਦੇ ਹੋ ਕਿ ਉਹ ਕਿੰਨ੍ਹੇ ਵੱਡੇ ਸੂਰਮੇ ਹਨ ਅਤੇ ਇਸ ਵੇਲੇ ਉਹ ਆਪਣੇ ਜੀਆਂ ਵਿੱਚ ਉਸ ਰਿੱਛਣੀ ਵਾਂਗੂੰ ਕ੍ਰੋਧ ਵਿੱਚ ਹੋਣਗੇ ਜਿਸ ਦੇ ਬੱਚੇ ਉਜਾੜ ਵਿੱਚ ਖੋਹ ਲਏ ਗਏ ਹੋਣ। ਤੁਹਾਡਾ ਪਿਤਾ ਯੋਧਾ ਹੈ ਅਤੇ ਉਹ ਸਾਰੇ ਲੋਕਾਂ ਦੇ ਨਾਲ ਨਹੀਂ ਰਹੇਗਾ।
9ਵੇਖੋ, ਜੋ ਉਹ ਹੁਣ ਕਿਸੇ ਖੋਹ ਵਿੱਚ ਜਾਂ ਕਿਸੇ ਹੋਰ ਸਥਾਨ ਥਾਂ ਵਿੱਚ ਲੁੱਕਿਆ ਹੋਵੇਗਾ ਅਤੇ ਜੇਕਰ ਪਹਿਲੇ ਹਮਲੇ ਵਿੱਚ ਹੀ ਇਨ੍ਹਾਂ ਲੋਕਾਂ ਵਿੱਚੋਂ ਕੁਝ ਮਾਰੇ ਜਾਣ ਤਾਂ ਸਾਰੇ ਸੁਣਨ ਵਾਲੇ ਇਹ ਆਖਣਗੇ ਕਿ ਅਬਸ਼ਾਲੋਮ ਦੇ ਲੋਕਾਂ ਵਿੱਚ ਵਾਢ ਪਾਈ ਗਈ।
10ਇਸ ਕਾਰਨ ਉਹ ਵੀ ਜੋ ਸੂਰਮਾ ਹੈ ਅਤੇ ਜਿਸ ਦਾ ਮਨ ਸ਼ੇਰ ਦੇ ਮਨ ਵਰਗਾ ਹੈ ਉਸਦਾ ਵੀ ਹੌਂਸਲਾ ਟੁੱਟ ਜਾਵੇਗਾ, ਕਿਉਂ ਜੋ ਸਾਰਾ ਇਸਰਾਏਲ ਜਾਣਦਾ ਹੈ ਕਿ ਤੁਹਾਡਾ ਪਿਤਾ ਸੂਰਮਾ ਹੈ ਅਤੇ ਉਹ ਦੇ ਨਾਲ ਦੇ ਵੀ ਸਾਰੇ ਸੂਰਮੇ ਹਨ।
11ਇਸ ਲਈ ਮੈਂ ਇਹ ਸਲਾਹ ਦਿੰਦਾ ਹਾਂ ਕਿ ਸਾਰੇ ਇਸਰਾਏਲ ਵਿੱਚ ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਐਨੇ ਲੋਕ ਤੁਹਾਡੇ ਨਾਲ ਇਕੱਠੇ ਹੋਣ ਜਿੰਨ੍ਹੀ ਸਮੁੰਦਰ ਦੇ ਕੰਢੇ ਉੱਤੇ ਰੇਤ ਹੁੰਦੀ ਹੈ, ਅਤੇ ਤੁਸੀਂ ਆਪ ਯੁੱਧ ਕਰਨ ਲਈ ਜਾਓ।
12ਉਸ ਵੇਲੇ ਉਹ ਜਿੱਥੇ ਕਿਤੇ ਵੀ ਹੋਵੇ, ਅਸੀਂ ਉਸ ਨੂੰ ਟੱਕਰਾਂਗੇ ਅਤੇ ਤ੍ਰੇਲ ਦੀ ਤਰ੍ਹਾਂ ਜੋ ਧਰਤੀ ਉੱਤੇ ਡਿੱਗਦੀ ਹੈ, ਉਸ ਦੇ ਉੱਤੇ ਜਾ ਪਵਾਂਗੇ। ਤਦ ਉਹ ਅਤੇ ਉਨ੍ਹਾਂ ਸਾਰੇ ਲੋਕਾਂ ਵਿੱਚੋਂ ਜੋ ਉਸ ਦੇ ਨਾਲ ਹਨ, ਇੱਕ ਵੀ ਜੀਉਂਦਾ ਨਾ ਰਹੇਗਾ।
13ਜੇਕਰ ਉਹ ਕਿਸੇ ਸ਼ਹਿਰ ਵਿੱਚ ਵੜ ਗਿਆ ਹੋਵੇ ਤਾਂ ਸਾਰੇ ਇਸਰਾਏਲੀ ਰੱਸੀਆਂ ਲੈ ਕੇ ਉਸ ਸ਼ਹਿਰ ਨੂੰ ਚੜ੍ਹ ਜਾਣਗੇ ਅਤੇ ਅਸੀਂ ਉਹ ਨੂੰ ਨਦੀ ਵਿੱਚ ਅਜਿਹਾ ਖਿੱਚ ਲਿਆਵਾਂਗੇ, ਜੋ ਉੱਥੇ ਉੱਥੋਂ ਇੱਕ ਰੋੜਾ ਵੀ ਨਹੀਂ ਲੱਭੇਗਾ।
14ਤਦ ਅਬਸ਼ਾਲੋਮ ਅਤੇ ਸਾਰੇ ਇਸਰਾਏਲ ਦੇ ਮਨੁੱਖਾਂ ਨੇ ਆਖਿਆ, ਇਹ ਸਲਾਹ ਜੋ ਹੂਸ਼ਈ ਅਰਕੀ ਨੇ ਦਿੱਤੀ ਹੈ, ਅਹੀਥੋਫ਼ਲ ਦੀ ਸਲਾਹ ਨਾਲੋਂ ਚੰਗੀ ਹੈ। ਕਿਉਂ ਜੋ ਯਹੋਵਾਹ ਨੇ ਅਹੀਥੋਫ਼ਲ ਦੀ ਚੰਗੀ ਸਲਾਹ ਉਲਟਾਉਣਾ, ਪਹਿਲਾਂ ਹੀ ਠਾਣ ਲਿਆ ਸੀ ਤਾਂ ਜੋ ਯਹੋਵਾਹ ਅਬਸ਼ਾਲੋਮ ਉੱਤੇ ਬੁਰਿਆਈ ਪਾਵੇ।
15ਤਦ ਹੂਸ਼ਈ ਨੇ ਸਾਦੋਕ ਅਤੇ ਅਬਯਾਥਾਰ ਜਾਜਕਾਂ ਨੂੰ ਆਖਿਆ, ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਇਸ ਤਰ੍ਹਾਂ ਸਲਾਹ ਦਿੱਤੀ ਹੈ,
16ਇਸ ਲੈ ਹੁਣ ਛੇਤੀ ਹੀ ਕਿਸੇ ਨੂੰ ਭੇਜ ਕੇ ਦਾਊਦ ਨੂੰ ਆਖੋ ਕਿ ਅੱਜ ਦੀ ਰਾਤ ਉਜਾੜ ਦੇ ਪੱਤਣ ਕੋਲ ਨਾ ਰਹੋ ਪਰ ਛੇਤੀ ਨਾਲ ਪਾਰ ਲੰਘ ਜਾਓ, ਅਜਿਹਾ ਨਾ ਹੋਵੇ ਕਿ ਰਾਜਾ ਤੇ ਉਹ ਦੇ ਨਾਲ ਦੇ ਸਭ ਲੋਕ ਨਿਗਲੇ ਜਾਣ।
17ਉਸ ਵੇਲੇ ਯੋਨਾਥਾਨ ਅਤੇ ਅਹੀਮਅਸ ਏਨ-ਰੋਗੇਲ ਵਿੱਚ ਰਹਿੰਦੇ ਸਨ ਤਾਂ ਜੋ ਉਨ੍ਹਾਂ ਦਾ ਆਉਣਾ-ਜਾਣਾ ਸ਼ਹਿਰ ਵਿੱਚ ਜਾਣਿਆ ਨਾ ਜਾਵੇ ਅਤੇ ਇੱਕ ਦਾਸੀ ਨੇ ਉਨ੍ਹਾਂ ਨੂੰ ਜਾ ਕੇ ਦੱਸਿਆ। ਤਦ ਉਹ ਗਏ ਅਤੇ ਦਾਊਦ ਰਾਜਾ ਨੂੰ ਖ਼ਬਰ ਦਿੱਤੀ।
18ਫਿਰ ਵੀ ਇੱਕ ਜੁਆਨ ਨੇ ਉਨ੍ਹਾਂ ਨੂੰ ਵੇਖ ਕੇ ਅਬਸ਼ਾਲੋਮ ਨੂੰ ਜਾ ਕੇ ਦੱਸਿਆ, ਪਰ ਉਹ ਦੋਵੇਂ ਛੇਤੀ ਨਾਲ ਨਿੱਕਲ ਗਏ ਅਤੇ ਬਹੁਰੀਮ ਵਿੱਚ ਇੱਕ ਮਨੁੱਖ ਦੇ ਘਰ ਆਣ ਵੜੇ। ਉਸ ਦੇ ਵਿਹੜੇ ਵਿੱਚ ਇੱਕ ਖੂਹ ਸੀ, ਉਹ ਉਸ ਦੇ ਵਿੱਚ ਉਤਰ ਗਏ।
19ਅਤੇ ਉਸ ਦੀ ਪਤਨੀ ਨੇ ਇੱਕ ਕੱਪੜਾ ਲੈ ਕੇ ਖੂਹ ਦੇ ਮੂੰਹ ਉੱਤੇ ਪਾ ਦਿੱਤਾ ਅਤੇ ਉਸ ਉੱਤੇ ਦਲੀ ਹੋਈ ਕਣਕ ਪਾ ਦਿੱਤੀ, ਇਸ ਲਈ ਇਹ ਗੱਲ ਪਰਗਟ ਨਾ ਹੋਈ।
20ਜਦ ਅਬਸ਼ਾਲੋਮ ਦੇ ਸੇਵਕ ਉਸ ਘਰ ਵਿੱਚ ਉਸ ਇਸਤਰੀ ਕੋਲ ਆਏ ਅਤੇ ਪੁੱਛਿਆ ਕਿ ਅਹੀਮਅਸ ਅਤੇ ਯੋਨਾਥਾਨ ਕਿੱਥੇ ਹਨ? ਤਦ ਉਸ ਇਸਤਰੀ ਨੇ ਉਨ੍ਹਾਂ ਨੂੰ ਆਖਿਆ, ਉਹ ਤਾਂ ਨਦੀਓਂ ਪਾਰ ਲੰਘ ਗਏ ਹੋਣਗੇ ਅਤੇ ਉਨ੍ਹਾਂ ਨੇ ਉਹਨਾਂ ਨੂੰ ਜਾ ਕੇ ਲੱਭਿਆ ਪਰ ਜਦ ਉਹ ਨਾ ਲੱਭੇ ਤਾਂ ਉਹ ਯਰੂਸ਼ਲਮ ਨੂੰ ਮੁੜ ਆਏ।
21ਜਦ ਉਹ ਮੁੜ ਗਏ ਤਾਂ ਉਹ ਖੂਹ ਵਿੱਚੋਂ ਨਿੱਕਲ ਕੇ ਤੁਰ ਪਏ ਅਤੇ ਜਾ ਕੇ ਦਾਊਦ ਰਾਜਾ ਨੂੰ ਖ਼ਬਰ ਦਿੱਤੀ ਅਤੇ ਉਹਨਾਂ ਨੇ ਦਾਊਦ ਨੂੰ ਆਖਿਆ, ਉੱਠੋ ਛੇਤੀ ਪਾਰ ਲੰਘ ਜਾਓ, ਕਿਉਂ ਜੋ ਅਹੀਥੋਫ਼ਲ ਨੇ ਤੁਹਾਡੇ ਵਿਖੇ ਇਸ ਤਰ੍ਹਾਂ ਸਲਾਹ ਦਿੱਤੀ ਹੈ।
22ਤਦ ਦਾਊਦ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਉੱਠੇ ਅਤੇ ਯਰਦਨ ਤੋਂ ਪਾਰ ਲੰਘ ਗਏ। ਸਵੇਰ ਹੁੰਦਿਆਂ ਤੱਕ ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਰਿਹਾ ਸੀ, ਜੋ ਯਰਦਨ ਤੋਂ ਪਾਰ ਨਾ ਲੰਘਿਆ ਹੋਵੇ।
23ਜਦ ਅਹੀਥੋਫ਼ਲ ਨੇ ਵੇਖਿਆ ਕਿ ਮੇਰੀ ਸਲਾਹ ਅਨੁਸਾਰ ਕੰਮ ਨਹੀਂ ਕੀਤਾ ਗਿਆ ਤਾਂ ਉਸ ਨੇ ਆਪਣੇ ਗਧੇ ਉੱਤੇ ਕਾਠੀ ਪਾਈ ਅਤੇ ਉਸ ਉੱਤੇ ਬੈਠ ਕੇ ਆਪਣੇ ਸ਼ਹਿਰ ਵਿੱਚ ਘਰ ਨੂੰ ਗਿਆ ਅਤੇ ਆਪਣੇ ਘਰਾਣੇ ਨੂੰ ਸੰਭਾਲ ਕੇ ਆਪਣੇ ਆਪ ਨੂੰ ਫਾਹੇ ਲਾ ਲਿਆ ਅਤੇ ਮਰ ਗਿਆ ਅਤੇ ਆਪਣੇ ਪਿਤਾ ਦੀ ਕਬਰ ਵਿੱਚ ਦੱਬਿਆ ਗਿਆ।
24ਦਾਊਦ ਮਹਨਇਮ ਵਿੱਚ ਆਇਆ ਅਤੇ ਅਬਸ਼ਾਲੋਮ ਯਰਦਨ ਤੋਂ ਪਾਰ ਲੰਘ ਗਿਆ ਅਤੇ ਇਸਰਾਏਲ ਦੇ ਸਾਰੇ ਲੋਕ ਉਹ ਦੇ ਨਾਲ ਸਨ।
25ਅਬਸ਼ਾਲੋਮ ਨੇ ਯੋਆਬ ਦੇ ਸਥਾਨ ਤੇ ਅਮਾਸਾ ਨੂੰ ਸੈਨਾਪਤੀ ਬਣਾਇਆ। ਇਹ ਅਮਾਸਾ ਇੱਕ ਯਿਥਰਾ ਨਾਮ ਦੇ ਇਸਰਾਏਲੀ ਮਨੁੱਖ ਦਾ ਪੁੱਤਰ ਸੀ, ਉਸ ਨੇ ਨਾਹਾਸ਼ ਦੀ ਧੀ ਅਬੀਗੈਲ ਨਾਲ ਜੋ ਯੋਆਬ ਦੀ ਮਾਂ ਅਤੇ ਸਰੂਯਾਹ ਦੀ ਭੈਣ ਸੀ, ਸੰਗ ਕੀਤਾ ਸੀ।
26ਇਸਰਾਏਲ ਅਤੇ ਅਬਸ਼ਾਲੋਮ ਨੇ ਗਿਲਆਦ ਦੇ ਦੇਸ਼ ਵਿੱਚ ਤੰਬੂ ਲਾਏ।
27ਜਦ ਦਾਊਦ ਮਹਨਇਮ ਵਿੱਚ ਪਹੁੰਚਿਆ ਤਾਂ ਅਜਿਹਾ ਹੋਇਆ ਕਿ ਨਾਹਾਸ਼ ਦਾ ਪੁੱਤਰ ਸ਼ੋਬੀ ਅੰਮੋਨੀਆਂ ਦੇ ਰੱਬਾਹ ਤੋਂ ਅਤੇ ਅੰਮੀਏਲ ਦਾ ਪੁੱਤਰ ਮਾਕੀਰ ਲੋ-ਦੇਬਾਰ ਤੋਂ ਅਤੇ ਬਰਜ਼ਿੱਲਈ ਗਿਲਆਦੀ ਰੋਗਲੀਮ ਤੋਂ
28ਮੰਜੇ, ਤਸਲੇ, ਮਿੱਟੀ ਦੇ ਭਾਂਡੇ, ਕਣਕ, ਜੌਂ, ਆਟਾ, ਭੁੰਨਿਆ ਹੋਇਆ ਅਨਾਜ, ਰਵਾਂਹ ਦੀਆਂ ਫਲੀਆਂ, ਮਸਰ, ਭੁੰਨੇ ਹੋਏ ਛੋਲੇ,
29ਸ਼ਹਿਦ, ਮੱਖਣ, ਭੇਡਾਂ ਅਤੇ ਗੋਕਾ ਪਨੀਰ ਦਾਊਦ ਅਤੇ ਉਹ ਦੇ ਨਾਲ ਦੇ ਲੋਕਾਂ ਦੇ ਖਾਣ ਲਈ ਲੈ ਆਏ, ਕਿਉਂ ਜੋ ਉਨ੍ਹਾਂ ਨੇ ਆਖਿਆ ਕਿ ਉਹ ਲੋਕ ਉਜਾੜ ਵਿੱਚ ਭੁੱਖੇ, ਥੱਕੇ ਹੋਏ ਅਤੇ ਤਿਹਾਏ ਹੋਣਗੇ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath