ਈਸਾਈ
ਪਿੱਛੇ

2 ਸਮੂਏਲ 15

1ਇਸ ਤੋਂ ਬਾਅਦ ਅਜਿਹਾ ਹੋਇਆ ਜੋ ਅਬਸ਼ਾਲੋਮ ਨੇ ਆਪਣੇ ਲਈ ਰਥ ਅਤੇ ਘੋੜੇ ਅਤੇ ਆਪਣੇ ਅੱਗੇ ਦੌੜਨ ਲਈ ਪੰਜਾਹ ਅੰਗ ਰੱਖਿਅਕ ਤਿਆਰ ਕੀਤੇ।

2ਅਬਸ਼ਾਲੋਮ ਸਵੇਰੇ ਉੱਠਦੇ ਸਾਰ ਹੀ ਫਾਟਕ ਦੇ ਰਾਹ ਕੋਲ ਖੜ੍ਹਾ ਜੋ ਜਾਂਦਾ ਸੀ ਅਤੇ ਜਦ ਕੋਈ ਫ਼ਰਿਆਦੀ ਰਾਜਾ ਕੋਲ ਆਉਂਦਾ ਸੀ ਤਾਂ ਅਬਸ਼ਾਲੋਮ ਉਹ ਨੂੰ ਪੁਕਾਰ ਕੇ ਪੁੱਛਦਾ ਸੀ, ਤੂੰ ਕਿਹੜੇ ਸ਼ਹਿਰ ਦਾ ਹੈ? ਜੇਕਰ ਉਹ ਆਖਦਾ, ਤੇਰਾ ਦਾਸ ਇਸਰਾਏਲ ਦੇ ਫਲਾਣੇ ਗੋਤ ਵਿੱਚੋਂ ਹੈ।

3ਅਬਸ਼ਾਲੋਮ ਉਹ ਨੂੰ ਆਖਦਾ ਹੁੰਦਾ ਸੀ, ਵੇਖ, ਤੇਰੀਆਂ ਗੱਲਾਂ ਠੀਕ ਅਤੇ ਸੱਚੀਆਂ ਹਨ ਪਰ ਰਾਜਾ ਦੀ ਵੱਲੋਂ ਅਜਿਹਾ ਕੋਈ ਨਹੀਂ ਜੋ ਤੇਰੀ ਸੁਣੇ।

4ਫਿਰ ਅਬਸ਼ਾਲੋਮ ਇਹ ਵੀ ਆਖਦਾ ਹੁੰਦਾ ਸੀ, ਜੇਕਰ ਮੈਨੂੰ ਨਿਆਈਂ ਨਿਯੁਕਤ ਕੀਤਾ ਜਾਂਦਾ ਤਾਂ ਜੋ ਕੋਈ ਫ਼ਰਿਆਦੀ ਮੇਰੇ ਕੋਲ ਆਉਂਦਾ ਤਾਂ ਮੈਂ ਜ਼ਰੂਰ ਹੀ ਉਸ ਦਾ ਨਿਆਂ ਕਰਦਾ!

5ਅਤੇ ਇਸ ਤਰ੍ਹਾਂ ਹੁੰਦਾ ਸੀ ਕਿ ਜੇਕਰ ਕੋਈ ਅਬਸ਼ਾਲੋਮ ਦੇ ਕੋਲ ਮੱਥਾ ਟੇਕਣ ਲਈ ਆਉਂਦਾ ਸੀ ਤਾਂ ਉਹ ਆਪਣੀਆਂ ਬਾਹਾਂ ਫੈਲਾ ਕੇ ਉਹ ਨੂੰ ਗਲੇ ਲਾ ਕੇ ਚੁੰਮ ਲੈਂਦਾ ਸੀ।

6ਅਬਸ਼ਾਲੋਮ ਸਾਰੇ ਇਸਰਾਏਲ ਨਾਲ ਜੋ ਰਾਜਾ ਕੋਲ ਫ਼ਰਿਆਦ ਲੈ ਕੇ ਆਉਂਦੇ ਸਨ ਇਸੇ ਤਰ੍ਹਾਂ ਹੀ ਕਰਦਾ ਸੀ। ਇਸ ਤਰ੍ਹਾਂ ਅਬਸ਼ਾਲੋਮ ਨੇ ਇਸਰਾਏਲ ਦੇ ਮਨੁੱਖਾਂ ਦੇ ਮਨ ਜਿੱਤ ਲਏ।

7ਚਾਰ ਸਾਲ ਬਾਅਦ ਅਜਿਹਾ ਹੋਇਆ ਜੋ ਅਬਸ਼ਾਲੋਮ ਨੇ ਰਾਜਾ ਨੂੰ ਆਖਿਆ, ਮੈਨੂੰ ਇਜ਼ਾਜਤ ਦਿਓ ਕਿ ਮੈਂ ਜਾਂਵਾਂ ਤਾਂ ਕਿ ਜੋ ਸੁੱਖਣਾ ਮੈਂ ਯਹੋਵਾਹ ਦੇ ਅੱਗੇ ਸੁੱਖੀ ਹੈ, ਉਸ ਨੂੰ ਹਬਰੋਨ ਵਿੱਚ ਪੂਰੀ ਕਰਾਂ।

8ਕਿਉਂ ਜੋ ਤੁਹਾਡਾ ਦਾਸ ਜਦ ਅਰਾਮ ਦੇ ਗਸ਼ੂਰ ਵਿੱਚ ਸੀ ਤਾਂ ਇਹ ਸੁੱਖਣਾ ਸੁੱਖੀ ਸੀ ਕਿ ਜੇਕਰ ਯਹੋਵਾਹ ਮੈਨੂੰ ਸੱਚ-ਮੁੱਚ ਯਰੂਸ਼ਲਮ ਵਿੱਚ ਮੋੜ ਲਿਆਵੇ ਤਾਂ ਮੈਂ ਯਹੋਵਾਹ ਦੀ ਉਪਾਸਨਾ ਕਰਾਂਗਾ।

9ਤਦ ਰਾਜਾ ਨੇ ਉਹ ਨੂੰ ਆਖਿਆ, ਸੁੱਖ ਨਾਲ ਜਾ, ਤਦ ਉਹ ਉੱਠਿਆ ਅਤੇ ਹਬਰੋਨ ਨੂੰ ਤੁਰ ਪਿਆ।

10ਅਬਸ਼ਾਲੋਮ ਨੇ ਇਸਰਾਏਲ ਦੇ ਸਾਰੇ ਗੋਤਾਂ ਵਿੱਚ ਭੇਤੀ ਇਸ ਤਰ੍ਹਾਂ ਅਖਵਾ ਕੇ ਭੇਜੇ ਕਿ ਜਿਸ ਵੇਲੇ ਤੁਸੀਂ ਤੁਰ੍ਹੀ ਦੀ ਅਵਾਜ਼ ਸੁਣੋ ਤਾਂ ਤੁਸੀਂ ਆਖਣਾ, ਅਬਸ਼ਾਲੋਮ ਹਬਰੋਨ ਵਿੱਚ ਰਾਜਾ ਹੈ!

11ਅਬਸ਼ਾਲੋਮ ਦੇ ਨਾਲ ਯਰੂਸ਼ਲਮ ਤੋਂ ਦੋ ਸੌ ਮਨੁੱਖ ਤੁਰੇ, ਜੋ ਸੱਦੇ ਗਏ ਸਨ। ਉਹ ਆਪਣੇ ਸਹਿਜ ਸੁਭਾਅ ਤੁਰੇ ਜਾਂਦੇ ਸਨ ਤੇ ਉਨ੍ਹਾਂ ਨੂੰ ਕਿਸੇ ਗੱਲ ਦੀ ਖ਼ਬਰ ਨਹੀਂ ਸੀ।

12ਅਬਸ਼ਾਲੋਮ ਨੇ ਦਾਊਦ ਦੇ ਮੰਤਰੀ ਗੀਲੋਨੀ ਅਹੀਥੋਫ਼ਲ ਨੂੰ ਉਹ ਦੇ ਸ਼ਹਿਰ ਗਿਲੋਹ ਤੋਂ ਜਿਸ ਵੇਲੇ ਉਹ ਬਲੀ ਚੜ੍ਹਾਉਂਦਾ ਸੀ, ਸੱਦ ਲਿਆ ਅਤੇ ਸਭਾ ਵੱਧਦੀ ਜਾਂਦੀ ਸੀ ਕਿਉਂ ਜੋ ਲੋਕ ਅਬਸ਼ਾਲੋਮ ਨਾਲ ਜੁੜਦੇ ਜਾਂਦੇ ਸਨ।

13ਤਦ ਕਿਸੇ ਨੇ ਦਾਊਦ ਨੂੰ ਆ ਕੇ ਦੱਸਿਆ ਕਿ ਇਸਰਾਏਲ ਦੇ ਮਨੁੱਖਾਂ ਦੇ ਮਨ ਅਬਸ਼ਾਲੋਮ ਦੇ ਪਿੱਛੇ ਲੱਗੇ ਹੋਏ ਹਨ।

14ਸੋ ਦਾਊਦ ਨੇ ਆਪਣੇ ਨਾਲ ਦੇ ਸਾਰੇ ਸੇਵਕਾਂ ਨੂੰ ਜੋ ਯਰੂਸ਼ਲਮ ਵਿੱਚ ਸਨ ਆਖਿਆ, ਉੱਠੋ, ਅਸੀਂ ਭੱਜ ਚੱਲੀਏ, ਨਹੀਂ ਤਾਂ ਅਬਸ਼ਾਲੋਮ ਦੇ ਹੱਥੋਂ ਅਸੀਂ ਨਹੀਂ ਬਚਾਂਗੇ! ਛੇਤੀ ਤੁਰੋ, ਅਜਿਹਾ ਨਾ ਹੋਵੇ ਕਿ ਉਹ ਤੁਰੰਤ ਆ ਕੇ ਸਾਨੂੰ ਫੜ ਲਵੇ ਅਤੇ ਸਾਡੇ ਉੱਤੇ ਬੁਰਿਆਈ ਲਿਆਵੇ ਅਤੇ ਤਲਵਾਰ ਦੀ ਧਾਰ ਨਾਲ ਸ਼ਹਿਰ ਨੂੰ ਨਾਸ ਕਰੇ!

15ਰਾਜਾ ਦੇ ਸੇਵਕਾਂ ਨੇ ਰਾਜਾ ਨੂੰ ਆਖਿਆ, ਵੇਖੋ, ਤੁਹਾਡੇ ਸੇਵਕ ਜੋ ਕੁਝ ਮਹਾਰਾਜ ਰਾਜਾ ਆਖੇ ਉਹੋ ਕਰਨ ਨੂੰ ਤਿਆਰ ਹਨ।

16ਤਦ ਰਾਜਾ ਨਿੱਕਲਿਆ ਅਤੇ ਉਹ ਦਾ ਸਾਰਾ ਟੱਬਰ ਉਹ ਦੇ ਪਿੱਛੇ ਗਿਆ ਅਤੇ ਰਾਜਾ ਨੇ ਦਸ ਇਸਤਰੀਆਂ ਨੂੰ ਜੋ ਰਖ਼ੈਲਾਂ ਸਨ, ਪਿੱਛੇ ਛੱਡ ਦਿੱਤਾ ਤਾਂ ਜੋ ਓਹ ਘਰ ਦੀ ਰਾਖੀ ਕਰਨ।

17ਤਦ ਰਾਜਾ ਨਿੱਕਲਿਆ ਅਤੇ ਸਭ ਲੋਕ ਉਹ ਦੇ ਪਿੱਛੇ-ਪਿੱਛੇ ਗਏ ਅਤੇ ਬੈਤ ਮਰਹਾਕ ਵਿੱਚ ਜਾ ਠਹਿਰੇ,

18ਅਤੇ ਉਹ ਦੇ ਸਾਰੇ ਸੇਵਕ ਉਹ ਦੇ ਨਾਲ ਪਾਰ ਲੰਘਦੇ ਜਾਂਦੇ ਸਨ ਅਤੇ ਸਭ ਕਰੇਤੀ, ਫਲੇਤੀ ਅਤੇ ਛੇ ਸੌ ਗਿੱਤੀ ਜੁਆਨ ਜੋ ਗਥ ਤੋਂ ਉਹ ਦੇ ਨਾਲ ਆਏ ਸਨ ਰਾਜਾ ਦੇ ਅੱਗੇ-ਅੱਗੇ ਪਾਰ ਲੰਘ ਗਏ।

19ਤਦ ਰਾਜਾ ਨੇ ਗਿੱਤੀ ਇੱਤਈ ਨੂੰ ਆਖਿਆ, ਤੂੰ ਸਾਡੇ ਨਾਲ ਕਿਉਂ ਆਇਆ ਹੈ? ਤੂੰ ਮੁੜ ਜਾ ਅਤੇ ਰਾਜਾ ਨਾਲ ਰਹਿ ਕਿਉਂ ਜੋ ਤੂੰ ਪਰਦੇਸੀ ਹੈਂ ਅਤੇ ਆਪਣੇ ਦੇਸ਼ ਵਿੱਚੋਂ ਕੱਢਿਆ ਹੋਇਆ ਵੀ ਹੈਂ

20ਆਪਣੇ ਸਥਾਨ ਨੂੰ ਮੁੜ ਜਾ! ਕੱਲ ਹੀ ਤਾਂ ਤੂੰ ਆਇਆ ਹੈਂ ਅਤੇ ਭਲਾ, ਅੱਜ ਹੀ ਮੈਂ ਤੈਨੂੰ ਆਪਣੇ ਨਾਲ ਇੱਧਰ-ਉੱਧਰ ਲੈ ਕੇ ਫਿਰਾਂ ਕਿਉਂ ਜੋ ਮੇਰੇ ਲਈ ਕੋਈ ਜਗ੍ਹਾ ਨਹੀਂ ਜਿੱਥੇ ਮੈਂ ਜਾਂਵਾਂ? ਸੋ ਤੂੰ ਮੁੜ ਜਾ ਅਤੇ ਆਪਣੇ ਭਰਾਵਾਂ ਨੂੰ ਵੀ ਲੈ ਜਾ ਅਤੇ ਦਯਾ ਅਤੇ ਸਚਿਆਈ ਤੇਰੇ ਨਾਲ ਹੋਵੇ।

21ਤਦ ਇੱਤਈ ਨੇ ਰਾਜਾ ਨੂੰ ਉੱਤਰ ਦੇ ਕੇ ਆਖਿਆ, ਜੀਉਂਦੇ ਯਹੋਵਾਹ ਅਤੇ ਮੇਰੇ ਮਹਾਰਾਜ ਰਾਜਾ ਦੀ ਜਿੰਦ ਦੀ ਸਹੁੰ ਜਿੱਥੇ ਕਿਤੇ ਮੇਰਾ ਰਾਜਾ ਜਾਵੇ, ਭਾਵੇਂ ਮਰਿਆ ਹੋਵੇ ਭਾਵੇਂ ਜੀਉਂਦਾ ਉੱਥੇ ਤੁਹਾਡਾ ਦਾਸ ਵੀ ਜ਼ਰੂਰ ਨਾਲ ਜਾਵੇਗਾ।

22ਤਦ ਦਾਊਦ ਨੇ ਇੱਤਈ ਨੂੰ ਆਖਿਆ, ਚੱਲ ਪਾਰ ਲੰਘ, ਅਤੇ ਇੱਤਈ ਗਿੱਤੀ ਅਤੇ ਉਸ ਦੇ ਸਾਰੇ ਲੋਕ, ਸਭ ਬੱਚੇ ਜੋ ਉਸ ਦੇ ਨਾਲ ਸਨ, ਪਾਰ ਲੰਘ ਗਏ।

23ਅਤੇ ਸਾਰਾ ਦੇਸ਼ ਭੁੱਬਾਂ ਮਾਰ-ਮਾਰ ਕੇ ਰੋਇਆ ਅਤੇ ਸਭ ਲੋਕ ਪਾਰ ਹੋ ਗਏ ਅਤੇ ਰਾਜਾ ਆਪ ਵੀ ਕਿਦਰੋਨ ਨਦੀ ਦੇ ਪਾਰ ਗਿਆ ਅਤੇ ਸਭ ਲੋਕ ਪਾਰ ਲੰਘ ਕੇ ਉਜਾੜ ਦੇ ਰਾਹ ਚੱਲ ਪਏ।

24ਵੇਖੋ, ਸਾਦੋਕ ਵੀ ਅਤੇ ਸਾਰੇ ਲੇਵੀ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਚੁੱਕੇ ਹੋਏ ਉਹ ਦੇ ਨਾਲ ਸਨ, ਸੋ ਉਨ੍ਹਾਂ ਨੇ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਨੂੰ ਰੱਖ ਦਿੱਤਾ ਅਤੇ ਅਬਯਾਥਾਰ ਨੇ ਭੇਂਟ ਚੜਾਈ ਜਦ ਤੱਕ ਕਿ ਸਾਰੇ ਲੋਕ ਸ਼ਹਿਰ ਵਿੱਚੋਂ ਬਾਹਰ ਨਾ ਆ ਗਏ।

25ਤਦ ਰਾਜੇ ਨੇ ਸਾਦੋਕ ਨੂੰ ਆਖਿਆ, ਪਰਮੇਸ਼ੁਰ ਦਾ ਸੰਦੂਕ ਸ਼ਹਿਰ ਨੂੰ ਮੋੜ ਲੈ ਜਾਓ। ਜੇਕਰ ਯਹੋਵਾਹ ਵੱਲੋਂ ਮੇਰੇ ਉੱਤੇ ਕਿਰਪਾ ਹੋਈ ਤਾਂ ਉਹ ਮੈਨੂੰ ਮੋੜ ਲਿਆਵੇਗਾ ਅਤੇ ਉਹ ਦੇ ਸਥਾਨ ਦੇ ਦਰਸ਼ਣ ਮੈਨੂੰ ਫਿਰ ਕਰਾਵੇਗਾ।

26ਪਰ ਜੇ ਉਹ ਆਖੇ ਕਿ ਮੈਂ ਹੁਣ ਤੇਰੇ ਤੋਂ ਪ੍ਰਸੰਨ ਨਹੀਂ ਹਾਂ ਤਾਂ ਮੈਂ ਹਾਜ਼ਰ ਹਾਂ! ਜੋ ਕੁਝ ਉਸ ਦੀ ਨਿਗਾਹ ਵਿੱਚ ਚੰਗਾ ਹੈ, ਸੋ ਮੇਰੇ ਨਾਲ ਕਰੇ।

27ਰਾਜੇ ਨੇ ਸਾਦੋਕ ਜਾਜਕ ਨੂੰ ਫਿਰ ਆਖਿਆ, ਭਲਾ, ਤੂੰ ਦਰਸ਼ੀ ਨਹੀਂ? ਸ਼ਹਿਰ ਨੂੰ ਸ਼ਾਂਤੀ ਨਾਲ ਮੁੜ ਜਾ ਅਤੇ ਤੇਰੇ ਦੋਵੇਂ ਪੁੱਤਰ, ਅਹੀਮਅਸ ਜੋ ਤੇਰਾ ਪੁੱਤਰ ਹੈ ਅਤੇ ਯੋਨਾਥਾਨ ਜੋ ਅਬਯਾਥਾਰ ਦਾ ਪੁੱਤਰ ਹੈ, ਮੁੜ ਜਾਣ।

28ਵੇਖ, ਮੈਂ ਉਸ ਜੰਗਲ ਦੇ ਘਾਟ ਕੋਲ ਠਹਿਰਾਂਗਾ, ਜਦ ਤੱਕ ਕਿ ਤੁਹਾਡੇ ਵੱਲੋਂ ਕੋਈ ਖ਼ਬਰ ਮੇਰੇ ਕੋਲ ਨਾ ਆਵੇ

29ਸੋ ਸਾਦੋਕ ਅਤੇ ਅਬਯਾਥਾਰ ਪਰਮੇਸ਼ੁਰ ਦਾ ਸੰਦੂਕ ਯਰੂਸ਼ਲਮ ਵਿੱਚ ਮੋੜ ਲਿਆਏ ਅਤੇ ਉੱਥੇ ਹੀ ਰਹੇ।

30ਦਾਊਦ ਜ਼ੈਤੂਨ ਦੇ ਪਰਬਤ ਨੂੰ ਚੜ੍ਹ ਗਿਆ ਅਤੇ ਚੜ੍ਹਦਾ ਹੋਇਆ ਰਾਹ ਵਿੱਚ ਰੋਂਦਾ ਜਾਂਦਾ ਸੀ, ਉਸਦਾ ਸਿਰ ਢੱਕਿਆ ਹੋਇਆ ਅਤੇ ਉਹ ਪੈਰੋਂ ਨੰਗਾ ਸੀ। ਉਸ ਦੇ ਨਾਲ ਦੇ ਸਾਰੇ ਲੋਕਾਂ ਨੇ ਵੀ ਆਪਣੇ ਸਿਰ ਢੱਕ ਲਏ ਅਤੇ ਚੜ੍ਹਦੇ ਹੋਏ ਰਾਹ ਵਿੱਚ ਰੋਂਦੇ ਜਾਂਦੇ ਸਨ।

31ਕਿਸੇ ਨੇ ਦਾਊਦ ਨੂੰ ਦੱਸਿਆ, ਅਹੀਥੋਫ਼ਲ ਵੀ ਅਬਸ਼ਾਲੋਮ ਦੇ ਨਾਲ ਹੈ, ਤਦ ਦਾਊਦ ਨੇ ਆਖਿਆ, ਹੇ ਯਹੋਵਾਹ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਅਹੀਥੋਫ਼ਲ ਦੀ ਸਲਾਹ ਨੂੰ ਮੂਰਖਤਾਈ ਵਿੱਚ ਬਦਲ ਦੇ।

32ਫਿਰ ਜਦ ਦਾਊਦ ਉਸ ਪਰਬਤ ਦੀ ਟੀਸੀ ਉੱਤੇ ਪਹੁੰਚਿਆ ਜਿੱਥੇ ਉਸ ਨੇ ਪਰਮੇਸ਼ੁਰ ਦੇ ਅੱਗੇ ਮੱਥਾ ਟੇਕਿਆ ਸੀ ਤਾਂ ਵੇਖੋ ਹੂਸ਼ਈ ਅਰਕੀ ਆਪਣੇ ਕੱਪੜੇ ਪਾੜੇ ਹੋਏ ਅਤੇ ਆਪਣੇ ਸਿਰ ਉੱਤੇ ਮਿੱਟੀ ਪਾਏ ਹੋਏ ਉਹ ਨੂੰ ਮਿਲਣ ਲਈ ਆਇਆ।

33ਤਦ ਦਾਊਦ ਨੇ ਉਹ ਨੂੰ ਆਖਿਆ, ਜੇਕਰ ਤੂੰ ਮੇਰੇ ਨਾਲ ਚੱਲੇਂਗਾ ਤਾਂ ਤੂੰ ਮੇਰੇ ਲਈ ਬੋਝ ਹੋਵੇਂਗਾ,

34ਪਰ ਜੇਕਰ ਤੂੰ ਸ਼ਹਿਰ ਵਿੱਚ ਮੁੜ ਜਾਵੇਂ ਅਤੇ ਅਬਸ਼ਾਲੋਮ ਨੂੰ ਆਖੇ, ਹੇ ਰਾਜਾ, ਮੈਂ ਤੁਹਾਡਾ ਹਾਂ। ਜਿਵੇਂ ਮੈਂ ਤੁਹਾਡੇ ਪਿਤਾ ਦਾ ਸੇਵਕ ਸੀ, ਉਸੇ ਤਰ੍ਹਾਂ ਹੁਣ ਤੁਹਾਡਾ ਸੇਵਕ ਹਾਂ, ਤਦ ਤੂੰ ਮੇਰੇ ਲਈ ਅਹੀਥੋਫ਼ਲ ਦੀ ਸਲਾਹ ਨੂੰ ਨਿਸਫਲ ਕਰ ਸਕਦਾ ਹੈਂ।

35ਭਲਾ, ਤੇਰੇ ਨਾਲ ਸਾਦੋਕ ਅਤੇ ਅਬਯਾਥਾਰ ਦੋਵੇਂ ਜਾਜਕ ਨਹੀਂ ਹਨ? ਜੋ ਕੁਝ ਤੂੰ ਰਾਜਾ ਦੇ ਘਰ ਵਿੱਚ ਸੁਣੇਗਾ, ਸੋ ਸਾਦੋਕ ਅਤੇ ਅਬਯਥਾਰ ਜਾਜਕਾਂ ਨੂੰ ਦੱਸ ਦੇਵੀਂ।

36ਵੇਖੋ, ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋ ਪੁੱਤਰ ਵੀ ਹਨ ਅਰਥਾਤ ਸਾਦੋਕ ਦਾ ਪੁੱਤਰ ਅਹੀਮਅਸ ਸਾਦੋਕ ਅਤੇ ਅਬਯਾਥਾਰ ਦਾ ਪੁੱਤਰ ਯੋਨਾਥਾਨ। ਫਿਰ ਜੋ ਕੁਝ ਤੁਸੀਂ ਸੁਣੋ ਸੋ ਉਨ੍ਹਾਂ ਦੇ ਰਾਹੀਂ ਮੈਨੂੰ ਅਖਵਾ ਘੱਲਣਾ।

37ਸੋ ਹੂਸ਼ਈ, ਦਾਊਦ ਦਾ ਮਿੱਤਰ ਸ਼ਹਿਰ ਨੂੰ ਆਇਆ ਅਤੇ ਅਬਸ਼ਾਲੋਮ ਵੀ ਯਰੂਸ਼ਲਮ ਸ਼ਹਿਰ ਵਿੱਚ ਆ ਪਹੁੰਚਿਆ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath