2 ਸਮੂਏਲ 12
1ਯਹੋਵਾਹ ਨੇ ਨਾਥਾਨ ਨੂੰ ਦਾਊਦ ਦੇ ਕੋਲ ਭੇਜਿਆ। ਉਸ ਨੇ ਉਹ ਦੇ ਕੋਲ ਆ ਕੇ ਉਹ ਨੂੰ ਆਖਿਆ, ਇੱਕ ਸ਼ਹਿਰ ਵਿੱਚ ਦੋ ਮਨੁੱਖ ਸਨ, ਇੱਕ ਧਨਵਾਨ ਅਤੇ ਦੂਜਾ ਕੰਗਾਲ।
2ਉਸ ਧਨਵਾਨ ਕੋਲ ਢੇਰ ਸਾਰੀਆਂ ਭੇਡਾਂ-ਬੱਕਰੀਆਂ ਅਤੇ ਮਾਲ ਡੰਗਰ ਸਨ।
3ਪਰ ਉਸ ਕੰਗਾਲ ਕੋਲ ਭੇਡਾਂ ਦੀ ਇੱਕ ਲੇਲੀ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਉਸ ਨੂੰ ਉਹ ਨੇ ਮੁੱਲ ਲਿਆ ਅਤੇ ਪਾਲਿਆ ਸੀ ਅਤੇ ਉਸਦਾ ਪਾਲਣ ਪੋਸ਼ਣ ਉਸ ਦੇ ਬੱਚਿਆਂ ਨਾਲ ਹੀ ਹੋਇਆ ਸੀ। ਉਹ ਉਸੇ ਦੀ ਰੋਟੀ ਵਿੱਚੋਂ ਖਾਂਦੀ, ਉਸ ਦੇ ਕਟੋਰੇ ਵਿੱਚੋਂ ਪੀਂਦੀ, ਉਸੇ ਦੀ ਗੋਦ ਵਿੱਚ ਸੋਂਦੀ ਅਤੇ ਉਸ ਦੀ ਧੀ ਦੇ ਵਰਗੀ ਸੀ।
4ਇੱਕ ਯਾਤਰੀ ਉਸ ਧਨਵਾਨ ਕੋਲ ਆਇਆ ਸੋ ਉਸ ਨੇ ਆਪਣੇ ਇੱਜੜ ਅਤੇ ਆਪਣੇ ਮਾਲ ਡੰਗਰਾਂ ਨੂੰ ਬਚਾ ਰੱਖਿਆ ਅਤੇ ਉਸ ਯਾਤਰੀ ਦੇ ਲਈ ਜੋ ਉਸ ਕੋਲ ਆਇਆ ਸੀ ਉਸ ਨੇ ਤਿਆਰੀ ਨਾ ਕੀਤੀ ਸਗੋਂ ਉਸ ਕੰਗਾਲ ਦੀ ਲੇਲੀ ਨੂੰ ਲੈ ਲਿਆ ਅਤੇ ਉਸ ਪਰਾਹੁਣੇ ਦੇ ਲਈ ਭੋਜਨ ਤਿਆਰ ਕੀਤਾ
5ਤਦ ਉਸ ਮਨੁੱਖ ਉੱਤੇ ਦਾਊਦ ਦਾ ਕ੍ਰੋਧ ਭੜਕਿਆ ਅਤੇ ਉਸ ਨੇ ਨਾਥਾਨ ਨੂੰ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ ਜਿਸ ਮਨੁੱਖ ਨੇ ਇਹ ਕੰਮ ਕੀਤਾ ਹੈ ਉਹ ਵੱਢਣ ਜੋਗਾ ਹੈ!
6ਇਸ ਲਈ ਉਹ ਮਨੁੱਖ ਉਸ ਲੇਲੀ ਦੀ ਕੀਮਤ ਦਾ ਚਾਰ ਗੁਣਾ ਉਹ ਨੂੰ ਵਾਪਿਸ ਕਰੇ ਕਿਉਂ ਜੋ ਉਸ ਨੇ ਅਜਿਹਾ ਕੰਮ ਕੀਤਾ ਅਤੇ ਕੁਝ ਦਯਾ ਨਾ ਕੀਤੀ।
7ਤਦ ਨਾਥਾਨ ਨੇ ਦਾਊਦ ਨੂੰ ਆਖਿਆ, ਉਹ ਮਨੁੱਖ ਤੂੰ ਹੀ ਤਾਂ ਹੈ! ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਇਸ ਤਰ੍ਹਾਂ ਆਖਿਆ ਹੈ, ਮੈਂ ਤੈਨੂੰ ਅਭਿਸ਼ੇਕ ਕੀਤਾ ਜੋ ਇਸਰਾਏਲ ਉੱਤੇ ਰਾਜ ਕਰੇਂ ਮੈਂ ਤੈਨੂੰ ਸ਼ਾਊਲ ਦੇ ਹੱਥੋਂ ਛੁਡਾਇਆ।
8ਮੈਂ ਤੇਰੇ ਮਾਲਕ ਦਾ ਘਰ ਤੈਨੂੰ ਦਿੱਤਾ, ਤੇਰੇ ਮਾਲਕ ਦੀਆਂ ਰਾਣੀਆਂ ਨੂੰ ਵੀ ਤੇਰੀ ਬੁੱਕਲ ਵਿੱਚ ਦੇ ਦਿੱਤਾ, ਇਸਰਾਏਲ ਅਤੇ ਯਹੂਦਾਹ ਦੇ ਘਰਾਣੇ ਵੀ ਤੈਨੂੰ ਦੇ ਦਿੱਤੇ, ਜੇ ਇਹ ਸਭ ਕੁਝ ਥੋੜ੍ਹਾ ਸੀ ਤਾਂ ਮੈਂ ਤੈਨੂੰ ਹੋਰ ਵੀ ਦੇ ਦਿੰਦਾ।
9ਸੋ ਤੂੰ ਯਹੋਵਾਹ ਦੀ ਆਗਿਆ ਨੂੰ ਤੁੱਛ ਜਾਣ ਕੇ ਉਸ ਦੇ ਅੱਗੇ ਕਿਉਂ ਬੁਰਿਆਈ ਕੀਤੀ ਕਿਉਂ ਜੋ ਤੂੰ ਹਿੱਤੀ ਊਰਿੱਯਾਹ ਨੂੰ ਤਲਵਾਰ ਨਾਲ ਮਰਵਾਇਆ ਅਤੇ ਉਸ ਦੀ ਪਤਨੀ ਨੂੰ ਆਪਣੀ ਪਤਨੀ ਬਣਾਇਆ ਅਤੇ ਉਸ ਨੂੰ ਅੰਮੋਨੀਆਂ ਦੀ ਤਲਵਾਰ ਨਾਲ ਮਰਵਾ ਸੁੱਟਿਆ?
10ਸੋ ਹੁਣ ਤੇਰੇ ਘਰ ਉੱਤੋਂ ਤਲਵਾਰ ਕਦੀ ਨਾ ਹਟੇਗੀ ਕਿਉਂ ਜੋ ਤੂੰ ਮੈਨੂੰ ਤੁੱਛ ਜਾਣਿਆ ਅਤੇ ਹਿੱਤੀ ਊਰਿੱਯਾਹ ਦੀ ਪਤਨੀ ਨੂੰ ਆਪਣੀ ਪਤਨੀ ਬਣਾਇਆ।
11ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਵੇਖ ਮੈਂ ਇੱਕ ਬੁਰਿਆਈ ਨੂੰ ਤੇਰੇ ਆਪਣੇ ਘਰ ਵਿੱਚੋਂ ਹੀ ਤੇਰੇ ਉੱਤੇ ਪਾਵਾਂਗਾ ਅਤੇ ਮੈਂ ਤੇਰੀਆਂ ਪਤਨੀਆਂ ਨੂੰ ਲੈ ਕੇ ਤੇਰੀਆਂ ਅੱਖੀਆਂ ਦੇ ਸਾਹਮਣੇ ਦੂਸਰਿਆਂ ਨੂੰ ਦਿਆਂਗਾ ਅਤੇ ਉਹ ਦਿਨ ਦੁਪਿਹਰੇ ਤੇਰੀਆਂ ਪਤਨੀਆਂ ਦੇ ਨਾਲ ਸੰਗ ਕਰਨਗੇ।
12ਕਿਉਂ ਜੋ ਤੂੰ ਇਹ ਕੰਮ ਲੁੱਕ ਕੇ ਕੀਤਾ ਪਰ ਮੈਂ ਸਾਰੇ ਇਸਰਾਏਲ ਦੇ ਸਾਹਮਣੇ ਸਰੇਆਮ ਕਰਾਂਗਾ।
13ਤਦ ਦਾਊਦ ਨੇ ਨਾਥਾਨ ਨੂੰ ਆਖਿਆ, ਮੈਂ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਅਤੇ ਨਾਥਾਨ ਨੇ ਦਾਊਦ ਨੂੰ ਆਖਿਆ, ਯਹੋਵਾਹ ਨੇ ਵੀ ਤੇਰਾ ਪਾਪ ਮਾਫ਼ ਕੀਤਾ ਸੋ ਤੂੰ ਨਾ ਮਰੇਂਗਾ।
14ਪਰ ਇਸ ਕਰਕੇ ਜੋ ਤੇਰੇ ਇਸ ਕੰਮ ਕਰਨ ਤੋਂ ਯਹੋਵਾਹ ਦੇ ਵੈਰੀਆਂ ਨੂੰ ਨਿੰਦਿਆ ਕਰਨ ਦਾ ਵੱਡਾ ਮੌਕਾ ਮਿਲਿਆ ਸੋ ਇਹ ਬਾਲਕ ਵੀ ਜੋ ਤੇਰੇ ਲਈ ਜਨਮ ਲਵੇਗਾ ਉਹ ਜ਼ਰੂਰ ਮਰ ਜਾਵੇਗਾ, ਤਾਂ ਨਾਥਾਨ ਆਪਣੇ ਘਰ ਚਲਾ ਗਿਆ।
15ਯਹੋਵਾਹ ਨੇ ਉਸ ਬਾਲਕ ਨੂੰ ਜੋ ਊਰਿੱਯਾਹ ਦੀ ਪਤਨੀ ਤੋਂ ਦਾਊਦ ਲਈ ਜੰਮਿਆ ਸੀ ਅਜਿਹਾ ਮਾਰਿਆ ਜੋ ਉਹ ਬਹੁਤ ਬਿਮਾਰ ਪੈ ਗਿਆ।
16ਸੋ ਦਾਊਦ ਨੇ ਉਸ ਬਾਲਕ ਦੇ ਲਈ ਪਰਮੇਸ਼ੁਰ ਦੇ ਕੋਲ ਬੇਨਤੀ ਕੀਤੀ ਤੇ ਦਾਊਦ ਨੇ ਵਰਤ ਵੀ ਰੱਖਿਆ ਤੇ ਸਾਰੀ ਰਾਤ ਜ਼ਮੀਨ ਤੇ ਪਿਆ ਰਿਹਾ।
17ਉਹ ਦੇ ਘਰ ਦੇ ਬਜ਼ੁਰਗ ਉੱਠ ਕੇ ਉਹ ਦੇ ਕੋਲ ਆਏ ਜੋ ਉਹ ਨੂੰ ਉਠਾਉਣ ਪਰ ਉਹ ਨਾ ਮੰਨਿਆ ਅਤੇ ਉਨ੍ਹਾਂ ਦੇ ਨਾਲ ਰੋਟੀ ਨਾ ਖਾਧੀ।
18ਤਦ ਅਜਿਹਾ ਹੋਇਆ ਜੋ ਸੱਤਵੇਂ ਦਿਨ ਉਹ ਬਾਲਕ ਮਰ ਗਿਆ। ਦਾਊਦ ਦੇ ਦਾਸ ਡਰ ਦੇ ਮਾਰੇ ਆਖ ਨਾ ਸਕੇ ਜੋ ਬਾਲਕ ਮਰ ਗਿਆ ਹੈ ਕਿਉਂ ਜੋ ਉਨ੍ਹਾਂ ਨੇ ਆਖਿਆ, ਵੇਖ, ਜਦ ਉਹ ਬਾਲਕ ਅਜੇ ਜੀਉਂਦਾ ਸੀ ਤਾਂ ਅਸੀਂ ਉਹ ਨੂੰ ਆਖਿਆ ਅਤੇ ਉਹ ਨੇ ਸਾਡੀ ਗੱਲ ਨਾ ਮੰਨੀ ਅਤੇ ਜੇ ਹੁਣ ਅਸੀਂ ਉਹ ਨੂੰ ਆਖੀਏ ਕਿ ਬਾਲਕ ਮਰ ਗਿਆ ਹੈ ਤਾਂ ਉਹ ਆਪਣੀ ਜਿੰਦ ਨੂੰ ਕਸ਼ਟ ਦੇ ਸਕਦਾ ਹੈ!
19ਪਰ ਜਦ ਦਾਊਦ ਨੇ ਵੇਖਿਆ ਜੋ ਦਾਸ ਆਪੋ ਵਿੱਚ ਘੁਸਰ-ਮੁਸਰ ਕਰਦੇ ਹਨ ਤਾਂ ਦਾਊਦ ਨੇ ਜਾਣ ਲਿਆ ਕਿ ਬਾਲਕ ਮਰ ਗਿਆ ਹੈ ਸੋ ਦਾਊਦ ਨੇ ਆਪਣੇ ਦਾਸਾਂ ਨੂੰ ਆਖਿਆ, ਕੀ ਬਾਲਕ ਮਰ ਗਿਆ ਹੈ? ਉਨ੍ਹਾਂ ਨੇ ਆਖਿਆ, ਜੀ ਮਰ ਗਿਆ।
20ਤਦ ਦਾਊਦ ਜ਼ਮੀਨ ਤੋਂ ਉੱਠਿਆ, ਨਹਾਇਆ, ਸੁਗੰਧ ਲਾਈ, ਕੱਪੜੇ ਬਦਲੇ ਅਤੇ ਯਹੋਵਾਹ ਦੇ ਘਰ ਵਿੱਚ ਆ ਕੇ ਮੱਥਾ ਟੇਕਿਆ ਫਿਰ ਆਪਣੇ ਘਰ ਗਿਆ ਅਤੇ ਉਸ ਦੇ ਆਖਣ ਤੇ ਭੋਜਨ ਲਗਾਇਆ ਗਿਆ ਅਤੇ ਉਸ ਨੇ ਭੋਜਨ ਖਾਧਾ।
21ਤਦ ਉਹ ਦੇ ਸੇਵਕ ਨੇ ਉਹ ਨੂੰ ਆਖਿਆ, ਇਹ ਕੀ ਗੱਲ ਹੈ ਜੋ ਤੁਸੀਂ ਕੀਤੀ? ਤੁਸੀਂ ਉਸ ਮੁੰਡੇ ਦੇ ਲਈ ਜਦ ਉਹ ਜੀਉਂਦਾ ਸੀ ਤਾਂ ਵਰਤ ਰੱਖਿਆ ਅਤੇ ਰੋਂਦੇ ਰਹੇ ਪਰ ਜਦ ਉਹ ਮਰ ਗਿਆ ਤਾਂ ਤੁਸੀਂ ਉੱਠ ਕੇ ਰੋਟੀ ਖਾਧੀ।
22ਉਸ ਨੇ ਆਖਿਆ, ਜਦ ਤੱਕ ਉਹ ਬਾਲਕ ਜੀਉਂਦਾ ਸੀ ਤਾਂ ਮੈਂ ਵਰਤ ਰੱਖਿਆ ਅਤੇ ਰੋਂਦਾ ਰਿਹਾ ਕਿਉਂ ਜੋ ਮੈਂ ਆਖਿਆ, ਕੀ ਜਾਣੀਏ ਜੋ ਯਹੋਵਾਹ ਦਯਾ ਕਰੇ ਜੋ ਇਹ ਬਾਲਕ ਜਿਉਂਦਾ ਰਹੇ?
23ਪਰ ਹੁਣ ਤਾਂ ਉਹ ਮਰ ਗਿਆ। ਫਿਰ ਮੈਂ ਕਿਉਂ ਵਰਤ ਰੱਖਾਂ? ਭਲਾ ਮੈਂ ਉਹ ਨੂੰ ਫਿਰ ਆਪਣੇ ਕੋਲ ਲਿਆ ਸਕਦਾ ਹਾਂ? ਮੈਂ ਤਾਂ ਉਹ ਦੇ ਕੋਲ ਜਾਂਵਾਂਗਾ ਪਰ ਉਹ ਨੇ ਮੇਰੇ ਕੋਲ ਨਹੀਂ ਮੁੜ ਆਉਣਾ।
24ਦਾਊਦ ਨੇ ਆਪਣੀ ਪਤਨੀ ਬਥ-ਸ਼ਬਾ ਨੂੰ ਤਸੱਲੀ ਦਿੱਤੀ ਅਤੇ ਉਹ ਦੇ ਕੋਲ ਗਿਆ ਅਤੇ ਉਸ ਨਾਲ ਸੰਗ ਕੀਤਾ ਅਤੇ ਉਹ ਇੱਕ ਪੁੱਤਰ ਜਣੀ ਅਤੇ ਉਸ ਦਾ ਨਾਮ ਸੁਲੇਮਾਨ ਰੱਖਿਆ। ਉਹ ਯਹੋਵਾਹ ਦਾ ਪਿਆਰਾ ਹੋਇਆ
25ਅਤੇ ਉਹ ਨੇ ਨਾਥਾਨ ਨਬੀ ਦੇ ਰਾਹੀਂ ਆਖ ਭੇਜਿਆ ਅਤੇ ਉਸ ਦਾ ਨਾਮ ਯਹੋਵਾਹ ਦੇ ਕਾਰਨ ਯਦੀਦਯਾਹ ਅਰਥ ਯਹੋਵਾਹ ਦਾ ਪਿਆਰਾ ਰੱਖਿਆ।
26ਯੋਆਬ ਅੰਮੋਨੀਆਂ ਦੇ ਰੱਬਾਹ ਨਾਲ ਲੜਿਆ ਅਤੇ ਉਸ ਨੇ ਉਹ ਰਾਜਧਾਨੀ ਲੈ ਲਈ।
27ਫਿਰ ਯੋਆਬ ਨੇ ਦੂਤਾਂ ਦੇ ਰਾਹੀਂ ਦਾਊਦ ਨੂੰ ਆਖ ਭੇਜਿਆ, ਮੈਂ ਰੱਬਾਹ ਨਾਲ ਲੜਿਆ ਹਾਂ ਅਤੇ ਮੈਂ ਪਾਣੀਆਂ ਦੇ ਸ਼ਹਿਰ ਨੂੰ ਲੈ ਲਿਆ ਹੈ।
28ਸੋ ਹੁਣ ਤੁਸੀਂ ਬਾਕੀ ਲੋਕਾਂ ਨੂੰ ਇਕੱਠਾ ਕਰ ਕੇ ਉਸ ਸ਼ਹਿਰ ਉੱਤੇ ਡੇਰਾ ਲਾਓ ਅਤੇ ਉਹ ਨੂੰ ਜਿੱਤ ਲਓ, ਅਜਿਹਾ ਨਾ ਹੋਵੇ ਜੋ ਮੈਂ ਉਸ ਸ਼ਹਿਰ ਨੂੰ ਜਿੱਤ ਲਵਾਂ ਅਤੇ ਉਹ ਮੇਰੇ ਨਾਮ ਤੋਂ ਸੱਦਿਆ ਜਾਵੇ।
29ਤਦ ਦਾਊਦ ਨੇ ਸਾਰੇ ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਰੱਬਾਹ ਉੱਤੇ ਚੜਾਈ ਕੀਤੀ ਅਤੇ ਉਹ ਦੇ ਵਿਰੁੱਧ ਲੜਿਆ ਅਤੇ ਉਹ ਨੂੰ ਜਿੱਤ ਲਿਆ।
30ਉਹ ਨੇ ਉਨ੍ਹਾਂ ਦੇ ਰਾਜੇ ਦਾ ਮੁਕਟ ਉਸ ਦੇ ਸਿਰ ਤੋਂ ਲਾਹ ਲਿਆ ਜੋ ਤੋਲ ਵਿੱਚ ਇੱਕ ਤੋੜੇ ਸੋਨੇ ਦਾ ਸੀ ਅਤੇ ਉਸ ਵਿੱਚ ਬਹੁਮੁੱਲੇ ਪੱਥਰ ਲੱਗੇ ਹੋਏ ਸਨ ਤੇ ਉਹ ਦਾਊਦ ਦੇ ਸਿਰ ਉੱਤੇ ਰੱਖਿਆ ਗਿਆ ਅਤੇ ਉਹ ਨੇ ਉਸ ਦੇ ਸ਼ਹਿਰ ਵਿੱਚੋਂ ਬਹੁਤ ਸਾਰਾ ਲੁੱਟ ਦਾ ਸਮਾਨ ਇਕੱਠਾ ਕੀਤਾ।
31ਤਦ ਉਸ ਨੇ ਉਨ੍ਹਾਂ ਨੂੰ ਜੋ ਅੰਦਰ ਸਨ, ਬਾਹਰ ਕੱਢ ਕੇ ਆਰੀਆਂ, ਲੋਹੇ ਦੇ ਸੁਹਾਗਿਆਂ, ਲੋਹੇ ਦੀਆਂ ਕੁਹਾੜੀਆਂ ਨਾਲ ਉਨ੍ਹਾਂ ਤੋਂ ਕੰਮ ਲਿਆ ਅਤੇ ਉਨ੍ਹਾਂ ਨੂੰ ਇੱਟਾਂ ਦੇ ਕੰਮ ਵਿੱਚ ਲਾਇਆ ਅਤੇ ਉਸ ਨੇ ਅੰਮੋਨੀਆਂ ਦੇ ਸਾਰੇ ਸ਼ਹਿਰਾਂ ਨਾਲ ਇਹੋ ਹੀ ਕੀਤਾ ਤਦ ਦਾਊਦ ਅਤੇ ਸਭ ਲੋਕ ਯਰੂਸ਼ਲਮ ਨੂੰ ਮੁੜ ਗਏ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath