ਈਸਾਈ
ਪਿੱਛੇ

2 ਸਮੂਏਲ 10

1ਇਹ ਦੇ ਪਿੱਛੋਂ ਅਜਿਹਾ ਹੋਇਆ ਜੋ ਅੰਮੋਨੀਆਂ ਦਾ ਰਾਜਾ ਮਰ ਗਿਆ ਅਤੇ ਉਸ ਦਾ ਪੁੱਤਰ ਹਾਨੂਨ ਉਸ ਦੀ ਥਾਂ ਸਿੰਘਾਸਣ ਉੱਤੇ ਬੈਠਾ।

2ਤਦ ਦਾਊਦ ਨੇ ਆਖਿਆ, ਮੈਂ ਨਾਹਾਸ਼ ਦੇ ਪੁੱਤਰ ਹਾਨੂਨ ਦੇ ਨਾਲ ਭਲਿਆਈ ਕਰਾਂਗਾ ਜਿਵੇਂ ਉਹ ਦੇ ਪਿਤਾ ਨੇ ਮੇਰੇ ਨਾਲ ਭਲਿਆਈ ਕੀਤੀ ਸੀ ਸੋ ਦਾਊਦ ਨੇ ਉਹ ਦੇ ਪਿਤਾ ਦੇ ਵਿਖੇ ਉਹ ਦੇ ਕੋਲ ਤਸੱਲੀ ਦੇਣ ਲਈ ਆਪਣੇ ਸੇਵਕ ਭੇਜੇ ਅਤੇ ਦਾਊਦ ਦੇ ਸੇਵਕ ਅੰਮੋਨੀਆਂ ਦੇ ਦੇਸ਼ ਵਿੱਚ ਗਏ।

3ਪਰ ਅੰਮੋਨੀਆਂ ਦੇ ਪ੍ਰਧਾਨਾਂ ਨੇ ਆਪਣੇ ਮਾਲਕ ਹਾਨੂਨ ਨੂੰ ਆਖਿਆ, ਭਲਾ, ਤੁਹਾਨੂੰ ਇਹ ਲੱਗਦਾ ਹੈ ਕਿ ਦਾਊਦ ਤੁਹਾਡੇ ਪਿਤਾ ਦਾ ਆਦਰ ਕਰਦਾ ਹੈ ਜੋ ਉਸ ਨੇ ਤਸੱਲੀ ਦੇਣ ਲਈ ਤੁਹਾਡੇ ਕੋਲ ਲੋਕ ਭੇਜੇ ਹਨ? ਭਲਾ, ਦਾਊਦ ਨੇ ਆਪਣੇ ਸੇਵਕ ਤੇਰੇ ਕੋਲ ਇਸ ਲਈ ਨਹੀਂ ਭੇਜੇ ਜੋ ਸ਼ਹਿਰ ਦਾ ਹਾਲ ਵੇਖ ਲੈਣ ਅਤੇ ਉਹ ਦਾ ਭੇਤ ਲੈਣ ਜੋ ਸ਼ਹਿਰ ਨੂੰ ਨਾਸ ਕਰਨ?

4ਤਦ ਹਾਨੂਨ ਨੇ ਦਾਊਦ ਦੇ ਸੇਵਕਾਂ ਨੂੰ ਫੜ੍ਹ ਲਿਆ ਅਤੇ ਸਾਰਿਆਂ ਦੀ ਅੱਧੀ-ਅੱਧੀ ਦਾੜ੍ਹੀ ਮੁਨਵਾ ਸੁੱਟੀ ਅਤੇ ਉਨ੍ਹਾਂ ਦੇ ਬਸਤਰ ਅੱਧ ਵਿਚਕਾਰੋਂ ਲੱਕ ਤੱਕ ਫਾੜ ਸੁੱਟੇ ਅਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।

5ਜਦ ਦਾਊਦ ਨੂੰ ਖ਼ਬਰ ਮਿਲੀ ਤਾਂ ਉਸ ਨੇ ਉਨ੍ਹਾਂ ਨੂੰ ਮਿਲਣ ਲਈ ਲੋਕ ਭੇਜੇ ਕਿਉਂ ਜੋ ਉਹ ਮਨੁੱਖ ਬਹੁਤ ਲੱਜਿਆਵਾਨ ਹੋਏ ਸੋ ਰਾਜਾ ਨੇ ਆਖਿਆ ਕਿ ਜਦ ਤੱਕ ਤੁਹਾਡੀਆਂ ਦਾੜ੍ਹੀਆਂ ਨਾ ਵਧਣ ਯਰੀਹੋ ਸ਼ਹਿਰ ਵਿੱਚ ਰਹੋ, ਇਸ ਤੋਂ ਬਾਅਦ ਹੀ ਵਾਪਸ ਆ ਜਾਣਾ।

6ਅੰਮੋਨੀਆਂ ਨੇ ਜਦ ਵੇਖਿਆ ਕਿ ਅਸੀਂ ਦਾਊਦ ਅੱਗੇ ਬੁਰੇ ਠਹਿਰੇ ਹਾਂ ਅੰਮੋਨੀਆਂ ਨੇ ਲੋਕ ਭੇਜੇ ਅਤੇ ਬੈਤ-ਰਹੋਬ ਦੇ ਅਰਾਮੀਆਂ ਅਤੇ ਸੋਬਾ ਦੇ ਅਰਾਮੀਆਂ ਦੇ ਵੀਹ ਹਜ਼ਾਰ ਪਿਆਦੇ ਲਏ ਅਤੇ ਮਅਕਾਹ ਦੇ ਰਾਜਾ ਤੋਂ ਹਜ਼ਾਰ ਮਨੁੱਖਾਂ ਨੂੰ ਅਤੇ ਬਾਰਾਂ ਹਜ਼ਾਰ ਤੋਬ ਦੇ ਮਨੁੱਖਾਂ ਨੂੰ ਭਾੜੇ ਤੇ ਰੱਖਿਆ।

7ਇਹ ਸੁਣ ਕੇ ਦਾਊਦ ਨੇ ਯੋਆਬ ਅਤੇ ਸੂਰਮਿਆਂ ਦੀ ਸਾਰੀ ਸੈਨਾਂ ਨੂੰ ਭੇਜਿਆ।

8ਤਦ ਅੰਮੋਨੀ ਨਿੱਕਲੇ ਅਤੇ ਸ਼ਹਿਰ ਦੇ ਫਾਟਕ ਦੇ ਲਾਂਘੇ ਕੋਲ ਲੜਾਈ ਦੇ ਲਈ ਕਤਾਰ ਬੰਨ੍ਹੀ। ਅਤੇ ਸੋਬਾ ਅਤੇ ਰਹੋਬ ਦੇ ਅਰਾਮੀ ਅਤੇ ਤੋਬ ਅਤੇ ਮਅਕਾਹ ਦੇ ਮਨੁੱਖ ਮੈਦਾਨ ਵਿੱਚ ਵੱਖਰੇ ਰਹੇ।

9ਜਦ ਯੋਆਬ ਨੇ ਵੇਖਿਆ ਕਿ ਉਨ੍ਹਾਂ ਦੇ ਵਿਰੁੱਧ ਦੋਹੀਂ ਪਾਸੀਂ, ਅੱਗੇ-ਪਿੱਛੇ ਲੜਾਈ ਲਈ ਕਤਾਰ ਬੰਨ੍ਹੀ ਗਈ ਹੈ ਤਾਂ ਉਸ ਨੇ ਇਸਰਾਏਲ ਵਿੱਚੋਂ ਚੰਗੇ-ਚੰਗੇ ਸੂਰਮਿਆਂ ਵਿੱਚੋਂ ਬਹੁਤਿਆਂ ਨੂੰ ਚੁਣ ਲਿਆ ਅਤੇ ਅਰਾਮੀਆਂ ਦੇ ਸਾਹਮਣੇ ਕਤਾਰ ਬੰਨ੍ਹੀ।

10ਅਤੇ ਬਾਕੀ ਦੇ ਲੋਕਾਂ ਨੂੰ ਅੰਮੋਨੀਆਂ ਦੇ ਸਾਹਮਣੇ ਕਤਾਰ ਬੰਨ੍ਹਣ ਲਈ ਆਪਣੇ ਭਰਾ ਅਬੀਸ਼ਈ ਦੇ ਹੱਥ ਸੌਂਪ ਦਿੱਤਾ।

11ਅਤੇ ਆਖਿਆ, ਜੇਕਰ ਅਰਾਮੀ ਮੇਰੇ ਉੱਤੇ ਪਰਬਲ ਹੋਣ ਤਾਂ ਤੂੰ ਮੇਰੀ ਸਹਾਇਤਾ ਕਰੀਂ ਅਤੇ ਜੇ ਅੰਮੋਨੀ ਤੇਰੇ ਉੱਤੇ ਪਰਬਲ ਹੋਣ ਤਾਂ ਮੈਂ ਆ ਕੇ ਤੇਰੀ ਸਹਾਇਤਾ ਕਰਾਂਗਾ।

12ਸੋ ਤਕੜੇ ਰਹੋ, ਅਤੇ ਆਓ ਅਸੀਂ ਆਪਣੇ ਲੋਕਾਂ ਦੇ ਲਈ ਅਤੇ ਆਪਣੇ ਪਰਮੇਸ਼ੁਰ ਦੇ ਸ਼ਹਿਰਾਂ ਦੇ ਲਈ ਬਹਾਦੁਰੀ ਨਾਲ ਲੜੀਏ ਅਤੇ ਜੋ ਯਹੋਵਾਹ ਨੂੰ ਚੰਗਾ ਲੱਗੇ, ਉਹ ਉਸੇ ਤਰ੍ਹਾਂ ਹੀ ਕਰੇ।

13ਫਿਰ ਯੋਆਬ ਅਤੇ ਉਹ ਲੋਕ ਜੋ ਉਸ ਦੇ ਨਾਲ ਸਨ ਅਰਾਮੀਆਂ ਦੇ ਉੱਤੇ ਹਮਲਾ ਕਰਨ ਨੂੰ ਅੱਗੇ ਵਧੇ ਅਤੇ ਅਰਾਮੀ ਉਨ੍ਹਾਂ ਦੇ ਅੱਗਿਓਂ ਭੱਜ ਗਏ।

14ਅਤੇ ਅੰਮੋਨੀ ਵੀ ਇਹ ਵੇਖ ਕੇ ਕਿ ਅਰਾਮੀ ਭੱਜ ਗਏ ਹਨ ਤਾਂ ਉਹ ਵੀ ਅਬੀਸ਼ਈ ਦੇ ਅੱਗੋਂ ਭੱਜ ਗਏ ਅਤੇ ਫੇਰ ਸ਼ਹਿਰ ਵਿੱਚ ਜਾ ਵੜੇ ਤਾਂ ਯੋਆਬ ਅੰਮੋਨੀਆਂ ਨਾਲ ਲੜਨ ਤੋਂ ਮੁੜ ਕੇ ਯਰੂਸ਼ਲਮ ਵਿੱਚ ਆਇਆ।

15ਜਦ ਅਰਾਮੀਆਂ ਨੇ ਵੇਖਿਆ ਜੋ ਅਸੀਂ ਇਸਰਾਏਲ ਦੇ ਅੱਗੇ ਹਾਰ ਗਏ ਹਾਂ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਇਕੱਠਿਆਂ ਕੀਤਾ।

16ਅਤੇ ਹਦਦਅਜ਼ਰ ਨੇ ਲੋਕ ਭੇਜੇ ਅਤੇ ਅਰਾਮੀਆਂ ਨੂੰ ਜੋ ਦਰਿਆ ਦੇ ਪਾਰ ਸਨ ਲੈ ਆਇਆ ਅਤੇ ਓਹ ਹੇਲਾਮ ਵਿੱਚ ਆਏ ਅਤੇ ਸੋਬਕ ਜੋ ਹਦਦਅਜ਼ਰ ਦੀ ਅਰਾਮੀ ਫੌਜ ਦਾ ਪ੍ਰਧਾਨ ਸੀ, ਉਨ੍ਹਾਂ ਦੇ ਅੱਗੇ ਤੁਰਿਆ।

17ਇਹ ਸੁਣ ਕੇ ਦਾਊਦ ਨੇ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ ਅਤੇ ਯਰਦਨੋਂ ਪਾਰ ਲੰਘ ਕੇ ਹੇਲਾਮ ਤੱਕ ਆਇਆ। ਅਰਾਮੀਆਂ ਨੇ ਦਾਊਦ ਦੇ ਸਾਹਮਣੇ ਕਤਾਰ ਬੰਨ੍ਹੀ ਅਤੇ ਉਸ ਨਾਲ ਲੜੇ

18ਅਤੇ ਅਰਾਮੀ ਇਸਰਾਏਲ ਦੇ ਅੱਗੋਂ ਭੱਜ ਗਏ ਅਤੇ ਦਾਊਦ ਨੇ ਅਰਾਮੀਆਂ ਦੇ ਸੱਤ ਸੌ ਰਥ ਸਵਾਰ ਅਤੇ ਚਾਲ੍ਹੀ ਹਜ਼ਾਰ ਸਵਾਰ ਵੱਢ ਸੁੱਟੇ ਅਤੇ ਉਨ੍ਹਾਂ ਦੇ ਸੈਨਾਪਤੀ ਸੋਬਕ ਨੂੰ ਅਜਿਹਾ ਮਾਰਿਆ ਜੋ ਉਹ ਉੱਥੇ ਹੀ ਮਰ ਗਿਆ।

19ਜਦ ਉਨ੍ਹਾਂ ਰਾਜਿਆਂ ਨੇ ਜੋ ਹਦਦਅਜ਼ਰ ਦੇ ਅਧੀਨ ਸਨ ਵੇਖਿਆ ਕਿ ਉਹ ਇਸਰਾਏਲ ਤੋਂ ਹਾਰ ਗਏ ਹਨ ਤਾਂ ਉਨ੍ਹਾਂ ਨੇ ਇਸਰਾਏਲੀਆਂ ਨਾਲ ਸਮਝੌਤਾ ਕੀਤਾ ਅਤੇ ਉਨ੍ਹਾਂ ਦੇ ਅਧੀਨ ਹੋ ਗਏ। ਇਸ ਲਈ, ਅਰਾਮੀ ਅੰਮੋਨੀਆਂ ਦੀ ਫੇਰ ਸਹਾਇਤਾ ਕਰਨ ਤੋਂ ਡਰੇ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath