2 ਰਾਜਿਆਂ 9
1ਅਲੀਸ਼ਾ ਨਬੀ ਨੇ ਨਬੀਆਂ ਦੇ ਦਲ ਵਿੱਚੋਂ ਇੱਕ ਨੂੰ ਸੱਦ ਕੇ ਉਹ ਨੂੰ ਆਖਿਆ, ਆਪਣਾ ਲੱਕ ਬੰਨ੍ਹ, ਤੇਲ ਦੀ ਇੱਕ ਕੁੱਪੀ ਆਪਣੇ ਹੱਥ ਵਿੱਚ ਲੈ ਅਤੇ ਰਾਮੋਥ ਗਿਲਆਦ ਨੂੰ ਜਾ।
2ਜਦ ਤੂੰ ਉੱਥੇ ਪਹੁੰਚੇ ਤਦ ਨਿਮਸ਼ੀ ਦੇ ਪੋਤਰੇ ਯਹੋਸ਼ਾਫ਼ਾਤ ਦੇ ਪੁੱਤਰ ਯੇਹੂ ਨੂੰ ਲੱਭ ਲਈਂ ਅਤੇ ਤੂੰ ਅੰਦਰ ਜਾ ਕੇ ਉਹ ਨੂੰ ਉਹ ਦੇ ਭਰਾਵਾਂ ਵਿੱਚੋਂ ਉਠਾ ਕੇ ਅੰਦਰਲੀ ਕੋਠੜੀ ਵਿੱਚ ਲੈ ਜਾਈਂ।
3ਫੇਰ ਤੇਲ ਦੀ ਕੁੱਪੀ ਲੈ ਕੇ ਉਹ ਦੇ ਸਿਰ ਉੱਤੇ ਡੋਲ੍ਹ ਦੇਈਂ ਅਤੇ ਆਖੀਂ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੈਂ ਤੈਨੂੰ ਇਸਰਾਏਲ ਦਾ ਰਾਜਾ ਹੋਣ ਲਈ ਮਸਹ ਕੀਤਾ ਹੈ। ਤਦ ਤੂੰ ਬੂਹਾ ਖੋਲ੍ਹ ਕੇ ਭੱਜ ਜਾਈਂ ਅਤੇ ਨਾ ਠਹਿਰੀਂ।
4ਇਸ ਲਈ ਉਹ ਜੁਆਨ ਅਰਥਾਤ ਉਹ ਜੁਆਨ ਨਬੀ ਰਾਮੋਥ ਗਿਲਆਦ ਨੂੰ ਗਿਆ।
5ਜਦ ਉਹ ਪਹੁੰਚਿਆ ਤਾਂ ਵੇਖੋ, ਫੌਜ ਦੇ ਸਰਦਾਰ ਬੈਠੇ ਹੋਏ ਸਨ। ਉਸ ਨੇ ਆਖਿਆ, ਹੇ ਸਰਦਾਰ, ਮੇਰੇ ਕੋਲ ਤੇਰੇ ਲਈ ਇੱਕ ਸੁਨੇਹਾ ਹੈ ਅਤੇ ਯੇਹੂ ਨੇ ਪੁੱਛਿਆ, ਸਾਡੇ ਸਾਰਿਆਂ ਵਿੱਚੋਂ ਕਿਸ ਦੇ ਲਈ? ਉਸ ਨੇ ਆਖਿਆ, ਹੇ ਸਰਦਾਰ ਤੇਰੇ ਲਈ।
6ਤਦ ਉਹ ਉੱਠ ਕੇ ਘਰ ਵਿੱਚ ਗਿਆ ਅਤੇ ਉਸ ਨੇ ਉਹ ਦੇ ਸਿਰ ਉੱਤੇ ਤੇਲ ਡੋਲ੍ਹ ਦਿੱਤਾ ਅਤੇ ਉਸ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਮੈਂ ਤੈਨੂੰ ਯਹੋਵਾਹ ਦੀ ਪਰਜਾ ਇਸਰਾਏਲ ਦਾ ਰਾਜਾ ਹੋਣ ਲਈ ਮਸਹ ਕੀਤਾ ਹੈ।
7ਤੂੰ ਆਪਣੇ ਸੁਆਮੀ ਅਹਾਬ ਦੇ ਘਰਾਣੇ ਨੂੰ ਮਾਰ ਸੁੱਟੀਂ ਤਾਂ ਕਿ ਮੈਂ ਆਪਣੇ ਦਾਸ ਨਬੀਆਂ ਦੇ ਲਹੂ ਦਾ ਅਤੇ ਯਹੋਵਾਹ ਦੇ ਸਭ ਦਾਸਾਂ ਦੇ ਲਹੂ ਦਾ ਬਦਲਾ ਈਜ਼ਬਲ ਦੇ ਹੱਥੋਂ ਲਵਾਂ।
8ਅਹਾਬ ਦੇ ਸਾਰੇ ਘਰਾਣੇ ਦਾ ਨਾਸ ਹੋਵੇਗਾ ਅਤੇ ਮੈਂ ਅਹਾਬ ਤੋਂ ਹਰੇਕ ਲੜਕੇ ਨੂੰ, ਇਸਰਾਏਲ ਵਿੱਚ ਹਰ ਗੁਲਾਮ ਨੂੰ ਅਤੇ ਹਰ ਅਜ਼ਾਦ ਨੂੰ ਕੱਟ ਦਿਆਂਗਾ।
9ਮੈਂ ਅਹਾਬ ਦੇ ਘਰਾਣੇ ਨੂੰ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਘਰ ਅਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰ ਵਾਂਗੂੰ ਕਰ ਛੱਡਾਂਗਾ।
10ਈਜ਼ਬਲ ਨੂੰ ਯਿਜ਼ਰਏਲ ਦੀ ਭੂਮੀ ਵਿੱਚ ਕੁੱਤੇ ਖਾਣਗੇ ਅਤੇ ਉਹ ਨੂੰ ਦੱਬਣ ਵਾਲਾ ਉੱਥੇ ਕੋਈ ਨਾ ਹੋਵੇਗਾ। ਫੇਰ ਉਹ ਬੂਹਾ ਖੋਲ੍ਹ ਕੇ ਭੱਜ ਗਿਆ।
11ਤਦ ਯੇਹੂ ਆਪਣੇ ਸੁਆਮੀ ਦੇ ਨੌਕਰਾਂ ਕੋਲ ਬਾਹਰ ਆਇਆ ਅਤੇ ਇੱਕ ਨੇ ਉਸ ਨੂੰ ਆਖਿਆ, ਸੁੱਖ ਤਾਂ ਹੈ? ਇਹ ਬਾਵਰਾ ਤੇਰੇ ਕੋਲ ਕਿਉਂ ਆਇਆ ਸੀ? ਉਹ ਨੇ ਉਹਨਾਂ ਨੂੰ ਆਖਿਆ, ਤੁਸੀਂ ਉਸ ਆਦਮੀ ਤੇ ਉਸ ਦੇ ਸੁਨੇਹੇ ਨੂੰ ਜਾਣਦੇ ਹੋ।
12ਅਤੇ ਉਹ ਬੋਲੇ, ਇਹ ਝੂਠਾ ਹੈ। ਕਿਰਪਾ ਕਰਕੇ ਸਾਨੂੰ ਦੱਸ ਤਾਂ ਸਹੀ, ਤਦ ਉਸ ਨੇ ਉੱਤਰ ਦਿੱਤਾ, ਉਸ ਨੇ ਮੇਰੇ ਨਾਲ ਇਸ ਤਰ੍ਹਾਂ ਗੱਲ ਕੀਤੀ ਕਿ ਯਹੋਵਾਹ ਅਜਿਹਾ ਆਖਦਾ ਹੈ ਕਿ ਮੈਂ ਤੈਨੂੰ ਇਸਰਾਏਲ ਦਾ ਰਾਜਾ ਹੋਣ ਲਈ ਮਸਹ ਕੀਤਾ।
13ਤਦ ਉਹਨਾਂ ਨੇ ਛੇਤੀ ਕੀਤੀ ਅਤੇ ਹਰੇਕ ਆਦਮੀ ਨੇ ਆਪਣੇ ਕੱਪੜੇ ਲੈ ਕੇ ਉਹ ਦੇ ਹੇਠਾਂ ਉਨ੍ਹਾਂ ਹੀ ਪੌੜੀਆਂ ਉੱਤੇ ਵਿਛਾਏ ਅਤੇ ਤੁਰ੍ਹੀ ਵਜਾ ਕੇ ਆਖਿਆ ਕਿ ਯੇਹੂ ਰਾਜਾ ਹੈ।
14ਇਸ ਤਰ੍ਹਾਂ ਨਿਮਸ਼ੀ ਦੇ ਪੋਤਰੇ ਯਹੋਸ਼ਾਫ਼ਾਤ ਦੇ ਪੁੱਤਰ ਯੇਹੂ ਨੇ ਯੋਰਾਮ ਦੇ ਵਿਰੁੱਧ ਰਾਜਦ੍ਰੋਹ ਕੀਤਾ ਅਤੇ ਅਰਾਮ ਦੇ ਰਾਜਾ ਹਜ਼ਾਏਲ ਦੇ ਕਾਰਨ ਯੋਰਾਮ ਸਾਰੇ ਇਸਰਾਏਲ ਦੇ ਨਾਲ ਰਾਮੋਥ ਗਿਲਆਦ ਦੀ ਦੇਖਭਾਲ ਕਰਦਾ ਸੀ।
15ਪਰ ਯੋਰਾਮ ਰਾਜਾ ਮੁੜ ਗਿਆ ਸੀ ਕਿ ਯਿਜ਼ਰਏਲ ਵਿੱਚ ਉਨ੍ਹਾਂ ਜ਼ਖਮਾਂ ਦਾ ਇਲਾਜ ਕਰਾਵੇ, ਜਿਹੜੇ ਅਰਾਮ ਦੇ ਰਾਜਾ ਹਜ਼ਾਏਲ ਨਾਲ ਲੜਦਿਆਂ ਅਰਾਮੀਆਂ ਦੇ ਹੱਥੋਂ ਲੱਗੇ ਸਨ। ਤਦ ਯੇਹੂ ਨੇ ਆਖਿਆ, ਜੇ ਤੁਹਾਡਾ ਵਿਚਾਰ ਅਜਿਹਾ ਹੈ ਤਾਂ ਕੋਈ ਭੱਜਣ ਵਾਲਾ ਇਸ ਸ਼ਹਿਰ ਵਿੱਚੋਂ ਨਿੱਕਲ ਕੇ ਯਿਜ਼ਰਏਲ ਨੂੰ ਖ਼ਬਰ ਨਾ ਲਿਜਾਵੇ।
16ਅਤੇ ਯੇਹੂ ਰੱਥ ਉੱਤੇ ਚੜ੍ਹ ਕੇ ਯਿਜ਼ਰਏਲ ਨੂੰ ਗਿਆ ਕਿਉਂ ਜੋ ਯੋਰਾਮ ਉੱਥੇ ਪਿਆ ਹੋਇਆ ਸੀ ਅਤੇ ਯਹੂਦਾਹ ਦਾ ਰਾਜਾ ਅਹਜ਼ਯਾਹ ਯੋਰਾਮ ਨੂੰ ਮਿਲਣ ਲਈ ਆਇਆ ਹੋਇਆ ਸੀ।
17ਯਿਜ਼ਰਏਲ ਵਿੱਚ ਪਹਿਰੇ ਵਾਲਾ ਬੁਰਜ ਉੱਤੇ ਖੜ੍ਹਾ ਸੀ ਅਤੇ ਜਦ ਉਸ ਨੇ ਯੇਹੂ ਦੇ ਵੱਡੇ ਜੱਥੇ ਨੂੰ ਆਉਂਦਿਆ ਵੇਖਿਆ ਤਾਂ ਆਖਿਆ, ਮੈਨੂੰ ਇੱਕ ਵੱਡਾ ਜੱਥਾ ਦਿਸਦਾ ਹੈ। ਯੋਰਾਮ ਨੇ ਕਿਹਾ, ਇੱਕ ਸਵਾਰ ਨੂੰ ਲੈ ਕੇ ਉਨ੍ਹਾਂ ਨੂੰ ਮਿਲਣ ਲਈ ਘੱਲ ਕਿ ਉਹ ਉਸ ਨੂੰ ਪੁੱਛੇ, “ਕੀ ਸ਼ਾਂਤੀ ਵੀ ਹੈ?”
18ਫਿਰ ਇੱਕ ਸਵਾਰ ਉਹ ਨੂੰ ਮਿਲਣ ਲਈ ਗਿਆ ਅਤੇ ਬੋਲਿਆ, ਰਾਜਾ ਪੁੱਛਦਾ ਹੈ, “ਸ਼ਾਂਤੀ ਵੀ ਹੈ?” ਅਤੇ ਯੇਹੂ ਬੋਲਿਆ, “ਤੈਨੂੰ ਸ਼ਾਂਤੀ ਨਾਲ ਕੀ? ਤੂੰ ਮੇਰੇ ਪਿੱਛੇ ਚੱਲ।” ਪਹਿਰੇ ਵਾਲੇ ਨੇ ਆਖਿਆ, ਸੰਦੇਸ਼ਵਾਹਕ ਉਨ੍ਹਾਂ ਕੋਲ ਪਹੁੰਚ ਤਾਂ ਗਿਆ ਪਰ ਪਿੱਛੇ ਨਾ ਮੁੜਿਆ।
19ਤਦ ਉਹ ਨੇ ਦੂਜੇ ਸਵਾਰ ਨੂੰ ਭੇਜਿਆ ਅਤੇ ਉਸ ਨੇ ਉਨ੍ਹਾਂ ਕੋਲ ਜਾ ਕੇ ਆਖਿਆ, ਰਾਜਾ ਪੁੱਛਦਾ ਹੈ, “ਸ਼ਾਂਤੀ ਵੀ ਹੈ?” ਯੇਹੂ ਨੇ ਉਸ ਨੂੰ ਕਿਹਾ, “ਤੈਨੂੰ ਸ਼ਾਂਤੀ ਨਾਲ ਕੀ? ਮੇਰੇ ਪਿੱਛੇ ਚੱਲ।”
20ਤਦ ਪਹਿਰੇ ਵਾਲੇ ਨੇ ਦੱਸਿਆ, ਉਹ ਉਨ੍ਹਾਂ ਕੋਲ ਪਹੁੰਚ ਤਾਂ ਗਿਆ ਪਰ ਪਿੱਛੇ ਨਾ ਮੁੜਿਆ ਅਤੇ ਹੱਕਣਾ ਨਿਮਸ਼ੀ ਦੇ ਪੁੱਤਰ ਯੇਹੂ ਦੇ ਹੱਕਣ ਵਰਗਾ ਹੈ ਕਿਉਂ ਜੋ ਉਹ ਬਹੁਤ ਤੇਜ਼ੀ ਨਾਲ ਹੱਕਦਾ ਹੁੰਦਾ ਹੈ।
21ਤਦ ਯੋਰਾਮ ਨੇ ਆਖਿਆ, ਜੋੜ ਦੇ। ਉਨ੍ਹਾਂ ਨੇ ਉਹ ਦਾ ਰੱਥ ਜੋੜ ਦਿੱਤਾ। ਤਦ ਇਸਰਾਏਲ ਦਾ ਰਾਜਾ ਯੋਰਾਮ ਅਤੇ ਯਹੂਦਾਹ ਦਾ ਰਾਜਾ ਅਹਜ਼ਯਾਹ ਆਪਣੇ-ਆਪਣੇ ਰੱਥ ਉੱਤੇ ਨਿੱਕਲ ਕੇ ਯੇਹੂ ਨੂੰ ਮਿਲਣ ਲਈ ਗਏ ਅਤੇ ਯਿਜ਼ਰਏਲੀ ਨਾਬੋਥ ਦੀ ਭੂਮੀ ਵਿੱਚ ਉਹ ਨੂੰ ਜਾ ਮਿਲੇ।
22ਤਦ ਅਜਿਹਾ ਹੋਇਆ ਜਦ ਯੋਰਾਮ ਨੇ ਯੇਹੂ ਨੂੰ ਦੇਖਿਆ ਤਾਂ ਬੋਲਿਆ, “ਯੇਹੂ ਸ਼ਾਂਤੀ ਵੀ ਹੈ?” ਉਸ ਨੇ ਆਖਿਆ, ਜਦ ਤੱਕ ਤੇਰੀ ਮਾਂ ਈਜ਼ਬਲ ਦੀਆਂ ਵਿਭਚਾਰੀਆਂ ਤੇ ਉਸ ਦੀਆਂ ਜਾਦੂਗਰੀਆਂ ਐਨੀਆਂ ਵਧੀਆਂ ਹੋਈਆਂ ਹੋਣ ਤਦ ਤੱਕ ਕਿਸ ਤਰ੍ਹਾਂ ਦੀ ਸ਼ਾਂਤੀ?
23ਤਦ ਯੋਰਾਮ ਨੇ ਵਾਗਾਂ ਮੋੜੀਆਂ ਅਤੇ ਭੱਜ ਤੁਰਿਆ ਅਤੇ ਅਹਜ਼ਯਾਹ ਨੂੰ ਆਖਿਆ, ਹੇ ਅਹਜ਼ਯਾਹ ਧੋਖਾ ਹੈ! ਭੱਜ।
24ਤਦ ਯੇਹੂ ਨੇ ਆਪਣਾ ਧਣੁੱਖ ਜ਼ੋਰ ਨਾਲ ਖਿੱਚਿਆ ਅਤੇ ਯੋਰਾਮ ਦੇ ਮੋਢਿਆਂ ਦੇ ਵਿਚਕਾਰ ਮਾਰਿਆ, ਤੀਰ ਉਹ ਦੇ ਦਿਲ ਵਿੱਚੋਂ ਹੋ ਕੇ ਨਿੱਕਲਿਆ ਅਤੇ ਉਹ ਆਪਣੇ ਰੱਥ ਵਿੱਚ ਹੀ ਡਿੱਗ ਪਿਆ।
25ਤਦ ਉਸ ਨੇ ਆਪਣੇ ਇੱਕ ਅਹੁਦੇਦਾਰ ਬਿਦਕਰ ਨੂੰ ਆਖਿਆ, ਉਹ ਨੂੰ ਚੁੱਕ ਕੇ ਯਿਜ਼ਰਏਲੀ ਨਾਬੋਥ ਦੇ ਖੇਤ ਦੇ ਹਿੱਸੇ ਵਿੱਚ ਸੁੱਟ ਦੇ ਕਿਉਂ ਜੋ ਚੇਤੇ ਕਰ ਕਿ ਜਦ ਮੈਂ ਤੇ ਤੂੰ ਦੋਵੇਂ ਰਲ ਕੇ ਉਸ ਦੇ ਪਿਤਾ ਅਹਾਬ ਦੇ ਪਿੱਛੇ ਸਵਾਰ ਹੋਏ ਜਾਂਦੇ ਸੀ ਤਦ ਯਹੋਵਾਹ ਨੇ ਉਹ ਦੇ ਉੱਤੇ ਇਹੋ ਹੁਕਮ ਲਾਇਆ ਸੀ।
26ਸੱਚ-ਮੁੱਚ ਮੈਂ ਅੱਜ-ਕੱਲ ਹੀ ਨਾਬੋਥ ਦਾ ਲਹੂ ਅਤੇ ਉਹ ਦੇ ਪੁੱਤਰਾਂ ਦਾ ਲਹੂ ਵੇਖਿਆ ਹੈ, ਯਹੋਵਾਹ ਦਾ ਵਾਕ ਹੈ। ਮੈਂ ਇਸ ਖੇਤ ਵਿੱਚ ਤੈਨੂੰ ਬਦਲਾ ਦਿਆਂਗਾ, ਯਹੋਵਾਹ ਦਾ ਵਾਕ ਹੈ। ਇਸ ਲਈ ਹੁਣ ਯਹੋਵਾਹ ਦੇ ਵਾਕ ਅਨੁਸਾਰ ਉਹ ਨੂੰ ਚੁੱਕ ਕੇ ਉਸੇ ਥਾਂ ਸੁੱਟ ਦੇ।
27ਜਦ ਯਹੂਦਾਹ ਦੇ ਰਾਜਾ ਅਹਜ਼ਯਾਹ ਨੇ ਇਹ ਵੇਖਿਆ ਤਾਂ ਬਾਗ਼ ਦੇ ਰਾਹ ਤੋਂ ਭੱਜਿਆ, ਪਰ ਯੇਹੂ ਨੇ ਉਹ ਦਾ ਪਿੱਛਾ ਕਰਕੇ ਕਿਹਾ, ਉਸ ਨੂੰ ਵੀ ਰੱਥ ਵਿੱਚ ਹੀ ਮਾਰ ਸੁੱਟੋ। ਤਦ ਉਹ ਵੀ ਯਿਬਲਾਮ ਦੇ ਨਾਲ ਗੂਰ ਦੀ ਚੜ੍ਹਾਈ ਤੇ ਮਾਰਿਆ ਗਿਆ ਅਤੇ ਮਗਿੱਦੋ ਤੱਕ ਭੱਜ ਕੇ ਉੱਥੇ ਮਰ ਗਿਆ।
28ਤਦ ਉਹ ਦੇ ਨੌਕਰ ਉਹ ਨੂੰ ਰੱਥ ਵਿੱਚ ਰੱਖ ਕੇ ਯਰੂਸ਼ਲਮ ਨੂੰ ਲਿਆਏ ਅਤੇ ਉਹ ਨੂੰ ਉਹ ਦੀ ਕਬਰ ਵਿੱਚ ਉਹ ਦੇ ਪੁਰਖਿਆਂ ਦੇ ਨਾਲ ਦਾਊਦ ਦੇ ਸ਼ਹਿਰ ਵਿੱਚ ਦੱਬਿਆ।
29ਅਹਾਬ ਦੇ ਪੁੱਤਰ ਯੋਰਾਮ ਦੇ ਰਾਜ ਦੇ ਗਿਆਰਵੇਂ ਸਾਲ ਅਹਜ਼ਯਾਹ ਯਹੂਦਾਹ ਉੱਤੇ ਰਾਜ ਕਰਨ ਲੱਗਾ।
30ਜਦ ਯੇਹੂ ਯਿਜ਼ਰਏਲ ਵਿੱਚ ਵੜਿਆ ਅਤੇ ਈਜ਼ਬਲ ਨੇ ਇਹ ਸੁਣਿਆ ਤਾਂ ਉਸ ਨੇ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਇਆ ਅਤੇ ਆਪਣੇ ਸਿਰ ਨੂੰ ਸਿੰਗਾਰ ਕੇ ਖਿੜਕੀ ਵਿੱਚੋਂ ਦੀ ਦੇਖਣ ਲੱਗੀ।
31ਜਦ ਯੇਹੂ ਫਾਟਕ ਵਿੱਚ ਪਹੁੰਚਿਆ, ਉਹ ਬੋਲੀ, ਹੇ ਜ਼ਿਮਰੀ ਆਪਣੇ ਸੁਆਮੀ ਦੇ ਮਾਰਨ ਵਾਲੇ ਸ਼ਾਂਤ ਤਾਂ ਹਨ?
32ਉਸ ਨੇ ਖਿੜਕੀ ਵੱਲ ਮੂੰਹ ਚੁੱਕ ਕੇ ਆਖਿਆ, ਮੇਰੇ ਵੱਲ ਕੌਣ ਹੈ? ਕੌਣ? ਅਤੇ ਦੋ ਤਿੰਨ ਖੋਜ਼ਿਆਂ ਨੇ ਉਹ ਦੀ ਵੱਲ ਵੇਖਿਆ।
33ਤਦ ਉਸ ਨੇ ਆਖਿਆ, ਉਹ ਨੂੰ ਹੇਠਾਂ ਡੇਗ ਦਿਓ। ਫਿਰ ਉਨ੍ਹਾਂ ਨੇ ਉਹ ਨੂੰ ਡੇਗ ਦਿੱਤਾ ਅਤੇ ਉਹ ਦੇ ਲਹੂ ਦੇ ਛਿੱਟੇ ਕੰਧ ਉੱਤੇ ਅਤੇ ਕੁਝ ਘੋੜਿਆਂ ਉੱਤੇ ਪਏ ਅਤੇ ਉਸ ਨੇ ਉਹ ਨੂੰ ਲਤਾੜ ਛੱਡਿਆ।
34ਤਦ ਉਹ ਅੰਦਰ ਜਾ ਕੇ ਖਾਣ-ਪੀਣ ਲੱਗਾ ਅਤੇ ਉਸ ਨੇ ਆਖਿਆ, ਇਸ ਸਰਾਪੀ ਔਰਤ ਨੂੰ ਦੇਖੋ ਅਤੇ ਉਹ ਨੂੰ ਦੱਬ ਦਿਓ ਕਿਉਂ ਜੋ ਉਹ ਇੱਕ ਰਾਜਾ ਦੀ ਧੀ ਹੈ।
35ਉਹ ਉਸ ਨੂੰ ਦੱਬਣ ਲਈ ਗਏ ਪਰ ਖੋਪੜੀ, ਪੈਰਾਂ ਅਤੇ ਉਹ ਦੇ ਹੱਥਾਂ ਦੀਆਂ ਹਥੇਲੀਆਂ ਤੋਂ ਬਿਨ੍ਹਾਂ ਉਸ ਦਾ ਹੋਰ ਕੁਝ ਵੀ ਨਾ ਮਿਲਿਆ।
36ਤਦ ਉਹ ਮੁੜ ਆਏ ਅਤੇ ਉਸ ਨੂੰ ਇਹ ਦੱਸਿਆ ਤਾਂ ਉਸ ਨੇ ਆਖਿਆ, ਇਹ ਯਹੋਵਾਹ ਦਾ ਉਹ ਬਚਨ ਹੈ ਜਿਹੜਾ ਉਸ ਨੇ ਆਪਣੇ ਦਾਸ ਏਲੀਯਾਹ ਤਿਸ਼ਬੀ ਦੇ ਰਾਹੀਂ ਆਖਿਆ ਸੀ ਕਿ ਯਿਜ਼ਰਏਲ ਦੀ ਭੂਮੀ ਦੇ ਖੇਤ ਵਿੱਚ ਕੁੱਤੇ ਈਜ਼ਬਲ ਦਾ ਮਾਸ ਖਾਣਗੇ।
37ਅਤੇ ਈਜ਼ਬਲ ਦੀ ਲੋਥ ਯਿਜ਼ਰਏਲ ਦੀ ਭੂਮੀ ਦੇ ਖੇਤ ਵਿੱਚ ਪਈ ਹੋਈ ਖਾਦ ਵਾਂਗੂੰ ਹੋਵੇਗੀ ਤਾਂ ਜੋ ਕੋਈ ਕਹਿ ਨਾ ਸਕੇ ਕਿ ਇਹ ਈਜ਼ਬਲ ਹੈ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath