ਈਸਾਈ
ਪਿੱਛੇ

2 ਰਾਜਿਆਂ 8

1ਅਲੀਸ਼ਾ ਨੇ ਉਸ ਔਰਤ ਨੂੰ ਜਿਸ ਦੇ ਪੁੱਤਰ ਨੂੰ ਉਸ ਨੇ ਜ਼ਿੰਦਾ ਕੀਤਾ ਸੀ ਆਖਿਆ ਕਿ ਉੱਠ ਅਤੇ ਆਪਣੇ ਪਰਿਵਾਰ ਸਮੇਤ ਜਾ ਅਤੇ ਜਿੱਥੇ ਕਿਤੇ ਤੂੰ ਵੱਸ ਸਕੇਂ ਉੱਥੇ ਵੱਸ ਜਾ ਕਿਉਂ ਜੋ ਯਹੋਵਾਹ ਨੇ ਕਾਲ ਦਾ ਹੁਕਮ ਲਾ ਦਿੱਤਾ ਹੈ ਅਤੇ ਉਹ ਇਸ ਦੇਸ਼ ਉੱਤੇ ਸੱਤ ਸਾਲ ਰਹੇਗਾ।

2ਤਦ ਉਸ ਔਰਤ ਨੇ ਉੱਠ ਕੇ ਪਰਮੇਸ਼ੁਰ ਦੇ ਜਨ ਦੇ ਕਹਿਣ ਅਨੁਸਾਰ ਆਪਣੇ ਪਰਿਵਾਰ ਸਮੇਤ ਸਫ਼ਰ ਕੀਤਾ ਅਤੇ ਫ਼ਲਿਸਤੀਆਂ ਦੇ ਦੇਸ਼ ਵਿੱਚ ਜਾ ਕੇ ਸੱਤ ਸਾਲ ਉੱਥੇ ਵੱਸੀ।

3ਸੱਤਾਂ ਸਾਲਾਂ ਦੇ ਅੰਤ ਵਿੱਚ ਅਜਿਹਾ ਹੋਇਆ ਕਿ ਉਹ ਔਰਤ ਫ਼ਲਿਸਤੀਆਂ ਦੇ ਦੇਸ਼ ਤੋਂ ਮੁੜ ਆਈ ਅਤੇ ਆਪਣੇ ਘਰ ਦੇ ਲਈ ਅਤੇ ਆਪਣੀ ਜ਼ਮੀਨ ਦੇ ਲਈ ਰਾਜਾ ਕੋਲ ਦੁਹਾਈ ਦੇਣ ਲਈ ਗਈ।

4ਤਦ ਰਾਜਾ ਪਰਮੇਸ਼ੁਰ ਦੇ ਜਨ ਦੇ ਸੇਵਕ ਗੇਹਾਜੀ ਨਾਲ ਗੱਲਾਂ ਕਰਦਾ ਸੀ ਅਤੇ ਉਸ ਨੇ ਆਖਿਆ ਕਿ ਉਹ ਸਾਰੇ ਵੱਡੇ ਕੰਮ ਜਿਹੜੇ ਅਲੀਸ਼ਾ ਨੇ ਕੀਤੇ ਹਨ ਮੈਨੂੰ ਦੱਸ।

5ਤਦ ਅਜਿਹਾ ਹੋਇਆ ਕਿ ਜਦ ਉਹ ਰਾਜਾ ਨੂੰ ਦੱਸ ਹੀ ਰਿਹਾ ਸੀ ਕਿ ਕਿਵੇਂ ਉਸ ਨੇ ਇੱਕ ਮੁਰਦੇ ਨੂੰ ਜੁਆਲਿਆ, ਤਦ ਵੇਖੋ, ਉਹ ਔਰਤ ਜਿਸ ਦੇ ਪੁੱਤਰ ਨੂੰ ਉਹ ਨੇ ਜ਼ਿੰਦਾ ਕੀਤਾ ਸੀ ਉਹ ਰਾਜਾ ਦੇ ਕੋਲ ਆਪਣੇ ਘਰ ਤੇ ਆਪਣੀ ਜ਼ਮੀਨ ਦੇ ਲਈ ਦੁਹਾਈ ਦੇਣ ਲੱਗੀ। ਤਦ ਗੇਹਾਜੀ ਨੇ ਆਖਿਆ, ਹੇ ਮੇਰੇ ਸੁਆਮੀ! ਹੇ ਰਾਜਾ! ਇਹ ਓਹੀ ਔਰਤ ਅਤੇ ਇਸ ਦਾ ਪੁੱਤਰ ਇਹ ਹੀ ਹੈ, ਜਿਹ ਨੂੰ ਅਲੀਸ਼ਾ ਨੇ ਜ਼ਿੰਦਾ ਕੀਤਾ।

6ਜਦ ਰਾਜਾ ਨੇ ਉਸ ਔਰਤ ਨੂੰ ਉਸ ਦੇ ਪੁੱਤਰ ਬਾਰੇ ਪੁੱਛਿਆ, ਤਦ ਉਹ ਨੇ ਉਸ ਨੂੰ ਦੱਸਿਆ। ਇਸ ਲਈ ਰਾਜਾ ਨੇ ਉਸ ਦੇ ਲਈ ਇੱਕ ਹਾਕਮ ਨੂੰ ਠਹਿਰਾ ਕੇ ਉਸ ਨੂੰ ਆਖਿਆ, “ਸਭ ਕੁਝ ਜੋ ਇਸ ਦਾ ਸੀ ਜਦ ਤੋਂ ਇਸ ਨੇ ਇਹ ਦੇਸ ਛੱਡਿਆ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਦੀ ਖੇਤ ਦੀ ਸਾਰੀ ਪੈਦਾਵਾਰ ਉਸ ਨੂੰ ਮੋੜ ਦੇ।”

7ਤਦ ਅਲੀਸ਼ਾ ਦੰਮਿਸ਼ਕ ਵਿੱਚ ਆਇਆ। ਉਸ ਸਮੇਂ ਅਰਾਮ ਦਾ ਰਾਜਾ ਬਨ-ਹਦਦ ਬਿਮਾਰ ਸੀ ਅਤੇ ਉਹ ਨੂੰ ਇਹ ਦੱਸਿਆ ਗਿਆ ਕਿ ਪਰਮੇਸ਼ੁਰ ਦਾ ਜਨ ਇੱਥੇ ਤੱਕ ਆਇਆ ਹੈ।

8ਰਾਜਾ ਨੇ ਹਜ਼ਾਏਲ ਅਧਿਕਾਰੀ ਨੂੰ ਆਖਿਆ, ਆਪਣੇ ਹੱਥ ਵਿੱਚ ਭੇਟ ਲੈ ਕੇ ਪਰਮੇਸ਼ੁਰ ਦੇ ਜਨ ਨੂੰ ਮਿਲਣ ਲਈ ਜਾ ਅਤੇ ਉਸ ਦੇ ਰਾਹੀਂ ਯਹੋਵਾਹ ਕੋਲੋਂ ਪੁੱਛ, “ਕੀ ਮੈਂ ਇਸ ਰੋਗ ਤੋਂ ਚੰਗਾ ਹੋ ਜਾਂਵਾਂਗਾ?”

9ਤਦ ਹਜ਼ਾਏਲ ਉਹ ਨੂੰ ਮਿਲਣ ਲਈ ਗਿਆ ਅਤੇ ਦੰਮਿਸ਼ਕ ਦੀ ਹਰ ਉੱਤਮ ਵਸਤੂ ਦਾ ਚੜ੍ਹਾਵਾ ਚਾਲੀਆਂ ਊਠਾਂ ਉੱਤੇ ਲੱਦ ਕੇ ਆਪਣੇ ਨਾਲ ਲੈ ਆਇਆ ਅਤੇ ਉਹ ਦੇ ਸਾਹਮਣੇ ਆਖਿਆ, ਤੇਰੇ ਪੁੱਤਰ ਅਰਾਮ ਦੇ ਰਾਜੇ ਬਨ-ਹਦਦ ਨੇ ਇਹ ਆਖ ਕੇ ਮੈਨੂੰ ਤੇਰੇ ਕੋਲ ਭੇਜਿਆ ਹੈ ਕਿ ਕੀ ਮੈਂ ਇਸ ਰੋਗ ਤੋਂ ਚੰਗਾ ਹੋ ਜਾਂਵਾਂਗਾ?

10ਅਲੀਸ਼ਾ ਨੇ ਉਸ ਨੂੰ ਆਖਿਆ, ਜਾ ਕੇ ਉਸ ਨੂੰ ਆਖ, ਤੂੰ ਚੰਗਾ ਹੋ ਜਾਵੇਂਗਾ ਤਾਂ ਵੀ ਯਹੋਵਾਹ ਨੇ ਮੇਰੇ ਉੱਤੇ ਪਰਗਟ ਕੀਤਾ ਹੈ ਕਿ ਉਹ ਜ਼ਰੂਰ ਮਰ ਜਾਵੇਗਾ।

11ਅਤੇ ਉਹ ਉਸ ਦੀ ਵੱਲ ਧਿਆਨ ਲਾ ਕੇ ਵੇਖਦਾ ਰਿਹਾ ਇੱਥੋਂ ਤੱਕ ਕਿ ਉਹ ਸ਼ਰਮਿੰਦਾ ਹੋ ਗਿਆ ਅਤੇ ਪਰਮੇਸ਼ੁਰ ਦਾ ਜਨ ਰੋ ਪਿਆ।

12ਤਦ ਹਜ਼ਾਏਲ ਨੇ ਆਖਿਆ, ਮੇਰਾ ਸੁਆਮੀ ਕਿਉਂ ਰੋਂਦਾ ਹੈ? ਅੱਗੋਂ ਉਸ ਨੇ ਉੱਤਰ ਦਿੱਤਾ, ਕਿਉਂ ਜੋ ਮੈਂ ਉਸ ਬਦੀ ਨੂੰ ਜਾਣਦਾ ਹਾਂ ਜੋ ਤੂੰ ਇਸਰਾਏਲੀਆਂ ਨਾਲ ਕਰੇਂਗਾ। ਤੂੰ ਉਨ੍ਹਾਂ ਦੇ ਕਿਲ੍ਹਿਆਂ ਨੂੰ ਅੱਗ ਲਾਵੇਂਗਾ, ਉਨ੍ਹਾਂ ਦੇ ਚੰਗੇ ਗੱਭਰੂਆਂ ਨੂੰ ਤਲਵਾਰ ਨਾਲ ਮਾਰੇਗਾ, ਉਨ੍ਹਾਂ ਦੇ ਬੱਚਿਆਂ ਨੂੰ ਪਟਕਾ-ਪਟਕਾ ਕੇ ਟੋਟੇ-ਟੋਟੇ ਕਰੇਂਗਾ ਅਤੇ ਉਨ੍ਹਾਂ ਦੀਆਂ ਗਰਭਵਤੀ ਔਰਤਾਂ ਨੂੰ ਚੀਰ ਸੁੱਟੇਂਗਾ।

13ਹਜ਼ਾਏਲ ਨੇ ਆਖਿਆ, ਪਰ ਤੇਰਾ ਦਾਸ ਕੁੱਤੇ ਸਮਾਨ ਹੈ। ਉਹ ਹੈ ਹੀ ਕੀ ਕਿ ਉਹ ਇੰਨ੍ਹਾਂ ਵੱਡਾ ਕੰਮ ਕਰੇ? ਪਰ ਅਲੀਸ਼ਾ ਨੇ ਆਖਿਆ, ਯਹੋਵਾਹ ਨੇ ਮੈਨੂੰ ਵਿਖਾਇਆ ਹੈ ਕਿ ਤੂੰ ਅਰਾਮ ਦੇ ਉੱਤੇ ਰਾਜਾ ਹੋਵੇਂਗਾ।

14ਫੇਰ ਉਹ ਅਲੀਸ਼ਾ ਕੋਲੋਂ ਤੁਰ ਪਿਆ ਅਤੇ ਆਪਣੇ ਸੁਆਮੀ ਕੋਲ ਆ ਕੇ ਉਸ ਨੇ ਉਸ ਨੂੰ ਪੁੱਛਿਆ, “ਅਲੀਸ਼ਾ ਨੇ ਤੈਨੂੰ ਕੀ ਆਖਿਆ ਹੈ?” ਤਦ ਉਹ ਬੋਲਿਆ, ਉਸ ਨੇ ਮੈਨੂੰ ਦੱਸਿਆ ਕਿ ਤੂੰ ਚੰਗਾ ਹੋ ਜਾਵੇਂਗਾ।

15ਅਗਲੇ ਦਿਨ ਅਜਿਹਾ ਹੋਇਆ ਕਿ ਉਹ ਨੇ ਇੱਕ ਚਾਦਰ ਲਈ ਤੇ ਉਹ ਨੂੰ ਪਾਣੀ ਨਾਲ ਭਿਉਂ ਕੇ ਉਸ ਦੇ ਮੂੰਹ ਉੱਤੇ ਪਾ ਦਿੱਤੀ ਤੇ ਉਹ ਮਰ ਗਿਆ ਅਤੇ ਹਜ਼ਾਏਲ ਉਸ ਦੇ ਥਾਂ ਰਾਜ ਕਰਨ ਲੱਗਾ।

16ਇਸਰਾਏਲ ਦੇ ਰਾਜਾ ਅਹਾਬ ਦੇ ਪੁੱਤਰ ਯਹੋਰਾਮ ਦੇ ਰਾਜ ਦੇ ਪੰਜਵੇਂ ਸਾਲ ਜਦ ਯਹੋਸ਼ਾਫ਼ਾਤ ਯਹੂਦਾਹ ਦਾ ਰਾਜਾ ਸੀ, ਤਾਂ ਯਹੂਦਾਹ ਦੇ ਰਾਜਾ ਯਹੋਸ਼ਾਫ਼ਾਤ ਦਾ ਪੁੱਤਰ ਯੋਰਾਮ ਯਹੂਦਾਹ ਤੇ ਰਾਜ ਕਰਨ ਲੱਗਾ।

17ਜਦ ਉਹ ਰਾਜ ਕਰਨ ਲੱਗਾ ਤਦ ਉਹ ਬੱਤੀ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਅੱਠ ਸਾਲ ਰਾਜ ਕੀਤਾ।

18ਅਤੇ ਉਹ ਅਹਾਬ ਦੇ ਘਰਾਣੇ ਵਾਂਗੂੰ ਇਸਰਾਏਲ ਦੇ ਰਾਜਿਆਂ ਦੇ ਰਾਹ ਉੱਤੇ ਤੁਰਿਆ ਕਿਉਂ ਜੋ ਅਹਾਬ ਦੀ ਧੀ ਉਸ ਦੀ ਰਾਣੀ ਬਣ ਗਈ ਅਤੇ ਉਸ ਨੇ ਉਹ ਕੰਮ ਕੀਤਾ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ।

19ਫੇਰ ਵੀ ਯਹੋਵਾਹ ਨੇ ਆਪਣੇ ਦਾਸ ਦਾਊਦ ਦੇ ਕਾਰਨ ਯਹੂਦਾਹ ਨੂੰ ਨਾਸ ਕਰਨਾ ਨਾ ਚਾਹਿਆ ਜਿਵੇਂ ਉਸ ਨੇ ਉਹ ਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੇਰੇ ਵੰਸ਼ ਨੂੰ ਸਦਾ ਲਈ ਇੱਕ ਵਾਰਿਸ ਦਿਆਂਗਾ।

20ਉਸ ਦੇ ਦਿਨਾਂ ਵਿੱਚ ਅਦੋਮੀ ਯਹੂਦਾਹ ਦੀ ਅਧੀਨਤਾਈ ਤੋਂ ਬਾਗੀ ਹੋ ਗਏ ਅਤੇ ਉਨ੍ਹਾਂ ਨੇ ਆਪਣੇ ਲਈ ਇੱਕ ਰਾਜਾ ਬਣਾ ਲਿਆ।

21ਤਦ ਯੋਰਾਮ ਸੇਈਰ ਨੂੰ ਚਲਾ ਗਿਆ ਅਤੇ ਸਾਰੇ ਰੱਥ ਉਸ ਦੇ ਨਾਲ ਸਨ, ਅਜਿਹਾ ਹੋਇਆ ਕਿ ਉਸ ਨੇ ਰਾਤ ਨੂੰ ਉੱਠ ਕੇ ਅਦੋਮੀਆਂ ਨੂੰ ਜਿਨ੍ਹਾਂ ਨੇ ਉਹ ਨੂੰ ਘੇਰਿਆ ਹੋਇਆ ਸੀ, ਰੱਥਾਂ ਦੇ ਸਰਦਾਰਾਂ ਨੂੰ ਮਾਰਿਆ ਅਤੇ ਲੋਕ ਤੰਬੂਆਂ ਨੂੰ ਭੱਜ ਗਏ।

22ਇਸ ਕਰਕੇ ਅਦੋਮ ਅੱਜ ਤੱਕ ਯਹੂਦਾਹ ਦੀ ਅਧੀਨਤਾਈ ਤੋਂ ਬਾਗੀ ਹੈ ਅਤੇ ਉਸੇ ਵੇਲੇ ਲਿਬਨਾਹ ਸ਼ਹਿਰ ਦੇ ਵਾਸੀ ਵੀ ਬਾਗੀ ਹੋ ਗਿਆ।

23ਯੋਰਾਮ ਦੀ ਬਾਕੀ ਘਟਨਾ ਅਤੇ ਉਹ ਸਭ ਕੁਝ ਜੋ ਉਹ ਨੇ ਕੀਤਾ, ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ?

24ਯੋਰਾਮ ਮਰ ਕੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਦਾਊਦ ਦੇ ਸ਼ਹਿਰ ਵਿੱਚ ਆਪਣੇ ਪੁਰਖਿਆਂ ਦੇ ਨਾਲ ਦੱਬਿਆ ਗਿਆ। ਉਹ ਦਾ ਪੁੱਤਰ ਅਹਜ਼ਯਾਹ ਉਹ ਦੇ ਥਾਂ ਰਾਜ ਕਰਨ ਲੱਗਾ।

25ਇਸਰਾਏਲ ਦੇ ਰਾਜਾ ਅਹਾਬ ਦੇ ਪੁੱਤਰ ਯੋਰਾਮ ਦੇ ਰਾਜ ਦੇ ਬਾਰ੍ਹਵੇਂ ਸਾਲ ਤੋਂ ਯਹੂਦਾਹ ਦੇ ਰਾਜਾ ਯਹੋਰਾਮ ਦਾ ਪੁੱਤਰ ਅਹਜ਼ਯਾਹ ਰਾਜ ਕਰਨ ਲੱਗਾ।

26ਅਹਜ਼ਯਾਹ ਬਾਈ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਹ ਨੇ ਇੱਕ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਹ ਦੀ ਮਾਤਾ ਦਾ ਨਾਮ ਅਥਲਯਾਹ ਸੀ ਜੋ ਇਸਰਾਏਲ ਦੇ ਰਾਜੇ ਆਮਰੀ ਦੀ ਧੀ ਸੀ।

27ਉਹ ਵੀ ਅਹਾਬ ਦੇ ਘਰਾਣੇ ਦੇ ਰਾਹਾਂ ਉੱਤੇ ਤੁਰਿਆ, ਉਹ ਨੇ ਅਹਾਬ ਦੇ ਘਰਾਣੇ ਵਾਂਗੂੰ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਕਿਉਂ ਜੋ ਉਹ ਅਹਾਬ ਦੇ ਘਰਾਣੇ ਦਾ ਜਵਾਈ ਸੀ।

28ਉਹ ਅਹਾਬ ਦੇ ਪੁੱਤਰ ਯੋਰਾਮ ਦੇ ਨਾਲ ਰਾਮੋਥ ਗਿਲਆਦ ਵਿੱਚ ਅਰਾਮ ਦੇ ਰਾਜਾ ਹਜ਼ਾਏਲ ਨਾਲ ਲੜਨ ਲਈ ਗਿਆ ਅਤੇ ਅਰਾਮੀਆਂ ਨੇ ਯੋਰਾਮ ਨੂੰ ਫੱਟੜ ਕੀਤਾ।

29ਅਤੇ ਰਾਜਾ ਯੋਰਾਮ ਮੁੜ ਗਿਆ ਕਿ ਯਿਜ਼ਰਏਲ ਵਿੱਚ ਉਨ੍ਹਾਂ ਜ਼ਖਮਾਂ ਦਾ ਇਲਾਜ ਕਰਾਵੇ, ਜਿਹੜੇ ਅਰਾਮ ਦੇ ਰਾਜਾ ਹਜ਼ਾਏਲ ਨਾਲ ਲੜਨ ਦੇ ਸਮੇਂ ਰਾਮਾਹ ਵਿੱਚ ਅਰਾਮੀਆਂ ਦੇ ਹੱਥੋਂ ਲੱਗੇ ਸਨ। ਅਤੇ ਯਹੂਦਾਹ ਦੇ ਰਾਜਾ ਯਹੋਰਾਮ ਦਾ ਪੁੱਤਰ ਅਹਜ਼ਯਾਹ ਅਹਾਬ ਦੇ ਪੁੱਤਰ ਯੋਰਾਮ ਨੂੰ ਵੇਖਣ ਲਈ ਯਿਜ਼ਰਏਲ ਵਿੱਚ ਆਇਆ ਕਿਉਂ ਜੋ ਉਹ ਬਿਮਾਰ ਸੀ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath