2 ਰਾਜਿਆਂ 7
1ਤਦ ਅਲੀਸ਼ਾ ਨੇ ਆਖਿਆ, ਤੁਸੀਂ ਯਹੋਵਾਹ ਦਾ ਬਚਨ ਸੁਣੋ। ਯਹੋਵਾਹ ਅਜਿਹਾ ਫ਼ਰਮਾਉਂਦਾ ਹੈ ਕਿ ਕੱਲ ਇਸੇ ਸਮੇਂ ਸਾਮਰਿਯਾ ਦੇ ਫਾਟਕ ਤੇ ਦਸ ਸੇਰ ਮੈਦਾ ਇੱਕ ਰੁਪਏ ਦਾ ਅਤੇ ਵੀਹ ਸੇਰ ਜੌਂ ਇੱਕ ਰੁਪਏ ਦੇ ਹੋਣਗੇ।
2ਤਦ ਉਸ ਅਹੁਦੇਦਾਰ ਨੇ ਜਿਹ ਦੇ ਹੱਥ ਤੇ ਰਾਜਾ ਢਾਸਣਾ ਲੈਂਦਾ ਸੀ ਪਰਮੇਸ਼ੁਰ ਦੇ ਜਨ ਨੂੰ ਉੱਤਰ ਦਿੱਤਾ ਕਿ ਜੇ ਯਹੋਵਾਹ ਅਕਾਸ਼ ਦੀਆਂ ਖਿੜਕੀਆਂ ਵੀ ਖੋਲ੍ਹ ਦੇਵੇ ਤਦ ਵੀ ਕੀ ਇਹ ਗੱਲ ਹੋ ਸਕਦੀ ਹੈ? ਉਸ ਨੇ ਆਖਿਆ, ਵੇਖ ਤੂੰ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਹੀ ਵਾਲਾ ਹੈਂ ਪਰ ਤੂੰ ਉਹ ਦੇ ਵਿੱਚੋਂ ਕੁਝ ਵੀ ਨਾ ਖਾਵੇਂਗਾ।
3ਹੁਣ ਫਾਟਕ ਦੇ ਰਸਤੇ ਤੇ ਚਾਰ ਕੋੜ੍ਹੀ ਸਨ, ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ, “ਅਸੀਂ ਇੱਥੇ ਬੈਠੇ-ਬੈਠੇ ਕਿਉਂ ਮਰੀਏ?”
4ਜੇ ਅਸੀਂ ਆਖੀਏ ਕਿ ਚੱਲੋ ਸ਼ਹਿਰ ਵਿੱਚ ਚਲੀਏ ਤਾਂ ਅਸੀਂ ਉੱਥੇ ਮਰਾਂਗੇ ਕਿਉਂਕਿ ਉੱਥੇ ਕਾਲ ਹੈ ਅਤੇ ਜੇ ਅਸੀਂ ਇੱਥੇ ਹੀ ਬੈਠੇ ਰਹੀਏ ਤਾਂ ਵੀ ਅਸੀਂ ਮਰਾਂਗੇ। ਇਸ ਲਈ ਹੁਣ ਅਸੀਂ ਅਰਾਮੀਆਂ ਦੇ ਡੇਰੇ ਵਿੱਚ ਜਾਈਏ, ਜੇ ਉਹ ਸਾਨੂੰ ਜੀਉਂਦਾ ਛੱਡਣ ਤਾਂ ਅਸੀਂ ਜੀਵਾਂਗੇ ਅਤੇ ਜੇ ਉਹ ਸਾਨੂੰ ਮਾਰ ਸੁੱਟਣ ਤਾਂ ਅਸੀਂ ਮਰਨਾ ਹੀ ਹੈ।
5ਤਦ ਉਹ ਸ਼ਾਮ ਦੇ ਸਮੇਂ ਅਰਾਮੀਆਂ ਦੇ ਡੇਰੇ ਨੂੰ ਜਾਣ ਲਈ ਉੱਠੇ ਅਤੇ ਜਦ ਉਹ ਅਰਾਮੀਆਂ ਦੇ ਡੇਰੇ ਦੀ ਬਾਹਰਲੀ ਹੱਦ ਵਿੱਚ ਪਹੁੰਚੇ ਤਾਂ ਵੇਖਿਆ ਕਿ ਉੱਥੇ ਇੱਕ ਵੀ ਆਦਮੀ ਨਹੀਂ ਹੈ।
6ਅਜਿਹਾ ਇਸ ਲਈ ਹੋਇਆ ਕਿ ਪ੍ਰਭੂ ਨੇ ਅਰਾਮੀਆਂ ਦੀ ਫੌਜ ਨੂੰ ਰੱਥਾਂ ਦੀ ਅਵਾਜ਼, ਘੋੜਿਆਂ ਦੀ ਅਵਾਜ਼ ਅਤੇ ਇੱਕ ਵੱਡੇ ਲਸ਼ਕਰ ਦੀ ਅਵਾਜ਼ ਸੁਣਵਾਈ ਸੀ, ਤਦ ਉਹ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਵੇਖੋ, ਇਸਰਾਏਲ ਦੇ ਰਾਜਾ ਨੇ ਸਾਡੇ ਵਿਰੁੱਧ ਹਿੱਤੀਆਂ ਦੇ ਰਾਜਿਆਂ ਤੇ ਮਿਸਰੀਆਂ ਦੇ ਰਾਜਿਆਂ ਨੂੰ ਕਿਰਾਏ ਤੇ ਲਿਆ ਹੈ ਕਿ ਉਹ ਸਾਡੇ ਉੱਤੇ ਹਮਲਾ ਕਰਨ।
7ਇਸ ਲਈ ਸ਼ਾਮ ਨੂੰ ਉੱਠ ਕੇ ਭੱਜ ਤੁਰੇ ਅਤੇ ਆਪਣੇ ਤੰਬੂ, ਆਪਣੇ ਘੋੜੇ ਅਤੇ ਆਪਣੇ ਗਧੇ ਅਰਥਾਤ ਡੇਰੇ ਜਿਸ ਤਰ੍ਹਾਂ ਦੇ ਸੀ ਉਸੇ ਤਰ੍ਹਾਂ ਹੀ ਛੱਡ ਕੇ ਆਪਣੀਆਂ ਜਾਨਾਂ ਬਚਾ ਕੇ ਭੱਜੇ।
8ਜਦ ਉਹ ਕੋੜ੍ਹੀ ਡੇਰੇ ਦੀ ਬਾਹਰਲੀ ਹੱਦ ਤੱਕ ਪਹੁੰਚੇ, ਤਦ ਉਨ੍ਹਾਂ ਨੇ ਇੱਕ ਤੰਬੂ ਵਿੱਚ ਵੜ ਕੇ ਖਾਧਾ ਪੀਤਾ ਅਤੇ ਉੱਥੋਂ ਚਾਂਦੀ, ਸੋਨਾ ਅਤੇ ਕੱਪੜੇ ਲੈ ਜਾ ਕੇ ਲੁਕਾ ਰੱਖੇ, ਫਿਰ ਮੁੜ ਕੇ ਦੂਜੇ ਤੰਬੂ ਵਿੱਚ ਵੜ ਕੇ ਉੱਥੋਂ ਵੀ ਲੈ ਗਏ ਅਤੇ ਜਾ ਕੇ ਲੁਕਾ ਦਿੱਤਾ।
9ਤਦ ਉਹ ਇੱਕ ਦੂਜੇ ਨੂੰ ਕਹਿਣ ਲੱਗੇ, ਜੋ ਅਸੀਂ ਕਰ ਰਹੇ ਹਾਂ ਉਹ ਚੰਗੀ ਗੱਲ ਨਹੀਂ ਹੈ। ਅੱਜ ਦਾ ਦਿਨ ਖੁਸ਼ੀ ਦੇ ਸਮਾਚਾਰ ਦਾ ਦਿਨ ਹੈ ਅਤੇ ਅਸੀਂ ਚੁੱਪ-ਚਾਪ ਹਾਂ। ਜੇ ਅਸੀਂ ਸਵੇਰ ਹੋਣ ਤੱਕ ਠਹਿਰੇ ਰਹੀਏ ਤਦ ਸਾਡੇ ਉੱਤੇ ਕੋਈ ਸਜ਼ਾ ਆਵੇਗੀ, ਹੁਣ ਆਓ, ਅਸੀਂ ਜਾ ਕੇ ਰਾਜੇ ਦੇ ਘਰਾਣੇ ਨੂੰ ਖ਼ਬਰ ਦੱਸੀਏ।
10ਤਦ ਉਨ੍ਹਾਂ ਨੇ ਸ਼ਹਿਰ ਦੇ ਦਰਬਾਨਾਂ ਨੂੰ ਜਾ ਕੇ ਅਵਾਜ਼ ਦੇ ਕੇ ਉਹਨਾਂ ਨੂੰ ਦੱਸਿਆ ਕਿ ਅਸੀਂ ਅਰਾਮੀਆਂ ਦੇ ਡੇਰੇ ਵਿੱਚ ਵੜੇ ਅਤੇ ਵੇਖੋ, ਉੱਥੇ ਨਾ ਆਦਮੀ ਸੀ, ਨਾ ਆਦਮੀ ਦੀ ਅਵਾਜ਼ ਕੇਵਲ ਘੋੜੇ ਅਤੇ ਗਧੇ ਬੰਨ੍ਹੇ ਹੋਏ ਸਨ ਅਤੇ ਤੰਬੂ ਉਸੇ ਤਰ੍ਹਾਂ ਸਨ।
11ਤਦ ਫਾਟਕ ਦੇ ਦਰਬਾਨਾਂ ਨੇ ਅਵਾਜ਼ ਦੇ ਕੇ ਰਾਜਾ ਦੇ ਘਰਾਣੇ ਨੂੰ ਖ਼ਬਰ ਦਿੱਤੀ।
12ਤਦ ਰਾਜਾ ਰਾਤ ਨੂੰ ਉੱਠਿਆ ਅਤੇ ਆਪਣੇ ਨੌਕਰਾਂ ਨੂੰ ਆਖਿਆ, ਮੈਂ ਤੁਹਾਨੂੰ ਦੱਸਦਾ ਹਾਂ ਕਿ ਅਰਾਮੀਆਂ ਨੇ ਸਾਡੇ ਨਾਲ ਕੀ ਕੀਤਾ ਹੈ। ਉਹਨਾਂ ਨੂੰ ਪਤਾ ਸੀ ਕਿ ਅਸੀਂ ਭੁੱਖੇ ਹਾਂ, ਇਸ ਲਈ ਉਹ ਇਹ ਆਖ ਕੇ ਡੇਰੇ ਤੋਂ ਨਿੱਕਲ ਕੇ ਖੇਤ ਵਿੱਚ ਲੁੱਕਣ ਲਈ ਗਏ ਹਨ ਕਿ ਜਦੋਂ ਅਸੀਂ ਸ਼ਹਿਰ ਤੋਂ ਨਿੱਕਲ ਕੇ ਬਾਹਰ ਜਾਈਏ, ਤਦ ਉਹ ਸਾਨੂੰ ਜੀਉਂਦਿਆਂ ਨੂੰ ਫੜ ਲੈਣ ਇਸ ਤਰ੍ਹਾਂ ਉਹ ਫੇਰ ਸ਼ਹਿਰ ਵਿੱਚ ਆ ਵੜਨਗੇ।
13ਤਦ ਰਾਜਾ ਦੇ ਨੌਕਰਾਂ ਵਿੱਚੋਂ ਇੱਕ ਨੇ ਉੱਤਰ ਦਿੱਤਾ ਕਿ ਉਨ੍ਹਾਂ ਬਚਿਆਂ ਹੋਇਆਂ ਘੋੜਿਆਂ ਵਿੱਚੋਂ ਜਿਹੜੇ ਸ਼ਹਿਰ ਵਿੱਚ ਬਾਕੀ ਹਨ, ਲੋਕ ਪੰਜ ਘੋੜੇ ਲੈਣ ਅਤੇ ਅਸੀਂ ਉਨ੍ਹਾਂ ਨੂੰ ਘੱਲ ਕੇ ਵੇਖੀਏ (ਉਹ ਇਸਰਾਏਲ ਦੇ ਸਾਰੇ ਦਲ ਦੀ ਤਰ੍ਹਾਂ ਹਨ ਜਿਹੜਾ ਬਚ ਰਿਹਾ ਹੈ ਜਾਂ ਵੇਖੋ, ਉਹ ਇਸਰਾਏਲ ਦੇ ਉਸ ਸਾਰੇ ਦਲ ਦੀ ਤਰ੍ਹਾਂ ਹਨ ਜਿਹੜਾ ਨਸ਼ਟ ਹੋ ਗਿਆ ਹੈ)
14ਉਨ੍ਹਾਂ ਨੇ ਦੋ ਰੱਥ ਤੇ ਘੋੜੇ ਲਏ ਅਤੇ ਰਾਜਾ ਨੇ ਉਨ੍ਹਾਂ ਨੂੰ ਅਰਾਮੀਆਂ ਦੇ ਲਸ਼ਕਰ ਦੇ ਪਿੱਛੇ ਭੇਜਿਆ ਤੇ ਆਖਿਆ, ਜਾਓ ਅਤੇ ਵੇਖੋ।
15ਤਦ ਉਹ ਯਰਦਨ ਤੱਕ ਉਨ੍ਹਾਂ ਦੇ ਪਿੱਛੇ ਗਏ ਅਤੇ ਵੇਖੋ, ਸਾਰਾ ਰਾਹ ਕੱਪੜਿਆਂ ਤੇ ਭਾਂਡਿਆਂ ਨਾਲ ਭਰਿਆ ਪਿਆ ਸੀ, ਜਿਨ੍ਹਾਂ ਨੂੰ ਅਰਾਮੀਆਂ ਨੇ ਘਬਰਾਹਟ ਦੇ ਕਾਰਨ ਸੁੱਟ ਦਿੱਤਾ ਸੀ ਅਤੇ ਸੰਦੇਸ਼ਵਾਹਕਾਂ ਨੇ ਮੁੜ ਕੇ ਰਾਜਾ ਨੂੰ ਖ਼ਬਰ ਦਿੱਤੀ।
16ਤਦ ਲੋਕਾਂ ਨੇ ਜਾ ਕੇ ਅਰਾਮੀਆਂ ਦੇ ਡੇਰੇ ਨੂੰ ਲੁੱਟਿਆ। ਤਾਂ ਯਹੋਵਾਹ ਦੇ ਬਚਨ ਦੇ ਅਨੁਸਾਰ ਮੈਦਾ ਇੱਕ ਰੁਪਏ ਦਾ ਦਸ ਸੇਰ ਅਤੇ ਜੌਂ ਇੱਕ ਰੁਪਏ ਦੇ ਵੀਹ ਸੇਰ ਹੋ ਗਏ।
17ਰਾਜਾ ਨੇ ਉਸ ਅਹੁਦੇਦਾਰ ਨੂੰ ਜਿਹ ਦੇ ਹੱਥ ਦਾ ਉਹ ਢਾਸਣਾ ਲੈਂਦਾ ਸੀ, ਫਾਟਕ ਦੀ ਦੇਖਭਾਲ ਲਈ ਅਧਿਕਾਰੀ ਬਣਾ ਦਿੱਤਾ ਅਤੇ ਉਹ ਫਾਟਕ ਦੇ ਵਿਚਕਾਰ ਲੋਕਾਂ ਦੇ ਪੈਰਾਂ ਹੇਠਾਂ ਮਿੱਧਿਆ ਗਿਆ ਅਤੇ ਮਰ ਗਿਆ, ਜਿਵੇਂ ਪਰਮੇਸ਼ੁਰ ਦੇ ਜਨ ਨੇ ਆਖਿਆ ਸੀ, ਜਦ ਰਾਜਾ ਉਹ ਦੇ ਕੋਲ ਆਇਆ ਸੀ।
18ਜਿਵੇਂ ਪਰਮੇਸ਼ੁਰ ਦੇ ਜਨ ਨੇ ਰਾਜਾ ਨੂੰ ਆਖਿਆ ਸੀ ਕਿ ਇਸ ਸਮੇਂ ਸਾਮਰਿਯਾ ਦੇ ਫਾਟਕ ਤੇ ਜੌਂ ਇੱਕ ਰੁਪਏ ਦੇ ਵੀਹ ਸੇਰ ਅਤੇ ਮੈਦਾ ਇੱਕ ਰੁਪਏ ਦਾ ਦਸ ਸੇਰ ਹੋਵੇਗਾ ਤਿਵੇਂ ਹੀ ਹੋਇਆ।
19ਉਸ ਅਹੁਦੇਦਾਰ ਨੇ ਪਰਮੇਸ਼ੁਰ ਦੇ ਜਨ ਨੂੰ ਉੱਤਰ ਦਿੱਤਾ ਸੀ ਕਿ ਵੇਖ, ਜੇ ਯਹੋਵਾਹ ਅਕਾਸ਼ ਦੀਆਂ ਖਿੜਕੀਆਂ ਵੀ ਖੋਲ੍ਹ ਦੇਵੇ ਤਾਂ ਵੀ ਕੀ ਇਹ ਗੱਲ ਹੋ ਸਕਦੀ ਹੈ? ਅਤੇ ਉਹ ਨੇ ਆਖਿਆ ਸੀ, ਵੇਖ, ਤੂੰ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਹੀ ਵਾਲਾ ਹੈਂ, ਪਰ ਤੂੰ ਉਹ ਦੇ ਵਿੱਚੋਂ ਕੁਝ ਵੀ ਨਾ ਖਾਵੇਂਗਾ।
20ਅਤੇ ਉਸ ਦੇ ਨਾਲ ਉਸੇ ਤਰ੍ਹਾਂ ਹੀ ਹੋਇਆ ਅਤੇ ਉਹ ਫਾਟਕ ਦੇ ਵਿਚਕਾਰ ਲੋਕਾਂ ਦੇ ਪੈਰਾਂ ਹੇਠਾਂ ਮਿੱਧਿਆ ਗਿਆ ਤੇ ਮਰ ਗਿਆ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath