2 ਰਾਜਿਆਂ 6
1ਨਬੀਆਂ ਦੇ ਪੁੱਤਰਾਂ ਨੇ ਅਲੀਸ਼ਾ ਨੂੰ ਆਖਿਆ, ਵੇਖ ਇਹ ਥਾਂ ਜਿੱਥੇ ਅਸੀਂ ਤੇਰੇ ਨਾਲ ਰਹਿੰਦੇ ਹਾਂ ਸਾਡੇ ਲਈ ਬਹੁਤ ਤੰਗ ਹੈ।
2ਤੂੰ ਸਾਨੂੰ ਯਰਦਨ ਤੱਕ ਜਾਣ ਦੇ ਤਾਂ ਕਿ ਹਰ ਮਨੁੱਖ ਉੱਥੋਂ ਇੱਕ-ਇੱਕ ਬੱਲੀ ਲਿਆਵੇ ਕਿ ਅਸੀਂ ਇੱਕ ਥਾਂ ਬਣਾਈਏ ਜਿਸ ਵਿੱਚ ਅਸੀਂ ਰਹਿ ਸਕੀਏ। ਉਸ ਨੇ ਆਖਿਆ, ਜਾਓ।
3ਤਦ ਉਹਨਾਂ ਵਿੱਚੋਂ ਇੱਕ ਨੇ ਆਖਿਆ, ਕਿਰਪਾ ਕਰ ਕੇ ਤੂੰ ਆਪਣੇ ਦਾਸਾਂ ਨਾਲ ਚੱਲ।
4ਅਲੀਸ਼ਾ ਨੇ ਆਖਿਆ, ਮੈਂ ਚੱਲਾਂਗਾ, ਸੋ ਉਹ ਉਨ੍ਹਾਂ ਦੇ ਨਾਲ ਗਿਆ ਅਤੇ ਜਦ ਉਹ ਯਰਦਨ ਕੋਲ ਆਏ, ਉਹ ਲੱਕੜਾਂ ਵੱਢਣ ਲੱਗੇ।
5ਤਦ ਅਜਿਹਾ ਹੋਇਆ ਕਿ ਟਾਹਣਾ ਵੱਢਦਿਆਂ ਇੱਕ ਦੀ ਕੁਹਾੜੀ ਦਾ ਫਲ ਪਾਣੀ ਵਿੱਚ ਡਿੱਗ ਪਿਆ। ਇਸ ਲਈ ਉਹ ਨੇ ਦੁਹਾਈ ਦਿੱਤੀ ਕਿ ਹਾਏ ਮੇਰੇ ਸੁਆਮੀ ਜੀ, ਉਹ ਤਾਂ ਮੈਂ ਮੰਗ ਕੇ ਲਿਆਂਦੀ ਸੀ।
6ਤਦ ਪਰਮੇਸ਼ੁਰ ਦੇ ਜਨ ਨੇ ਆਖਿਆ, “ਉਹ ਕਿੱਥੇ ਡਿੱਗਿਆ?” ਉਹ ਨੇ ਉਸ ਨੂੰ ਉਹ ਥਾਂ ਵਿਖਾਇਆ ਅਤੇ ਉਸ ਨੇ ਲੱਕੜੀ ਦਾ ਇੱਕ ਡੰਡਾ ਵੱਢ ਕੇ ਉਸੇ ਥਾਂ ਪਾ ਦਿੱਤਾ, ਤਦ ਲੋਹਾ ਤੈਰਨ ਲੱਗ ਪਿਆ।
7ਉਸ ਨੇ ਆਖਿਆ, “ਉਹ ਨੂੰ ਚੁੱਕ ਲੈ ਅਤੇ ਉਹ ਨੇ ਹੱਥ ਵਧਾ ਕੇ ਉਹ ਨੂੰ ਚੁੱਕ ਲਿਆ।”
8ਅਰਾਮ ਦਾ ਰਾਜਾ ਇਸਰਾਏਲ ਨਾਲ ਲੜ ਰਿਹਾ ਸੀ। ਸੋ ਉਹ ਨੇ ਆਪਣੇ ਸੇਵਕਾਂ ਨਾਲ ਯੋਜਨਾ ਬਣਾਈ ਅਤੇ ਆਖਿਆ ਮੇਰਾ ਡੇਰਾ ਕਿੱਥੇ ਲੱਗੇਗਾ।
9ਫਿਰ ਪਰਮੇਸ਼ੁਰ ਦੇ ਜਨ ਨੇ ਇਸਰਾਏਲ ਦੇ ਰਾਜਾ ਨੂੰ ਸੁਨੇਹਾ ਭੇਜਿਆ ਕਿ ਖ਼ਬਰਦਾਰ ਇਸ ਥਾਂ ਦੇ ਵਿੱਚ ਦੀ ਨਾ ਲੰਘੀ, ਕਿਉਂ ਜੋ ਉੱਧਰ ਅਰਾਮੀ ਆ ਰਹੇ ਹਨ।
10ਅਤੇ ਇਸਰਾਏਲ ਦੇ ਰਾਜਾ ਨੇ ਉਸ ਥਾਂ ਨੂੰ ਜਿਹ ਦੇ ਬਾਰੇ ਪਰਮੇਸ਼ੁਰ ਦੇ ਜਨ ਨੇ ਚੇਤਾਵਨੀ ਦਿੱਤੀ ਸੀ, ਆਦਮੀ ਭੇਜੇ ਅਤੇ ਉੱਥੇ ਕਈ ਵਾਰ ਆਪਣਾ ਬਚਾਓ ਕੀਤਾ।
11ਤਦ ਇਸ ਗੱਲ ਦੇ ਕਾਰਨ ਅਰਾਮ ਦੇ ਰਾਜਾ ਦਾ ਮਨ ਘਬਰਾ ਗਿਆ ਅਤੇ ਉਹ ਨੇ ਆਪਣੇ ਸੇਵਕਾਂ ਨੂੰ ਸੱਦ ਕੇ ਉਨ੍ਹਾਂ ਨੂੰ ਆਖਿਆ, “ਕੀ ਤੁਸੀਂ ਮੈਨੂੰ ਨਹੀਂ ਦੱਸੋਗੇ ਕਿ ਸਾਡੇ ਵਿੱਚੋਂ ਕੌਣ ਆਦਮੀ ਇਸਰਾਏਲ ਦੇ ਰਾਜਾ ਵੱਲ ਹੈ?”
12ਤਦ ਉਹ ਦੇ ਸੇਵਕਾਂ ਵਿੱਚੋਂ ਇੱਕ ਨੇ ਆਖਿਆ, “ਮੇਰੇ ਸੁਆਮੀ ਤੇ ਰਾਜਾ ਕੋਈ ਨਹੀਂ, ਪਰ ਅਲੀਸ਼ਾ ਨਬੀ ਜੋ ਇਸਰਾਏਲ ਵਿੱਚ ਹੈ ਤੇਰੀਆਂ ਉਹ ਗੱਲਾਂ ਜੋ ਤੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਕਰਦਾ ਹੈਂ, ਇਸਰਾਏਲ ਦੇ ਰਾਜਾ ਨੂੰ ਦੱਸਦਾ ਹੈ।”
13ਤਦ ਉਹ ਬੋਲਿਆ, ਜਾ ਕੇ ਵੇਖੋ ਉਹ ਕਿੱਥੇ ਹੈ ਕਿ ਮੈਂ ਉਸ ਨੂੰ ਫੜ੍ਹ ਕੇ ਲੈ ਆਵਾਂ। ਫਿਰ ਉਹ ਨੂੰ ਦੱਸਿਆ ਗਿਆ ਕਿ ਵੇਖੋ ਉਹ ਦੋਥਾਨ ਵਿੱਚ ਹੈ।
14ਸੋ ਉਹ ਨੇ ਘੋੜਿਆਂ, ਰੱਥਾਂ ਤੇ ਇੱਕ ਤਕੜੀ ਫੌਜ ਨੂੰ ਉੱਧਰ ਭੇਜਿਆ ਅਤੇ ਉਨ੍ਹਾਂ ਨੇ ਰਾਤੋ ਰਾਤ ਆ ਕੇ ਸ਼ਹਿਰ ਨੂੰ ਘੇਰ ਲਿਆ।
15ਜਦ ਪਰਮੇਸ਼ੁਰ ਦੇ ਜਨ ਦਾ ਸੇਵਕ ਸਵੇਰੇ ਉੱਠ ਕੇ ਬਾਹਰ ਗਿਆ, ਤਦ ਉਸ ਨੇ ਵੇਖਿਆ ਕਿ ਇੱਕ ਫੌਜ ਨੇ ਘੋੜਿਆਂ ਤੇ ਰੱਥਾਂ ਨਾਲ ਸ਼ਹਿਰ ਨੂੰ ਘੇਰਿਆ ਹੋਇਆ ਹੈ। ਤਦ ਉਸ ਦੇ ਸੇਵਕ ਨੇ ਉਸ ਨੂੰ ਆਖਿਆ, ਹਾਏ ਮੇਰੇ ਸੁਆਮੀ ਜੀ! ਅਸੀਂ ਕੀ ਕਰੀਏ?
16ਉਸ ਨੇ ਆਖਿਆ, “ਨਾ ਡਰ, ਕਿਉਂਕਿ ਜੋ ਸਾਡੇ ਵੱਲ ਹਨ, ਉਹ ਉਨ੍ਹਾਂ ਦੇ ਨਾਲੋਂ ਜ਼ਿਆਦਾ ਹਨ।”
17ਤਦ ਅਲੀਸ਼ਾ ਨੇ ਬੇਨਤੀ ਕੀਤੀ ਤੇ ਆਖਿਆ ਕਿ ਹੇ ਯਹੋਵਾਹ, ਤੂੰ ਉਹ ਦੀਆਂ ਅੱਖਾਂ ਖੋਲ੍ਹ ਕਿ ਉਹ ਵੇਖੇ ਅਤੇ ਯਹੋਵਾਹ ਨੇ ਉਸ ਸੇਵਕ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਹ ਨੇ ਨਿਗਾਹ ਕਰ ਕੇ ਵੇਖਿਆ ਕਿ ਅਲੀਸ਼ਾ ਦੇ ਦੁਆਲੇ ਦਾ ਪਰਬਤ ਅਗਨ ਦੇ ਘੋੜਿਆਂ ਤੇ ਰੱਥਾਂ ਨਾਲ ਭਰਿਆ ਹੋਇਆ ਹੈ।
18ਜਦ ਉਹ ਅਲੀਸ਼ਾ ਵੱਲ ਆਉਣ ਲੱਗੇ ਤਦ ਅਲੀਸ਼ਾ ਨੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ ਅਤੇ ਆਖਿਆ ਕਿ ਇਸ ਕੌਮ ਨੂੰ ਅੰਨ੍ਹੀ ਕਰ ਦੇ। ਉਸ ਨੇ ਅਲੀਸ਼ਾ ਦੇ ਆਖੇ ਅਨੁਸਾਰ ਉਨ੍ਹਾਂ ਨੂੰ ਅੰਨ੍ਹਿਆਂ ਕਰ ਦਿੱਤਾ।
19ਤਦ ਅਲੀਸ਼ਾ ਨੇ ਉਨ੍ਹਾਂ ਨੂੰ ਆਖਿਆ, “ਇਹ ਉਹ ਰਾਹ ਨਹੀਂ, ਨਾ ਹੀ ਉਹ ਸ਼ਹਿਰ ਹੈ।” ਮੇਰੇ ਪਿੱਛੇ ਆਓ ਕਿ ਮੈਂ ਤੁਹਾਨੂੰ ਉਸ ਆਦਮੀ ਕੋਲ ਲੈ ਚੱਲਾਂ, ਜਿਹ ਨੂੰ ਤੁਸੀਂ ਲੱਭਦੇ ਹੋ, ਸੋ ਉਹ ਉਨ੍ਹਾਂ ਨੂੰ ਸਾਮਰਿਯਾ ਨੂੰ ਲੈ ਗਿਆ।
20ਅਤੇ ਅਜਿਹਾ ਹੋਇਆ ਜਦ ਉਹ ਸਾਮਰਿਯਾ ਵਿੱਚ ਵੜੇ ਤਦ ਅਲੀਸ਼ਾ ਨੇ ਆਖਿਆ, ਹੇ ਯਹੋਵਾਹ, ਇਨ੍ਹਾਂ ਲੋਕਾਂ ਦੀਆਂ ਅੱਖੀਆਂ ਖੋਲ੍ਹ ਕਿ ਉਹ ਵੇਖਣ। ਤਦ ਯਹੋਵਾਹ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਨ੍ਹਾਂ ਨੇ ਵੇਖਿਆ ਕਿ ਅਸੀਂ ਸਾਮਰਿਯਾ ਦੇ ਵਿੱਚ ਹਾਂ।
21ਜਦ ਇਸਰਾਏਲ ਦੇ ਰਾਜਾ ਨੇ ਉਨ੍ਹਾਂ ਨੂੰ ਵੇਖਿਆ ਤਾਂ ਅਲੀਸ਼ਾ ਨੂੰ ਆਖਿਆ, ਹੇ ਮੇਰੇ ਪਿਤਾ, ਕੀ ਮੈਂ ਉਨ੍ਹਾਂ ਨੂੰ ਮਾਰਾਂ? ਮੈਂ ਉਨ੍ਹਾਂ ਨੂੰ ਮਾਰਾਂ?
22ਅੱਗੋਂ ਉਸ ਨੇ ਆਖਿਆ, ਉਨ੍ਹਾਂ ਨੂੰ ਨਾ ਮਾਰੀਂ। ਜਿਨ੍ਹਾਂ ਨੂੰ ਤੂੰ ਆਪਣੀ ਤਲਵਾਰ ਤੇ ਧਣੁੱਖ ਨਾਲ ਗੁਲਾਮ ਬਣਾਇਆ, ਕੀ ਤੂੰ ਉਨ੍ਹਾਂ ਨੂੰ ਮਾਰ ਸੁੱਟੇਂਗਾ? ਉਨ੍ਹਾਂ ਦੇ ਅੱਗੇ ਰੋਟੀ ਤੇ ਪਾਣੀ ਰੱਖ ਕਿ ਉਹ ਖਾਣ-ਪੀਣ ਅਤੇ ਆਪਣੇ ਸੁਆਮੀ ਕੋਲ ਵਾਪਸ ਚਲੇ ਜਾਣ।
23ਫਿਰ ਉਸ ਨੇ ਉਨ੍ਹਾਂ ਲਈ ਵੱਡਾ ਭੋਜਨ ਤਿਆਰ ਕੀਤਾ ਅਤੇ ਜਦ ਉਹ ਖਾ ਪੀ ਚੁੱਕੇ ਤਾਂ ਉਸ ਨੇ ਉਨ੍ਹਾਂ ਨੂੰ ਜਾਣ ਦਿੱਤਾ ਅਤੇ ਉਹ ਆਪਣੇ ਸੁਆਮੀ ਕੋਲ ਚੱਲੇ ਗਏ ਅਤੇ ਅਰਾਮ ਦੇ ਦਲ ਫੇਰ ਕਦੇ ਇਸਰਾਏਲ ਦੇ ਦੇਸ ਵਿੱਚ ਨਾ ਆਏ।
24ਪਰ ਇਹ ਦੇ ਬਾਅਦ ਅਜਿਹਾ ਹੋਇਆ ਕਿ ਅਰਾਮ ਦੇ ਰਾਜੇ ਬਨ-ਹਦਦ ਨੇ ਆਪਣੀ ਫੌਜ ਨੂੰ ਇਕੱਠੀ ਕਰਕੇ ਚੜ੍ਹਾਈ ਕੀਤੀ ਅਤੇ ਸਾਮਰਿਯਾ ਨੂੰ ਘੇਰ ਲਿਆ।
25ਸਾਮਰਿਯਾ ਵਿੱਚ ਮਹਾਂ ਕਾਲ ਪੈ ਗਿਆ ਅਤੇ ਵੇਖੋ, ਉਹਨਾਂ ਨੇ ਉਹ ਨੂੰ ਘੇਰੀਂ ਰੱਖਿਆ, ਐਥੋਂ ਤੱਕ ਕਿ ਗਧੇ ਦਾ ਸਿਰ ਅੱਸੀ ਰੁਪਏ ਨੂੰ ਤੇ ਕਬੂਤਰ ਦੀ ਵਿੱਠ ਦਾ ਅੱਧਾ ਸੇਰ ਪੰਜ ਰੁਪਏ ਨੂੰ ਵਿਕਣ ਲੱਗ ਪਿਆ।
26ਤਦ ਅਜਿਹਾ ਹੋਇਆ ਜਦ ਇਸਰਾਏਲ ਦਾ ਰਾਜਾ ਕੰਧ ਉੱਤੇ ਘੁੰਮ ਰਿਹਾ ਸੀ ਤਾਂ ਇੱਕ ਔਰਤ ਨੇ ਇਹ ਆਖ ਕੇ ਉਹ ਦੀ ਦੁਹਾਈ ਦਿੱਤੀ ਕਿ ਹੇ ਮੇਰੇ ਮਹਾਰਾਜ ਰਾਜਾ, ਬਚਾ ਲਓ।
27ਉਸ ਨੇ ਅੱਗੋਂ ਆਖਿਆ, “ਜੇ ਯਹੋਵਾਹ ਹੀ ਤੈਨੂੰ ਨਾ ਬਚਾਵੇ ਤਾਂ ਮੈਂ ਤੈਨੂੰ ਕਿੱਥੋਂ ਬਚਾਵਾਂ? ਕੀ ਖਲਵਾੜੇ ਤੋਂ ਜਾਂ ਦਾਖ ਦੇ ਚੁਬੱਚੇ ਤੋਂ?”
28ਰਾਜਾ ਨੇ ਉਸ ਨੂੰ ਆਖਿਆ, “ਤੈਨੂੰ ਕੀ ਦੁੱਖ ਹੈ?” ਉਹ ਬੋਲੀ, “ਇਸ ਔਰਤ ਨੇ ਮੈਨੂੰ ਆਖਿਆ ਕਿ ਆਪਣਾ ਪੁੱਤਰ ਦੇ ਕਿ ਅਸੀਂ ਅੱਜ ਉਹ ਨੂੰ ਖਾਈਏ ਅਤੇ ਮੇਰੇ ਪੁੱਤਰ ਨੂੰ ਅਸੀਂ ਕੱਲ ਖਾ ਲਵਾਂਗੀਆਂ।
29ਸੋ ਮੇਰੇ ਪੁੱਤਰ ਨੂੰ ਅਸੀਂ ਪਕਾਇਆ ਤੇ ਖਾ ਲਿਆ ਅਤੇ ਅਗਲੇ ਦਿਨ ਮੈਂ ਉਹ ਨੂੰ ਆਖਿਆ ਕਿ ਆਪਣਾ ਪੁੱਤਰ ਦੇ ਕਿ ਉਹ ਨੂੰ ਖਾਈਏ, ਪਰ ਉਹ ਨੇ ਆਪਣੇ ਪੁੱਤਰ ਨੂੰ ਲੁਕਾ ਲਿਆ।”
30ਜਦ ਰਾਜੇ ਨੇ ਉਸ ਔਰਤ ਦੀਆਂ ਗੱਲਾਂ ਸੁਣੀਆਂ ਤੇ ਉਹ ਨੇ ਕੰਧ ਉੱਤੋਂ ਦੀ ਲੰਘਦਿਆਂ ਆਪਣੇ ਕੱਪੜੇ ਪਾੜੇ ਅਤੇ ਲੋਕਾਂ ਨੇ ਵੇਖਿਆ ਕਿ ਉਹ ਦੇ ਸਰੀਰ ਉੱਤੇ ਟਾਟ ਹੈ।
31ਉਹ ਨੇ ਆਖਿਆ ਕਿ ਜੇ ਅੱਜ ਸ਼ਾਫਾਟ ਦੇ ਪੁੱਤਰ ਅਲੀਸ਼ਾ ਦਾ ਸਿਰ ਉਹ ਦੇ ਤਨ ਉੱਤੇ ਰਹਿ ਜਾਵੇ ਤਾਂ ਪਰਮੇਸ਼ੁਰ ਮੇਰੇ ਨਾਲ ਇਸੇ ਤਰ੍ਹਾਂ ਸਗੋਂ ਇਹ ਦੇ ਨਾਲੋਂ ਵੀ ਵਧ ਕੇ ਕਰੇ।
32ਜਦ ਅਲੀਸ਼ਾ ਆਪਣੇ ਘਰ ਬੈਠਾ ਸੀ, ਬਜ਼ੁਰਗ ਉਹ ਦੇ ਨਾਲ ਬੈਠੇ ਸਨ ਤਦ ਰਾਜਾ ਨੇ ਆਪਣੇ ਅੱਗੋਂ ਇੱਕ ਆਦਮੀ ਨੂੰ ਭੇਜਿਆ। ਇਸ ਤੋਂ ਪਹਿਲਾਂ ਕਿ ਸੰਦੇਸ਼ਵਾਹਕ ਉਸ ਦੇ ਕੋਲ ਪਹੁੰਚੇ, ਉਸ ਨੇ ਆਪ ਹੀ ਬਜ਼ੁਰਗਾਂ ਨੂੰ ਆਖਿਆ ਕਿ ਤੁਸੀਂ ਵੇਖਦੇ ਹੋ ਕਿ ਉਸ ਖੂਨੀ ਦੇ ਪੁੱਤਰ ਨੇ ਮੇਰਾ ਸਿਰ ਲੈਣ ਲਈ ਇੱਕ ਜਣੇ ਨੂੰ ਭੇਜਿਆ ਹੈ? ਵੇਖੋ, ਜਦ ਉਹ ਸੰਦੇਸ਼ਵਾਹਕ ਆਵੇ ਤਾਂ ਤੁਸੀਂ ਦਰਵਾਜ਼ਾ ਬੰਦ ਕਰਕੇ ਉਸ ਨੂੰ ਰੋਕੀ ਰੱਖਿਓ। ਕੀ ਉਸ ਦੇ ਪਿੱਛੋਂ ਉਸ ਦੇ ਸੁਆਮੀ ਦੇ ਪੈਰਾਂ ਦੀ ਅਵਾਜ਼? ਨਹੀਂ?
33ਜਦੋਂ ਉਹ ਉਨ੍ਹਾਂ ਨਾਲ ਗੱਲਾਂ ਹੀ ਕਰਦਾ ਸੀ ਕਿ ਵੇਖੋ, ਉਹ ਸੰਦੇਸ਼ਵਾਹਕ ਉਹ ਦੇ ਕੋਲ ਆ ਪਹੁੰਚਿਆ ਅਤੇ ਆਖਿਆ ਕਿ ਵੇਖੋ, ਇਹ ਮੁਸੀਬਤ ਯਹੋਵਾਹ ਦੀ ਵੱਲੋਂ ਹੈ। ਹੁਣ ਮੈਂ ਅੱਗੇ ਨੂੰ ਯਹੋਵਾਹ ਦੀ ਉਡੀਕ ਕਿਉਂ ਕਰਾਂ?
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath