ਈਸਾਈ
ਪਿੱਛੇ

2 ਰਾਜਿਆਂ 5

1ਅਰਾਮ ਦੇ ਰਾਜਾ ਦਾ ਸੈਨਾਪਤੀ ਨਅਮਾਨ ਆਪਣੇ ਸੁਆਮੀ ਦੇ ਅੱਗੇ ਵੱਡਾ ਆਦਮੀ ਸੀ ਅਤੇ ਉਹ ਦਾ ਆਦਰ ਮਾਣ ਹੁੰਦਾ ਸੀ, ਕਿਉਂ ਜੋ ਉਹ ਦੇ ਦੁਆਰਾ ਯਹੋਵਾਹ ਨੇ ਅਰਾਮ ਨੂੰ ਫ਼ਤਹ ਦਿੱਤੀ ਸੀ। ਉਹ ਮਨੁੱਖ ਯੋਧਾ ਸੂਰਮਾ ਸੀ ਪਰ ਕੋੜ੍ਹੀ ਸੀ।

2ਅਰਾਮੀ ਜੱਥੇ ਬੰਨ੍ਹ ਕੇ ਨਿੱਕਲੇ ਤੇ ਇਸਰਾਏਲ ਦੇ ਦੇਸ ਵਿੱਚੋਂ ਇੱਕ ਛੋਟੀ ਕੁੜੀ ਨੂੰ ਗ਼ੁਲਾਮ ਬਣਾ ਕੇ ਨਾਲ ਲੈ ਆਏ ਸਨ, ਜੋ ਨਅਮਾਨ ਦੀ ਇਸਤਰੀ ਦੀ ਦਾਸੀ ਬਣ ਗਈ ਸੀ।

3ਉਸ ਨੇ ਆਪਣੀ ਮਾਲਕਣ ਨੂੰ ਆਖਿਆ, “ਜੇਕਰ ਮੇਰਾ ਸੁਆਮੀ ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰਿਯਾ ਵਿੱਚ ਹੈ, ਤਾਂ ਉਹ ਉਸ ਨੂੰ ਉਸ ਦੇ ਕੋੜ੍ਹ ਤੋਂ ਚੰਗਾ ਕਰ ਦਿੰਦਾ।”

4ਕਿਸੇ ਨੇ ਅੰਦਰ ਜਾ ਕੇ ਆਪਣੇ ਸੁਆਮੀ ਨੂੰ ਦੱਸਿਆ ਕਿ ਉਸ ਕੁੜੀ ਨੇ ਜੋ ਇਸਰਾਏਲ ਦੇ ਦੇਸ ਦੀ ਹੈ, ਇਸ ਤਰ੍ਹਾਂ ਆਖਿਆ ਹੈ।

5ਤਦ ਨਅਮਾਨ ਅਰਾਮ ਦੇ ਰਾਜਾ ਕੋਲ ਗਿਆ ਅਤੇ ਰਾਜਾ ਨੇ ਆਖਿਆ, “ਚਲਾ ਜਾ। ਮੈਂ ਇਸਰਾਏਲ ਦੇ ਰਾਜਾ ਨੂੰ ਇੱਕ ਚਿੱਠੀ ਭੇਜਾਂਗਾ।” ਸੋ ਉਹ ਤੁਰ ਪਿਆ ਤੇ ਦਸ ਤੋੜੇ ਚਾਂਦੀ, ਛੇ ਹਜ਼ਾਰ ਮਿਸਕਾਲ ਸੋਨਾ ਅਤੇ ਦਸ ਜੋੜੇ ਕੱਪੜੇ ਆਪਣੇ ਨਾਲ ਲੈ ਲਏ।

6ਉਹ ਇਸਰਾਏਲ ਦੇ ਰਾਜਾ ਦੇ ਕੋਲ ਚਿੱਠੀ ਲਿਆਇਆ ਜਿਸ ਦੇ ਵਿੱਚ ਇਹ ਲਿਖਿਆ ਸੀ ਕਿ ਹੁਣ ਜਦੋਂ ਇਹ ਚਿੱਠੀ ਤੇਰੇ ਕੋਲ ਪਹੁੰਚੇ, ਤਾਂ ਵੇਖ ਮੈਂ ਆਪਣੇ ਬੰਦੇ ਨਅਮਾਨ ਨੂੰ ਤੇਰੇ ਕੋਲ ਭੇਜਿਆ ਹੈ ਕਿ ਤੂੰ ਉਹ ਨੂੰ ਉਹ ਦੇ ਕੋੜ੍ਹ ਤੋਂ ਚੰਗਿਆ ਕਰ ਦੇਵੇਂ।

7ਜਦੋਂ ਇਸਰਾਏਲ ਦੇ ਰਾਜਾ ਨੇ ਉਹ ਚਿੱਠੀ ਪੜ੍ਹੀ ਤਾਂ ਉਸ ਨੇ ਆਪਣੇ ਕੱਪੜੇ ਪਾੜ ਕੇ ਆਖਿਆ, “ਕੀ ਮੈਂ ਪਰਮੇਸ਼ੁਰ ਹਾਂ ਜੋ ਮਾਰਾਂ ਜਾਂ ਜਿਉਂਦਾ ਕਰਾਂ, ਜੋ ਇਹ ਪੁਰਸ਼ ਇੱਕ ਆਦਮੀ ਨੂੰ ਮੇਰੇ ਕੋਲ ਭੇਜਦਾ ਹੈ ਕਿ ਮੈਂ ਉਹ ਨੂੰ ਕੋੜ੍ਹ ਤੋਂ ਚੰਗਾ ਕਰਾਂ? ਇਸ ਤਰ੍ਹਾਂ ਲੱਗਦਾ ਹੈ ਕਿ ਉਹ ਮੇਰੇ ਨਾਲ ਬਹਿਸ ਸ਼ੁਰੂ ਕਰਨਾ ਚਾਹੁੰਦਾ ਹੈ।”

8ਜਦੋਂ ਪਰਮੇਸ਼ੁਰ ਦੇ ਜਨ ਅਲੀਸ਼ਾ ਨੇ ਸੁਣਿਆ ਕਿ ਇਸਰਾਏਲ ਦੇ ਰਾਜਾ ਨੇ ਆਪਣੇ ਕੱਪੜੇ ਪਾੜੇ ਤਾਂ ਉਸ ਨੇ ਰਾਜਾ ਨੂੰ ਇਹ ਕਹਿ ਭੇਜਿਆ ਕਿ ਤੂੰ ਆਪਣੇ ਕੱਪੜੇ ਕਿਉਂ ਪਾੜੇ ਹਨ? ਉਹ ਨੂੰ ਮੇਰੇ ਕੋਲ ਆਉਣ ਦੇ ਤਾਂ ਜੋ ਉਹ ਨੂੰ ਪਤਾ ਲੱਗੇ ਕਿ ਇਸਰਾਏਲ ਵਿੱਚ ਇੱਕ ਨਬੀ ਹੈ।

9ਸੋ ਨਅਮਾਨ ਆਪਣੇ ਘੋੜਿਆਂ ਤੇ ਆਪਣੇ ਰੱਥਾਂ ਸਮੇਤ ਆਇਆ ਅਤੇ ਅਲੀਸ਼ਾ ਦੇ ਘਰ ਦੇ ਦਰਵਾਜ਼ੇ ਕੋਲ ਆ ਗਿਆ।

10ਅਲੀਸ਼ਾ ਨੇ ਇੱਕ ਸੰਦੇਸ਼ਵਾਹਕ ਨੂੰ ਇਹ ਆਖ ਕੇ ਉਹ ਦੇ ਕੋਲ ਭੇਜਿਆ ਕਿ ਜਾ ਤੇ ਯਰਦਨ ਵਿੱਚ ਸੱਤ ਚੁੱਭੀਆਂ ਮਾਰ, ਤਾਂ ਤੇਰਾ ਕੋੜ੍ਹ ਜਾਂਦਾ ਰਹੇਗਾ ਅਤੇ ਤੂੰ ਸ਼ੁੱਧ ਹੋ ਜਾਵੇਂਗਾ।

11ਪਰ ਨਅਮਾਨ ਕ੍ਰੋਧੀ ਹੋ ਕੇ ਚੱਲਿਆ ਗਿਆ ਅਤੇ ਕਹਿਣ ਲੱਗਾ, “ਵੇਖੋ, ਮੈਂ ਤਾਂ ਸੋਚਦਾ ਸੀ ਕਿ ਜ਼ਰੂਰ ਉਹ ਬਾਹਰ ਆ ਕੇ ਮੇਰੇ ਕੋਲ ਆਵੇਗਾ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਉਸ ਕੋੜ੍ਹ ਵਾਲੇ ਥਾਂ ਉੱਤੇ ਆਪਣਾ ਹੱਥ ਫੇਰੇਗਾ ਅਤੇ ਕੋੜ੍ਹ ਨੂੰ ਚੰਗਾ ਕਰੇਗਾ।

12ਕੀ ਦੰਮਿਸ਼ਕ ਦੀਆਂ ਨਦੀਆਂ ਅਬਾਨਾਹ ਤੇ ਫਰਫਰ ਇਸਰਾਏਲ ਦੀਆਂ ਸਾਰੀਆਂ ਨਦੀਆਂ ਤੋਂ ਚੰਗੀਆਂ ਨਹੀਂ ਹਨ? ਕੀ ਮੈਂ ਉਨ੍ਹਾਂ ਵਿੱਚ ਨਹਾ ਕੇ ਸ਼ੁੱਧ ਨਹੀਂ ਹੋ ਸਕਦਾ ਸੀ?” ਸੋ ਉਹ ਮੁੜਿਆ ਤੇ ਗੁੱਸੇ ਨਾਲ ਚੱਲਿਆ ਗਿਆ।

13ਤਦ ਉਹ ਦੇ ਸੇਵਕ ਨੇੜੇ ਆਏ ਤੇ ਉਹ ਨੂੰ ਇਹ ਆਖਿਆ, “ਹੇ ਸਾਡੇ ਪਿਤਾ, ਜੇ ਨਬੀ ਤੁਹਾਨੂੰ ਕੋਈ ਵੱਡਾ ਕੰਮ ਕਰਨ ਦੀ ਆਗਿਆ ਦਿੰਦਾ ਤਾਂ ਕੀ ਤੁਸੀਂ ਨਾ ਕਰਦੇ? ਜਦੋਂ ਉਸ ਨੇ ਤੁਹਾਨੂੰ ਆਖਿਆ ਹੈ ਕਿ ਨਹਾ ਲੈ ਤੇ ਸ਼ੁੱਧ ਹੋ ਜਾ, ਤਾਂ ਕਿੰਨ੍ਹਾਂ ਵਧ ਕੇ ਇਹ ਕਰਨਾ ਚਾਹੀਦਾ ਹੈ?”

14ਤਦ ਪਰਮੇਸ਼ੁਰ ਦੇ ਜਨ ਦੇ ਕਹਿਣ ਅਨੁਸਾਰ ਉਹ ਨੇ ਯਰਦਨ ਵਿੱਚ ਉਤਰ ਕੇ ਸੱਤ ਚੁੱਭੀਆਂ ਮਾਰੀਆਂ ਤੇ ਫੇਰ ਉਹ ਦੀ ਦੇਹ ਛੋਟੇ ਬੱਚੇ ਦੇ ਸਰੀਰ ਵਰਗੀ ਸਾਫ਼ ਹੋ ਗਈ ਅਤੇ ਉਹ ਸ਼ੁੱਧ ਹੋ ਗਿਆ।

15ਤਾਂ ਉਹ ਤੇ ਉਹ ਦੀ ਸਾਰੀ ਟੋਲੀ ਪਰਮੇਸ਼ੁਰ ਦੇ ਜਨ ਕੋਲ ਮੁੜ ਕੇ ਆਏ ਅਤੇ ਉਹ ਉਸ ਦੇ ਅੱਗੇ ਖੜ੍ਹੇ ਹੋ ਕੇ ਬੋਲਿਆ, “ਵੇਖ, ਮੈਂ ਜਾਣਦਾ ਹਾਂ ਕਿ ਇਸਰਾਏਲ ਤੋਂ ਬਿਨ੍ਹਾਂ ਸਾਰੀ ਧਰਤੀ ਉੱਤੇ ਕੋਈ ਪਰਮੇਸ਼ੁਰ ਨਹੀਂ ਹੈ। ਇਸ ਲਈ ਹੁਣ ਆਪਣੇ ਸੇਵਕ ਦੀ ਇੱਕ ਭੇਂਟ ਕਬੂਲ ਕਰ।”

16ਪਰ ਉਸ ਨੇ ਆਖਿਆ, “ਜੀਉਂਦੇ ਯਹੋਵਾਹ ਦੀ ਸਹੁੰ ਜਿਹ ਦੇ ਅੱਗੇ ਮੈਂ ਖੜ੍ਹਾ ਹਾਂ ਮੈਂ ਕੁਝ ਕਬੂਲ ਨਹੀਂ ਕਰਾਂਗਾ।” ਭਾਵੇਂ ਉਹ ਨੇ ਉਸ ਨੂੰ ਮਜ਼ਬੂਰ ਕੀਤਾ ਕਿ ਉਹ ਭੇਂਟ ਨੂੰ ਕਬੂਲ ਕਰੇ, ਫਿਰ ਵੀ ਉਸ ਨੇ ਨਾਂ ਹੀ ਕੀਤੀ।

17ਤਦ ਨਅਮਾਨ ਨੇ ਆਖਿਆ, “ਤੇਰੇ ਸੇਵਕ ਨੂੰ ਦੋ ਖੱਚਰਾਂ ਦੇ ਭਾਰ ਦੇ ਬਰਾਬਰ ਮਿੱਟੀ ਦਿੱਤੀ ਜਾਵੇ, ਕਿਉਂ ਜੋ ਤੇਰਾ ਸੇਵਕ ਹੁਣ ਤੋਂ ਲੈ ਕੇ ਯਹੋਵਾਹ ਤੋਂ ਬਿਨ੍ਹਾਂ ਹੋਰ ਕਿਸੇ ਦੇਵਤੇ ਦੇ ਅੱਗੇ ਨਾ ਤਾਂ ਹੋਮ ਦੀ ਬਲੀ ਤੇ ਨਾ ਭੇਟ ਚੜ੍ਹਾਵੇਗਾ।

18ਇਸ ਗੱਲ ਵਿੱਚ ਯਹੋਵਾਹ ਤੇਰੇ ਸੇਵਕ ਨੂੰ ਮਾਫ਼ ਕਰੇ ਕਿ ਜਦੋਂ ਮੇਰਾ ਮਾਲਕ ਪੂਜਾ ਕਰਨ ਲਈ ਰਿੰਮੋਨ ਦੇ ਮੰਦਰ ਵਿੱਚ ਵੜੇ ਅਤੇ ਉਹ ਮੇਰੇ ਹੱਥ ਉੱਤੇ ਢਾਸਣਾ ਲਾਵੇ ਤੇ ਮੈਂ ਰਿੰਮੋਨ ਦੇ ਮੰਦਰ ਵਿੱਚ ਸੀਸ ਨਿਵਾਂਵਾ। ਜਦੋਂ ਮੈਂ ਰਿੰਮੋਨ ਦੇ ਮੰਦਰ ਵਿੱਚ ਸੀਸ ਨਿਵਾਂਵਾ ਤਾਂ ਇਸ ਗੱਲ ਵਿੱਚ ਯਹੋਵਾਹ ਤੇਰੇ ਸੇਵਕ ਨੂੰ ਮਾਫ਼ ਕਰੇ।”

19ਉਸ ਨੇ ਉਹ ਨੂੰ ਆਖਿਆ, “ਜਾ ਅਤੇ ਸੁਖੀ ਰਹਿ।” ਪਰ ਜਦ ਉਹ ਉਸ ਦੇ ਕੋਲੋਂ ਥੋੜੀ ਦੂਰ ਚੱਲਿਆ ਗਿਆ।

20ਤਾਂ ਪਰਮੇਸ਼ੁਰ ਦੇ ਜਨ ਅਲੀਸ਼ਾ ਦੇ ਚੇਲੇ ਗੇਹਾਜੀ ਨੇ ਆਖਿਆ, “ਵੇਖੋ, ਮੇਰੇ ਸੁਆਮੀ ਨੇ ਨਅਮਾਨ ਅਰਾਮੀ ਦੇ ਹੱਥੋਂ ਜੋ ਕੁਝ ਉਹ ਲਿਆਇਆ ਸੀ ਨਾ ਲੈ ਕੇ ਉਹ ਨੂੰ ਜਾਣ ਦਿੱਤਾ। ਜੀਉਂਦੇ ਯਹੋਵਾਹ ਦੀ ਸਹੁੰ ਮੈਂ ਸੱਚ-ਮੁੱਚ ਉਹ ਦੇ ਪਿੱਛੇ ਭੱਜਾਂਗਾ ਤੇ ਉਹ ਦੇ ਕੋਲੋਂ ਕੁਝ ਲੈ ਲਵਾਂਗਾ।”

21ਤਾਂ ਗੇਹਾਜੀ ਤੇਜ਼ੀ ਨਾਲ ਨਅਮਾਨ ਦੇ ਮਗਰ ਗਿਆ। ਜਦ ਨਅਮਾਨ ਨੇ ਵੇਖਿਆ ਕਿ ਕੋਈ ਮੇਰੇ ਮਗਰ ਭੱਜਾ ਆਉਂਦਾ ਹੈ, ਤਾਂ ਉਹ ਉਸ ਨੂੰ ਮਿਲਣ ਲਈ ਆਪਣੇ ਰੱਥ ਤੋਂ ਉਤਰਿਆ ਅਤੇ ਬੋਲਿਆ, “ਸੁੱਖ ਤਾਂ ਹੈ?”

22ਉਸ ਨੇ ਆਖਿਆ, “ਸਭ ਸੁੱਖ ਹੈ। ਮੇਰੇ ਸੁਆਮੀ ਨੇ ਇਹ ਆਖਣ ਲਈ ਮੈਨੂੰ ਭੇਜਿਆ ਹੈ ਕਿ ਵੇਖ ਨਬੀਆਂ ਦੇ ਪੁੱਤਰਾਂ ਵਿੱਚੋਂ ਦੋ ਜੁਆਨ ਇਫ਼ਰਾਈਮ ਦੇ ਪਹਾੜੀ ਦੇਸ ਤੋਂ ਹੁਣੇ ਮੇਰੇ ਕੋਲ ਆਏ ਹਨ। ਉਨ੍ਹਾਂ ਲਈ ਇੱਕ ਤੋੜਾ ਚਾਂਦੀ ਤੇ ਦੋ ਜੋੜੇ ਬਸਤਰ ਦੇ।”

23ਨਅਮਾਨ ਨੇ ਆਖਿਆ, “ਖੁਸ਼ੀ ਨਾਲ ਦੋ ਤੋੜੇ ਲੈ।” ਅਤੇ ਉਹ ਨੇ ਉਸ ਨੂੰ ਮਜ਼ਬੂਰ ਕਰਕੇ ਦੋ ਥੈਲੀਆਂ ਵਿੱਚ ਦੋ ਤੋੜੇ ਚਾਂਦੀ ਦੇ ਅਤੇ ਦੋ ਜੋੜੇ ਬਸਤਰਾਂ ਸਮੇਤ ਬੰਨ੍ਹ ਦਿੱਤੇ ਅਤੇ ਉਨ੍ਹਾਂ ਨੂੰ ਆਪਣੇ ਦੋ ਨੌਕਰਾਂ ਉੱਤੇ ਲੱਦ ਦਿੱਤਾ, ਤਾਂ ਉਹ ਉਨ੍ਹਾਂ ਨੂੰ ਉਹ ਦੇ ਅੱਗੇ-ਅੱਗੇ ਚੁੱਕ ਕੇ ਤੁਰ ਪਏ।

24ਜਦੋਂ ਉਹ ਪਹਾੜੀ ਟਿੱਲੇ ਕੋਲ ਆਇਆ, ਤਾਂ ਉਹ ਨੇ ਉਨ੍ਹਾਂ ਨੂੰ ਉਹਨਾਂ ਦੇ ਹੱਥੋਂ ਲੈ ਕੇ ਘਰ ਵਿੱਚ ਰੱਖ ਲਿਆ ਅਤੇ ਉਹਨਾਂ ਆਦਮੀਆਂ ਨੂੰ ਜਾਣ ਦਿੱਤਾ, ਸੋ ਉਹ ਚੱਲੇ ਗਏ।

25ਜਦੋਂ ਉਹ ਅੰਦਰ ਆ ਕੇ ਆਪਣੇ ਸੁਆਮੀ ਦੇ ਅੱਗੇ ਖੜ੍ਹਾ ਹੋਇਆ ਤਾਂ ਅਲੀਸ਼ਾ ਨੇ ਉਹ ਨੂੰ ਪੁੱਛਿਆ, “ਗੇਹਾਜੀ ਤੂੰ ਕਿੱਥੋਂ ਆ ਰਿਹਾ ਹੈਂ?” ਉਹ ਬੋਲਿਆ, “ਤੇਰਾ ਚੇਲਾ ਇੱਧਰ-ਉੱਧਰ ਕਿਤੇ ਨਹੀਂ ਗਿਆ।”

26ਤਦ ਉਸ ਨੇ ਆਖਿਆ, “ਜਦ ਉਹ ਮਨੁੱਖ ਤੈਨੂੰ ਮਿਲਣ ਲਈ ਆਪਣੇ ਰੱਥ ਉੱਤੋਂ ਮੁੜ ਆਇਆ ਤਾਂ ਕੀ ਮੇਰਾ ਮਨ ਤੇਰੇ ਨਾਲ ਨਹੀਂ ਸੀ? ਕੀ ਚਾਂਦੀ ਲੈਣ ਅਤੇ ਬਸਤਰ, ਜ਼ੈਤੂਨ, ਬਾਗ਼ਾਂ, ਅੰਗੂਰੀ ਬਾਗ਼ਾਂ, ਇੱਜੜਾਂ, ਵੱਗਾਂ, ਦਾਸ ਅਤੇ ਗੋਲੀਆਂ ਦੇ ਲੈਣ ਦਾ ਇਹੋ ਸਮਾਂ ਹੈ?

27ਇਸ ਲਈ ਨਅਮਾਨ ਦਾ ਕੋੜ੍ਹ ਤੈਨੂੰ ਤੇ ਤੇਰੀ ਅੰਸ ਨੂੰ ਸਦਾ ਤੱਕ ਲੱਗਾ ਰਹੇਗਾ ਅਤੇ ਉਹ ਬਰਫ਼ ਵਰਗਾ ਚਿੱਟਾ ਹੋ ਕੇ ਉਹ ਦੇ ਅੱਗੋਂ ਚਲਾ ਗਿਆ।”

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath