2 ਰਾਜਿਆਂ 4
1ਨਬੀਆਂ ਦੇ ਦਲ ਵਿੱਚੋਂ ਇੱਕ ਦੀ ਪਤਨੀ ਨੇ ਅਲੀਸ਼ਾ ਅੱਗੇ ਦੁਹਾਈ ਦਿੱਤੀ ਕਿ ਤੇਰਾ ਦਾਸ ਮੇਰਾ ਪਤੀ ਮਰ ਗਿਆ ਹੈ ਅਤੇ ਤੂੰ ਜਾਣਦਾ ਹੈਂ ਕਿ ਤੇਰਾ ਦਾਸ ਯਹੋਵਾਹ ਦਾ ਭੈਅ ਮੰਨਦਾ ਸੀ। ਹੁਣ ਲੈਣਦਾਰ ਮੇਰੇ ਦੋ ਪੁੱਤਰਾਂ ਨੂੰ ਆਪਣੇ ਗੁਲਾਮ ਬਣਾਉਣ ਲਈ ਲੈਣ ਆਇਆ ਹੈ।
2ਅਲੀਸ਼ਾ ਨੇ ਉਸ ਨੂੰ ਆਖਿਆ, “ਮੈਂ ਤੇਰੇ ਲਈ ਕੀ ਕਰਾਂ? ਮੈਨੂੰ ਦੱਸ ਤੇਰੇ ਕੋਲ ਘਰ ਵਿੱਚ ਕੀ ਹੈ?” ਉਹ ਬੋਲੀ, “ਤੇਰੀ ਦਾਸੀ ਦੇ ਘਰ ਵਿੱਚ ਇੱਕ ਕੁੱਪੀ ਤੇਲ ਤੋਂ ਬਿਨ੍ਹਾਂ ਕੁਝ ਵੀ ਨਹੀਂ।”
3ਤਾਂ ਉਹ ਬੋਲਿਆ, “ਤੂੰ ਜਾ ਤੇ ਆਪਣੇ ਸਾਰੇ ਗੁਆਂਢੀਆਂ ਤੋਂ ਖਾਲੀ ਭਾਂਡੇ ਮੰਗ ਲੈ ਅਤੇ ਉਹ ਥੋੜੇ ਨਾ ਹੋਣ।
4ਜਦੋਂ ਤੂੰ ਅੰਦਰ ਆ ਜਾਵੇਂ ਤਾਂ ਆਪਣੇ ਤੇ ਆਪਣੇ ਪੁੱਤਰਾਂ ਲਈ ਬੂਹਾ ਬੰਦ ਕਰ ਲਵੀਂ ਅਤੇ ਉਨ੍ਹਾਂ ਸਾਰੇ ਭਾਂਡਿਆਂ ਵਿੱਚ ਤੇਲ ਪਾਈ ਜਾਵੀਂ। ਜਿਹੜਾ ਭਰ ਜਾਏ ਉਹ ਨੂੰ ਅਲੱਗ ਰੱਖ ਦੇਵੀਂ।”
5ਉਹ ਉਸ ਦੇ ਅੱਗਿਓਂ ਚੱਲੀ ਗਈ ਤੇ ਆਪਣੇ ਅਤੇ ਆਪਣੇ ਪੁੱਤਰਾਂ ਲਈ ਬੂਹਾ ਬੰਦ ਕਰ ਲਿਆ। ਉਹ ਉਸ ਦੇ ਕੋਲ ਲਿਆਉਂਦੇ ਗਏ ਤੇ ਉਹ ਪਾਈ ਗਈ।
6ਜਦੋਂ ਭਾਂਡੇ ਭਰ ਗਏ ਤਾਂ ਉਸ ਨੇ ਆਪਣੇ ਪੁੱਤਰ ਨੂੰ ਆਖਿਆ, “ਮੇਰੇ ਕੋਲ ਇੱਕ ਹੋਰ ਭਾਂਡਾ ਲਿਆ।” ਉਹ ਨੇ ਉਸ ਨੂੰ ਆਖਿਆ ਕਿ ਹੋਰ ਤਾਂ ਕੋਈ ਭਾਂਡਾ ਨਹੀਂ ਹੈ ਤਾਂ ਤੇਲ ਬੰਦ ਹੋ ਗਿਆ।
7ਤਦ ਉਹ ਪਰਮੇਸ਼ੁਰ ਦੇ ਜਨ ਕੋਲ ਆਈ ਤੇ ਉਹ ਨੂੰ ਦੱਸਿਆ ਅਤੇ ਉਹ ਬੋਲਿਆ, “ਜਾ ਕੇ ਤੇਲ ਵੇਚ ਤੇ ਆਪਣਾ ਕਰਜ਼ਾ ਭਰ ਦੇ ਅਤੇ ਜੋ ਬਚੇ ਉਹ ਦੇ ਨਾਲ ਤੂੰ ਤੇਰੇ ਪੁੱਤਰ ਗੁਜ਼ਾਰਾ ਕਰਿਓ।”
8ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਅਲੀਸ਼ਾ ਸ਼ੂਨੇਮ ਵੱਲੋਂ ਦੀ ਹੋ ਕੇ ਲੰਘਿਆ, ਜਿੱਥੇ ਇੱਕ ਪਤਵੰਤੀ ਔਰਤ ਸੀ। ਉਹ ਨੇ ਉਸ ਨੂੰ ਰੋਟੀ ਖਾਣ ਲਈ ਮਜ਼ਬੂਰ ਕੀਤਾ। ਫੇਰ ਜਦੋਂ ਕਦੀ ਉਹ ਉੱਧਰ ਦੀ ਲੰਘਦਾ ਸੀ ਰੋਟੀ ਖਾਣ ਲਈ ਉੱਧਰੇ ਮੁੜ ਪੈਂਦਾ ਸੀ।
9ਤਦ ਉਹ ਨੇ ਆਪਣੇ ਪਤੀ ਨੂੰ ਆਖਿਆ, “ਵੇਖ, ਉਹ ਜਿਹੜਾ ਬਹੁਤ ਕਰਕੇ ਸਾਡੇ ਪਾਸਿਓਂ ਲੰਘਦਾ ਹੈ, ਪਰਮੇਸ਼ੁਰ ਦਾ ਪਵਿੱਤਰ ਜਨ ਜਾਪਦਾ ਹੈ।
10ਅਸੀਂ ਇੱਕ ਨਿੱਕਾ ਜਿਹਾ ਚੁਬਾਰਾ ਉਹ ਦੇ ਲਈ ਬਣਾਈਏ ਅਤੇ ਉੱਥੇ ਉਸ ਦੇ ਲਈ ਇੱਕ ਮੰਜਾ, ਇੱਕ ਮੇਜ਼, ਇੱਕ ਚੌਂਕੀ ਤੇ ਇੱਕ ਦੀਵਾ ਰੱਖੀਏ ਅਤੇ ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਸਾਡੇ ਕੋਲ ਆਵੇ ਤਾਂ ਉੱਥੇ ਰਹਿ ਸਕੇਗਾ।”
11ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਉਹ ਉੱਧਰ ਆਇਆ ਅਤੇ ਉਸ ਚੁਬਾਰੇ ਵਿੱਚ ਜਾ ਕੇ ਉੱਥੇ ਹੀ ਲੇਟਿਆ।
12ਤਦ ਉਸ ਨੇ ਆਪਣੇ ਚੇਲੇ ਗੇਹਾਜੀ ਨੂੰ ਆਖਿਆ, “ਇਸ ਸ਼ੂਨੰਮੀ ਔਰਤ ਨੂੰ ਸੱਦ,” ਤਦ ਉਹ ਨੇ ਉਹ ਨੂੰ ਸੱਦਿਆ ਤੇ ਉਹ ਉਸ ਦੇ ਅੱਗੇ ਖੜ੍ਹੀ ਹੋ ਗਈ।
13ਉਸ ਨੇ ਚੇਲੇ ਨੂੰ ਕਿਹਾ ਕਿ ਉਹ ਨੂੰ ਆਖ ਕਿ ਵੇਖ ਤੂੰ ਜੋ ਐਨੇ ਧਿਆਨ ਨਾਲ ਸਾਡੀ ਸੇਵਾ ਕਰਦੀ ਰਹੀ, ਤੇਰੇ ਲਈ ਕੀ ਕੀਤਾ ਜਾਵੇ? ਕੀ ਅਸੀਂ ਰਾਜਾ ਜਾਂ ਸੈਨਾਪਤੀ ਨਾਲ ਤੇਰੇ ਬਾਰੇ ਗੱਲ ਕਰੀਏ? ਪਰ ਉਹ ਬੋਲੀ, “ਮੈਂ ਤਾਂ ਆਪਣੇ ਹੀ ਲੋਕਾਂ ਦੇ ਵਿਚਕਾਰ ਵੱਸਦੀ ਹਾਂ।”
14ਫੇਰ ਉਸ ਨੇ ਕਿਹਾ ਤਾਂ ਉਹ ਦੇ ਲਈ ਕੀ ਕੀਤਾ ਜਾਵੇ? ਅੱਗੋਂ ਗੇਹਾਜੀ ਬੋਲਿਆ, “ਸੱਚ-ਮੁੱਚ ਉਹ ਦੇ ਕੋਈ ਪੁੱਤਰ ਨਹੀਂ ਹੈ ਅਤੇ ਉਹ ਦਾ ਪਤੀ ਬਿਰਧ ਹੈ।”
15ਉਸ ਨੇ ਕਿਹਾ, “ਉਹ ਨੂੰ ਸੱਦ।” ਸੋ ਉਸ ਨੇ ਉਹ ਨੂੰ ਸੱਦਿਆ ਤੇ ਉਹ ਦਰਵਾਜ਼ੇ ਵਿੱਚ ਆ ਖੜ੍ਹੀ ਹੋਈ।
16ਤਦ ਉਹ ਬੋਲਿਆ, “ਇਸੇ ਰੁੱਤੇ ਬਸੰਤ ਦੇ ਦਿਨਾਂ ਦੇ ਨੇੜ੍ਹੇ ਤੇਰੇ ਇੱਕ ਪੁੱਤਰ ਹੋਵੇਗਾ।” ਉਹ ਬੋਲੀ, “ਨਹੀਂ, ਮੇਰੇ ਸੁਆਮੀ ਪਰਮੇਸ਼ੁਰ ਦੇ ਜਨ ਆਪਣੀ ਦਾਸੀ ਨਾਲ ਝੂਠ ਨਾ ਬੋਲ।”
17ਪਰ ਉਹ ਔਰਤ ਗਰਭਵਤੀ ਹੋਈ ਅਤੇ ਜਿਵੇਂ ਅਲੀਸ਼ਾ ਨੇ ਆਖਿਆ ਸੀ ਉਸੇ ਰੁੱਤੇ ਬਸੰਤ ਦੇ ਨੇੜ੍ਹੇ ਉਹ ਦੇ ਪੁੱਤਰ ਜੰਮਿਆ।
18ਜਦੋਂ ਬਾਲਕ ਵੱਡਾ ਹੋਇਆ, ਤਾਂ ਇੱਕ ਦਿਨ ਉਹ ਆਪਣੇ ਪਿਉ ਕੋਲ ਵਾਢਿਆਂ ਵੱਲ ਚੱਲਿਆ ਗਿਆ।
19ਅਤੇ ਉਹ ਆਪਣੇ ਪਿਉ ਨੂੰ ਆਖਣ ਲੱਗਾ, “ਹਾਏ ਮੇਰਾ ਸਿਰ, ਹਾਏ ਮੇਰਾ ਸਿਰ!” ਉਹ ਨੇ ਆਪਣੇ ਇੱਕ ਸੇਵਕ ਨੂੰ ਆਖਿਆ, “ਉਹ ਨੂੰ ਉਹ ਦੀ ਮਾਂ ਕੋਲ ਲੈ ਜਾ।”
20ਜਦੋਂ ਉਹ ਉਸ ਨੂੰ ਚੁੱਕ ਕੇ ਉਹ ਦੀ ਮਾਂ ਕੋਲ ਅੰਦਰ ਲੈ ਗਿਆ, ਤਾਂ ਉਹ ਦੁਪਹਿਰ ਤੱਕ ਉਹ ਦੇ ਗੋਡਿਆਂ ਉੱਤੇ ਬੈਠਾ ਰਿਹਾ, ਫੇਰ ਮਰ ਗਿਆ।
21ਤਦ ਉਹ ਨੇ ਉੱਤੇ ਜਾ ਕੇ ਉਹ ਨੂੰ ਪਰਮੇਸ਼ੁਰ ਦੇ ਜਨ ਦੇ ਮੰਜੇ ਉੱਤੇ ਲਿਟਾ ਦਿੱਤਾ ਅਤੇ ਦਰਵਾਜ਼ਾ ਬੰਦ ਕਰ ਕੇ ਬਾਹਰ ਚਲੀ ਗਈ।
22ਉਹ ਨੇ ਆਪਣੇ ਪਤੀ ਨੂੰ ਸੱਦ ਕੇ ਆਖਿਆ, “ਜੁਆਨਾਂ ਵਿੱਚੋਂ ਇੱਕ ਜਣਾ ਨਾਲੇ ਇੱਕ ਗਧੀ ਮੇਰੇ ਕੋਲ ਭੇਜ ਕਿ ਮੈਂ ਪਰਮੇਸ਼ੁਰ ਦੇ ਜਨ ਕੋਲ ਭੱਜ ਕੇ ਜਾਂਵਾਂ ਤੇ ਮੁੜ ਆਵਾਂ।”
23ਅੱਗੋਂ ਉਹ ਬੋਲਿਆ, “ਅੱਜ ਤੂੰ ਕਿਉਂ ਉਹ ਦੇ ਕੋਲ ਜਾਂਦੀ ਹੈਂ, ਨਾ ਨਵਾਂ ਚੰਦ ਹੈ ਨਾ ਸਬਤ?” ਪਰ ਉਹ ਬੋਲੀ ਸਲਾਮਤੀ ਹੀ ਹੋਵੇਗੀ।
24ਤਦ ਉਹ ਨੇ ਗਧੀ ਉੱਤੇ ਕਾਠੀ ਕੱਸੀ ਅਤੇ ਆਪਣੇ ਸੇਵਕ ਨੂੰ ਆਖਿਆ, “ਹੱਕ ਲੈ ਤੇ ਅੱਗੇ ਵੱਧ। ਜਦ ਤੱਕ ਮੈਂ ਤੈਨੂੰ ਨਾ ਆਖਾਂ ਮੇਰੇ ਕਾਰਨ ਸਵਾਰੀ ਹੱਕਣ ਵਿੱਚ ਢਿੱਲ ਨਾ ਕਰੀਂ।”
25ਸੋ ਉਹ ਰਾਹ ਪੈ ਗਈ ਤੇ ਪਰਮੇਸ਼ੁਰ ਦੇ ਜਨ ਕੋਲ ਕਰਮਲ ਦੇ ਪਰਬਤ ਉੱਤੇ ਗਈ ਅਤੇ ਜਦੋਂ ਪਰਮੇਸ਼ੁਰ ਦੇ ਜਨ ਨੇ ਉਹ ਨੂੰ ਦੂਰੋਂ ਵੇਖਿਆ, ਤਾਂ ਉਸ ਨੇ ਆਪਣੇ ਦਾਸ ਗੇਹਾਜੀ ਨੂੰ ਆਖਿਆ, “ਵੇਖ, ਓਹ ਸ਼ੂਨੰਮੀ ਔਰਤ ਹੈ।”
26ਤੂੰ ਹੁਣ ਭੱਜ ਕੇ ਉਹ ਨੂੰ ਮਿਲ ਤੇ ਉਹ ਨੂੰ ਪੁੱਛ ਕਿ ਤੂੰ ਰਾਜੀ ਬਾਜ਼ੀ ਤਾਂ ਹੈਂ? ਤੇਰਾ ਪਤੀ ਰਾਜੀ ਬਾਜ਼ੀ ਹੈ? ਬਾਲਕ ਰਾਜੀ ਬਾਜ਼ੀ ਹੈ? ਅੱਗੋਂ ਉਹ ਬੋਲੀ, “ਸੁੱਖ-ਸਾਂਦ ਹੈ।”
27ਪਰ ਜਦੋਂ ਉਹ ਪਰਮੇਸ਼ੁਰ ਦੇ ਜਨ ਕੋਲ ਪਰਬਤ ਉੱਤੇ ਆਈ, ਤਾਂ ਉਸ ਦੇ ਪੈਰ ਫੜ ਲਏ ਅਤੇ ਗੇਹਾਜੀ ਉਹ ਨੂੰ ਪਰੇ ਹਟਾਉਣ ਲਈ ਨੇੜੇ ਆਇਆ ਪਰ ਪਰਮੇਸ਼ੁਰ ਦੇ ਜਨ ਨੇ ਆਖਿਆ, “ਉਹ ਨੂੰ ਰਹਿਣ ਦੇ, ਕਿਉਂ ਜੋ ਉਹ ਦਾ ਮਨ ਭਰਿਆ ਹੋਇਆ ਹੈ ਪਰ ਯਹੋਵਾਹ ਨੇ ਇਹ ਮੇਰੇ ਤੋਂ ਲੁਕਾਇਆ ਤੇ ਮੈਨੂੰ ਨਾ ਦੱਸਿਆ।”
28ਤਦ ਉਹ ਬੋਲੀ, “ਕੀ ਮੈਂ ਆਪਣੇ ਸੁਆਮੀ ਕੋਲੋਂ ਪੁੱਤਰ ਮੰਗਿਆ ਸੀ? ਕੀ ਮੈਂ ਇਹ ਨਹੀਂ ਸੀ ਆਖਿਆ ਕਿ ਮੈਨੂੰ ਧੋਖਾ ਨਾ ਦੇਵੀਂ?”
29ਤਾਂ ਉਸ ਨੇ ਗੇਹਾਜੀ ਨੂੰ ਕਿਹਾ, “ਆਪਣਾ ਲੱਕ ਬੰਨ੍ਹ ਅਤੇ ਮੇਰੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਆਪਣਾ ਰਾਹ ਫੜ। ਜੇ ਕੋਈ ਆਦਮੀ ਤੈਨੂੰ ਮਿਲੇ ਤਾਂ ਉਹ ਨੂੰ ਪਰਨਾਮ ਨਾ ਕਰੀਂ ਅਤੇ ਜੇ ਕੋਈ ਆਦਮੀ ਪਰਨਾਮ ਕਰੇਂ ਤਾਂ ਤੂੰ ਉਹ ਨੂੰ ਉੱਤਰ ਨਾ ਦੇਵੀਂ। ਫੇਰ ਤੂੰ ਮੁੰਡੇ ਦੇ ਮੂੰਹ ਉੱਤੇ ਮੇਰੀ ਲਾਠੀ ਰੱਖ ਦੇਵੀਂ।”
30ਪਰ ਮੁੰਡੇ ਦੀ ਮਾਂ ਬੋਲੀ, “ਜੀਉਂਦੇ ਯਹੋਵਾਹ ਦੀ ਤੇ ਤੇਰੀ ਜਾਨ ਦੀ ਸਹੁੰ ਮੈਂ ਤੈਨੂੰ ਨਹੀਂ ਛੱਡਾਂਗੀ।” ਸੋ ਉਹ ਉੱਠ ਕੇ ਉਹ ਦੇ ਮਗਰ ਤੁਰ ਪਿਆ।
31ਗੇਹਾਜੀ ਉਨ੍ਹਾਂ ਤੋਂ ਪਹਿਲਾਂ ਤੁਰ ਗਿਆ ਤੇ ਮੁੰਡੇ ਦੇ ਮੂੰਹ ਉੱਤੇ ਲਾਠੀ ਰੱਖੀ ਪਰ ਨਾ ਅਵਾਜ਼ ਸੀ ਨਾ ਸੁਰਤ, ਇਸ ਲਈ ਉਹ ਉਸ ਨੂੰ ਮਿਲਣ ਲਈ ਮੁੜਿਆ ਅਤੇ ਉਸ ਨੂੰ ਦੱਸਿਆ ਕਿ ਬਾਲਕ ਨਹੀਂ ਜਾਗਿਆ।
32ਜਦੋਂ ਅਲੀਸ਼ਾ ਘਰ ਵਿੱਚ ਆਇਆ, ਵੇਖੋ ਬਾਲਕ ਮਰਿਆ ਹੋਇਆ ਉਸ ਦੇ ਮੰਜੇ ਉੱਤੇ ਪਿਆ ਸੀ।
33ਉਹ ਅੰਦਰ ਗਿਆ ਅਤੇ ਉਨ੍ਹਾਂ ਦੋਵਾਂ ਲਈ ਦਰਵਾਜ਼ਾ ਬੰਦ ਕਰ ਲਿਆ ਅਤੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ।
34ਤਦ ਉਹ ਚੜ੍ਹ ਕੇ ਬਾਲਕ ਉੱਤੇ ਲੇਟ ਗਿਆ, ਉਸ ਨੇ ਆਪਣਾ ਮੂੰਹ ਉਹ ਦੇ ਮੂੰਹ ਉੱਤੇ, ਆਪਣੀਆਂ ਅੱਖਾਂ ਉਹ ਦੀਆਂ ਅੱਖਾਂ ਉੱਤੇ, ਆਪਣੇ ਹੱਥ ਉਹ ਦੇ ਹੱਥਾਂ ਉੱਤੇ ਰੱਖੇ ਅਤੇ ਉਹ ਦੇ ਉੱਤੇ ਪਸਰ ਗਿਆ ਤਦ ਉਸ ਬੱਚੇ ਦਾ ਸਰੀਰ ਨਿੱਘਾ ਹੋ ਗਿਆ।
35ਫੇਰ ਉਹ ਉੱਠਿਆ ਅਤੇ ਇੱਕ ਵਾਰੀ ਘਰ ਵਿੱਚ ਇੱਧਰ-ਉੱਧਰ ਟਹਿਲਿਆ ਤਦ ਉਹ ਚੜ੍ਹ ਕੇ ਉਹ ਦੇ ਉੱਤੇ ਪਸਰ ਗਿਆ ਤੇ ਬਾਲਕ ਸੱਤ ਵਾਰੀ ਛਿੱਕਿਆ ਅਤੇ ਮੁੰਡੇ ਨੇ ਆਪਣੀਆਂ ਅੱਖਾਂ ਖੋਲ੍ਹੀਆਂ।
36ਤਦ ਉਸ ਨੇ ਗੇਹਾਜੀ ਨੂੰ ਸੱਦ ਕੇ ਆਖਿਆ, “ਇਸ ਸ਼ੂਨੰਮੀ ਨੂੰ ਸੱਦ ਲੈ।” ਸੋ ਉਸ ਨੇ ਉਹ ਨੂੰ ਸੱਦਿਆ ਅਤੇ ਜਦੋਂ ਉਹ ਉਸ ਦੇ ਕੋਲ ਅੰਦਰ ਆਈ ਤਾਂ ਉਹ ਬੋਲਿਆ, “ਆਪਣੇ ਪੁੱਤਰ ਨੂੰ ਚੁੱਕ ਲੈ।”
37ਤਦ ਉਹ ਅੰਦਰ ਆਈ ਤੇ ਉਸ ਦੇ ਚਰਨਾਂ ਉੱਤੇ ਡਿੱਗੀ, ਆਪਣੇ ਆਪ ਨੂੰ ਧਰਤੀ ਤੇ ਨਿਵਾਇਆ ਅਤੇ ਆਪਣੇ ਪੁੱਤਰ ਨੂੰ ਚੁੱਕ ਕੇ ਬਾਹਰ ਚੱਲੀ ਗਈ।
38ਫੇਰ ਅਲੀਸ਼ਾ ਗਿਲਗਾਲ ਨੂੰ ਮੁੜਿਆ, ਦੇਸ ਵਿੱਚ ਕਾਲ ਸੀ ਅਤੇ ਨਬੀਆਂ ਦੇ ਪੁੱਤਰ ਉਸ ਦੇ ਅੱਗੇ ਬੈਠੇ ਹੋਏ ਸਨ ਅਤੇ ਉਸ ਨੇ ਆਪਣੇ ਬਾਲਕੇ ਨੂੰ ਆਖਿਆ, “ਦੇਗ ਚੜ੍ਹਾ ਦੇ ਅਤੇ ਨਬੀਆਂ ਦੇ ਪੁੱਤਰਾਂ ਲਈ ਭਾਜੀ ਉਬਾਲ।”
39ਇੱਕ ਜਣਾ ਬਾਹਰ ਖੇਤ ਵਿੱਚ ਭਾਜੀ ਲੈਣ ਗਿਆ, ਉਸ ਨੂੰ ਖੇਤ ਵਿੱਚ ਇੱਕ ਜੰਗਲੀ ਵੇਲ ਲੱਭੀ, ਉਸ ਨੇ ਉਹ ਦੇ ਨਾਲੋਂ ਜੰਗਲੀ ਕੱਦੂ ਤੋੜ ਕੇ ਝੋਲੀ ਭਰ ਲਈ ਅਤੇ ਆ ਗਿਆ ਤਦ ਉਹਨਾਂ ਨੇ ਫਾੜੀਆਂ ਕਰ ਕੇ ਉਸ ਦੇਗ ਵਿੱਚ ਪਾ ਦਿੱਤਾ, ਪਰ ਉਨ੍ਹਾਂ ਨੂੰ ਉਹਨਾਂ ਦੀ ਪਛਾਣ ਨਹੀਂ ਸੀ।
40ਸੋ ਉਨ੍ਹਾਂ ਨੇ ਬੰਦਿਆਂ ਦੇ ਖਾਣ ਲਈ ਦਿੱਤਾ, ਤਾਂ ਜਦੋਂ ਉਹ ਭਾਜੀ ਖਾ ਰਹੇ ਸਨ ਤਦ ਉਹ ਚੀਕ ਉੱਠੇ ਕਿ ਹੇ ਪਰਮੇਸ਼ੁਰ ਦੇ ਜਨ, ਦੇਗ ਵਿੱਚ ਤਾਂ ਮੌਤ ਹੈ! ਅਤੇ ਉਹ ਖਾ ਨਾ ਸਕੇ।
41ਪਰ ਉਹ ਬੋਲਿਆ, “ਆਟਾ ਲਿਆਓ ਅਤੇ ਉਸ ਨੇ ਉਹ ਦੇਗ ਵਿੱਚ ਪਾ ਦਿੱਤਾ,” ਤਦ ਆਖਿਆ ਕਿ ਲੋਕਾਂ ਨੂੰ ਦਿਓ ਕਿ ਉਹ ਖਾਣ ਅਤੇ ਦੇਗ ਵਿੱਚ ਕੋਈ ਕਸਰ ਨਾ ਰਹੀ।
42ਬਆਲ-ਸ਼ਲੀਸ਼ਾਹ ਤੋਂ ਇੱਕ ਮਨੁੱਖ ਆਇਆ ਅਤੇ ਪਰਮੇਸ਼ੁਰ ਦੇ ਜਨ ਲਈ ਪਹਿਲੇ ਫਲਾਂ ਦੇ ਜੌਂਵਾਂ ਦੀਆਂ ਵੀਹ ਰੋਟੀਆਂ ਤੇ ਅਨਾਜ ਦੇ ਹਰੇ-ਹਰੇ ਸਿੱਟੇ ਆਪਣੀ ਝੋਲੀ ਵਿੱਚ ਲਿਆਇਆ। ਉਹ ਬੋਲਿਆ, “ਇਨ੍ਹਾਂ ਲੋਕਾਂ ਨੂੰ ਦੇ ਜੋ ਉਹ ਖਾਣ।”
43ਪਰ ਉਸ ਦੇ ਸੇਵਕ ਨੇ ਆਖਿਆ, “ਮੈਂ ਸੌ ਆਦਮੀਆਂ ਦੇ ਅੱਗੇ ਇਹ ਕਿਵੇਂ ਰੱਖ ਸਕਦਾ ਹਾਂ?” ਅੱਗੋਂ ਉਹ ਬੋਲਿਆ, “ਲੋਕਾਂ ਨੂੰ ਦੇ ਕਿ ਉਹ ਖਾਣ।” ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਉਹ ਖਾਣਗੇ ਤੇ ਬਾਕੀ ਛੱਡਣਗੇ।
44ਸੋ ਉਸ ਨੇ ਉਨ੍ਹਾਂ ਦੇ ਅੱਗੇ ਰੱਖਿਆ ਅਤੇ ਉਨ੍ਹਾਂ ਨੇ ਖਾਧਾ ਤੇ ਯਹੋਵਾਹ ਦੇ ਬਚਨ ਅਨੁਸਾਰ ਬਾਕੀ ਵੀ ਛੱਡ ਦਿੱਤਾ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath