2 ਰਾਜਿਆਂ 2
1ਜਦੋਂ ਯਹੋਵਾਹ ਏਲੀਯਾਹ ਨੂੰ ਇੱਕ ਵਾਵਰੋਲੇ ਵਿੱਚ ਅਕਾਸ਼ ਨੂੰ ਚੁੱਕਣ ਵਾਲਾ ਸੀ, ਤਾਂ ਏਲੀਯਾਹ ਅਲੀਸ਼ਾ ਨਾਲ ਗਿਲਗਾਲ ਤੋਂ ਚੱਲਿਆ।
2ਤਦ ਏਲੀਯਾਹ ਨੇ ਅਲੀਸ਼ਾ ਨੂੰ ਆਖਿਆ, “ਤੂੰ ਇੱਥੇ ਠਹਿਰ ਜਾ ਕਿਉਂ ਜੋ ਯਹੋਵਾਹ ਨੇ ਮੈਨੂੰ ਬੈਤਏਲ ਤੱਕ ਭੇਜਿਆ ਹੈ।” ਪਰ ਅਲੀਸ਼ਾ ਨੇ ਆਖਿਆ, “ਜੀਉਂਦੇ ਯਹੋਵਾਹ ਦੀ ਅਤੇ ਤੇਰੀ ਜਾਨ ਦੀ ਸਹੁੰ, ਮੈਂ ਤੈਨੂੰ ਨਹੀਂ ਛੱਡਾਂਗਾ!” ਇਸ ਲਈ ਉਹ ਬੈਤਏਲ ਨੂੰ ਚੱਲੇ ਗਏ।
3ਨਬੀਆਂ ਦੇ ਪੁੱਤਰ ਜਿਹੜੇ ਬੈਤਏਲ ਵਿੱਚ ਸਨ, ਉਹ ਅਲੀਸ਼ਾ ਕੋਲ ਆਏ ਅਤੇ ਉਸ ਨੂੰ ਆਖਿਆ, “ਕੀ ਤੂੰ ਜਾਣਦਾ ਹੈਂ ਕਿ ਯਹੋਵਾਹ ਅੱਜ ਤੇਰੇ ਸਿਰ ਤੋਂ ਤੇਰੇ ਸੁਆਮੀ ਨੂੰ ਚੁੱਕ ਲਵੇਗਾ?” ਉਹ ਬੋਲਿਆ, “ਮੈਨੂੰ ਪਤਾ ਹੈ। ਚੁੱਪ ਰਹੋ।”
4ਤਦ ਏਲੀਯਾਹ ਨੇ ਉਸ ਨੂੰ ਆਖਿਆ ਕਿ ਅਲੀਸ਼ਾ ਤੂੰ ਇੱਥੇ ਠਹਿਰ ਜਾਈਂ, ਕਿਉਂ ਜੋ ਯਹੋਵਾਹ ਨੇ ਮੈਨੂੰ ਯਰੀਹੋ ਨੂੰ ਭੇਜਿਆ ਹੈ, ਪਰ ਉਸ ਨੇ ਆਖਿਆ, “ਜੀਉਂਦੇ ਯਹੋਵਾਹ ਦੀ ਤੇ ਤੇਰੀ ਜਾਨ ਦੀ ਸਹੁੰ, ਮੈਂ ਤੈਨੂੰ ਨਹੀਂ ਛੱਡਾਂਗਾ!” ਸੋ ਉਹ ਯਰੀਹੋ ਨੂੰ ਆਏ।
5ਨਬੀਆਂ ਦੇ ਪੁੱਤਰ ਜਿਹੜੇ ਯਰੀਹੋ ਵਿੱਚ ਸਨ, ਉਹ ਅਲੀਸ਼ਾ ਕੋਲ ਆਏ ਅਤੇ ਉਸ ਨੂੰ ਆਖਿਆ, “ਕੀ ਤੂੰ ਜਾਣਦਾ ਹੈਂ ਕਿ ਯਹੋਵਾਹ ਅੱਜ ਤੇਰੇ ਸਿਰ ਤੋਂ ਤੇਰੇ ਸੁਆਮੀ ਨੂੰ ਚੁੱਕ ਲਵੇਗਾ?” ਉਸ ਆਖਿਆ, “ਮੈਨੂੰ ਪਤਾ ਹੈ। ਚੁੱਪ ਰਹੋ।”
6ਤਾਂ ਏਲੀਯਾਹ ਨੇ ਉਸ ਨੂੰ ਆਖਿਆ ਕਿ ਤੂੰ ਇੱਥੇ ਠਹਿਰ ਜਾਈਂ, ਕਿਉਂ ਜੋ ਯਹੋਵਾਹ ਨੇ ਮੈਨੂੰ ਯਰਦਨ ਨੂੰ ਭੇਜਿਆ ਹੈ। ਪਰ ਉਹ ਬੋਲਿਆ, “ਜੀਉਂਦੇ ਯਹੋਵਾਹ ਦੀ ਅਤੇ ਤੇਰੀ ਜਾਨ ਦੀ ਸਹੁੰ ਮੈਂ ਤੈਨੂੰ ਨਹੀਂ ਛੱਡਾਂਗਾ।” ਸੋ ਓਹ ਦੋਵੇਂ ਤੁਰ ਪਏ।
7ਨਬੀਆਂ ਦੇ ਪੁੱਤਰਾਂ ਵਿੱਚੋਂ ਪੰਜਾਹ ਜਣੇ ਆਏ, ਉਨ੍ਹਾਂ ਦੇ ਆਹਮੋ-ਸਾਹਮਣੇ ਦੂਰ ਜਾ ਖੜ੍ਹੇ ਹੋਏ ਅਤੇ ਉਹ ਦੋਵੇਂ ਯਰਦਨ ਦੇ ਕੰਢੇ ਉੱਤੇ ਖੜ੍ਹੇ ਰਹੇ।
8ਤਦ ਏਲੀਯਾਹ ਨੇ ਆਪਣੀ ਚਾਦਰ ਲਈ, ਉਹ ਨੂੰ ਵਲ੍ਹੇਟ ਕੇ ਪਾਣੀ ਉੱਤੇ ਮਾਰਿਆ ਅਤੇ ਉਹ ਪਾਟ ਕੇ ਇੱਧਰ-ਉੱਧਰ ਹੋ ਗਿਆ, ਤਦ ਉਹ ਦੋਵੇਂ ਸੁੱਕੀ ਧਰਤੀ ਦੇ ਉੱਤੋਂ ਦੀ ਪਾਰ ਲੰਘ ਗਏ।
9ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਪਾਰ ਲੰਘ ਰਹੇ ਸਨ, ਤਾਂ ਏਲੀਯਾਹ ਨੇ ਅਲੀਸ਼ਾ ਨੂੰ ਆਖਿਆ, “ਇਸ ਤੋਂ ਪਹਿਲਾ ਕਿ ਮੈਂ ਤੇਰੇ ਕੋਲੋਂ ਲੈ ਲਿਆ ਜਾਂਵਾਂ ਦੱਸ ਮੈਂ ਤੇਰੇ ਲਈ ਕੀ ਕਰਾਂ?” ਅਲੀਸ਼ਾ ਬੋਲਿਆ, “ਤੇਰੇ ਆਤਮਾ ਦਾ ਦੁੱਗਣਾ ਹਿੱਸਾ ਮੇਰੇ ਉੱਤੇ ਹੋਵੇ!”
10ਉਹ ਨੇ ਆਖਿਆ, ਤੂੰ ਔਖੀ ਗੱਲ ਮੰਗੀ ਹੈ। ਜੇ ਤੂੰ ਮੈਨੂੰ ਉਸ ਸਮੇਂ ਵੇਖੇਂ ਜਦ ਮੈਂ ਤੇਰੇ ਕੋਲੋਂ ਲੈ ਲਿਆ ਜਾਂਵਾਂ, ਤਾਂ ਤੇਰੇ ਲਈ ਉਵੇਂ ਹੀ ਹੋਵੇਗਾ, ਪਰ ਜੇ ਨਾ ਵੇਖਿਆ ਤਾਂ ਐਉਂ ਨਹੀਂ ਹੋਵੇਗਾ।
11ਤਾਂ ਜਦੋਂ ਉਹ ਗੱਲਾਂ ਕਰਦੇ-ਕਰਦੇ ਤੁਰੇ ਜਾਂਦੇ ਸਨ ਤਾਂ ਵੇਖੋ, ਉੱਥੇ ਇੱਕ ਅਗਨ ਰੱਥ ਤੇ ਅਗਨ ਘੋੜੇ ਦਿੱਸੇ, ਜਿਨ੍ਹਾਂ ਨੇ ਉਨ੍ਹਾਂ ਨੂੰ ਦੋਹਾਂ ਵੱਖੋ-ਵੱਖ ਕਰ ਦਿੱਤਾ ਅਤੇ ਏਲੀਯਾਹ ਵਾਵਰੋਲੇ ਵਿੱਚ ਅਕਾਸ਼ ਨੂੰ ਚੜ੍ਹ ਗਿਆ।
12ਅਤੇ ਇਹ ਵੇਖਦਿਆਂ ਹੀ ਅਲੀਸ਼ਾ ਉੱਚੀ ਦਿੱਤੀ ਬੋਲਿਆ, “ਹੇ ਮੇਰੇ ਪਿਤਾ, ਹੇ ਮੇਰੇ ਪਿਤਾ! ਇਸਰਾਏਲ ਦੇ ਰੱਥ ਤੇ ਉਹ ਦੇ ਸਾਰਥੀ!” ਪਰ ਜਦ ਉਹ ਉਸ ਨੂੰ ਫੇਰ ਨਾ ਵੇਖ ਸਕਿਆ ਤਾਂ ਉਸ ਨੇ ਆਪਣੇ ਕੱਪੜੇ ਪਾੜ ਕੇ ਦੋ ਹਿੱਸੇ ਕੀਤੇ।
13ਉਸ ਨੇ ਏਲੀਯਾਹ ਦੀ ਗੋਦੜੀ ਵੀ ਜਿਹੜੀ ਉਹ ਦੇ ਉੱਤੋਂ ਡਿੱਗੀ ਸੀ, ਚੁੱਕ ਲਈ ਅਤੇ ਮੁੜ ਕੇ ਯਰਦਨ ਦੇ ਕੰਢੇ ਉੱਤੇ ਖੜ੍ਹਾ ਹੋ ਗਿਆ।
14ਅਤੇ ਉਹ ਗੋਦੜੀ ਜਿਹੜੀ ਏਲੀਯਾਹ ਉੱਤੋਂ ਡਿੱਗੀ ਸੀ, ਉਸ ਨੂੰ ਲੈ ਕੇ ਪਾਣੀ ਉੱਤੇ ਮਾਰਿਆ ਅਤੇ ਆਖਿਆ, “ਯਹੋਵਾਹ ਏਲੀਯਾਹ ਦਾ ਪਰਮੇਸ਼ੁਰ ਕਿੱਥੇ ਹੈ?” ਜਦੋਂ ਉਸ ਨੇ ਵੀ ਪਾਣੀ ਨੂੰ ਮਾਰਿਆ ਤਾਂ ਉਹ ਪਾਟ ਕੇ ਇੱਧਰ-ਉੱਧਰ ਹੋ ਗਿਆ ਅਤੇ ਅਲੀਸ਼ਾ ਪਾਰ ਲੰਘ ਗਿਆ।
15ਜਦੋਂ ਨਬੀਆਂ ਦੇ ਪੁੱਤਰਾਂ ਨੇ ਜਿਹੜੇ ਯਰੀਹੋ ਵਿੱਚ ਉਸ ਦੇ ਆਹਮੋ-ਸਾਹਮਣੇ ਸਨ, ਉਸ ਨੂੰ ਦੇਖਿਆ ਤਾਂ ਉਹ ਬੋਲੇ, “ਏਲੀਯਾਹ ਦਾ ਆਤਮਾ ਅਲੀਸ਼ਾ ਉੱਤੇ ਠਹਿਰਿਆ ਹੋਇਆ ਹੈ।” ਸੋ ਉਹ ਉਸ ਨੂੰ ਮਿਲਣ ਲਈ ਆਏ ਅਤੇ ਧਰਤੀ ਤੱਕ ਝੁੱਕ ਕੇ ਉਸ ਨੂੰ ਮੱਥਾ ਟੇਕਿਆ।
16ਤਦ ਉਨ੍ਹਾਂ ਨੇ ਉਸ ਨੂੰ ਆਖਿਆ, “ਵੇਖ, ਤੇਰੇ ਸੇਵਕਾਂ ਦੇ ਨਾਲ ਪੰਜਾਹ ਸੂਰਬੀਰ ਹਨ। ਉਨ੍ਹਾਂ ਨੂੰ ਜਾਣ ਦੇ ਜੋ ਉਹ ਤੇਰੇ ਸੁਆਮੀ ਨੂੰ ਲੱਭਣ। ਕੀ ਜਾਣੀਏ ਯਹੋਵਾਹ ਦੇ ਆਤਮਾ ਨੇ ਉਹ ਨੂੰ ਚੁੱਕ ਕੇ ਕਿਸੇ ਪਰਬਤ ਦੇ ਉੱਤੇ ਜਾਂ ਕਿਸੇ ਖੱਡ ਵਿੱਚ ਸੁੱਟ ਦਿੱਤਾ ਹੋਵੇ?” ਉਸ ਨੇ ਆਖਿਆ, “ਤੁਸੀਂ ਨਾ ਭੇਜੋ।”
17ਪਰ ਜਦ ਉਨ੍ਹਾਂ ਨੇ ਬਹੁਤ ਜ਼ਿੱਦ ਕੀਤੀ ਕਿ ਉਹ ਸ਼ਰਮਿੰਦਾ ਹੋ ਗਿਆ ਤਾਂ ਉਸ ਨੇ ਆਖਿਆ, “ਭੇਜ ਦਿਓ।” ਸੋ ਉਨ੍ਹਾਂ ਨੇ ਪੰਜਾਹ ਮਨੁੱਖ ਭੇਜੇ ਤੇ ਤਿੰਨ ਦਿਨ ਉਸ ਦੀ ਖੋਜ ਕੀਤੀ ਪਰ ਉਹ ਨਾ ਲੱਭਿਆ।
18ਜਦ ਉਹ ਮੁੜ ਕੇ ਉਸ ਦੇ ਕੋਲ ਆਏ, ਉਹ ਯਰੀਹੋ ਵਿੱਚ ਹੀ ਠਹਿਰਿਆ ਹੋਇਆ ਸੀ। ਉਸ ਨੇ ਉਨ੍ਹਾਂ ਨੂੰ ਆਖਿਆ, “ਕੀ ਮੈਂ ਤੁਹਾਨੂੰ ਨਹੀਂ ਸੀ ਆਖਿਆ, ਜੋ ਨਾ ਜਾਇਓ।”
19ਉਸ ਸ਼ਹਿਰ ਦੇ ਲੋਕਾਂ ਨੇ ਅਲੀਸ਼ਾ ਨੂੰ ਆਖਿਆ, “ਵੇਖੋ, ਇਹ ਸ਼ਹਿਰ ਕਿੰਨ੍ਹੇ ਚੰਗੇ ਥਾਂ ਉੱਤੇ ਹੈ, ਜਿਵੇਂ ਸਾਡਾ ਸੁਆਮੀ ਵੀ ਵੇਖਦਾ ਹੈ ਪਰ ਪਾਣੀ ਖ਼ਰਾਬ ਤੇ ਧਰਤੀ ਬੰਜਰ ਜਿਹੀ ਹੈ।”
20ਉਹ ਬੋਲਿਆ, “ਮੈਨੂੰ ਇੱਕ ਨਵਾਂ ਭਾਂਡਾ ਲਿਆ ਦਿਓ ਅਤੇ ਉਹ ਦੇ ਵਿੱਚ ਲੂਣ ਪਾ ਦਿਓ।” ਤਦ ਉਹ ਉਸ ਦੇ ਕੋਲ ਲਿਆਏ।
21ਉਹ ਪਾਣੀ ਦੇ ਸੋਤੇ ਕੋਲ ਗਿਆ ਅਤੇ ਉਸ ਵਿੱਚ ਲੂਣ ਪਾ ਕੇ ਬੋਲਿਆ, “ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੈਂ ਇਸ ਪਾਣੀ ਨੂੰ ਠੀਕ ਕਰ ਦਿੱਤਾ ਹੈ, ਅੱਗੇ ਨੂੰ ਉਹ ਦੇ ਵਿੱਚੋਂ ਮੌਤ ਜਾਂ ਬੰਜਰਪਣ ਨਹੀਂ ਆਵੇਗਾ।”
22ਅਲੀਸ਼ਾ ਦੇ ਬਚਨ ਅਨੁਸਾਰ ਜੋ ਉਸ ਨੇ ਕੀਤਾ ਪਾਣੀ ਠੀਕ ਹੋ ਗਿਆ ਤੇ ਅੱਜ ਦੇ ਦਿਨ ਤੱਕ ਉਸੇ ਤਰ੍ਹਾਂ ਹੈ।
23ਉਹ ਉੱਥੋਂ ਬੈਤਏਲ ਨੂੰ ਉਤਾਹਾਂ ਤੁਰ ਪਿਆ ਅਤੇ ਜਦੋਂ ਉਹ ਰਾਹ ਵਿੱਚ ਤੁਰਿਆ ਜਾਂਦਾ ਸੀ ਤਾਂ ਕੁਝ ਮੁੰਡੇ ਸ਼ਹਿਰੋਂ ਬਾਹਰ ਨਿੱਕਲੇ ਅਤੇ ਮਖ਼ੌਲ ਕਰ ਕੇ ਉਹ ਨੂੰ ਆਖਿਆ, “ਚੜ੍ਹਿਆ ਜਾ ਗੰਜੇ ਸਿਰ ਵਾਲਿਆ ਚੜ੍ਹਿਆ ਜਾ ਗੰਜੇ ਸਿਰ ਵਾਲਿਆ।”
24ਜਦ ਉਹ ਨੇ ਪਿੱਛੇ ਮੁੜ ਕੇ ਉਨ੍ਹਾਂ ਨੂੰ ਵੇਖਿਆ, ਤਾਂ ਉਹ ਨੇ ਯਹੋਵਾਹ ਦਾ ਨਾਮ ਲੈ ਕੇ ਉਨ੍ਹਾਂ ਨੂੰ ਸਰਾਪ ਦਿੱਤਾ ਅਤੇ ਜੰਗਲ ਵਿੱਚੋਂ ਦੋ ਰਿੱਛਣੀਆਂ ਨਿੱਕਲੀਆਂ ਅਤੇ ਉਨ੍ਹਾਂ ਵਿੱਚੋਂ ਬਿਆਲੀ ਮੁੰਡਿਆਂ ਨੂੰ ਪਾੜ ਛੱਡਿਆ।
25ਉੱਥੋਂ ਉਹ ਕਰਮਲ ਪਰਬਤ ਨੂੰ ਗਿਆ ਅਤੇ ਉੱਥੋਂ ਉਹ ਸਾਮਰਿਯਾ ਨੂੰ ਮੁੜ ਆਇਆ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath