ਈਸਾਈ
ਪਿੱਛੇ

2 ਰਾਜਿਆਂ 25

1ਇਸ ਤਰ੍ਹਾਂ ਹੋਇਆ ਕਿ ਉਹ ਦੇ ਰਾਜ ਦੇ ਨੌਵੇਂ ਸਾਲ ਦੇ ਦਸਵੇਂ ਮਹੀਨੇ ਦੇ ਦਸਵੇਂ ਦਿਨ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਆਪਣੀ ਸਾਰੀ ਸੈਨਾਂ ਦੇ ਨਾਲ ਯਰੂਸ਼ਲਮ ਉੱਤੇ ਚੜ੍ਹਾਈ ਕੀਤੀ ਅਤੇ ਉਹ ਦੇ ਸਾਹਮਣੇ ਡੇਰੇ ਲਾ ਲਏ ਅਤੇ ਉਨ੍ਹਾਂ ਨੇ ਉਹ ਦੇ ਸਾਹਮਣੇ ਤੇ ਆਲੇ-ਦੁਆਲੇ ਦਮਦਮਾ ਬਣਾਇਆ।

2ਅਤੇ ਸਿਦਕੀਯਾਹ ਰਾਜਾ ਦੇ ਸ਼ਾਸਨ ਦੇ ਗਿਆਰਵੇਂ ਸਾਲ ਤੱਕ ਸ਼ਹਿਰ ਘੇਰਿਆ ਰਿਹਾ।

3ਚੌਥੇ ਮਹੀਨੇ ਦੇ ਨੌਵੇਂ ਦਿਨ ਜਦ ਕਾਲ ਸ਼ਹਿਰ ਵਿੱਚ ਡਾਢਾ ਹੋ ਗਿਆ ਅਤੇ ਦੇਸ ਦੇ ਲੋਕਾਂ ਲਈ ਰੋਟੀ ਨਾ ਰਹੀ।

4ਤਦ ਸ਼ਹਿਰ ਤੋੜਿਆ ਗਿਆ ਅਤੇ ਦੋਹਾਂ ਕੰਧਾਂ ਦੇ ਵਿਚਕਾਰ ਜੋ ਫਾਟਕ ਰਾਜਾ ਦੇ ਬਾਗ ਦੇ ਕੋਲ ਸੀ ਉਹ ਦੇ ਰਾਹੀਂ ਸਾਰੇ ਯੋਧੇ ਰਾਤੋਂ-ਰਾਤ ਭੱਜ ਗਏ ਜਦ ਕਸਦੀ ਸ਼ਹਿਰ ਦੇ ਆਲੇ-ਦੁਆਲੇ ਸਨ ਤਾਂ ਰਾਜਾ ਮੈਦਾਨ ਦੇ ਰਾਹ ਗਿਆ।

5ਅਤੇ ਕਸਦੀਆਂ ਦੀ ਸੈਨਾਂ ਨੇ ਰਾਜਾ ਦਾ ਪਿੱਛਾ ਕੀਤਾ ਅਤੇ ਯਰੀਹੋ ਦੇ ਮੈਦਾਨ ਵਿੱਚ ਉਹ ਨੂੰ ਜਾ ਲਿਆ ਅਤੇ ਉਹ ਦੀ ਸਾਰੀ ਸੈਨਾਂ ਉਹ ਦੇ ਕੋਲੋਂ ਖਿੰਡ-ਪੁੰਡ ਗਈ।

6ਸੋ ਉਨ੍ਹਾਂ ਨੇ ਰਾਜਾ ਨੂੰ ਫੜ੍ਹ ਲਿਆ ਅਤੇ ਉਹ ਨੂੰ ਰਿਬਲਾਹ ਵਿੱਚ ਬਾਬਲ ਦੇ ਰਾਜਾ ਕੋਲ ਲਿਆਏ ਤਾਂ ਉਨ੍ਹਾਂ ਨੇ ਉਹ ਦਾ ਨਿਆਂ ਕੀਤਾ।

7ਅਤੇ ਉਨ੍ਹਾਂ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਹ ਦੀਆਂ ਅੱਖਾਂ ਦੇ ਸਾਹਮਣੇ ਕੋਹਿਆ ਅਤੇ ਉਨ੍ਹਾਂ ਨੇ ਸਿਦਕੀਯਾਹ ਦੀਆਂ ਅੱਖਾਂ ਕੱਢ ਛੱਡੀਆਂ ਅਤੇ ਉਹ ਨੂੰ ਪਿੱਤਲ ਦੀਆਂ ਬੇੜੀਆਂ ਨਾਲ ਜਕੜ ਕੇ ਬਾਬਲ ਵਿੱਚ ਲਿਆਏ।

8ਪੰਜਵੇਂ ਮਹੀਨੇ ਦੇ ਸੱਤਵੇਂ ਦਿਨ ਜੋ ਬਾਬਲ ਦੇ ਰਾਜਾ ਨਬੂਕਦਨੱਸਰ ਦਾ ਉੱਨੀਵਾਂ ਸਾਲ ਸੀ ਸ਼ਾਹੀ ਜੱਲਾਦਾਂ ਦਾ ਸਰਦਾਰ ਨਬੂਜ਼ਰਦਾਨ ਜੋ ਬਾਬਲ ਦੇ ਰਾਜਾ ਦਾ ਚਾਕਰ ਸੀ ਯਰੂਸ਼ਲਮ ਵਿੱਚ ਆਇਆ।

9ਅਤੇ ਯਹੋਵਾਹ ਦਾ ਭਵਨ ਅਤੇ ਰਾਜਾ ਦਾ ਮਹਿਲ ਸਾੜ ਸੁੱਟਿਆ, ਹਾਂ, ਯਰੂਸ਼ਲਮ ਦੇ ਸਾਰੇ ਘਰ ਨਾਲੇ ਹਰ ਮਹਾਂ ਪੁਰਸ਼ ਦਾ ਘਰ ਉਸ ਨੇ ਅੱਗ ਨਾਲ ਫੂਕ ਦਿੱਤਾ।

10ਕਸਦੀਆਂ ਦੀ ਸਾਰੀ ਸੈਨਾਂ ਨੇ ਜੋ ਜੱਲਾਦਾਂ ਦੇ ਸਰਦਾਰ ਦੇ ਨਾਲ ਸੀ ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਕੰਧਾਂ ਨੂੰ ਢਾਹ ਦਿੱਤਾ।

11ਅਤੇ ਬਚੇ-ਖੁਚੇ ਲੋਕ ਜੋ ਸ਼ਹਿਰ ਵਿੱਚ ਰਹਿ ਗਏ ਸਨ ਅਤੇ ਭਗੌੜੇ ਜੋ ਬਾਬਲ ਦੇ ਰਾਜਾ ਵੱਲ ਹੋ ਗਏ ਸਨ ਨਾਲੇ ਦਲ ਦੇ ਬਚੇ-ਖੁਚੇ ਉਨ੍ਹਾਂ ਨੂੰ ਨਬੂਜ਼ਰਦਾਨ ਜੱਲਾਦਾਂ ਦਾ ਸਰਦਾਰ ਗ਼ੁਲਾਮ ਕਰ ਕੇ ਲੈ ਗਿਆ।

12ਪਰ ਜੱਲਾਦਾਂ ਦੇ ਸਰਦਾਰ ਨੇ ਦੇਸ ਦੇ ਅੱਤ ਕੰਗਾਲਾਂ ਨੂੰ ਛੱਡ ਦਿੱਤਾ ਕਿ ਦਾਖ ਦੇ ਬਾਗ਼ਾਂ ਦੇ ਰਾਖੇ ਤੇ ਬਾਗਬਾਨ ਹੋਣ।

13ਅਤੇ ਪਿੱਤਲ ਦੇ ਉਹਨਾਂ ਥੰਮ੍ਹਾਂ ਨੂੰ ਜੋ ਯਹੋਵਾਹ ਦੇ ਭਵਨ ਵਿੱਚ ਸਨ ਅਤੇ ਕੁਰਸੀਆਂ ਨੂੰ ਅਤੇ ਪਿੱਤਲ ਦੇ ਵੱਡੇ ਹੌਦ ਨੂੰ ਜੋ ਯਹੋਵਾਹ ਦੇ ਭਵਨ ਵਿੱਚ ਸੀ ਕਸਦੀਆਂ ਨੇ ਟੁੱਕੜੇ-ਟੁੱਕੜੇ ਕਰ ਦਿੱਤਾ ਅਤੇ ਉਹ ਉਹਨਾਂ ਦਾ ਪਿੱਤਲ ਬਾਬਲ ਨੂੰ ਲੈ ਗਏ।

14ਅਤੇ ਤਸਲੇ, ਕੜਛੇ, ਗੁਲਤਰਾਸ਼, ਕੌਲੀਆਂ ਨਾਲੇ ਪਿੱਤਲ ਦੇ ਉਹ ਸਾਰੇ ਭਾਂਡੇ ਜਿਨ੍ਹਾਂ ਨਾਲ ਸੇਵਾ ਕੀਤੀ ਜਾਂਦੀ ਸੀ ਉਹ ਲੈ ਗਏ।

15ਅਤੇ ਅੰਗੀਠੀਆਂ ਅਤੇ ਬਾਟੇ ਜੋ ਸੋਨੇ ਦੇ ਸਨ ਉਹਨਾਂ ਦਾ ਸੋਨਾ ਅਤੇ ਜੋ ਚਾਂਦੀ ਦੇ ਸਨ ਉਹਨਾਂ ਦੀ ਚਾਂਦੀ ਜੱਲਾਦਾਂ ਦਾ ਸਰਦਾਰ ਲੈ ਗਿਆ।

16ਰਹੇ ਦੋ ਥੰਮ੍ਹ, ਵੱਡਾ ਹੌਦ ਅਤੇ ਕੁਰਸੀਆਂ ਜਿਨ੍ਹਾਂ ਨੂੰ ਸੁਲੇਮਾਨ ਨੇ ਯਹੋਵਾਹ ਦੇ ਭਵਨ ਦੇ ਲਈ ਬਣਾਇਆ ਸੀ ਉਹਨਾਂ ਸਾਰੀਆਂ ਵਸਤਾਂ ਦਾ ਪਿੱਤਲ ਤੋਲ ਤੋਂ ਬਾਹਰ ਸੀ।

17ਹਰ ਥੰਮ੍ਹ ਅਠਾਰਾਂ ਹੱਥ ਉੱਚਾ ਸੀ ਅਤੇ ਉਹ ਦੇ ਉੱਤੇ ਪਿੱਤਲ ਦਾ ਇੱਕ ਕਲਸ ਸੀ ਅਤੇ ਕਲਸ ਤਿੰਨ ਹੱਥ ਉੱਚਾ ਸੀ ਅਤੇ ਉਸ ਕਲਸ ਉੱਤੇ ਚੁਫ਼ੇਰੇ ਜਾਲੀ ਤੇ ਅਨਾਰ ਸੱਭੇ ਪਿੱਤਲ ਦੇ ਸਨ ਅਤੇ ਦੂਜਾ ਥੰਮ੍ਹ ਵੀ ਇਹੋ ਜਿਹਾ ਸੀ ਅਤੇ ਉਸ ਉੱਤੇ ਵੀ ਜਾਲੀ ਸੀ।

18ਅਤੇ ਜੱਲਾਦਾਂ ਦੇ ਸਰਦਾਰ ਨੇ ਸਰਾਯਾਹ ਪ੍ਰਧਾਨ ਜਾਜਕ ਅਤੇ ਉਹ ਦੇ ਹੇਠਲੇ ਜਾਜਕ ਸਫ਼ਨਯਾਹ ਅਤੇ ਤਿੰਨਾਂ ਦਰਬਾਨਾਂ ਨੂੰ ਫੜ ਲਿਆ।

19ਅਤੇ ਸ਼ਹਿਰ ਵਿੱਚੋਂ ਇੱਕ ਦਰਬਾਰੀ ਨੂੰ ਫੜ ਲਿਆ ਜੋ ਯੋਧਿਆਂ ਉੱਤੇ ਠਹਿਰਾਇਆ ਹੋਇਆ ਸੀ ਅਤੇ ਜਿਹੜੇ ਰਾਜਾ ਦੇ ਸਨਮੁਖ ਰਹਿੰਦੇ ਸਨ ਉਨ੍ਹਾਂ ਵਿੱਚੋਂ ਪੰਜਾਂ ਮਨੁੱਖਾਂ ਨੂੰ ਜੋ ਸ਼ਹਿਰ ਵਿੱਚ ਮਿਲੇ ਅਤੇ ਸੈਨਾਪਤੀ ਦਾ ਲਿਖਾਰੀ ਜੋ ਦੇਸ ਦੇ ਲੋਕਾਂ ਦੀ ਭਰਤੀ ਕਰਦਾ ਹੁੰਦਾ ਸੀ ਅਤੇ ਦੇਸ ਦੇ ਲੋਕਾਂ ਵਿੱਚੋਂ ਸੱਠ ਆਦਮੀ ਜੋ ਸ਼ਹਿਰ ਵਿੱਚ ਮਿਲੇ।

20ਇਨ੍ਹਾਂ ਨੂੰ ਜੱਲਾਦਾਂ ਦਾ ਸਰਦਾਰ ਨਬੂਜ਼ਰਦਾਨ ਫੜ੍ਹ ਕੇ ਬਾਬਲ ਦੇ ਰਾਜਾ ਦੇ ਕੋਲ ਰਿਬਲਾਹ ਵਿੱਚ ਲੈ ਗਿਆ।

21ਅਤੇ ਬਾਬਲ ਦੇ ਰਾਜਾ ਨੇ ਉਨ੍ਹਾਂ ਨੂੰ ਹਮਾਥ ਦੇਸ ਦੇ ਰਿਬਲਾਹ ਵਿੱਚ ਮਾਰ ਕੇ ਉਨ੍ਹਾਂ ਦਾ ਘਾਤ ਕੀਤਾ ਸੋ ਯਹੂਦਾਹ ਆਪਣੀ ਹੀ ਭੂਮੀ ਵਿੱਚੋਂ ਗ਼ੁਲਾਮ ਹੋ ਗਿਆ।

22ਪਰੰਤੂ ਜੋ ਲੋਕ ਯਹੂਦਾਹ ਦੀ ਧਰਤੀ ਵਿੱਚ ਰਹਿ ਗਏ ਜਿਨ੍ਹਾਂ ਨੂੰ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਛੱਡ ਦਿੱਤਾ ਉਨ੍ਹਾਂ ਦੇ ਉੱਤੇ ਉਹ ਨੇ ਅਹੀਕਾਮ ਦੇ ਪੁੱਤਰ ਅਤੇ ਸ਼ਾਫਾਨ ਦੇ ਪੋਤੇ ਗਦਲਯਾਹ ਨੂੰ ਠਹਿਰਾ ਦਿੱਤਾ।

23ਜਦ ਸਾਰਿਆਂ ਸੈਨਾਪਤੀਆਂ ਅਤੇ ਉਨ੍ਹਾਂ ਦੇ ਸਿਪਾਹੀਆਂ ਨੇ ਸੁਣਿਆ ਕਿ ਬਾਬਲ ਦੇ ਰਾਜਾ ਨੇ ਗਦਲਯਾਹ ਨੂੰ ਅਧਿਕਾਰ ਦੇ ਦਿੱਤਾ ਹੈ ਤਾਂ ਉਹ ਮਿਸਪਾਹ ਵਿੱਚ ਗਦਲਯਾਹ ਕੋਲ ਆਏ ਅਰਥਾਤ ਨਥਨਯਾਹ ਦਾ ਪੁੱਤਰ ਇਸਮਾਏਲ ਅਤੇ ਕਾਰੇਆਹ ਦਾ ਪੁੱਤਰ ਯੋਹਾਨਾਨ ਅਤੇ ਨਟੋਫਾਥੀ ਤਨਹੁਮਥ ਦਾ ਪੁੱਤਰ ਸਰਾਯਾਹ ਅਤੇ ਮਆਕਾਥੀ ਦਾ ਪੁੱਤਰ ਯਅਜ਼ਨਯਾਹ, ਇਹ ਅਤੇ ਉਨ੍ਹਾਂ ਦੇ ਮਨੁੱਖ ਵੀ।

24ਅਤੇ ਗਦਲਯਾਹ ਨੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਮਨੁੱਖਾਂ ਨੂੰ ਸਹੁੰ ਖਾ ਕੇ ਆਖਿਆ, ਕਸਦੀਆਂ ਦੀ ਸੇਵਾ ਕਰਨ ਤੋਂ ਨਾ ਡਰੋ। ਦੇਸ ਵਿੱਚ ਵੱਸੋ ਅਤੇ ਬਾਬਲ ਦੇ ਰਾਜਾ ਦੀ ਸੇਵਾ ਕਰੋ ਤਾਂ ਤੁਹਾਡਾ ਭਲਾ ਹੋਵੇਗਾ।

25ਪਰ ਸੱਤਵੇਂ ਮਹੀਨੇ ਇਸ ਤਰ੍ਹਾਂ ਹੋਇਆ ਕਿ ਨਥਨਯਾਹ ਦੇ ਪੁੱਤਰ ਅਲੀਸ਼ਾਮਾ ਦੇ ਪੋਤੇ ਇਸਮਾਏਲ ਜੋ ਰਾਜਵੰਸ਼ੀ ਸੀ ਆਪਣੇ ਨਾਲ ਦਸ ਮਨੁੱਖ ਲੈ ਕੇ ਆਇਆ ਅਤੇ ਗਦਲਯਾਹ ਨੂੰ ਇਸ ਤਰ੍ਹਾਂ ਮਾਰਿਆ ਕਿ ਉਹ ਮਰ ਗਿਆ ਅਤੇ ਉਹਨਾਂ ਯਹੂਦੀਆਂ ਤੇ ਕਸਦੀਆਂ ਨੂੰ ਵੀ ਜੋ ਉਹ ਦੇ ਨਾਲ ਮਿਸਪਾਹ ਵਿੱਚ ਸਨ।

26ਤਾਂ ਨਿੱਕੇ ਵੱਡੇ ਸਾਰੇ ਲੋਕ ਤੇ ਸੈਨਾਪਤੀ ਉੱਠ ਕੇ ਮਿਸਰ ਨੂੰ ਆਏ ਕਿਉਂ ਜੋ ਓਹ ਕਸਦੀਆਂ ਤੋਂ ਡਰਦੇ ਸਨ।

27ਅਤੇ ਯਹੂਦਾਹ ਦੇ ਰਾਜਾ ਯਹੋਯਾਕੀਨ ਦੀ ਗ਼ੁਲਾਮੀ ਦੇ ਸੈਂਤੀਵੇਂ ਸਾਲ ਦੇ ਬਾਰ੍ਹਵੇਂ ਮਹੀਨੇ ਦੇ ਸਤਾਈਵੇਂ ਦਿਨ ਅਜਿਹਾ ਹੋਇਆ ਕਿ ਬਾਬਲ ਦੇ ਰਾਜਾ ਅਵੀਲ-ਮਰੋਦਕ ਨੇ ਆਪਣੇ ਰਾਜ ਦੇ ਪਹਿਲੇ ਹੀ ਸਾਲ ਯਹੂਦਾਹ ਦੇ ਰਾਜਾ ਯਹੋਯਾਕੀਨ ਨੂੰ ਕੈਦ ਤੋਂ ਕੱਢ ਕੇ ਉਹ ਨੂੰ ਉੱਚਿਆਂ ਕੀਤਾ।

28ਅਤੇ ਉਹ ਨੇ ਉਹ ਦੇ ਨਾਲ ਹਿੱਤ ਦੀਆਂ ਗੱਲਾਂ ਕੀਤੀਆਂ ਅਤੇ ਉਹ ਦੇ ਸਿੰਘਾਸਣ ਨੂੰ ਉੱਚਿਆਂ ਕੀਤਾ ਉਨ੍ਹਾਂ ਰਾਜਿਆਂ ਦੇ ਸਿੰਘਾਸਣਾਂ ਨਾਲੋਂ ਜੋ ਉਹ ਦੇ ਨਾਲ ਬਾਬਲ ਵਿੱਚ ਸਨ l

29ਆਪਣੇ ਕੈਦ ਵਾਲੇ ਬਸਤਰ ਬਦਲ ਕੇ ਉਹ ਉਮਰ ਭਰ ਉਸ ਦੇ ਸਾਹਮਣੇ ਰੋਟੀ ਖਾਂਦਾ ਰਿਹਾ।

30ਉਹ ਦਾ ਰਾਸ਼ਨ ਸਦਾ ਦਾ ਰਾਸ਼ਨ ਸੀ ਅਤੇ ਉਹ ਨੂੰ ਰਾਜਾ ਵੱਲੋਂ ਉਹ ਦੀ ਉਮਰ ਭਰ ਨਿੱਤ ਦਿੱਤਾ ਜਾਂਦਾ ਰਿਹਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath