2 ਰਾਜਿਆਂ 22
1ਜਦ ਯੋਸ਼ੀਯਾਹ ਰਾਜ ਕਰਨ ਲੱਗਾ ਤਾਂ ਉਹ ਅੱਠ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਇਕੱਤੀ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਯਦੀਦਾਹ ਸੀ ਜੋ ਬਾਸਕਥੀ ਅਦਾਯਾਹ ਦੀ ਧੀ ਸੀ।
2ਅਤੇ ਉਸ ਨੇ ਉਹੋ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਅਤੇ ਆਪਣੇ ਪਿਤਾ ਦਾਊਦ ਦੇ ਸਾਰੇ ਮਾਰਗਾਂ ਉੱਤੇ ਚੱਲਦਾ ਰਿਹਾ ਅਤੇ ਸੱਜੇ ਖੱਬੇ ਨਾ ਮੁੜਿਆ।
3ਯੋਸ਼ੀਯਾਹ ਰਾਜਾ ਦੇ ਰਾਜ ਦੇ ਅਠਾਰਵੇਂ ਸਾਲ ਇਸ ਤਰ੍ਹਾਂ ਹੋਇਆ ਕਿ ਰਾਜਾ ਨੇ ਮਸ਼ੁੱਲਾਮ ਦੇ ਪੋਤਰੇ ਅਸਲਯਾਹ ਦੇ ਪੁੱਤਰ ਸ਼ਾਫਾਨ ਮੁਨੀਮ ਨੂੰ ਯਹੋਵਾਹ ਦੇ ਭਵਨ ਨੂੰ ਇਹ ਆਖ ਕੇ ਭੇਜਿਆ।
4ਭਈ ਪ੍ਰਧਾਨ ਜਾਜਕ ਹਿਲਕੀਯਾਹ ਕੋਲ ਜਾ ਕਿ ਉਹ ਉਸ ਰੁਪਏ ਨੂੰ ਜੋ ਯਹੋਵਾਹ ਦੇ ਭਵਨ ਵਿੱਚ ਲਿਆਇਆ ਜਾਂਦਾ ਹੈ ਅਤੇ ਜਿਸ ਨੂੰ ਫਾਟਕ ਦੇ ਪਹਿਰੇਦਾਰਾਂ ਨੇ ਲੋਕਾਂ ਕੋਲੋਂ ਇਕੱਠਾ ਕੀਤਾ ਹੈ, ਗਿਣੇ
5ਕਿ ਉਹ ਉਨ੍ਹਾਂ ਕਰਿੰਦਿਆਂ ਦੇ ਹੱਥ ਵਿੱਚ ਦੇ ਦੇਣ ਜੋ ਯਹੋਵਾਹ ਦੇ ਭਵਨ ਦੀ ਦੇਖਭਾਲ ਕਰਦੇ ਹਨ ਤਾਂ ਜੋ ਉਹ ਉਨ੍ਹਾਂ ਕਰਿੰਦਿਆਂ ਨੂੰ ਵੀ ਦੇਣ ਜੋ ਭਵਨ ਦੀ ਟੁੱਟ-ਫੁੱਟ ਦੀ ਮੁਰੰਮਤ ਕਰਨ ਲਈ ਯਹੋਵਾਹ ਦੇ ਭਵਨ ਵਿੱਚ ਹਨ।
6ਅਰਥਾਤ ਤਰਖਾਣਾਂ ਤੇ ਰਾਜਾਂ ਤੇ ਮਿਸਤਰੀਆਂ ਨੂੰ ਨਾਲੇ ਭਵਨ ਦੀ ਮੁਰੰਮਤ ਦੇ ਲਈ ਲੱਕੜ ਅਤੇ ਘੜੇ ਹੋਏ ਪੱਥਰ ਮੁੱਲ ਲੈਣ।
7ਪਰ ਜੋ ਚਾਂਦੀ ਉਨ੍ਹਾਂ ਦੇ ਹੱਥ ਵਿੱਚ ਦਿੱਤੀ ਜਾਂਦੀ ਸੀ ਉਹ ਦਾ ਲੇਖਾ ਉਨ੍ਹਾਂ ਨਾਲ ਨਹੀਂ ਕੀਤਾ ਜਾਂਦਾ ਸੀ, ਕਿਉਂ ਜੋ ਉਹ ਵਿਹਾਰ ਦੇ ਖਰੇ ਸਨ।
8ਤਦ ਹਿਲਕੀਯਾਹ ਪ੍ਰਧਾਨ ਜਾਜਕ ਨੇ ਸ਼ਾਫਾਨ ਲਿਖਾਰੀ ਨੂੰ ਆਖਿਆ ਕਿ ਮੈਨੂੰ ਯਹੋਵਾਹ ਦੇ ਭਵਨ ਵਿੱਚੋਂ ਬਿਵਸਥਾ ਦੀ ਪੋਥੀ ਲੱਭੀ ਹੈ ਅਤੇ ਹਿਲਕੀਯਾਹ ਨੇ ਉਹ ਪੋਥੀ ਸ਼ਾਫਾਨ ਨੂੰ ਦੇ ਦਿੱਤੀ ਅਤੇ ਉਸ ਨੇ ਪੜ੍ਹੀ।
9ਤਦ ਸ਼ਾਫਾਨ ਲਿਖਾਰੀ ਰਾਜਾ ਦੇ ਕੋਲ ਆਇਆ ਅਤੇ ਰਾਜਾ ਕੋਲ ਫੇਰ ਇਹ ਖ਼ਬਰ ਲਿਆਇਆ ਅਤੇ ਆਖਿਆ ਕਿ ਤੁਹਾਡੇ ਦਾਸਾਂ ਨੇ ਉਹ ਚਾਂਦੀ ਜੋ ਭਵਨ ਵਿੱਚੋਂ ਮਿਲੀ ਇਕੱਠੀ ਕਰ ਕੇ ਉਨ੍ਹਾਂ ਕਰਿੰਦਿਆਂ ਦੇ ਹੱਥ ਵਿੱਚ ਦੇ ਦਿੱਤੀ ਜੋ ਯਹੋਵਾਹ ਦੇ ਭਵਨ ਦੀ ਦੇਖਭਾਲ ਕਰਦੇ ਹਨ।
10ਤਦ ਸ਼ਾਫਾਨ ਲਿਖਾਰੀ ਨੇ ਰਾਜਾ ਨੂੰ ਦੱਸਿਆ ਕਿ ਹਿਲਕੀਯਾਹ ਜਾਜਕ ਨੇ ਇੱਕ ਪੋਥੀ ਮੈਨੂੰ ਫੜਾਈ ਹੈ ਅਤੇ ਸ਼ਾਫਾਨ ਨੇ ਉਹ ਨੂੰ ਰਾਜਾ ਦੇ ਸਾਹਮਣੇ ਪੜ੍ਹਿਆ।
11ਤਾਂ ਇਸ ਤਰ੍ਹਾਂ ਹੋਇਆ ਕਿ ਜਦ ਰਾਜਾ ਨੇ ਬਿਵਸਥਾ ਦੀ ਪੋਥੀ ਦੀਆਂ ਗੱਲਾਂ ਸੁਣੀਆਂ ਤਾਂ ਉਹ ਨੇ ਆਪਣੇ ਬਸਤਰ ਪਾੜੇ।
12ਅਤੇ ਰਾਜਾ ਨੇ ਹਿਲਕੀਯਾਹ ਜਾਜਕ ਅਤੇ ਸ਼ਾਫਾਨ ਦੇ ਪੁੱਤਰ ਅਹੀਕਾਮ ਅਤੇ ਮੀਕਾਯਾਹ ਦੇ ਪੁੱਤਰ ਅਕਬੋਰ ਅਤੇ ਸ਼ਾਫਾਨ ਲਿਖਾਰੀ ਅਤੇ ਰਾਜਾ ਦੇ ਟਹਿਲੂਏ ਅਸਾਯਾਹ ਨੂੰ ਇਹ ਹੁਕਮ ਦਿੱਤਾ ਕਿ
13ਜਾਓ ਅਤੇ ਇਸ ਪੋਥੀ ਦੀਆਂ ਗੱਲਾਂ ਵਿਖੇ ਜੋ ਲੱਭੀ ਹੈ, ਮੇਰੀ ਵੱਲੋਂ ਤੇ ਲੋਕਾਂ ਦੀ ਵੱਲੋਂ ਤੇ ਸਾਰੇ ਯਹੂਦਾਹ ਵੱਲੋਂ ਯਹੋਵਾਹ ਤੋਂ ਪੁੱਛ-ਗਿੱਛ ਕਰੋ ਕਿਉਂ ਜੋ ਯਹੋਵਾਹ ਦਾ ਵੱਡਾ ਕ੍ਰੋਧ ਸਾਡੇ ਉੱਤੇ ਇਸੇ ਲਈ ਭੜਕਿਆ ਹੈ ਕਿ ਉਹ ਸਭ ਜੋ ਸਾਡੇ ਵਿਖੇ ਲਿਖਿਆ ਹੈ ਉਹ ਦੇ ਅਨੁਸਾਰ ਕਰਨ ਲਈ ਸਾਡੇ ਪੁਰਖਿਆਂ ਨੇ ਇਸ ਪੋਥੀ ਦੀਆਂ ਗੱਲਾਂ ਨੂੰ ਨਾ ਸੁਣਿਆ।
14ਸੋ ਹਿਲਕੀਯਾਹ ਜਾਜਕ, ਅਹੀਕਾਮ, ਅਕਬੋਰ, ਸ਼ਾਫਾਨ ਅਤੇ ਅਸਾਯਾਹ ਹੁਲਦਾਹ ਨਬੀਆ ਦੇ ਕੋਲ ਗਏ ਜੋ ਉਸ ਸ਼ੱਲੂਮ ਦੀ ਵਹੁਟੀ ਸੀ ਜੋ ਤਿਕਵਾਹ ਦਾ ਪੁੱਤਰ ਤੇ ਹਰਹਸ ਦਾ ਪੋਤਾ ਸੀ ਜੋ ਜਾਜਕਾਂ ਦੇ ਬਸਤਰਾਂ ਦਾ ਰਖਵਾਲਾ ਸੀ। ਉਹ ਯਰੂਸ਼ਲਮ ਵਿੱਚ ਮਿਸ਼ਨਹ ਨਾਮੀ ਮੁਹੱਲੇ ਵਿੱਚ ਰਹਿੰਦੀ ਸੀ ਅਤੇ ਉਨ੍ਹਾਂ ਨੇ ਉਹ ਦੇ ਨਾਲ ਗੱਲਬਾਤ ਕੀਤੀ।
15ਤਾਂ ਉਹ ਨੇ ਉਨ੍ਹਾਂ ਨੂੰ ਆਖਿਆ, ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਇਹ ਫ਼ਰਮਾਉਂਦਾ ਹੈ, ਤੁਸੀਂ ਉਸ ਮਨੁੱਖ ਨੂੰ ਜਿਸ ਨੇ ਤੁਹਾਨੂੰ ਮੇਰੇ ਕੋਲ ਭੇਜਿਆ ਹੈ ਇਹ ਆਖਣਾ,
16ਯਹੋਵਾਹ ਇਹ ਫ਼ਰਮਾਉਂਦਾ ਹੈ ਕਿ ਵੇਖੋ ਮੈਂ ਇਸ ਥਾਂ ਅਤੇ ਇਸ ਦੇ ਵਾਸੀਆਂ ਉੱਤੇ ਬੁਰਿਆਈ ਅਰਥਾਤ ਇਸ ਪੋਥੀ ਦੀਆਂ ਸਾਰੀਆਂ ਗੱਲਾਂ ਲਿਆਉਣ ਵਾਲਾ ਹਾਂ, ਜੋ ਯਹੂਦਾਹ ਦੇ ਰਾਜਾ ਨੇ ਪੜ੍ਹੀ ਹੈ।
17ਕਿਉਂ ਜੋ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਅਤੇ ਪਰਾਏ ਦੇਵਤਿਆਂ ਦੇ ਅੱਗੇ ਧੂਪ ਧੁਖਾਈ ਤਾਂ ਜੋ ਉਹ ਆਪਣੇ ਹੱਥਾਂ ਦੀ ਸਾਰੀ ਕਾਰੀਗਰੀ ਨਾਲ ਮੈਨੂੰ ਕ੍ਰੋਧ ਵਿੱਚ ਲਿਆਉਣ। ਸੋ ਮੇਰਾ ਕ੍ਰੋਧ ਇਸ ਥਾਂ ਤੇ ਭੜਕੇਗਾ ਅਤੇ ਠੰਡਾ ਨਾ ਹੋਵੇਗਾ।
18ਪਰ ਯਹੂਦਾਹ ਦੇ ਰਾਜਾ ਨੂੰ ਜਿਸ ਨੇ ਤੁਹਾਨੂੰ ਯਹੋਵਾਹ ਕੋਲੋਂ ਪੁੱਛ-ਗਿੱਛ ਕਰਨ ਲਈ ਭੇਜਿਆ ਹੈ ਤੁਸੀਂ ਇਸ ਤਰ੍ਹਾਂ ਆਖਿਓ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਉਹਨਾਂ ਗੱਲਾਂ ਦੇ ਵਿਖੇ ਜਿਹੜੀਆਂ ਤੂੰ ਸੁਣੀਆਂ ਹਨ।
19ਇਸ ਲਈ ਕਿ ਤੇਰਾ ਮਨ ਨਰਮ ਹੋਇਆ ਅਤੇ ਜਦ ਤੂੰ ਉਹ ਸੁਣਿਆ ਜੋ ਮੈਂ ਇਸ ਥਾਂ ਅਤੇ ਇਹ ਦੇ ਵਾਸੀਆਂ ਦੇ ਵਿਰੁੱਧ ਆਖਿਆ ਸੀ ਕਿ ਉਹ ਨਾਸ ਹੋਣ ਤੇ ਸਰਾਪੇ ਜਾਣ ਤਾਂ ਤੂੰ ਯਹੋਵਾਹ ਦੇ ਅੱਗੇ ਨੀਵਾਂ ਹੋਇਆ ਤੇ ਆਪਣੇ ਲੀੜੇ ਪਾੜੇ ਅਤੇ ਮੇਰੇ ਅੱਗੇ ਰੋਇਆ ਸੋ ਮੈਂ ਵੀ ਤੇਰੀ ਸੁਣੀ ਹੈ, ਯਹੋਵਾਹ ਦਾ ਵਾਕ ਹੈ।
20ਇਸ ਕਾਰਨ ਵੇਖ ਮੈਂ ਤੈਨੂੰ ਤੇਰੇ ਪੁਰਖਿਆਂ ਨਾਲ ਰਲਾਉਣ ਵਾਲਾ ਹਾਂ ਅਤੇ ਤੂੰ ਦਫ਼ਨਾਇਆ ਜਾਵੇਂਗਾ ਅਤੇ ਤੇਰੀਆਂ ਅੱਖੀਆਂ ਉਸ ਸਾਰੀ ਬੁਰਿਆਈ ਨੂੰ ਜੋ ਮੈਂ ਇਸ ਥਾਂ ਉੱਤੇ ਲਿਆਉਣ ਵਾਲਾ ਹਾਂ ਨਾ ਵੇਖਣਗੀਆਂ। ਉਹ ਫੇਰ ਰਾਜੇ ਕੋਲ ਇਹ ਸੁਨੇਹਾ ਲਿਆਏ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath