ਈਸਾਈ
ਪਿੱਛੇ

2 ਰਾਜਿਆਂ 19

1ਜਦੋਂ ਹਿਜ਼ਕੀਯਾਹ ਰਾਜਾ ਨੇ ਇਹ ਸੁਣਿਆ ਤਾਂ ਉਸ ਨੇ ਆਪਣੇ ਕੱਪੜੇ ਪਾੜੇ ਅਤੇ ਆਪਣੇ ਦੁਆਲੇ ਤੱਪੜ ਲਪੇਟਿਆ ਅਤੇ ਯਹੋਵਾਹ ਦੇ ਭਵਨ ਵਿੱਚ ਗਿਆ।

2ਅਤੇ ਅਲਯਾਕੀਮ ਨੂੰ ਜਿਹੜਾ ਮਹਿਲ ਦਾ ਪ੍ਰਬੰਧਕ ਸੀ ਅਤੇ ਸ਼ਬਨਾ ਮੁਨੀਮ ਅਤੇ ਜਾਜਕਾਂ ਦੇ ਬਜ਼ੁਰਗਾਂ ਨੂੰ ਤੱਪੜ ਪੁਆ ਕੇ ਆਮੋਸ ਦੇ ਪੁੱਤਰ ਯਸਾਯਾਹ ਨਬੀ ਕੋਲ ਭੇਜਿਆ।

3ਅਤੇ ਉਨ੍ਹਾਂ ਨੇ ਉਸ ਨੂੰ ਆਖਿਆ, ਹਿਜ਼ਕੀਯਾਹ ਇਹ ਆਖਦਾ ਹੈ ਕਿ ਇਹ ਦਿਨ ਦੁੱਖ, ਘੁਰਕੀ ਅਤੇ ਸ਼ਰਮਿੰਦਗੀ ਦਾ ਦਿਨ ਹੈ, ਕਿਉਂ ਜੋ ਬੱਚੇ ਤਾਂ ਜੰਮਣ ਵਾਲੇ ਹਨ ਪਰ ਜਣਨ ਦੀ ਸ਼ਕਤੀ ਨਹੀਂ ਰਹੀ।

4ਕੀ ਪਤਾ ਯਹੋਵਾਹ ਤੇਰਾ ਪਰਮੇਸ਼ੁਰ ਰਬਸ਼ਾਕੇਹ ਦੀਆਂ ਸਭ ਗੱਲਾਂ ਸੁਣੇ ਜਿਸ ਨੂੰ ਉਹ ਦੇ ਸੁਆਮੀ ਅੱਸ਼ੂਰ ਦੇ ਰਾਜੇ ਨੇ ਭੇਜਿਆ ਹੈ ਕਿ ਜੀਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰੇ ਅਤੇ ਜਿਹੜੀਆਂ ਗੱਲਾਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਸੁਣੀਆਂ ਹਨ ਸ਼ਾਇਦ ਉਹ ਉਨ੍ਹਾਂ ਨੂੰ ਝਿੜਕੇ। ਇਸ ਲਈ ਤੂੰ ਬਚਿਆਂ-ਖੁਚਿਆਂ ਲਈ ਜੋ ਰਹਿ ਗਏ ਹਨ, ਪ੍ਰਾਰਥਨਾ ਕਰ।

5ਸੋ ਹਿਜ਼ਕੀਯਾਹ ਰਾਜਾ ਦੇ ਕਰਮਚਾਰੀ ਯਸਾਯਾਹ ਦੇ ਕੋਲ ਆਏ।

6ਅਤੇ ਯਸਾਯਾਹ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਆਪਣੇ ਸੁਆਮੀ ਨੂੰ ਇਹ ਆਖਿਓ ਕਿ ਯਹੋਵਾਹ ਇਹ ਆਖਦਾ ਹੈ, ਤੂੰ ਉਨ੍ਹਾਂ ਗੱਲਾਂ ਤੋਂ ਜਿਹੜੀਆਂ ਤੂੰ ਸੁਣੀਆਂ ਹਨ ਜਿਨ੍ਹਾਂ ਦੇ ਨਾਲ ਅੱਸ਼ੂਰ ਦੇ ਰਾਜੇ ਦੇ ਸੇਵਕਾਂ ਨੇ ਮੇਰੇ ਵਿਰੁੱਧ ਕੁਫ਼ਰ ਬਕਿਆ ਹੈ, ਨਾ ਡਰੀਂ।

7ਵੇਖ ਮੈਂ ਉਹ ਦੇ ਵਿੱਚ ਇੱਕ ਅਜਿਹੀ ਰੂਹ ਪਾਵਾਂਗਾ ਕਿ ਉਹ ਕੁਝ ਅਫ਼ਵਾਹ ਸੁਣ ਕੇ ਆਪਣੇ ਦੇਸ ਨੂੰ ਮੁੜ ਜਾਵੇਗਾ ਅਤੇ ਮੈਂ ਉਹ ਨੂੰ ਉਸੇ ਦੇ ਦੇਸ ਵਿੱਚ ਤਲਵਾਰ ਨਾਲ ਮਰਵਾ ਦਿਆਂਗਾ।

8ਸੋ ਰਬਸ਼ਾਕੇਹ ਮੁੜ ਗਿਆ ਅਤੇ ਅੱਸ਼ੂਰ ਦੇ ਰਾਜੇ ਨੂੰ ਲਿਬਨਾਹ ਦੇ ਵਿਰੁੱਧ ਯੁੱਧ ਕਰਦਿਆਂ ਪਾਇਆ, ਕਿਉਂ ਜੋ ਉਸ ਨੇ ਸੁਣਿਆ ਸੀ ਕਿ ਉਹ ਲਾਕੀਸ਼ ਤੋਂ ਚਲਾ ਗਿਆ ਹੈ।

9ਜਦ ਉਸ ਨੇ ਕੂਸ਼ ਦੇ ਰਾਜੇ ਤਿਰਹਾਕਾਹ ਦੇ ਵਿਖੇ ਇਹ ਸੁਣਿਆ ਕਿ ਵੇਖ ਉਹ ਤੇਰੇ ਨਾਲ ਲੜਨ ਨੂੰ ਨਿੱਕਲਿਆ ਹੈ, ਤਾਂ ਉਸ ਨੇ ਇਹ ਆਖ ਕੇ ਹਿਜ਼ਕੀਯਾਹ ਵੱਲ ਸੰਦੇਸ਼ਵਾਹਕ ਭੇਜੇ।

10ਕਿ ਤੁਸੀਂ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੂੰ ਇਹ ਆਖਣਾ ਕਿ ਤੇਰਾ ਪਰਮੇਸ਼ੁਰ ਜਿਸ ਦੇ ਉੱਤੇ ਤੇਰਾ ਭਰੋਸਾ ਹੈ ਇਹ ਆਖ ਕੇ ਤੈਨੂੰ ਧੋਖਾ ਨਾ ਦੇਵੇ ਕਿ ਯਰੂਸ਼ਲਮ ਅੱਸ਼ੂਰ ਦੇ ਰਾਜੇ ਦੇ ਹੱਥ ਵਿੱਚ ਨਹੀਂ ਦਿੱਤਾ ਜਾਵੇਗਾ।

11ਵੇਖ ਤੂੰ ਆਪ ਸੁਣਿਆ ਹੈ ਕਿ ਅੱਸ਼ੂਰ ਦੇ ਰਾਜਿਆਂ ਨੇ ਸਾਰਿਆਂ ਦੇਸਾਂ ਨੂੰ ਨਾਸ ਕਰ ਕੇ ਉਹਨਾਂ ਨਾਲ ਕੀ ਕੀਤਾ। ਕੀ ਤੂੰ ਹੀ ਛੁੱਟ ਜਾਵੇਂਗਾ?

12ਕੀ ਉਹਨਾਂ ਕੌਮਾਂ ਦੇ ਦੇਵਤਿਆਂ ਨੇ ਉਹਨਾਂ ਨੂੰ ਅਰਥਾਤ ਗੋਜ਼ਾਨ, ਹਾਰਾਨ, ਰਸ਼ਫ਼ ਅਤੇ ਅਦਨ ਦੇ ਪੁੱਤਰਾਂ ਨੂੰ ਜੋ ਤਲਾੱਸਾਰ ਵਿੱਚ ਸਨ, ਜਿਨ੍ਹਾਂ ਨੂੰ ਮੇਰੇ ਪੁਰਖਿਆਂ ਨੇ ਨਾਸ ਕੀਤਾ ਛੁਡਾਇਆ ਸੀ?

13ਹਮਾਥ ਦਾ ਰਾਜਾ, ਅਰਪਾਦ ਦਾ ਰਾਜਾ ਅਤੇ ਸਫ਼ਰਵਇਮ ਸ਼ਹਿਰ ਦਾ, ਹੇਨਾ ਅਤੇ ਇੱਵਾਹ ਦੇ ਰਾਜੇ ਕਿੱਥੇ ਹਨ?

14ਜਦ ਹਿਜ਼ਕੀਯਾਹ ਨੇ ਸੰਦੇਸ਼ਵਾਹਕਾਂ ਦੇ ਹੱਥੋਂ ਉਹ ਪੱਤਰ ਲੈ ਕੇ ਪੜ੍ਹਿਆ, ਤਦ ਯਹੋਵਾਹ ਦੇ ਭਵਨ ਵਿੱਚ ਜਾ ਕੇ ਹਿਜ਼ਕੀਯਾਹ ਨੇ ਉਹ ਨੂੰ ਯਹੋਵਾਹ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ।

15ਅਤੇ ਹਿਜ਼ਕੀਯਾਹ ਨੇ ਯਹੋਵਾਹ ਅੱਗੇ ਇਹ ਆਖ ਕੇ ਪ੍ਰਾਰਥਨਾ ਕੀਤੀ, ਹੇ ਸੈਨਾਂ ਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਕਰੂਬੀਆਂ ਦੇ ਉੱਤੇ ਬਿਰਾਜਣ ਵਾਲੇ, ਧਰਤੀ ਦੇ ਸਾਰੇ ਰਾਜਾਂ ਦਾ ਤੂੰ ਆਪ ਹੀ ਇਕੱਲਾ ਪਰਮੇਸ਼ੁਰ ਹੈਂ। ਤੂੰ ਅਕਾਸ਼ ਅਤੇ ਧਰਤੀ ਨੂੰ ਬਣਾਇਆ।

16ਹੇ ਯਹੋਵਾਹ, ਆਪਣਾ ਕੰਨ ਲਾ ਅਤੇ ਸੁਣ! ਹੇ ਯਹੋਵਾਹ, ਆਪਣੀਆਂ ਅੱਖੀਆਂ ਖੋਲ੍ਹ ਅਤੇ ਵੇਖ! ਤੂੰ ਸਨਹੇਰੀਬ ਦੀਆਂ ਸਾਰੀਆਂ ਗੱਲਾਂ ਨੂੰ ਸੁਣ ਜਿਹੜੀਆਂ ਉਸ ਨੇ ਜੀਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰਨ ਲਈ ਅਖਵਾ ਘੱਲੀਆਂ ਹਨ।

17ਹੇ ਯਹੋਵਾਹ, ਸੱਚ-ਮੁੱਚ ਅੱਸ਼ੂਰ ਦੇ ਰਾਜਿਆਂ ਨੇ ਸਾਰੀਆਂ ਕੌਮਾਂ ਨੂੰ ਅਤੇ ਉਹਨਾਂ ਦੇ ਦੇਸਾਂ ਨੂੰ ਨਾਸ ਕੀਤਾ ਹੈ।

18ਅਤੇ ਉਹਨਾਂ ਦੇ ਦੇਵਤਿਆਂ ਨੂੰ ਅੱਗ ਵਿੱਚ ਪਾ ਦਿੱਤਾ, ਕਿਉਂ ਜੋ ਉਹ ਦੇਵਤੇ ਨਹੀਂ ਸਨ, ਸਗੋਂ ਮਨੁੱਖਾਂ ਦੇ ਹੱਥਾਂ ਦੀ ਕਾਰੀਗਰੀ, ਲੱਕੜੀ ਅਤੇ ਪੱਥਰ ਸਨ, ਇਸ ਲਈ ਉਹਨਾਂ ਨੇ ਉਨ੍ਹਾਂ ਨੂੰ ਨਾਸ ਕਰ ਦਿੱਤਾ।

19ਇਸ ਲਈ ਹੁਣ ਹੇ ਯਹੋਵਾਹ ਸਾਡੇ ਪਰਮੇਸ਼ੁਰ, ਮੈਂ ਤੇਰੀ ਮਿੰਨਤ ਕਰਦਾ ਹਾਂ, ਤੂੰ ਸਾਨੂੰ ਉਹ ਦੇ ਹੱਥੋਂ ਬਚਾ ਤਾਂ ਜੋ ਧਰਤੀ ਦੇ ਸਾਰੇ ਰਾਜ ਜਾਣ ਲੈਣ ਕਿ ਤੂੰ ਹੀ ਯਹੋਵਾਹ ਇਕੱਲਾ ਪਰਮੇਸ਼ੁਰ ਹੈਂ।

20ਤਦ ਆਮੋਸ ਦੇ ਪੁੱਤਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਇਹ ਸੁਨੇਹਾ ਭੇਜਿਆ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਹ ਆਖਦਾ ਹੈ ਕਿ ਜਿਹੜੀ ਪ੍ਰਾਰਥਨਾ ਤੂੰ ਅੱਸ਼ੂਰ ਦੇ ਰਾਜੇ ਸਨਹੇਰੀਬ ਦੇ ਵਿਖੇ ਮੇਰੇ ਅੱਗੇ ਕੀਤੀ ਹੈ, ਉਹ ਮੈਂ ਸੁਣ ਲਈ ਹੈ।

21ਉਹ ਦੇ ਵਿਖੇ ਜੋ ਬਚਨ ਯਹੋਵਾਹ ਨੇ ਆਖਿਆ ਹੈ, ਸੋ ਇਹ ਹੈ, ਸੀਯੋਨ ਦੀ ਕੁਆਰੀ ਧੀ ਤੈਨੂੰ ਤੁੱਛ ਜਾਣਦੀ, ਉਹ ਤੇਰਾ ਮਖ਼ੌਲ ਉਡਾਉਂਦੀ ਹੈ ਯਰੂਸ਼ਲਮ ਦੀ ਧੀ ਤੇਰੇ ਪਿੱਛੇ ਸਿਰ ਹਿਲਾਉਂਦੀ ਹੈ।

22ਤੂੰ ਕਿਸਨੂੰ ਬੋਲੀਆਂ ਮਾਰੀਆਂ ਅਤੇ ਕਿਸ ਦੇ ਵਿਰੁੱਧ ਕੁਫ਼ਰ ਬਕਿਆ ਹੈ? ਕਿਸ ਦੇ ਵਿਰੁੱਧ ਤੂੰ ਆਪਣੀ ਅਵਾਜ਼ ਉੱਚੀ ਕੀਤੀ? ਹਾਂ, ਤੂੰ ਇਸਰਾਏਲ ਦੇ ਪਵਿੱਤਰ ਪਰਮੇਸ਼ੁਰ ਦੇ ਵਿਰੁੱਧ ਘਮੰਡ ਨਾਲ, ਆਪਣੀਆਂ ਅੱਖੀਆਂ ਉਤਾਹਾਂ ਚੁੱਕੀਆਂ।

23ਤੂੰ ਆਪਣਿਆਂ ਸੰਦੇਸ਼ਵਾਹਕਾਂ ਦੇ ਰਾਹੀਂ ਪ੍ਰਭੂ ਨੂੰ ਬੋਲੀਆਂ ਮਾਰੀਆਂ ਅਤੇ ਆਖਿਆ ਹੈ, ਮੈਂ ਆਪਣੇ ਬਾਹਲਿਆਂ ਰਥਾਂ ਨਾਲ ਪਹਾੜਾਂ ਦੀਆਂ ਟੀਸੀਆਂ ਉੱਤੇ ਸਗੋਂ ਲਬਾਨੋਨ ਦੇ ਵਿੱਚਕਾਰ ਤੱਕ ਚੜ੍ਹ ਆਇਆ ਹਾਂ, ਮੈਂ ਉਹ ਦੇ ਉੱਚੇ ਤੋਂ ਉੱਚੇ ਦਿਆਰ, ਤੇ ਵਧੀਆ ਤੋਂ ਵਧੀਆ ਸਰੂ ਵੱਢ ਛੱਡਿਆ ਅਤੇ ਉਹ ਦੀ ਟੀਸੀ ਦੇ ਟਿਕਾਣਿਆਂ ਵਿੱਚ ਅਤੇ ਉਹ ਦੀ ਫਲਦਾਰ ਜੰਗਲੀ ਵਾੜੀ ਵਿੱਚ ਜਾ ਵੜਿਆ।

24ਮੈਂ ਤਾਂ ਪੁੱਟ-ਪੁੱਟ ਕੇ ਪਰਦੇਸਾਂ ਦਾ ਪਾਣੀ ਪੀਤਾ ਹੈ ਅਤੇ ਮੈਂ ਮਿਸਰ ਦੀਆਂ ਸਾਰੀਆਂ ਨਦੀਆਂ ਨੂੰ ਆਪਣੇ ਪੈਰਾਂ ਦੀਆਂ ਤਲੀਆਂ ਨਾਲ ਸੁਕਾ ਦਿੱਤਾ।

25ਕੀ ਤੂੰ ਨਹੀਂ ਸੁਣਿਆ ਜੋ ਬਹੁਤ ਚਿਰ ਤੋਂ ਮੈਂ ਇਹ ਠਾਣ ਲਿਆ ਸੀ ਅਤੇ ਪੁਰਾਣਿਆਂ ਦਿਨਾਂ ਵਿੱਚ ਮੈਂ ਇਹ ਦੇ ਲਈ ਕੰਮ ਕੀਤਾ ਸੀ? ਹੁਣ ਮੈਂ ਉਹ ਨੂੰ ਪੂਰਾ ਕਰਦਾ ਹਾਂ, ਕਿ ਤੂੰ ਗੜ੍ਹ ਵਾਲਿਆਂ ਸ਼ਹਿਰਾਂ ਨੂੰ ਉਜਾੜ-ਪੁਜਾੜ ਕੇ ਖੰਡਰ ਕਰ ਛੱਡੇਂ।

26ਸੋ ਉਨ੍ਹਾਂ ਦੇ ਨਿਵਾਸੀ ਨਿਰਬਲ ਹੋਣ ਕਰਕੇ, ਘਬਰਾ ਗਏ ਅਤੇ ਸ਼ਰਮਿੰਦੇ ਹੋਏ, ਉਹ ਖੇਤ ਦੇ ਸਾਗ ਪੱਤ ਅਤੇ ਹਰੀ ਅੰਗੂਰੀ ਵਰਗੇ ਹੋ ਗਏ ਅਤੇ ਛੱਤ ਉੱਤੇ ਦਾ ਘਾਹ ਅਤੇ ਅੰਨ ਵਾਂਗੂੰ ਹੋ ਗਏ, ਜੋ ਉੱਗਣ ਤੋਂ ਪਹਿਲਾਂ ਹੀ ਸੁੱਕ ਜਾਵੇ।

27ਪਰ ਮੈਂ ਤੇਰਾ ਬੈਠਣਾ ਤੇ ਤੇਰਾ ਅੰਦਰ-ਬਾਹਰ ਆਉਣਾ ਜਾਣਾ ਅਤੇ ਤੇਰਾ ਮੇਰੇ ਉੱਤੇ ਖਿਝਣਾ ਜਾਣਦਾ ਹਾਂ।

28ਇਸ ਲਈ ਕਿ ਤੇਰਾ ਮੇਰੇ ਉੱਤੇ ਖਿਝਣਾ ਅਤੇ ਤੇਰਾ ਰੌਲ਼ਾ ਮੇਰੇ ਕੰਨਾਂ ਤੱਕ ਪਹੁੰਚਿਆ ਹੈ, ਸੋ ਮੈਂ ਆਪਣੀ ਨਕੇਲ ਤੇਰੇ ਨੱਕ ਵਿੱਚ ਅਤੇ ਆਪਣੀ ਲਗਾਮ ਤੇਰੇ ਮੂੰਹ ਵਿੱਚ ਪਾਵਾਂਗਾ, ਜਿਹੜੇ ਰਾਹ ਤੂੰ ਆਇਆ ਉਸੇ ਰਾਹ ਤੈਨੂੰ ਪਿਛਾਹਾਂ ਮੋੜ ਦਿਆਂਗਾ।

29ਤੇਰੇ ਲਈ ਇਹ ਨਿਸ਼ਾਨ ਹੋਵੇਗਾ। ਇਸ ਸਾਲ ਉਹ ਖਾਓ ਜੋ ਕਿਰੇ ਹੋਏ ਬੀ ਤੋਂ ਉੱਗੇ, ਦੂਜੇ ਸਾਲ ਉਹ ਜੋ ਬਾਅਦ ਵਿੱਚ ਉਤਪਤ ਹੋਵੇ, ਤਦ ਤੀਜੇ ਸਾਲ ਤੁਸੀਂ ਬੀ ਬੀਜੋ ਤੇ ਵੱਢੋ, ਅੰਗੂਰੀ ਬਾਗ਼ ਲਾਓ ਅਤੇ ਉਨ੍ਹਾਂ ਦਾ ਫਲ ਖਾਓ।

30ਤਦ ਉਹ ਬਚੇ-ਖੁਚੇ ਜੋ ਯਹੂਦਾਹ ਦੇ ਘਰਾਣੇ ਵਿੱਚੋਂ ਬਚ ਰਹੇ ਹਨ, ਫੇਰ ਹੇਠਾਂ ਨੂੰ ਜੜ੍ਹ ਫੜ੍ਹ ਕੇ ਉਤਾਹਾਂ ਨੂੰ ਫਲਣਗੇ।

31ਕਿਉਂ ਜੋ ਇੱਕ ਬਕੀਆ ਯਰੂਸ਼ਲਮ ਵਿੱਚੋਂ ਅਤੇ ਬਚੇ ਹੋਏ ਸੀਯੋਨ ਪਰਬਤ ਵਿੱਚੋਂ ਨਿੱਕਲਣਗੇ। ਸੈਨਾਂ ਦੇ ਯਹੋਵਾਹ ਦੀ ਅਣਖ ਇਹ ਕਰੇਗੀ।

32ਇਸ ਲਈ ਅੱਸ਼ੂਰ ਦੇ ਰਾਜੇ ਦੇ ਵਿਖੇ ਯਹੋਵਾਹ ਇਹ ਫ਼ਰਮਾਉਂਦਾ ਹੈ ਕਿ ਉਹ ਨਾ ਤਾਂ ਇਸ ਸ਼ਹਿਰ ਕੋਲ ਆਵੇਗਾ, ਨਾ ਐਥੇ ਤੀਰ ਚਲਾਵੇਗਾ। ਨਾ ਢਾਲ਼ ਲੈ ਕੇ ਉਹ ਦੇ ਉੱਤੇ ਧਾਵਾ ਕਰੇਗਾ ਤੇ ਨਾ ਉਹ ਦੇ ਅੱਗੇ ਘੇਰਾ ਬਣਾਵੇਗਾ।

33ਜਿਸ ਰਾਹ ਉਹ ਆਇਆ ਉਸੇ ਰਾਹ ਮੁੜ ਜਾਵੇਗਾ, ਉਹ ਇਸ ਸ਼ਹਿਰ ਕੋਲ ਨਾ ਆਵੇਗਾ, ਇਹ ਯਹੋਵਾਹ ਦਾ ਵਾਕ ਹੈ।

34ਇਸ ਤਰ੍ਹਾਂ ਮੈਂ ਆਪਣੇ ਨਮਿੱਤ ਅਤੇ ਆਪਣੇ ਦਾਸ ਦਾਊਦ ਦੇ ਨਮਿੱਤ ਇਸ ਸ਼ਹਿਰ ਨੂੰ ਬਚਾਉਣ ਲਈ ਉਹ ਨੂੰ ਸਾਂਭ ਰੱਖਾਂਗਾ।

35ਫਿਰ ਇਸ ਤਰ੍ਹਾਂ ਹੋਇਆ ਕਿ ਉਸੇ ਰਾਤ ਯਹੋਵਾਹ ਦੇ ਦੂਤ ਨੇ ਨਿੱਕਲ ਕੇ ਅੱਸ਼ੂਰੀਆਂ ਦੇ ਡੇਰੇ ਵਿੱਚ ਇੱਕ ਲੱਖ ਪਚਾਸੀ ਹਜ਼ਾਰ ਮਾਰ ਸੁੱਟੇ ਅਤੇ ਜਦ ਲੋਕ ਸਵੇਰੇ ਉੱਠੇ, ਤਾਂ ਵੇਖੋ ਉਹ ਸਭ ਲੋਥਾਂ ਹੀ ਲੋਥਾਂ ਸਨ।

36ਸੋ ਅੱਸ਼ੂਰ ਦਾ ਰਾਜਾ ਸਨਹੇਰੀਬ ਉੱਥੋਂ ਤੁਰ ਪਿਆ ਅਤੇ ਮੁੜ ਕੇ ਨੀਨਵਾਹ ਵਿੱਚ ਜਾ ਰਿਹਾ।

37ਫੇਰ ਇਸ ਤਰ੍ਹਾਂ ਹੋਇਆ ਜਦ ਉਹ ਆਪਣੇ ਦੇਵਤੇ ਨਿਸਰੋਕ ਦੇ ਮੰਦਰ ਵਿੱਚ ਪੂਜਾ ਕਰ ਰਿਹਾ ਸੀ, ਤਾਂ ਅਦਰਮਲਕ ਅਤੇ ਸ਼ਰਸਰ ਨੇ ਉਹ ਨੂੰ ਤਲਵਾਰ ਨਾਲ ਵੱਢ ਛੱਡਿਆ ਅਤੇ ਉਹ ਅਰਾਰਾਤ ਦੇ ਦੇਸ ਨੂੰ ਭੱਜ ਗਏ ਅਤੇ ਉਹ ਦਾ ਪੁੱਤਰ ਏਸਰ-ਹੱਦੋਨ ਉਹ ਦੇ ਥਾਂ ਰਾਜ ਕਰਨ ਲੱਗਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath