2 ਰਾਜਿਆਂ 18
1ਫਿਰ ਇਸ ਤਰ੍ਹਾਂ ਹੋਇਆ ਕਿ ਇਸਰਾਏਲ ਦੇ ਰਾਜਾ ਏਲਾਹ ਦੇ ਪੁੱਤਰ ਹੋਸ਼ੇਆ ਦੇ ਰਾਜ ਦੇ ਤੀਜੇ ਸਾਲ ਵਿੱਚ ਆਹਾਜ਼ ਦਾ ਪੁੱਤਰ ਹਿਜ਼ਕੀਯਾਹ ਯਹੂਦਾਹ ਦਾ ਰਾਜਾ ਰਾਜ ਕਰਨ ਲੱਗਾ।
2ਜਦ ਉਹ ਰਾਜ ਕਰਨ ਲੱਗਾ ਤਾਂ ਪੱਚੀ ਸਾਲ ਦਾ ਸੀ ਅਤੇ ਉਸ ਨੇ ਉਨੱਤੀ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਅਬਿਯਾਹ ਸੀ, ਜੋ ਜ਼ਕਰਯਾਹ ਦੀ ਧੀ ਸੀ।
3ਅਤੇ ਸਭ ਕੁਝ ਜੋ ਉਸ ਦੇ ਪਿਉ ਦਾਊਦ ਨੇ ਕੀਤਾ ਸੀ ਉਸ ਨੇ ਉਸੇ ਤਰ੍ਹਾਂ ਉਹੋ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ।
4ਉਸ ਨੇ ਉੱਚਿਆਂ ਥਾਵਾਂ ਨੂੰ ਹਟਾ ਦਿੱਤਾ, ਥੰਮ੍ਹਾਂ ਦੇ ਟੁੱਕੜੇ-ਟੁੱਕੜੇ ਕਰ ਦਿੱਤੇ, ਟੁੰਡਾਂ ਨੂੰ ਵੱਢ ਸੁੱਟਿਆ ਅਤੇ ਪਿੱਤਲ ਦੇ ਸੱਪ ਨੂੰ ਜੋ ਮੂਸਾ ਨੇ ਬਣਾਇਆ ਸੀ ਚਕਨਾ-ਚੂਰ ਕਰ ਦਿੱਤਾ, ਕਿਉਂ ਜੋ ਉਨ੍ਹਾਂ ਦਿਨਾਂ ਤੱਕ ਇਸਰਾਏਲੀ ਉਹ ਦੇ ਅੱਗੇ ਧੂਪ ਧੁਖਾਉਂਦੇ ਸਨ ਸੋ ਉਸ ਨੇ ਉਹ ਦਾ ਨਾਮ ਨਹੁਸ਼ਤਾਨ ਰੱਖਿਆ।
5ਉਹ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਉੱਤੇ ਭਰੋਸਾ ਰੱਖਦਾ ਸੀ ਐਥੋਂ ਤੱਕ ਕਿ ਉਸ ਤੋਂ ਬਾਅਦ ਯਹੂਦਾਹ ਦੇ ਸਾਰੇ ਰਾਜਿਆਂ ਵਿੱਚੋਂ ਇੱਕ ਵੀ ਉਸ ਦੇ ਵਰਗਾ ਨਾ ਹੋਇਆ ਅਤੇ ਨਾ ਉਸ ਤੋਂ ਪਹਿਲਾਂ ਕੋਈ ਹੋਇਆ ਸੀ।
6ਉਹ ਯਹੋਵਾਹ ਦੇ ਨਾਲ ਚਿੰਬੜਿਆ ਰਿਹਾ ਅਤੇ ਉਹ ਦੇ ਪਿੱਛੋਂ ਤੁਰਨੋਂ ਨਾ ਹਟਿਆ, ਪਰ ਉਹ ਦੇ ਹੁਕਮਾਂ ਨੂੰ ਮੰਨਦਾ ਰਿਹਾ ਜਿਹੜੇ ਯਹੋਵਾਹ ਨੇ ਮੂਸਾ ਨੂੰ ਦਿੱਤੇ ਸਨ।
7ਯਹੋਵਾਹ ਉਸ ਦੇ ਅੰਗ-ਸੰਗ ਰਿਹਾ ਅਤੇ ਜਿੱਥੇ ਕਿਤੇ ਉਹ ਗਿਆ ਉਸ ਦਾ ਜਾਣਾ ਸਫ਼ਲ ਹੋਇਆ ਅਤੇ ਉਹ ਅੱਸ਼ੂਰ ਦੇ ਰਾਜਾ ਤੋਂ ਬੇਮੁੱਖ ਹੋ ਗਿਆ ਅਤੇ ਉਹ ਦੇ ਅਧੀਨ ਨਾ ਰਿਹਾ।
8ਉਸੇ ਨੇ ਹੀ ਫ਼ਲਿਸਤੀਆਂ ਨੂੰ ਅੱਜ਼ਾਹ ਅਤੇ ਉਹ ਦੀਆਂ ਹੱਦਾਂ ਤੱਕ ਪਹਿਰੇਦਾਰਾਂ ਦੇ ਬੁਰਜ ਤੋਂ ਗੜ੍ਹ ਵਾਲੇ ਸ਼ਹਿਰ ਤੱਕ ਮਾਰਿਆ।
9ਹਿਜ਼ਕੀਯਾਹ ਰਾਜਾ ਦੇ ਚੌਥੇ ਸਾਲ ਜੋ ਇਸਰਾਏਲ ਦੇ ਰਾਜਾ ਏਲਾਹ ਦੇ ਪੁੱਤਰ ਹੋਸ਼ੇਆ ਦੇ ਰਾਜ ਦਾ ਸੱਤਵਾਂ ਸਾਲ ਸੀ, ਇਸ ਤਰ੍ਹਾਂ ਹੋਇਆ ਕਿ ਅੱਸ਼ੂਰ ਦੇ ਰਾਜਾ ਸ਼ਲਮਨਸਰ ਨੇ ਸਾਮਰਿਯਾ ਉੱਤੇ ਚੜ੍ਹਾਈ ਕੀਤੀ ਅਤੇ ਉਹ ਨੂੰ ਘੇਰ ਲਿਆ।
10ਅਤੇ ਤਿੰਨਾਂ ਸਾਲਾਂ ਦੇ ਅੰਤ ਵਿੱਚ ਉਨ੍ਹਾਂ ਨੇ ਉਹ ਨੂੰ ਲੈ ਲਿਆ। ਹਿਜ਼ਕੀਯਾਹ ਦੇ ਰਾਜ ਦੇ ਛੇਵੇਂ ਸਾਲ ਜੋ ਇਸਰਾਏਲ ਦੇ ਰਾਜਾ ਹੋਸ਼ੇਆ ਦੇ ਰਾਜ ਦਾ ਨੌਵਾਂ ਸਾਲ ਸੀ, ਸਾਮਰਿਯਾ ਲੈ ਲਿਆ ਗਿਆ।
11ਸੋ ਅੱਸ਼ੂਰ ਦਾ ਰਾਜਾ ਇਸਰਾਏਲ ਨੂੰ ਅੱਸ਼ੂਰ ਵਿੱਚ ਗੁਲਾਮ ਬਣਾ ਕੇ ਲੈ ਗਿਆ ਅਤੇ ਉਹਨਾਂ ਨੂੰ ਹਲਹ ਵਿੱਚ ਅਤੇ ਗੋਜ਼ਾਨ ਦੀ ਨਦੀ ਦੇ ਕੋਲ ਹਾਬੋਰ ਵਿੱਚ ਅਤੇ ਮਾਦੀਆਂ ਦੇ ਸ਼ਹਿਰਾਂ ਵਿੱਚ ਵਸਾ ਦਿੱਤਾ।
12ਕਿਉਂ ਜੋ ਉਨ੍ਹਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀ ਸਗੋਂ ਉਹ ਦੇ ਨੇਮ ਦਾ ਉਲੰਘਣ ਕੀਤਾ। ਉਹ ਸਭ ਕੁਝ ਜਿਸ ਦੀ ਆਗਿਆ ਯਹੋਵਾਹ ਦੇ ਦਾਸ ਮੂਸਾ ਨੇ ਦਿੱਤੀ ਉਹਨਾਂ ਨੇ ਨਾ ਤਾਂ ਮੰਨਿਆ ਅਤੇ ਨਾ ਹੀ ਉਹ ਨੂੰ ਪੂਰਾ ਕੀਤਾ।
13ਹਿਜ਼ਕੀਯਾਹ ਰਾਜਾ ਦੇ ਸ਼ਾਸਨ ਦੇ ਚੌਧਵੇਂ ਸਾਲ ਅੱਸ਼ੂਰ ਦੇ ਰਾਜੇ ਸਨਹੇਰੀਬ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਉੱਤੇ ਚੜ੍ਹਾਈ ਕੀਤੀ ਅਤੇ ਉਨ੍ਹਾਂ ਨੂੰ ਲੈ ਲਿਆ।
14ਤਦ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੇ ਅੱਸ਼ੂਰ ਦੇ ਰਾਜਾ ਨੂੰ ਲਾਕੀਸ਼ ਵਿੱਚ ਸੁਨੇਹਾ ਭੇਜਿਆ ਕਿ ਮੇਰੇ ਕੋਲੋਂ ਪਾਪ ਹੋਇਆ। ਮੇਰੇ ਕੋਲੋਂ ਮੁੜ ਜਾ। ਜੋ ਕੁਝ ਤੂੰ ਮੇਰੇ ਉੱਤੇ ਰੱਖੇਂ ਉਹ ਨੂੰ ਮੈਂ ਚੁੱਕਾਂਗਾ। ਸੋ ਅੱਸ਼ੂਰ ਦੇ ਰਾਜਾ ਨੇ ਤਿੰਨ ਸੌ ਤੋੜੇ ਚਾਂਦੀ ਅਤੇ ਤੀਹ ਤੋੜੇ ਸੋਨਾ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਲਈ ਠਹਿਰਾ ਦਿੱਤਾ।
15ਅਤੇ ਹਿਜ਼ਕੀਯਾਹ ਨੇ ਸਾਰੀ ਚਾਂਦੀ ਜੋ ਯਹੋਵਾਹ ਦੇ ਭਵਨ ਵਿੱਚ ਅਤੇ ਰਾਜਾ ਦੇ ਮਹਿਲ ਦੇ ਖਜ਼ਾਨਿਆਂ ਵਿੱਚ ਮਿਲੀ ਉਹ ਨੂੰ ਦੇ ਦਿੱਤੀ।
16ਉਸ ਵੇਲੇ ਹਿਜ਼ਕੀਯਾਹ ਨੇ ਯਹੋਵਾਹ ਦੀ ਹੈਕਲ ਦੇ ਬੂਹਿਆਂ ਦਾ ਅਤੇ ਥਮ੍ਹਾਂ ਦਾ ਸੋਨਾ ਜੋ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੇ ਮੜ੍ਹਵਾਇਆ ਸੀ, ਲਹਾ ਲਿਆ ਅਤੇ ਅੱਸ਼ੂਰ ਦੇ ਰਾਜਾ ਨੂੰ ਦੇ ਦਿੱਤਾ।
17ਤਾਂ ਅੱਸ਼ੂਰ ਦੇ ਰਾਜਾ ਨੇ ਤਰਤਾਨ, ਰਬਸਾਰੀਸ ਅਤੇ ਰਬਸ਼ਾਕੇਹ ਨੂੰ ਲਾਕੀਸ਼ ਤੋਂ ਵੱਡੀ ਫੌਜ ਦੇ ਨਾਲ ਹਿਜ਼ਕੀਯਾਹ ਰਾਜਾ ਵੱਲ ਯਰੂਸ਼ਲਮ ਨੂੰ ਭੇਜਿਆ। ਸੋ ਉਹ ਚੜ੍ਹੇ ਤੇ ਯਰੂਸ਼ਲਮ ਦੇ ਨੇੜੇ ਪਹੁੰਚੇ ਅਤੇ ਉਪਰਲੇ ਤਲਾਬ ਦੀ ਖਾਲੀ ਦੇ ਕੋਲ ਜੋ ਧੋਬੀਆਂ ਦੇ ਮੈਦਾਨ ਦੇ ਰਾਹ ਉੱਤੇ ਹੈ, ਖੜ੍ਹੇ ਹੋ ਗਏੇ
18ਤਦ ਉਨ੍ਹਾਂ ਨੇ ਰਾਜਾ ਨੂੰ ਆਵਾਜ਼ ਦਿੱਤੀ ਅਤੇ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜੋ ਮਹਿਲ ਦਾ ਪ੍ਰਬੰਧਕ ਸੀ ਅਤੇ ਸ਼ਬਨਾ ਮੁਨੀਮ ਅਤੇ ਆਸਾਫ਼ ਦਾ ਪੁੱਤਰ ਯੋਆਹ ਲਿਖਾਰੀ ਉਨ੍ਹਾਂ ਕੋਲ ਨਿੱਕਲ ਕੇ ਆਏ।
19ਤਾਂ ਰਬਸ਼ਾਕੇਹ ਨੇ ਉਹਨਾਂ ਨੂੰ ਆਖਿਆ, ਤੁਸੀਂ ਹਿਜ਼ਕੀਯਾਹ ਨੂੰ ਆਖੋ, ਅੱਸ਼ੂਰ ਦਾ ਮਹਾਰਾਜਾ ਇਹ ਆਖਦਾ ਹੈ ਕਿ ਤੂੰ ਕਿਹੜੀ ਸ਼ਰਧਾ ਉੱਤੇ ਭਰੋਸਾ ਕਰੀਂ ਬੈਠਾ ਹੈਂ?
20ਤੂੰ ਆਖਿਆ ਤਾਂ ਹੈ, ਪਰ ਇਹ ਮੂੰਹ ਦੀਆਂ ਹੀ ਗੱਲਾਂ ਹਨ, ਕਿ ਯੁੱਧ ਲਈ ਮੇਰੇ ਕੋਲ ਜੁਗਤ ਤੇ ਬਲ ਹੈ। ਹੁਣ ਤੈਨੂੰ ਕਿਸ ਦੇ ਉੱਤੇ ਭਰੋਸਾ ਹੈ, ਜੋ ਤੂੰ ਮੇਰੇ ਵਿਰੁੱਧ ਵਿਦਰੋਹ ਕੀਤਾ ਹੈ?
21ਹੁਣ ਵੇਖ ਤੈਨੂੰ ਇਸ ਕੁਚਲੇ ਹੋਏ ਕਾਨੇ ਅਰਥਾਤ ਮਿਸਰ ਦੇ ਸਹਾਰੇ ਦਾ ਭਰੋਸਾ ਹੈ। ਜੇ ਕੋਈ ਮਨੁੱਖ ਉਹ ਦੇ ਨਾਲ ਢਾਸਣਾ ਲਾਵੇ ਤਾਂ ਉਹ ਉਸ ਦੇ ਹੱਥ ਵਿੱਚ ਖੁੱਭ ਕੇ ਉਹ ਨੂੰ ਪਾੜ ਛੱਡੇਗਾ। ਮਿਸਰ ਦਾ ਰਾਜਾ ਫ਼ਿਰਊਨ ਉਹਨਾਂ ਸਾਰਿਆਂ ਲਈ ਜਿਹੜੇ ਉਹ ਦੇ ਉੱਤੇ ਭਰੋਸਾ ਰੱਖਦੇ ਹਨ, ਅਜਿਹਾ ਹੀ ਕਰਦਾ ਹੈ।
22ਪਰ ਜੇ ਤੁਸੀਂ ਮੈਨੂੰ ਆਖੋ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੇ ਭਰੋਸਾ ਰੱਖਦੇ ਹਾਂ, ਤਾਂ ਕੀ ਉਹ ਉਹੋ ਨਹੀਂ ਹੈ ਜਿਸ ਦੇ ਉੱਚੇ ਥਾਵਾਂ ਅਤੇ ਜਗਵੇਦੀਆਂ ਨੂੰ ਹਿਜ਼ਕੀਯਾਹ ਨੇ ਹਟਾ ਕੇ ਯਹੂਦਾਹ ਅਤੇ ਯਰੂਸ਼ਲਮ ਨੂੰ ਆਖਿਆ ਹੈ, ਤੁਸੀਂ ਯਰੂਸ਼ਲਮ ਵਿੱਚ ਇਸ ਜਗਵੇਦੀ ਅੱਗੇ ਮੱਥਾ ਟੇਕਿਆ ਕਰੋ?
23ਇਸ ਲਈ ਹੁਣ ਮੇਰੇ ਸੁਆਮੀ ਅੱਸ਼ੂਰ ਦੇ ਰਾਜੇ ਦੇ ਨਾਲ ਸਮਝੌਤਾ ਕਰ। ਮੈਂ ਤੈਨੂੰ ਦੋ ਹਜ਼ਾਰ ਘੋੜੇ ਦਿੰਦਾ ਹਾਂ ਜੇ ਤੂੰ ਉਹਨਾਂ ਉੱਤੇ ਆਪਣੀ ਵੱਲੋਂ ਸਵਾਰ ਬਿਠਾ ਸਕੇਂ।
24ਫੇਰ ਤੂੰ ਕਿਵੇਂ ਮੇਰੇ ਸੁਆਮੀ ਦੇ ਛੋਟੇ ਤੋਂ ਛੋਟੇ ਨੌਕਰਾਂ ਵਿੱਚੋਂ ਇੱਕ ਕਪਤਾਨ ਦਾ ਵੀ ਮੂੰਹ ਫੇਰ ਸਕੇਂਗਾ? ਜਦ ਕਿ ਤੂੰ ਆਪਣੀ ਵੱਲੋਂ ਰਥਾਂ ਤੇ ਸਵਾਰਾਂ ਲਈ ਮਿਸਰ ਉੱਤੇ ਭਰੋਸਾ ਕੀਤਾ ਹੋਇਆ ਹੈ?
25ਕੀ ਮੈਂ ਯਹੋਵਾਹ ਦੇ ਹੁਕਮ ਤੋਂ ਬਾਹਰ ਹੋ ਕੇ ਇਸ ਥਾਂ ਨੂੰ ਨਾਸ ਕਰਨ ਲਈ ਇਹ ਦੇ ਉੱਤੇ ਚੜ੍ਹਾਈ ਕੀਤੀ ਹੈ? ਯਹੋਵਾਹ ਨੇ ਆਪ ਹੀ ਮੈਨੂੰ ਆਖਿਆ ਕਿ ਇਸ ਦੇਸ ਉੱਤੇ ਚੜ੍ਹਾਈ ਕਰ ਕੇ ਇਸ ਨੂੰ ਨਾਸ ਕਰ ਦੇ!
26ਤਦ ਹਿਲਕੀਯਾਹ ਦੇ ਪੁੱਤਰ ਅਲਯਾਕੀਮ, ਸ਼ਬਨਾ ਅਤੇ ਯੋਆਹ ਨੇ ਰਬਸ਼ਾਕੇਹ ਨੂੰ ਆਖਿਆ ਕਿ ਆਪਣੇ ਦਾਸਾਂ ਨਾਲ ਅਰਾਮੀ ਭਾਸ਼ਾ ਵਿੱਚ ਗੱਲ ਕਰੋ, ਕਿਉਂ ਜੋ ਅਸੀਂ ਉਹ ਨੂੰ ਸਮਝਦੇ ਹਾਂ ਅਤੇ ਉਨ੍ਹਾਂ ਲੋਕਾਂ ਦੇ ਸੁਣਦਿਆਂ ਜਿਹੜੇ ਸ਼ਹਿਰਪਨਾਹ ਉੱਤੇ ਬੈਠੇ ਹਨ ਯਹੂਦੀਆਂ ਦੀ ਭਾਸ਼ਾ ਵਿੱਚ ਸਾਡੇ ਨਾਲ ਗੱਲ ਨਾ ਕਰੋ।
27ਪਰ ਰਬਸ਼ਾਕੇਹ ਨੇ ਉਨ੍ਹਾਂ ਨੂੰ ਆਖਿਆ, ਕੀ ਮੇਰੇ ਸੁਆਮੀ ਨੇ ਮੈਨੂੰ ਤੇਰੇ ਸੁਆਮੀ ਦੇ ਕੋਲ ਜਾਂ ਤੇਰੇ ਕੋਲ ਹੀ ਇਹ ਗੱਲਾਂ ਆਖਣ ਲਈ ਭੇਜਿਆ ਹੈ ਪਰ ਇਹਨਾਂ ਮਨੁੱਖਾਂ ਦੇ ਕੋਲ ਨਹੀਂ ਜਿਹੜੇ ਸ਼ਹਿਰਪਨਾਹ ਉੱਤੇ ਬੈਠੇ ਹੋਏ ਹਨ, ਜਿਨ੍ਹਾਂ ਨੂੰ ਤੁਹਾਡੇ ਨਾਲ ਆਪਣਾ ਬਿਸ਼ਟਾ ਖਾਣਾ ਅਤੇ ਆਪਣਾ ਮੂਤਰ ਪੀਣਾ ਪਵੇਗਾ?
28ਤਦ ਰਬਸ਼ਾਕੇਹ ਖੜ੍ਹਾ ਹੋ ਗਿਆ ਅਤੇ ਯਹੂਦੀਆਂ ਦੀ ਬੋਲੀ ਵਿੱਚ ਉੱਚੀ ਦੇ ਕੇ ਬੋਲਿਆ ਅਤੇ ਇਹ ਆਖਿਆ, ਤੁਸੀਂ ਅੱਸ਼ੂਰ ਦੇ ਮਹਾਰਾਜ ਦਾ ਬਚਨ ਸੁਣ ਲਵੋ!
29ਰਾਜਾ ਇਸ ਤਰ੍ਹਾਂ ਆਖਦਾ ਹੈ ਕਿ ਹਿਜ਼ਕੀਯਾਹ ਤੁਹਾਨੂੰ ਧੋਖਾ ਨਾ ਦੇਵੇ, ਕਿਉਂ ਜੋ ਉਹ ਤੁਹਾਨੂੰ ਮੇਰੇ ਹੱਥੋਂ ਛੁਡਾ ਨਹੀਂ ਸਕੇਗਾ।
30ਨਾ ਹੀ ਹਿਜ਼ਕੀਯਾਹ ਇਹ ਆਖ ਕੇ ਯਹੋਵਾਹ ਉੱਤੇ ਤੁਹਾਡਾ ਭਰੋਸਾ ਕਰਾਵੇ ਭਈ ਯਹੋਵਾਹ ਜ਼ਰੂਰ ਸਾਨੂੰ ਛੁਡਾਵੇਗਾ ਇਸ ਲਈ ਇਹ ਸ਼ਹਿਰ ਅੱਸ਼ੂਰ ਦੇ ਰਾਜੇ ਦੇ ਹੱਥੀਂ ਨਹੀਂ ਦਿੱਤਾ ਜਾਵੇਗਾ।
31ਹਿਜ਼ਕੀਯਾਹ ਦੀ ਨਾ ਸੁਣੋ ਕਿਉਂ ਜੋ ਅੱਸ਼ੂਰ ਦਾ ਰਾਜਾ ਇਹ ਆਖਦਾ ਹੈ ਕਿ ਮੇਰੇ ਨਾਲ ਸੁਲਾਹ ਕਰੋ ਅਤੇ ਨਿੱਕਲ ਕੇ ਮੇਰੇ ਕੋਲ ਆਓ। ਤਾਂ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਦਾਖ ਦੀ ਵੇਲ ਤੋਂ ਅਤੇ ਹਰ ਕੋਈ ਆਪਣੇ ਹੀ ਹੰਜ਼ੀਰ ਦੇ ਰੁੱਖ ਤੋਂ ਫਲ ਖਾਵੇਗਾ ਅਤੇ ਹਰ ਕੋਈ ਆਪਣੇ ਹੀ ਹੌਦ ਦਾ ਪਾਣੀ ਪੀਵੇਗਾ।
32ਜਦ ਤੱਕ ਮੈਂ ਆ ਕੇ ਤੁਹਾਨੂੰ ਇੱਕ ਅਜਿਹੇ ਦੇਸ ਵਿੱਚ ਨਾ ਲੈ ਜਾਂਵਾਂ ਜੋ ਤੁਹਾਡੇ ਦੇਸ ਵਾਂਗੂੰ ਅਨਾਜ ਤੇ ਨਵੀਂ ਮਧ ਦਾ ਦੇਸ, ਰੋਟੀ ਤੇ ਅੰਗੂਰੀ ਬਾਗ਼ਾਂ ਦਾ ਦੇਸ, ਜ਼ੈਤੂਨ ਦੇ ਤੇਲ ਅਤੇ ਸ਼ਹਿਦ ਦਾ ਦੇਸ ਹੈ, ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਮਰ ਨਾ ਜਾਓ। ਪਰ ਹਿਜ਼ਕੀਯਾਹ ਦੀ ਨਾ ਸੁਣਿਓ, ਕਿਉਂ ਜੋ ਉਹ ਤੁਹਾਨੂੰ ਇਹ ਆਖ ਕੇ ਭਰਮਾਵੇਗਾ ਕਿ ਯਹੋਵਾਹ ਸਾਨੂੰ ਛੁਡਾਵੇਗਾ।
33ਕੀ ਕੌਮਾਂ ਦੇ ਦੇਵਤਿਆਂ ਵਿੱਚੋਂ ਕਿਸੇ ਨੇ ਵੀ ਆਪਣੇ ਦੇਸ ਨੂੰ ਅੱਸ਼ੂਰ ਦੇ ਰਾਜਾ ਦੇ ਹੱਥੋਂ ਕਦੀ ਛੁਡਾਇਆ ਹੈ?
34ਹਮਾਥ ਅਤੇ ਅਰਪਾਦ ਦੇ ਦੇਵਤੇ ਕਿੱਥੇ ਹਨ? ਸਫ਼ਰਵਇਮ, ਹੇਨਾ ਅਤੇ ਇੱਵਾਹ ਦੇ ਦੇਵਤੇ ਕਿੱਥੇ ਹਨ? ਕੀ ਉਹਨਾਂ ਨੇ ਸਾਮਰਿਯਾ ਨੂੰ ਮੇਰੇ ਹੱਥੋਂ ਛੁਡਾ ਲਿਆ?
35ਦੇਸ ਦੇ ਸਾਰਿਆਂ ਦੇਵਤਿਆਂ ਵਿੱਚੋਂ ਉਹ ਕਿਹੜੇ ਹਨ, ਜਿਨ੍ਹਾਂ ਨੇ ਆਪਣਾ ਦੇਸ ਮੇਰੇ ਹੱਥੋਂ ਛੁਡਾ ਲਿਆ ਕਿ ਯਹੋਵਾਹ ਮੇਰੇ ਹੱਥੋਂ ਯਰੂਸ਼ਲਮ ਨੂੰ ਛੁਡਾ ਲਵੇ?
36ਪਰ ਲੋਕਾਂ ਨੇ ਚੁੱਪ ਵੱਟ ਲਈ ਅਤੇ ਉਹ ਨੂੰ ਇੱਕ ਗੱਲ ਦਾ ਵੀ ਉੱਤਰ ਨਾ ਦਿੱਤਾ, ਕਿਉਂ ਜੋ ਰਾਜੇ ਦਾ ਹੁਕਮ ਇਹ ਸੀ ਕਿ ਤੁਸੀਂ ਉਸ ਨੂੰ ਉੱਤਰ ਦੇਣਾ ਹੀ ਨਹੀਂ।
37ਤਦ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜੋ ਮਹਿਲ ਦਾ ਪ੍ਰਬੰਧਕ ਸੀ, ਸ਼ਬਨਾ ਮੁਨੀਮ ਅਤੇ ਆਸਾਫ਼ ਦਾ ਪੁੱਤਰ ਯੋਆਹ ਜੋ ਲਿਖਾਰੀ ਸੀ, ਕੱਪੜੇ ਪਾੜ ਕੇ ਹਿਜ਼ਕੀਯਾਹ ਦੇ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਰਬਸ਼ਾਕੇਹ ਦੀਆਂ ਗੱਲਾਂ ਦੱਸੀਆਂ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath