2 ਰਾਜਿਆਂ 17
1ਯਹੂਦਾਹ ਦੇ ਰਾਜਾ ਆਹਾਜ਼ ਦੇ ਬਾਰ੍ਹਵੇਂ ਸਾਲ ਏਲਾਹ ਦਾ ਪੁੱਤਰ ਹੋਸ਼ੇਆ, ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਨੌਂ ਸਾਲ ਰਾਜ ਕੀਤਾ।
2ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ, ਪਰ ਇਸਰਾਏਲ ਦੇ ਉਨ੍ਹਾਂ ਰਾਜਿਆਂ ਵਾਂਗੂੰ ਨਹੀਂ ਜੋ ਉਸ ਤੋਂ ਪਹਿਲਾਂ ਸਨ।
3ਅੱਸ਼ੂਰ ਦੇ ਰਾਜਾ ਸ਼ਲਮਨਸਰ ਨੇ ਉਸ ਦੇ ਉੱਤੇ ਹਮਲਾ ਕੀਤਾ। ਹੋਸ਼ੇਆ ਉਸ ਦਾ ਦਾਸ ਹੋ ਗਿਆ ਅਤੇ ਉਸ ਨੂੰ ਨਜ਼ਰਾਨਾ ਦਿੱਤਾ।
4ਅੱਸ਼ੂਰ ਦੇ ਰਾਜਾ ਨੇ ਹੋਸ਼ੇਆ ਦੀ ਚਾਲ ਨੂੰ ਬੁੱਝ ਲਿਆ ਕਿਉਂ ਜੋ ਉਸ ਨੇ ਮਿਸਰ ਦੇ ਰਾਜਾ ਦੇ ਕੋਲ ਦੂਤ ਭੇਜੇ ਸਨ ਅਤੇ ਅੱਸ਼ੂਰ ਦੇ ਰਾਜਾ ਕੋਲ ਉਹ ਨਜ਼ਰਾਨਾ ਲੈ ਕੇ ਨਾ ਗਿਆ, ਜਿਹੜਾ ਉਹ ਹਰ ਸਾਲ ਲੈ ਕੇ ਜਾਂਦਾ ਹੁੰਦਾ ਸੀ। ਇਸ ਕਰਕੇ ਅੱਸ਼ੂਰ ਦੇ ਰਾਜਾ ਨੇ ਉਸ ਨੂੰ ਬੰਦ ਕਰ ਲਿਆ ਅਤੇ ਬੰਨ੍ਹ ਕੇ ਬੰਦੀਖ਼ਾਨੇ ਵਿੱਚ ਪਾ ਦਿੱਤਾ।
5ਤਦ ਅੱਸ਼ੂਰ ਦੇ ਰਾਜਾ ਨੇ ਸਾਰੇ ਦੇਸ ਉੱਤੇ ਚੜ੍ਹਾਈ ਕੀਤੀ ਅਤੇ ਸਾਮਰਿਯਾ ਉੱਤੇ ਚੜ੍ਹਾਈ ਕਰ ਕੇ ਤਿੰਨ ਸਾਲ ਉਸ ਨੂੰ ਘੇਰੀਂ ਰੱਖਿਆ।
6ਹੋਸ਼ੇਆ ਦੇ ਨੌਵੇਂ ਸਾਲ ਅੱਸ਼ੂਰ ਦੇ ਰਾਜਾ ਨੇ ਸਾਮਰਿਯਾ ਨੂੰ ਲੈ ਲਿਆ ਅਤੇ ਇਸਰਾਏਲ ਨੂੰ ਗੁਲਾਮ ਬਣਾ ਕੇ ਅੱਸ਼ੂਰ ਨੂੰ ਲੈ ਗਿਆ ਅਤੇ ਉਨ੍ਹਾਂ ਨੂੰ ਹਲਹ ਵਿੱਚ ਤੇ ਗੋਜ਼ਾਨ ਦੀ ਨਦੀ ਹਾਬੋਰ ਦੇ ਵਿੱਚ ਅਤੇ ਮਾਦੀਆਂ ਦੇ ਸ਼ਹਿਰਾਂ ਵਿੱਚ ਵਸਾ ਦਿੱਤਾ।
7ਇਸ ਦਾ ਕਾਰਨ ਇਹ ਸੀ ਕਿ ਇਸਰਾਏਲ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਜੋ ਉਨ੍ਹਾਂ ਨੂੰ ਮਿਸਰ ਦੇ ਦੇਸ ਤੋਂ ਅਤੇ ਮਿਸਰ ਦੇ ਰਾਜਾ ਫ਼ਿਰਊਨ ਦੇ ਹੱਥੋਂ ਕੱਢ ਕੇ ਲਿਆਇਆ ਸੀ, ਪਾਪ ਕੀਤਾ ਅਤੇ ਪਰਾਏ ਦੇਵਤਿਆਂ ਦਾ ਭੈਅ ਮੰਨਿਆ।
8ਜਿਨ੍ਹਾਂ ਕੌਮਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਸਾਹਮਣਿਓਂ ਕੱਢ ਦਿੱਤਾ ਸੀ, ਉਨ੍ਹਾਂ ਦੀਆਂ ਅਤੇ ਇਸਰਾਏਲ ਦੇ ਰਾਜਿਆਂ ਦੀਆਂ ਬਣਾਈਆਂ ਹੋਈਆਂ ਬਿਧੀਆਂ ਉੱਤੇ ਚੱਲਦੇ ਸਨ।
9ਇਸਰਾਏਲੀਆਂ ਨੇ ਗੁਪਤ ਵਿੱਚ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਉਹ ਕੰਮ ਕੀਤੇ, ਜੋ ਚੰਗੇ ਨਹੀਂ ਸਨ ਅਤੇ ਉਨ੍ਹਾਂ ਨੇ ਪਹਿਰੇਦਾਰਾਂ ਨੂੰ ਗੁੰਬਦ ਤੋਂ ਲੈ ਕੇ ਗੜ੍ਹ ਵਾਲੇ ਸ਼ਹਿਰ ਤੱਕ ਆਪਣਿਆਂ ਸਾਰਿਆਂ ਸ਼ਹਿਰਾਂ ਵਿੱਚ ਉੱਚੇ ਥਾਂ ਬਣਾ ਲਏ।
10ਉਨ੍ਹਾਂ ਨੇ ਹਰ ਉੱਚੇ ਟਿੱਲੇ ਉੱਤੇ ਤੇ ਹਰੇਕ ਹਰੇ ਰੁੱਖ ਦੇ ਹੇਠਾਂ ਆਪਣੇ ਲਈ ਥੰਮ੍ਹ ਅਤੇ ਲੱਕੜ ਦੇ ਦੇਵਤੇ ਖੜ੍ਹੇ ਕਰ ਲਏ।
11ਉੱਥੇ ਸਾਰਿਆਂ ਉੱਚਿਆਂ ਥਾਵਾਂ ਦੇ ਉੱਤੇ ਉਹਨਾਂ ਕੌਮਾਂ ਵਾਂਗੂੰ ਜਿਨ੍ਹਾਂ ਨੂੰ ਯਹੋਵਾਹ ਨੇ ਉਨ੍ਹਾਂ ਦੇ ਸਾਹਮਣਿਓਂ ਕੱਢ ਦਿੱਤਾ ਸੀ, ਧੂਪ ਧੁਖਾਈ ਅਤੇ ਯਹੋਵਾਹ ਦੇ ਕ੍ਰੋਧ ਨੂੰ ਭੜਕਾਉਣ ਲਈ ਉਹ ਕੰਮ ਕੀਤੇ, ਜੋ ਭੈੜੇ ਸਨ
12ਅਤੇ ਬੁੱਤਾਂ ਦੀ ਪੂਜਾ ਕੀਤੀ ਜਿਸ ਦੇ ਵਿਖੇ ਯਹੋਵਾਹ ਨੇ ਉਨ੍ਹਾਂ ਨੂੰ ਆਖਿਆ ਸੀ ਕਿ ਤੁਸੀਂ ਇਹ ਕੰਮ ਨਾ ਕਰਿਓ।
13ਯਹੋਵਾਹ ਸਾਰੇ ਨਬੀਆਂ ਅਤੇ ਸਾਰੇ ਦਰਸ਼ਣ ਵੇਖਣ ਵਾਲਿਆਂ ਦੇ ਰਾਹੀਂ ਇਹ ਕਹਿ ਕੇ ਇਸਰਾਏਲ ਤੇ ਯਹੂਦਾਹ ਨੂੰ ਚਿਤਾਰਦਾ ਰਿਹਾ ਕਿ ਆਪਣਿਆਂ ਭੈੜਿਆਂ ਰਾਹਾਂ ਤੋਂ ਮੁੜੋ ਅਤੇ ਉਸ ਸਾਰੀ ਬਿਵਸਥਾ ਦੇ ਅਨੁਸਾਰ ਜਿਸ ਦੀ ਆਗਿਆ ਮੈਂ ਤੁਹਾਡੇ ਪੁਰਖਿਆਂ ਨੂੰ ਦਿੱਤੀ ਅਤੇ ਜਿਸ ਨੂੰ ਮੈਂ ਆਪਣੇ ਦਾਸਾਂ ਨਬੀਆਂ ਦੇ ਰਾਹੀਂ ਤੁਹਾਡੇ ਕੋਲ ਭੇਜਿਆ, ਮੇਰਿਆਂ ਹੁਕਮਾਂ ਤੇ ਬਿਧੀਆਂ ਨੂੰ ਮੰਨੋ।
14ਤਦ ਵੀ ਉਨ੍ਹਾਂ ਨੇ ਨਾ ਸੁਣੀ ਪਰ ਆਪਣੇ ਪੁਰਖਿਆਂ ਵਾਂਗੂੰ ਜਿਨ੍ਹਾਂ ਯਹੋਵਾਹ ਆਪਣੇ ਪਰਮੇਸ਼ੁਰ ਤੇ ਨਿਹਚਾ ਨਾ ਕੀਤੀ, ਢੀਠ ਹੋ ਗਏ।
15ਪਰ ਉਸ ਦੀਆਂ ਬਿਧੀਆਂ ਅਤੇ ਨੇਮ ਨੂੰ ਜੋ ਉਸ ਨੇ ਉਨ੍ਹਾਂ ਦੇ ਪੁਰਖਿਆਂ ਨਾਲ ਬੰਨ੍ਹਿਆ ਸੀ ਅਤੇ ਉਸ ਦੀਆਂ ਸਾਖੀਆਂ ਨੂੰ ਜੋ ਉਸ ਨੇ ਉਨ੍ਹਾਂ ਨੂੰ ਸੰਭਾਲੀਆਂ ਸਨ, ਓਹ ਨੇ ਰੱਦਿਆ ਅਤੇ ਨਿਕੰਮੀਆਂ ਵਸਤੂਆਂ ਦੇ ਪਿੱਛੇ ਲੱਗ ਕੇ ਨਿਕੰਮੇ ਹੋ ਗਏ ਅਤੇ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਪਿੱਛੇ ਲੱਗ ਗਏ, ਜਿਨ੍ਹਾਂ ਦੇ ਵਿਖੇ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਵਾਂਗੂੰ ਕੰਮ ਨਾ ਕਰਨ।
16ਪਰ ਉਨ੍ਹਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਰੇ ਹੁਕਮਾਂ ਨੂੰ ਛੱਡ ਕੇ ਆਪਣੇ ਲਈ ਢਾਲੀਆਂ ਹੋਈਆਂ ਮੂਰਤਾਂ ਅਰਥਾਤ ਦੋ ਵੱਛੇ ਬਣਾਏ, ਇੱਕ ਲੱਕੜ ਦਾ ਬੁੱਤ ਤਿਆਰ ਕਰ ਕੇ ਅਕਾਸ਼ ਦੀ ਸਾਰੀ ਸੈਨਾਂ ਨੂੰ ਮੱਥਾ ਟੇਕਿਆ ਅਤੇ ਬਆਲ ਦੀ ਪੂਜਾ ਕੀਤੀ।
17ਅਤੇ ਆਪਣੇ ਪੁੱਤਰਾਂ ਅਤੇ ਆਪਣੀਆਂ ਧੀਆਂ ਨੂੰ ਅੱਗ ਵਿੱਚ ਦੀ ਲੰਘਾਇਆ ਅਤੇ ਪੁੱਛ ਪੁਆਉਣ ਵਾਲਿਆਂ ਤੇ ਜਾਦੂਗਰਾਂ ਤੋਂ ਕੰਮ ਲਿਆ ਅਤੇ ਆਪਣੇ ਆਪ ਉਨ੍ਹਾਂ ਕੰਮਾਂ ਲਈ ਵਿੱਕ ਗਏ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰੇ ਸਨ ਅਤੇ ਉਹ ਦੇ ਕ੍ਰੋਧ ਨੂੰ ਭੜਕਾਇਆ।
18ਯਹੋਵਾਹ ਇਸਰਾਏਲ ਉੱਤੇ ਅੱਤ ਕ੍ਰੋਧਵਾਨ ਹੋਇਆ ਅਤੇ ਉਨ੍ਹਾਂ ਨੂੰ ਆਪਣੇ ਅੱਗਿਓਂ ਦੂਰ ਕਰ ਦਿੱਤਾ। ਯਹੂਦਾਹ ਦੇ ਗੋਤ ਤੋਂ ਬਿਨ੍ਹਾਂ ਕੋਈ ਨਾ ਛੁੱਟਿਆ।
19ਯਹੂਦਾਹ ਨੇ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਨਾ ਮੰਨਿਆ ਪਰ ਉਹ ਉਹਨਾਂ ਬਿਧੀਆਂ ਤੇ ਚੱਲਦੇ ਰਹੇ ਜੋ ਇਸਰਾਏਲ ਨੇ ਬਣਾਈਆਂ ਸਨ।
20ਇਸ ਲਈ ਯਹੋਵਾਹ ਨੇ ਇਸਰਾਏਲ ਦੀ ਸਾਰੀ ਅੰਸ ਨੂੰ ਰੱਦਿਆ ਅਤੇ ਉਨ੍ਹਾਂ ਨੂੰ ਨੀਵੀਆਂ ਕੀਤਾ ਅਤੇ ਉਨ੍ਹਾਂ ਨੂੰ ਲੁਟੇਰਿਆਂ ਦੇ ਹੱਥ ਵਿੱਚ ਦੇ ਕੇ ਅੰਤ ਨੂੰ ਆਪਣੇ ਅੱਗਿਓਂ ਉਨ੍ਹਾਂ ਨੂੰ ਦੂਰ ਕਰ ਦਿੱਤਾ।
21ਕਿਉਂ ਜੋ ਉਸ ਉੱਤਰੀ ਰਾਜ - ਇਸਰਾਏਲ ਨੂੰ ਦਾਊਦ ਦੇ ਘਰਾਣੇ ਤੋਂ ਅਲੱਗ ਕਰ ਦਿੱਤਾ ਅਤੇ ਉਨ੍ਹਾਂ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ ਰਾਜਾ ਬਣਾ ਲਿਆ ਅਤੇ ਯਾਰਾਬੁਆਮ ਨੇ ਇਸਰਾਏਲ ਨੂੰ ਯਹੋਵਾਹ ਦੇ ਪਿੱਛੇ ਤੁਰਨ ਤੋਂ ਹਟਾ ਕੇ ਉਨ੍ਹਾਂ ਤੋਂ ਵੱਡਾ ਪਾਪ ਕਰਾਇਆ।
22ਅਤੇ ਇਸਰਾਏਲੀ ਉਹਨਾਂ ਸਾਰਿਆਂ ਪਾਪਾਂ ਵਿੱਚ ਤੁਰਦੇ ਰਹੇ ਜੋ ਯਾਰਾਬੁਆਮ ਨੇ ਕੀਤੇ ਸਨ ਅਤੇ ਉਨ੍ਹਾਂ ਨੇ ਉਹਨਾਂ ਨੂੰ ਨਾ ਛੱਡਿਆ।
23ਇੱਥੋਂ ਤੱਕ ਕਿ ਯਹੋਵਾਹ ਨੇ ਇਸਰਾਏਲ ਨੂੰ ਆਪਣੇ ਅੱਗਿਓਂ ਹਟਾ ਦਿੱਤਾ ਜਿਵੇਂ ਉਸ ਨੇ ਆਪਣੇ ਸਾਰੇ ਦਾਸਾਂ ਨਬੀਆਂ ਦੇ ਰਾਹੀਂ ਆਖਿਆ ਸੀ। ਇਸਰਾਏਲ ਆਪਣੀ ਧਰਤੀ ਤੋਂ ਕੱਢ ਕੇ ਅੱਸ਼ੂਰ ਵਿੱਚ ਪਹੁੰਚਾਇਆ ਗਿਆ ਜਿੱਥੇ ਉਹ ਅੱਜ ਦੇ ਦਿਨ ਤੱਕ ਹੈ।
24ਅੱਸ਼ੂਰ ਦੇ ਰਾਜਾ ਨੇ ਬਾਬਲ, ਕੂਥਾਹ, ਅੱਵਾ, ਹਮਾਥ ਅਤੇ ਸਫ਼ਰਵਇਮ ਦੇ ਲੋਕਾਂ ਨੂੰ ਲਿਆ ਕੇ, ਸਾਮਰਿਯਾ ਵਿੱਚ ਇਸਰਾਏਲੀਆਂ ਦੇ ਥਾਂ ਵਸਾਇਆ। ਫਿਰ ਉਨ੍ਹਾਂ ਨੇ ਸਾਮਰਿਯਾ ਨੂੰ ਲੈ ਲਿਆ ਤੇ ਉਸ ਦੇ ਸ਼ਹਿਰਾਂ ਵਿੱਚ ਵੱਸ ਗਏ।
25ਤਦ ਅਜਿਹਾ ਹੋਇਆ ਕਿ ਜਦ ਉਹ ਪਹਿਲੇ ਪਹਿਲ ਉੱਥੇ ਵੱਸੇ ਤਦ ਉਹ ਯਹੋਵਾਹ ਦਾ ਭੈਅ ਨਹੀਂ ਮੰਨਦੇ ਸਨ। ਇਸ ਲਈ ਯਹੋਵਾਹ ਨੇ ਉਨ੍ਹਾਂ ਵਿੱਚ ਸ਼ੇਰ ਭੇਜੇ, ਜਿਨ੍ਹਾਂ ਨੇ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰਿਆ।
26ਇਸ ਲਈ ਉਨ੍ਹਾਂ ਨੇ ਅੱਸ਼ੂਰ ਦੇ ਰਾਜਾ ਨੂੰ ਇਹ ਆਖਿਆ ਕਿ ਜਿਨ੍ਹਾਂ ਕੌਮਾਂ ਨੂੰ ਤੁਸੀਂ ਲੈ ਜਾ ਕੇ ਸਾਮਰਿਯਾ ਵਿੱਚ ਵਸਾਇਆ ਹੈ ਉਹ ਉਸ ਦੇਸ ਦੇ ਪਰਮੇਸ਼ੁਰ ਦੀ ਰੀਤ ਨੂੰ ਨਹੀਂ ਜਾਣਦੀਆਂ, ਇਸ ਲਈ ਉਸ ਨੇ ਉਨ੍ਹਾਂ ਦੇ ਵਿੱਚ ਸ਼ੇਰ ਭੇਜੇ ਹਨ ਅਤੇ ਵੇਖੋ, ਉਹ ਉਨ੍ਹਾਂ ਨੂੰ ਪਾੜਦੇ ਹਨ ਕਿਉਂ ਜੋ ਉਸ ਦੇਸ ਦੇ ਦੇਵਤੇ ਦੀ ਰੀਤ ਨੂੰ ਨਹੀਂ ਜਾਣਦੇ।
27ਤਦ ਅੱਸ਼ੂਰ ਦੇ ਰਾਜਾ ਨੇ ਆਗਿਆ ਦਿੱਤੀ ਕਿ ਜਿਨ੍ਹਾਂ ਜਾਜਕਾਂ ਨੂੰ ਤੁਸੀਂ ਉਸ ਥਾਂ ਤੋਂ ਗੁਲਾਮ ਬਣਾ ਕੇ ਲੈ ਆਏ ਹੋ, ਉਹਨਾਂ ਵਿੱਚੋਂ ਇੱਕ ਨੂੰ ਉੱਥੇ ਲੈ ਜਾਓ ਕਿ ਉਹ ਉੱਥੇ ਜਾ ਕੇ ਵੱਸੇ ਅਤੇ ਉਨ੍ਹਾਂ ਨੂੰ ਉਸ ਦੇਸ ਦੇ ਦੇਵਤੇ ਦੀ ਰੀਤ ਸਿਖਾਉਣ।
28ਤਦ ਉਹਨਾਂ ਜਾਜਕਾਂ ਵਿੱਚੋਂ ਜਿਨ੍ਹਾਂ ਨੂੰ ਉਹ ਸਾਮਰਿਯਾ ਵਿੱਚ ਗੁਲਾਮ ਬਣਾ ਕੇ ਲਿਆਏ ਸਨ, ਇੱਕ ਜਣਾ ਆ ਕੇ ਬੈਤਏਲ ਵਿੱਚ ਰਹਿਣ ਲੱਗਾ ਅਤੇ ਉਨ੍ਹਾਂ ਨੂੰ ਸਿਖਾਉਣ ਲੱਗ ਪਿਆ ਕਿ ਉਨ੍ਹਾਂ ਨੂੰ ਕਿਵੇਂ ਯਹੋਵਾਹ ਦਾ ਭੈਅ ਮੰਨਣਾ ਚਾਹੀਦਾ ਹੈ।
29ਤਦ ਵੀ ਸਾਰੀਆਂ ਕੌਮਾਂ ਨੇ ਵੱਖੋ-ਵੱਖ ਆਪਣੇ ਦੇਵਤੇ ਬਣਾਏ ਅਤੇ ਉਨ੍ਹਾਂ ਸ਼ਹਿਰਾਂ ਵਿੱਚ ਜਿੱਥੇ ਵੱਸ ਗਏ ਸਨ, ਹਰ ਕੌਮ ਨੇ ਸਾਮਰਿਯਾ ਦੀਆਂ ਬਣਾਈਆਂ ਹੋਈਆਂ ਉੱਚੀਆਂ ਥਾਵਾਂ ਦੇ ਮੰਦਰਾਂ ਵਿੱਚ ਉਨ੍ਹਾਂ ਨੂੰ ਰੱਖ ਦਿੱਤਾ।
30ਬਾਬਲ ਦੇ ਮਨੁੱਖਾਂ ਨੇ ਸੁੱਕੋਥ ਬਨੋਥ ਨੂੰ ਬਣਾਇਆ ਅਤੇ ਕੂਥ ਦੇ ਮਨੁੱਖਾਂ ਨੇ ਨੇਰਗਾਲ ਨੂੰ ਬਣਾਇਆ ਅਤੇ ਹਮਾਥ ਦੇ ਮਨੁੱਖਾਂ ਨੇ ਅਸ਼ੀਮਾ ਨੂੰ ਬਣਾਇਆ।
31ਅੱਵੀਆਂ ਨੇ ਨਿਬਹਜ਼ ਅਤੇ ਤਰਤਾਕ ਨੂੰ ਬਣਾਇਆ ਅਤੇ ਸਫ਼ਰਵੀਆਂ ਨੇ ਆਪਣੇ ਪੁੱਤਰਾਂ ਨੂੰ ਅਦਰਮਲਕ ਅਤੇ ਅਨਮਲਕ ਦੇ ਲਈ ਜੋ ਸਫ਼ਰਵਇਮ ਦੇ ਦੇਵਤੇ ਸਨ, ਅੱਗ ਵਿੱਚ ਸਾੜਦੇ ਹੁੰਦੇ ਸਨ।
32ਇਸ ਤਰ੍ਹਾਂ ਉਹ ਯਹੋਵਾਹ ਦਾ ਭੈਅ ਮੰਨਣ ਵਾਲੇ ਤਾਂ ਹੋ ਗਏ, ਪਰ ਨਾਲ ਹੀ ਆਪਣੇ ਲਈ ਉੱਚਿਆਂ ਥਾਵਾਂ ਦੇ ਜਾਜਕ ਵੀ ਆਪਣੇ ਵਿੱਚੋਂ ਬਣਾ ਲਏ ਜੋ ਉਨ੍ਹਾਂ ਦੇ ਲਈ ਉੱਚਿਆਂ ਥਾਵਾਂ ਦੇ ਮੰਦਰਾਂ ਵਿੱਚ ਭੇਟਾਂ ਚੜ੍ਹਾਉਂਦੇ ਹੁੰਦੇ ਸਨ।
33ਉਹ ਯਹੋਵਾਹ ਦਾ ਭੈਅ ਮੰਨਦੇ ਸਨ ਪਰ ਨਾਲ ਹੀ ਉਨ੍ਹਾਂ ਕੌਮਾਂ ਦੀ ਰੀਤ ਅਨੁਸਾਰ ਜਿਨ੍ਹਾਂ ਵਿੱਚੋਂ ਉਹ ਕੱਢ ਕੇ ਲਿਆਂਦੇ ਗਏ ਸਨ, ਆਪਣੇ ਦੇਵਤਿਆਂ ਦੀ ਪੂਜਾ ਵੀ ਕਰਦੇ ਹੁੰਦੇ ਸਨ।
34ਅੱਜ ਦੇ ਦਿਨ ਤੱਕ ਉਹ ਪਹਿਲੀਆਂ ਰੀਤਾਂ ਦੇ ਅਨੁਸਾਰ ਕਰਦੇ ਹਨ। ਉਹ ਯਹੋਵਾਹ ਦਾ ਭੈਅ ਨਹੀਂ ਮੰਨਦੇ ਨਾ ਉਹ ਉਹਨਾਂ ਦੀਆਂ ਬਿਧੀਆਂ ਜਾਂ ਰੀਤਾਂ ਅਨੁਸਾਰ ਕਰਦੇ ਹਨ ਅਤੇ ਨਾ ਉਸ ਬਿਵਸਥਾ ਅਤੇ ਹੁਕਮ ਅਨੁਸਾਰ ਜਿਹ ਦਾ ਹੁਕਮ ਯਹੋਵਾਹ ਨੇ ਯਾਕੂਬ ਦੀ ਸੰਤਾਨ ਨੂੰ ਦਿੱਤਾ ਜਿਹ ਦਾ ਨਾਮ ਉਹ ਨੇ ਇਸਰਾਏਲ ਰੱਖਿਆ ਸੀ।
35ਜਿਨ੍ਹਾਂ ਨਾਲ ਯਹੋਵਾਹ ਨੇ ਨੇਮ ਬੱਧਾ ਅਤੇ ਇਹ ਹੁਕਮ ਦਿੱਤਾ ਸੀ ਕਿ ਤੁਸੀਂ ਪਰਾਏ ਦੇਵਤਿਆਂ ਦਾ ਭੈਅ ਨਾ ਮੰਨਿਓ, ਨਾ ਉਨ੍ਹਾਂ ਅੱਗੇ ਮੱਥਾ ਟੇਕਿਓ, ਨਾ ਉਨ੍ਹਾਂ ਦੀ ਪੂਜਾ ਕਰਿਓ ਤੇ ਨਾ ਉਨ੍ਹਾਂ ਅੱਗੇ ਬਲੀ ਚੜ੍ਹਾਇਓ।
36ਪਰ ਯਹੋਵਾਹ ਜੋ ਵੱਡੇ ਬਲ ਅਤੇ ਵਧਾਈ ਹੋਈ ਬਾਂਹ ਨਾਲ ਤੁਹਾਨੂੰ ਮਿਸਰ ਦੇ ਦੇਸ ਵਿੱਚੋਂ ਕੱਢ ਲਿਆਇਆ ਕੇਵਲ ਉਸੇ ਦਾ ਭੈਅ ਮੰਨੋ ਅਤੇ ਉਸੇ ਨੂੰ ਤੁਸੀਂ ਮੱਥਾ ਟੇਕੋ ਅਤੇ ਉਸ ਦੇ ਅੱਗੇ ਤੁਸੀਂ ਬਲੀ ਚੜ੍ਹਾਇਓ।
37ਅਤੇ ਜੋ ਬਿਧੀਆਂ, ਆਗਿਆਵਾਂ, ਬਿਵਸਥਾ ਅਤੇ ਹੁਕਮਨਾਮਾ ਉਸ ਨੇ ਤੁਹਾਡੇ ਲਈ ਲਿਖੇ ਉਨ੍ਹਾਂ ਨੂੰ ਪੱਕਾ ਕਰ ਕੇ ਮੰਨਿਓ ਅਤੇ ਪਰਾਏ ਦੇਵਤਿਆਂ ਦਾ ਭੈਅ ਨਾ ਮੰਨਿਓ।
38ਜਿਹੜਾ ਨੇਮ ਮੈਂ ਤੁਹਾਡੇ ਨਾਲ ਬੰਨ੍ਹਿਆ ਹੈ ਤੁਸੀਂ ਨਾ ਭੁੱਲਣਾ ਨਾ ਪਰਾਏ ਦੇਵਤਿਆਂ ਦਾ ਵੀ ਤੁਸੀਂ ਮੰਨਣਾ।
39ਪਰ ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈਅ ਮੰਨਿਓ ਤਦ ਉਹ ਤੁਹਾਨੂੰ ਤੁਹਾਡੇ ਸਾਰੇ ਵੈਰੀਆਂ ਦੇ ਹੱਥੋਂ ਛੁਡਾਵੇਗਾ।
40ਪਰ ਉਨ੍ਹਾਂ ਨੇ ਨਾ ਸੁਣਿਆ ਸਗੋਂ ਆਪਣੀ ਪਹਿਲੀ ਰੀਤ ਅਨੁਸਾਰ ਕਰਦੇ ਰਹੇ।
41ਇਸ ਤਰ੍ਹਾਂ ਉਹ ਕੌਮਾਂ ਯਹੋਵਾਹ ਦਾ ਭੈਅ ਵੀ ਮੰਨਦੀਆਂ ਸਨ ਤੇ ਨਾਲੇ ਆਪਣੀਆਂ ਘੜ੍ਹੀਆਂ ਹੋਇਆਂ ਮੂਰਤਾਂ ਦੀ ਪੂਜਾ ਵੀ ਕਰਦੀਆਂ ਸਨ ਅਤੇ ਜਿਵੇਂ ਪੁਰਖੇ ਭੇਟਾਂ ਚੜ੍ਹਾਉਂਦੇ ਸਨ, ਉਸੇ ਤਰ੍ਹਾਂ ਉਨ੍ਹਾਂ ਦੇ ਪੁੱਤਰ ਪੋਤੇ ਵੀ ਅੱਜ ਦੇ ਦਿਨ ਤੱਕ ਚੜ੍ਹਾਉਂਦੇ ਹਨ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath