2 ਰਾਜਿਆਂ 13
1ਯਹੂਦਾਹ ਦੇ ਰਾਜਾ ਅਹਜ਼ਯਾਹ ਦੇ ਪੁੱਤਰ ਯੋਆਸ਼ ਦੇ ਰਾਜ ਦੇ ਤੇਈਵੇਂ ਸਾਲ ਤੋਂ ਯੇਹੂ ਦਾ ਪੁੱਤਰ ਯਹੋਆਹਾਜ਼ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਸਤਾਰਾਂ ਸਾਲ ਰਾਜ ਕੀਤਾ।
2ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ ਅਤੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਦੇ ਅਨੁਸਾਰ ਕੀਤਾ, ਜਿਹੜੇ ਉਹ ਨੇ ਇਸਰਾਏਲ ਤੋਂ ਕਰਵਾਏ ਸਨ ਅਤੇ ਉਸ ਨੇ ਉਨ੍ਹਾਂ ਨੂੰ ਨਾ ਛੱਡਿਆ।
3ਤਦ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਹਨਾਂ ਨੂੰ ਅਰਾਮ ਦੇ ਰਾਜਾ ਹਜ਼ਾਏਲ ਅਤੇ ਹਜ਼ਾਏਲ ਦੇ ਪੁੱਤਰ ਬਨ-ਹਦਦ ਦੇ ਹੱਥ ਵਿੱਚ ਦਿੰਦਾ ਰਿਹਾ।
4ਤਦ ਯਹੋਆਹਾਜ਼ ਨੇ ਯਹੋਵਾਹ ਨੂੰ ਮਨਾ ਲਿਆ ਅਤੇ ਯਹੋਵਾਹ ਨੇ ਉਸ ਦੀ ਸੁਣ ਲਈ ਕਿਉਂ ਜੋ ਉਸ ਨੇ ਇਸਰਾਏਲ ਉੱਤੇ ਹੋ ਰਹੇ ਅਨ੍ਹੇਰ ਨੂੰ ਵੇਖਿਆ, ਉਹ ਅਨ੍ਹੇਰ ਜਿਹੜਾ ਅਰਾਮ ਦਾ ਰਾਜਾ ਉਹਨਾਂ ਉੱਤੇ ਕਰਦਾ ਸੀ।
5ਯਹੋਵਾਹ ਨੇ ਇਸਰਾਏਲ ਨੂੰ ਇੱਕ ਛੁਡਾਉਣ ਵਾਲਾ ਦਿੱਤਾ, ਉਹ ਅਰਾਮ ਦੇ ਹੱਥ ਹੇਠੋਂ ਨਿੱਕਲ ਗਏ ਅਤੇ ਇਸਰਾਏਲੀ ਅੱਗੇ ਵਾਂਗੂੰ ਆਪਣਿਆਂ ਤੰਬੂਆਂ ਵਿੱਚ ਰਹਿਣ ਲੱਗ ਪਏ
6ਫਿਰ ਵੀ ਉਹਨਾਂ ਨੇ ਯਾਰਾਬੁਆਮ ਦੇ ਘਰਾਣੇ ਦੇ ਉਨ੍ਹਾਂ ਪਾਪਾਂ ਨੂੰ ਨਾ ਛੱਡਿਆ ਜੋ ਉਹ ਨੇ ਇਸਰਾਏਲ ਤੋਂ ਕਰਾਏ ਸਨ ਪਰ ਉਨ੍ਹਾਂ ਉੱਤੇ ਉਹ ਚੱਲਦੇ ਰਹੇ ਨਾਲੇ ਲੱਕੜ ਦੇ ਬੁੱਤ ਵੀ ਅਜੇ ਤੱਕ ਸਾਮਰਿਯਾ ਵਿੱਚ ਖੜ੍ਹੇ ਸਨ।
7ਉਹ ਨੇ ਯਹੋਆਹਾਜ਼ ਲਈ ਪੰਜਾਹ ਸਵਾਰਾਂ ਅਤੇ ਦਸ ਰੱਥਾਂ ਅਤੇ ਦਸ ਹਜ਼ਾਰ ਪਿਆਦਿਆਂ ਤੋਂ ਬਿਨ੍ਹਾਂ ਕੋਈ ਆਦਮੀ ਨਾ ਛੱਡਿਆ ਕਿਉਂ ਜੋ ਅਰਾਮ ਦੇ ਰਾਜਾ ਨੇ ਉਹਨਾਂ ਦਾ ਨਾਸ ਕਰ ਦਿੱਤਾ ਸੀ ਅਤੇ ਮਿੱਧ-ਮਿੱਧ ਕੇ ਮਿੱਟੀ ਵਾਂਗੂੰ ਕਰ ਦਿੱਤਾ ਸੀ।
8ਯਹੋਆਹਾਜ਼ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਸ ਨੇ ਕੀਤਾ ਉਸ ਦੀ ਸਾਮਰਥ, ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀ ਹੋਈ ਨਹੀਂ ਹੈ?
9ਤਦ ਯਹੋਆਹਾਜ਼ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਹਨਾਂ ਨੇ ਉਸ ਨੂੰ ਸਾਮਰਿਯਾ ਵਿੱਚ ਦੱਬ ਦਿੱਤਾ ਅਤੇ ਉਸ ਦਾ ਪੁੱਤਰ ਯੋਆਸ਼ ਉਸ ਦੇ ਥਾਂ ਰਾਜ ਕਰਨ ਲੱਗਾ।
10ਯਹੂਦਾਹ ਦੇ ਰਾਜਾ ਯੋਆਸ਼ ਦੇ ਰਾਜ ਦੇ ਸੈਂਤੀਵੇਂ ਸਾਲ ਯਹੋਆਹਾਜ਼ ਦਾ ਪੁੱਤਰ ਯਹੋਆਸ਼ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਸੋਲ਼ਾਂ ਸਾਲ ਰਾਜ ਕੀਤਾ।
11ਉਸ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ। ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਸਾਰਿਆਂ ਪਾਪਾਂ ਤੋਂ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ, ਮੂੰਹ ਨਾ ਮੋੜਿਆ। ਉਹ ਉਨ੍ਹਾਂ ਉੱਤੇ ਚੱਲਦਾ ਰਿਹਾ।
12ਯੋਆਸ਼ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਸ ਨੇ ਕੀਤਾ ਅਤੇ ਉਸ ਦੀ ਸਾਮਰਥ ਜਿਹ ਦੇ ਨਾਲ ਉਹ ਯਹੂਦਾਹ ਦੇ ਰਾਜਾ ਅਮਸਯਾਹ ਦੇ ਵਿਰੁੱਧ ਲੜਿਆ, ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ?
13ਤਦ ਯੋਆਸ਼ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਯਾਰਾਬੁਆਮ ਉਸ ਦੇ ਥਾਂ ਰਾਜ ਗੱਦੀ ਉੱਤੇ ਬੈਠ ਗਿਆ, ਯੋਆਸ਼ ਸਾਮਰਿਯਾ ਵਿੱਚ ਇਸਰਾਏਲ ਦੇ ਰਾਜਿਆਂ ਨਾਲ ਦੱਬਿਆ ਗਿਆ।
14ਫਿਰ ਅਲੀਸ਼ਾ ਉਸ ਰੋਗ ਨਾਲ ਬਿਮਾਰ ਹੋਇਆ, ਜਿਹ ਦੇ ਨਾਲ ਉਹ ਮਰਨ ਵਾਲਾ ਸੀ। ਤਦ ਇਸਰਾਏਲ ਦਾ ਰਾਜਾ ਯੋਆਸ਼ ਉਹ ਦੇ ਕੋਲ ਆਇਆ ਅਤੇ ਉਹ ਦੇ ਅੱਗੇ ਰੋ ਕੇ ਆਖਣ ਲੱਗਾ, ਹੇ ਮੇਰੇ ਪਿਤਾ, ਹੇ ਮੇਰੇ ਪਿਤਾ! ਇਸਰਾਏਲ ਦੇ ਰਥ ਅਤੇ ਉਸ ਦੇ ਸਾਰਥੀ।
15ਤਦ ਅਲੀਸ਼ਾ ਨੇ ਉਸ ਨੂੰ ਆਖਿਆ, ਧਣੁੱਖ ਤੇ ਤੀਰ ਲੈ। ਉਸ ਨੇ ਆਪਣੇ ਲਈ ਧਣੁੱਖ ਤੇ ਤੀਰ ਲੈ ਲਏ।
16ਤਦ ਉਹ ਨੇ ਇਸਰਾਏਲ ਦੇ ਰਾਜਾ ਨੂੰ ਆਖਿਆ, ਧਣੁੱਖ ਉੱਤੇ ਆਪਣਾ ਹੱਥ ਰੱਖ। ਉਸ ਨੇ ਆਪਣਾ ਹੱਥ ਉਹ ਦੇ ਉੱਤੇ ਰੱਖਿਆ ਫੇਰ ਅਲੀਸ਼ਾ ਨੇ ਆਪਣੇ ਹੱਥ ਰਾਜਾ ਦੇ ਹੱਥਾਂ ਉੱਤੇ ਰੱਖੇ।
17ਅਤੇ ਆਖਿਆ, ਪੂਰਬ ਵੱਲ ਦੀ ਖਿੜਕੀ ਖੋਲ੍ਹ, ਉਸ ਨੇ ਖੋਲ੍ਹੀ। ਤਦ ਅਲੀਸ਼ਾ ਨੇ ਆਖਿਆ, ਤੀਰ ਮਾਰ ਅਤੇ ਉਸ ਨੇ ਮਾਰਿਆ। ਤਦ ਉਹ ਬੋਲਿਆ, ਯਹੋਵਾਹ ਵੱਲੋਂ ਜਿੱਤ ਦਾ ਤੀਰ ਸਗੋਂ ਅਰਾਮ ਉੱਤੇ ਜਿੱਤ ਦਾ ਤੀਰ ਹੈ ਕਿਉਂ ਜੋ ਤੂੰ ਅਫੇਕ ਵਿੱਚ ਅਰਾਮ ਨੂੰ ਇੱਥੋਂ ਤੱਕ ਮਾਰੇਂਗਾ ਕਿ ਉਹ ਦਾ ਨਾਸ ਹੋ ਜਾਵੇਗਾ।
18ਤਦ ਉਹ ਨੇ ਆਖਿਆ, ਤੀਰਾਂ ਨੂੰ ਲੈ ਸੋ ਉਸ ਨੇ ਲੈ ਲਏ। ਤਦ ਉਹ ਨੇ ਇਸਰਾਏਲ ਦੇ ਰਾਜਾ ਨੂੰ ਕਿਹਾ, ਧਰਤੀ ਉੱਤੇ ਮਾਰ ਸੋ ਉਸ ਨੇ ਤਿੰਨ ਵਾਰੀ ਮਾਰਿਆ, ਤਦ ਠਹਿਰ ਗਿਆ।
19ਫੇਰ ਪਰਮੇਸ਼ੁਰ ਦਾ ਜਨ ਉਸ ਦੇ ਉੱਤੇ ਕ੍ਰੋਧਵਾਨ ਹੋ ਕੇ ਬੋਲਿਆ, ਤੈਨੂੰ ਪੰਜ ਜਾਂ ਛੇ ਵਾਰੀ ਮਾਰਨਾ ਚਾਹੀਦਾ ਸੀ ਤਾਂ ਤੂੰ ਅਰਾਮ ਨੂੰ ਇੰਨ੍ਹਾਂ ਮਾਰਦਾ ਕਿ ਉਹ ਨੂੰ ਨਾਸ ਕਰ ਦਿੰਦਾ ਪਰ ਹੁਣ ਤੂੰ ਤਿੰਨ ਵਾਰੀ ਹੀ ਅਰਾਮ ਨੂੰ ਮਾਰੇਂਗਾ।
20ਅਲੀਸ਼ਾ ਮਰ ਗਿਆ ਅਤੇ ਉਨ੍ਹਾਂ ਨੇ ਉਹ ਨੂੰ ਦੱਬ ਦਿੱਤਾ। ਮੋਆਬੀਆਂ ਦੇ ਜੱਥੇ ਸਾਲ ਦੇ ਸ਼ੁਰੂ ਵਿੱਚ ਦੇਸ ਵਿੱਚ ਆ ਵੜੇ।
21ਅਤੇ ਅਜਿਹਾ ਹੋਇਆ ਕਿ ਜਦ ਉਹ ਇੱਕ ਮਨੁੱਖ ਨੂੰ ਦੱਬਣ ਨੂੰ ਹੀ ਸਨ ਤਾਂ ਵੇਖੋ ਉਨ੍ਹਾਂ ਨੇ ਇੱਕ ਜੱਥਾ ਦੇਖਿਆ। ਸੋ ਉਨ੍ਹਾਂ ਨੇ ਉਸ ਮਨੁੱਖ ਨੂੰ ਅਲੀਸ਼ਾ ਦੀ ਕਬਰ ਵਿੱਚ ਸੁੱਟ ਦਿੱਤਾ ਅਤੇ ਜਦ ਉਹ ਮਨੁੱਖ ਅਲੀਸ਼ਾ ਦੀਆਂ ਹੱਡੀਆਂ ਨੂੰ ਜਾ ਕੇ ਛੂਹਿਆ ਤਾਂ ਉਹ ਜੀ ਉੱਠਿਆ ਅਤੇ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਗਿਆ।
22ਅਰਾਮ ਦਾ ਰਾਜਾ ਹਜ਼ਾਏਲ ਯਹੋਆਹਾਜ਼ ਦੇ ਸਾਰਿਆਂ ਦਿਨਾਂ ਵਿੱਚ ਇਸਰਾਏਲ ਨੂੰ ਸਤਾਉਂਦਾ ਰਿਹਾ।
23ਪਰ ਯਹੋਵਾਹ ਉਨ੍ਹਾਂ ਉੱਤੇ ਦਯਾਵਾਨ ਹੋਇਆ ਅਤੇ ਉਨ੍ਹਾਂ ਉੱਤੇ ਤਰਸ ਖਾਧਾ, ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਬੰਨ੍ਹੇ ਹੋਏ ਨੇਮ ਦੇ ਕਾਰਨ ਉਨ੍ਹਾਂ ਵੱਲ ਮੁੜਿਆ ਅਤੇ ਅਜੇ ਵੀ ਨਾ ਤਾਂ ਉਨ੍ਹਾਂ ਦਾ ਨਾਸ ਕਰਨਾ ਨਾ ਉਨ੍ਹਾਂ ਨੂੰ ਆਪਣੇ ਹਜ਼ੂਰੋਂ ਪਰ੍ਹੇ ਹਟਾਉਣਾ ਚਾਹੁੰਦਾ ਸੀ।
24ਤਦ ਅਰਾਮ ਦਾ ਰਾਜਾ ਹਜ਼ਾਏਲ ਮਰ ਗਿਆ, ਉਹ ਦਾ ਪੁੱਤਰ ਬਨ-ਹਦਦ ਉਹ ਦੇ ਥਾਂ ਰਾਜ ਕਰਨ ਲੱਗਾ।
25ਅਤੇ ਯਹੋਆਹਾਜ਼ ਦੇ ਪੁੱਤਰ ਯਹੋਆਸ਼ ਨੇ ਹਜ਼ਾਏਲ ਦੇ ਪੁੱਤਰ ਬਨ-ਹਦਦ ਦੇ ਹੱਥੋਂ ਉਹ ਸ਼ਹਿਰ ਫੇਰ ਖੋਹ ਲਏ, ਜੋ ਉਹ ਨੇ ਉਸ ਦੇ ਪਿਉ ਯਹੋਆਹਾਜ਼ ਦੇ ਹੱਥੋਂ ਯੁੱਧ ਵਿੱਚ ਲੈ ਲਏ ਸਨ। ਤਿੰਨ ਵਾਰੀ ਯੋਆਸ਼ ਨੇ ਉਹ ਨੂੰ ਮਾਰਿਆ ਅਤੇ ਇਸਰਾਏਲ ਦੇ ਸ਼ਹਿਰਾਂ ਨੂੰ ਮੁੜ ਲੈ ਲਿਆ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath