ਕੁਰਿੰਥੀਆਂ ਨੂੰ ਦੂਜੀ ਪੱਤ੍ਰੀ 7
1ਸੋ ਹੇ ਪਿਆਰਿਓ, ਜਦੋਂ ਇਹ ਬਚਨ ਸਾਨੂੰ ਦਿੱਤੇ ਹੋਏ ਹਨ ਤਾਂ ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਅਸ਼ੁੱਧਤਾ ਤੋਂ ਸ਼ੁੱਧ ਕਰ ਕੇ ਪਰਮੇਸ਼ੁਰ ਦੇ ਡਰ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ।
2ਆਪਣੇ ਦਿਲਾਂ ਵਿੱਚ ਸਾਨੂੰ ਥਾਂ ਦਿਓ। ਅਸੀਂ ਕਿਸੇ ਉੱਤੇ ਜ਼ੁਲਮ ਨਹੀਂ ਕੀਤਾ, ਕਿਸੇ ਨੂੰ ਵਿਗਾੜਿਆ ਨਹੀਂ, ਕਿਸੇ ਨੂੰ ਠੱਗਿਆ ਨਹੀਂ।
3ਇਹ ਤਾਂ ਮੈਂ ਦੋਸ਼ ਲਾਉਣ ਨੂੰ ਨਹੀਂ ਆਖਦਾ ਹਾਂ ਕਿਉਂ ਜੋ ਮੈਂ ਅੱਗੇ ਹੀ ਕਿਹਾ ਹੈ ਕਿ ਤੁਸੀਂ ਸਾਡੇ ਦਿਲਾਂ ਵਿੱਚ ਹੋ ਅਤੇ ਸਾਡਾ ਮਰਨਾ ਜੀਣਾ ਇਕੱਠਾ ਹੋਵੇ।
4ਤੁਹਾਡੇ ਉੱਤੇ ਮੇਰਾ ਬਹੁਤ ਭਰੋਸਾ ਹੈ, ਤੁਹਾਡੇ ਵਿਖੇ ਮੇਰਾ ਬਹੁਤ ਮਾਣ ਹੈ। ਮੈਂ ਦਿਲਾਸੇ ਨਾਲ ਭਰਿਆ ਹੋਇਆ ਹਾਂ। ਮੈਂ ਆਪਣੇ ਅਤੇ ਤੁਹਾਡੇ ਹਰ ਕਸ਼ਟ ਵਿੱਚ ਅਨੰਦ ਨਾਲ ਫੁੱਲਿਆ ਨਹੀਂ ਸਮਾਉਦਾ।
5ਜਦ ਅਸੀਂ ਮਕਦੂਨਿਯਾ ਵਿੱਚ ਆਏ ਤਦ ਵੀ ਸਾਡੇ ਸਰੀਰ ਨੂੰ ਕੁਝ ਚੈਨ ਨਹੀਂ ਸੀ ਸਗੋਂ ਅਸੀਂ ਹਰ ਪਾਸਿਓਂ ਕਸ਼ਟ ਵਿੱਚ ਪਏ ਸੀ, ਬਾਹਰੋਂ ਝਗੜੇ ਅੰਦਰੋਂ ਭਿਆਨਕ ਗੱਲਾਂ।
6ਤਾਂ ਵੀ ਉਸ ਨੇ ਜਿਹੜਾ ਅਧੀਨਾਂ ਨੂੰ ਦਿਲਾਸਾ ਦੇਣ ਵਾਲਾ ਹੈ ਅਰਥਾਤ ਪਰਮੇਸ਼ੁਰ ਨੇ ਤੀਤੁਸ ਦੇ ਆਉਣ ਨਾਲ ਸਾਨੂੰ ਦਿਲਾਸਾ ਦਿੱਤਾ।
7ਅਤੇ ਨਿਰੇ ਉਸ ਦੇ ਆਉਣ ਕਰਕੇ ਹੀ ਨਹੀਂ ਸਗੋਂ ਉਸ ਦਿਲਾਸੇ ਤੋਂ ਵੀ ਜਿਹੜਾ ਉਸ ਨੂੰ ਤੁਹਾਡੇ ਵਿੱਚ ਪ੍ਰਾਪਤ ਹੋਇਆ ਅਤੇ ਸਾਨੂੰ ਤੁਹਾਡੀ ਚਾਹਤ, ਤੁਹਾਡੇ ਸੋਗ, ਤੁਹਾਡੀ ਅਣਖ ਦਾ ਜੋ ਮੇਰੇ ਲਈ ਹੈ ਸਮਾਚਾਰ ਦੱਸਿਆ ਜਿਸ ਕਰਕੇ ਮੈਂ ਹੋਰ ਵੀ ਅਨੰਦ ਹੋਇਆ।
8ਕਿਉਂ ਜੋ ਭਾਵੇਂ ਮੈਂ ਆਪਣੀ ਪੱਤ੍ਰੀ ਨਾਲ ਤੁਹਾਨੂੰ ਉਦਾਸ ਕੀਤਾ ਤਾਂ ਵੀ ਮੈਂ ਪਛਤਾਉਂਦਾ ਨਹੀਂ ਭਾਵੇਂ ਮੈਂ ਪਹਿਲਾਂ ਪਛਤਾਉਂਦਾ ਸੀ ਕਿਉਂਕਿ ਮੈਂ ਵੇਖਦਾ ਹਾਂ ਜੋ ਉਸ ਪੱਤ੍ਰੀ ਨੇ ਤੁਹਾਨੂੰ ਉਦਾਸ ਕੀਤਾ ਸੀ ਭਾਵੇਂ ਥੋੜ੍ਹੇ ਸਮੇਂ ਤੱਕ।
9ਹੁਣ ਮੈਂ ਅਨੰਦ ਕਰਦਾ ਹਾਂ ਇਸ ਲਈ ਨਹੀਂ ਜੋ ਤੁਸੀਂ ਉਦਾਸ ਹੋਏ ਸਗੋਂ ਇਸ ਲਈ ਜੋ ਤੁਹਾਡੀ ਉਦਾਸੀ ਦਾ ਫਲ ਤੋਬਾ ਹੋਇਆ ਕਿਉਂ ਜੋ ਤੁਸੀਂ ਪਰਮੇਸ਼ੁਰ ਯੋਗ ਉਦਾਸ ਹੋਏ ਜੋ ਸਾਡੇ ਤੋਂ ਕਿਸੇ ਗੱਲ ਵਿੱਚ ਤੁਹਾਡਾ ਨੁਕਸਾਨ ਨਾ ਹੋ ਜਾਏ।
10ਕਿਉਂ ਜੋ ਪਰਮੇਸ਼ੁਰ ਯੋਗ ਉਦਾਸੀ ਮੁਕਤੀ ਲਈ ਅਜਿਹੀ ਤੋਬਾ ਪੈਦਾ ਕਰਦੀ ਹੈ ਜਿਸ ਤੋਂ ਕੋਈ ਪਛਤਾਉਂਦਾ ਨਹੀਂ ਪਰ ਸੰਸਾਰ ਦੀ ਉਦਾਸੀ ਮੌਤ ਨੂੰ ਪੈਦਾ ਕਰਦੀ ਹੈ।
11ਵੇਖੋ, ਤੁਹਾਡੀ ਉਸ ਪਰਮੇਸ਼ੁਰ ਯੋਗ ਉਦਾਸੀ ਨੇ ਤੁਹਾਡੇ ਵਿੱਚ ਕਿੰਨਾਂ ਹੀ ਜੋਸ਼, ਕਿੰਨਾਂ ਹੀ ਉੱਤਰ ਦੇਣਾ, ਕਿੰਨਾਂ ਹੀ ਕ੍ਰੋਧ, ਕਿੰਨਾਂ ਹੀ ਡਰ, ਕਿੰਨੀ ਹੀ ਚਾਹਤ, ਕਿੰਨੀ ਹੀ ਅਣਖ, ਕਿੰਨੀ ਹੀ ਲਗਨ ਪੈਦਾ ਕੀਤੀ! ਤੁਸੀਂ ਹਰ ਤਰ੍ਹਾਂ ਨਾਲ ਆਪਣੇ ਲਈ ਪਰਮਾਣ ਦਿੱਤਾ ਜੋ ਅਸੀਂ ਇਸ ਗੱਲ ਵਿੱਚ ਸਾਫ਼ ਹਾਂ।
12ਗੱਲ ਕਾਹਦੀ ਭਾਵੇਂ ਮੈਂ ਤੁਹਾਨੂੰ ਲਿਖਿਆ ਪਰ ਮੈਂ ਨਾ ਉਸ ਦੇ ਕਾਰਨ ਲਿਖਿਆ ਜਿਸ ਨੇ ਅਪਰਾਧ ਕੀਤਾ, ਨਾ ਉਸ ਦੇ ਕਾਰਨ ਜਿਸ ਦੇ ਨਾਲ ਅਪਰਾਧ ਹੋਇਆ ਸਗੋਂ ਇਸ ਕਾਰਨ ਜੋ ਤੁਹਾਡਾ ਜੋਸ਼ ਜਿਹੜਾ ਸਾਡੇ ਲਈ ਹੈ ਸੋ ਪਰਮੇਸ਼ੁਰ ਦੇ ਹਜ਼ੂਰ ਤੁਹਾਡੇ ਉੱਤੇ ਪ੍ਰਗਟ ਹੋਵੇ।
13ਇਸ ਲਈ ਅਸੀਂ ਦਿਲਾਸਾ ਪਾਇਆ ਹੈ ਪਰ ਆਪਣੇ ਦਿਲਾਸੇ ਤੋਂ ਬਿਨ੍ਹਾਂ ਅਸੀਂ ਤੀਤੁਸ ਦੇ ਅਨੰਦ ਦੇ ਕਾਰਨ ਹੋਰ ਵੀ ਬਹੁਤ ਵੱਧ ਕੇ ਅਨੰਦ ਕੀਤਾ ਕਿਉਂ ਜੋ ਉਸ ਦਾ ਆਤਮਾ ਤੁਹਾਡੇ ਸਾਰਿਆਂ ਤੋਂ ਤਾਜ਼ਾ ਹੋਇਆ ਹੈ।
14ਕਿਉਂਕਿ ਜੇ ਮੈਂ ਉਸ ਦੇ ਅੱਗੇ ਤੁਹਾਡੇ ਲਈ ਕਿਸੇ ਗੱਲ ਦਾ ਮਾਣ ਕੀਤਾ ਹੋਵੇ ਤਾਂ ਲੱਜਿਆਵਾਨ ਨਹੀਂ ਹੋਣਾ ਪਿਆ ਪਰ ਜਿਵੇਂ ਅਸੀਂ ਤੁਹਾਡੇ ਨਾਲ ਸਾਰੀਆਂ ਗੱਲਾਂ ਸੱਚ ਆਖੀਆਂ ਉਸੇ ਤਰ੍ਹਾਂ ਸਾਡਾ ਮਾਣ ਵੀ ਜਿਹੜਾ ਮੈਂ ਤੀਤੁਸ ਦੇ ਅੱਗੇ ਕੀਤਾ ਸੱਚਾ ਨਿੱਕਲਿਆ।
15ਅਤੇ ਉਹ ਤੁਹਾਡੇ ਸਭ ਦੀ ਆਗਿਆ-ਕਾਰਤਾ ਨੂੰ ਚੇਤੇ ਰੱਖ ਕੇ ਜੋ ਤੁਸੀਂ ਕਿਸ ਪ੍ਰਕਾਰ ਡਰਦੇ ਅਤੇ ਕੰਬਦੇ ਹੋਏ ਕਬੂਲ ਕੀਤਾ ਸੀ ਇਸ ਕਰਕੇ ਉਸ ਦਾ ਮਨ ਤੁਹਾਡੇ ਵੱਲ ਬਹੁਤ ਲੱਗਿਆ ਹੋਇਆ ਹੈ।
16ਮੈਂ ਅਨੰਦ ਹਾਂ ਜੋ ਹਰੇਕ ਗੱਲ ਵਿੱਚ ਤੁਹਾਡੀ ਵੱਲੋਂ ਮੇਰੀ ਖ਼ਾਤਰ ਦਲੇਰੀ ਹੈ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath