2 ਇਤਿਹਾਸ 9
1ਜਦ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਧੁੰਮ ਸੁਣੀ ਤਾਂ ਉਹ ਬੁਝਾਰਤਾਂ ਵਿੱਚ ਪਰਖਣ ਲਈ ਵੱਡੇ ਭਾਰੇ ਕਾਫ਼ਲੇ ਅਤੇ ਊਠਾਂ ਦੇ ਨਾਲ ਜਿਨ੍ਹਾਂ ਉੱਤੇ ਮਸਾਲਾ ਅਤੇ ਢੇਰ ਸਾਰਾ ਸੋਨਾ ਅਤੇ ਬਹੁਮੁੱਲੇ ਪੱਥਰ ਸਨ ਯਰੂਸ਼ਲਮ ਵਿੱਚ ਆਈ ਅਤੇ ਸੁਲੇਮਾਨ ਦੇ ਕੋਲ ਆਣ ਕੇ ਜੋ ਕੁਝ ਉਹ ਦੇ ਮਨ ਵਿੱਚ ਸੀ ਉਸ ਨਾਲ ਗੱਲ ਕੀਤੀ
2ਸੁਲੇਮਾਨ ਨੇ ਉਹ ਦੇ ਸਾਰੇ ਸਵਾਲਾਂ ਦਾ ਉੱਤਰ ਉਹ ਨੂੰ ਦਿੱਤਾ ਅਤੇ ਸੁਲੇਮਾਨ ਕੋਲੋਂ ਕੋਈ ਗੱਲ ਗੁੱਝੀ ਨਾ ਸੀ ਜੋ ਉਹ ਉਸ ਨੂੰ ਨਾ ਦੱਸ ਸਕਿਆ
3ਜਦ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਸਾਰੀ ਬੁੱਧ ਅਤੇ ਉਸ ਮਹਿਲ ਨੂੰ ਜਿਹੜਾ ਉਸ ਨੇ ਬਣਾਇਆ ਸੀ ਵੇਖਿਆ,
4ਅਤੇ ਉਸ ਦੇ ਮੇਜ਼ ਦੇ ਉੱਤੇ ਦਾ ਖਾਣਾ, ਉਸ ਦੇ ਕਰਮਚਾਰੀਆਂ ਦੇ ਬੈਠਣ ਦਾ ਤਰੀਕਾ, ਉਸ ਦੇ ਸੇਵਕਾਂ ਦੀ ਆਗਿਆਕਾਰੀ, ਅਤੇ ਉਨ੍ਹਾਂ ਦਾ ਪਹਿਰਾਵਾ, ਉਸ ਦੇ ਪਿਲਾਉਣ ਵਾਲੇ ਅਤੇ ਉਨ੍ਹਾਂ ਦਾ ਪਹਿਰਾਵਾ ਅਤੇ ਉਸ ਦੀਆਂ ਹੋਮ ਦੀਆਂ ਬਲੀਆਂ ਜਿਹੜੀਆਂ ਉਹ ਯਹੋਵਾਹ ਦੇ ਭਵਨ ਵਿੱਚ ਚੜ੍ਹਾਉਂਦਾ ਸੀ ਵੇਖਿਆ, ਤਾਂ ਉਹ ਦੇ ਹੋਸ਼ ਉੱਡ ਗਏ
5ਉਹ ਨੇ ਪਾਤਸ਼ਾਹ ਨੂੰ ਆਖਿਆ ਕਿ ਉਹ ਸੱਚੀ ਖ਼ਬਰ ਸੀ ਜੋ ਮੈਂ ਤੇਰੇ ਕੰਮਾਂ ਅਤੇ ਤੇਰੀ ਬੁੱਧੀ ਦੇ ਵਿਖੇ ਆਪਣੇ ਦੇਸ ਵਿੱਚ ਸੁਣੀ ਸੀ
6ਤਾਂ ਵੀ ਜਦ ਤੱਕ ਮੈਂ ਆ ਕੇ ਆਪਣੀਆਂ ਅੱਖਾਂ ਨਾਲ ਨਾ ਵੇਖਿਆ ਤਦ ਤੱਕ ਮੈਂ ਉਨ੍ਹਾਂ ਗੱਲਾਂ ਦੀ ਪਰਤੀਤ ਨਾ ਕੀਤੀ ਅਤੇ ਵੇਖ, ਜਿੰਨੀ ਤੇਰੀ ਬੁੱਧੀ ਹੈ ਉਸ ਦਾ ਅੱਧਾ ਵੀ ਮੈਨੂੰ ਨਹੀਂ ਦੱਸਿਆ ਗਿਆ। ਤੂੰ ਉਸ ਧੁੰਮ ਤੋਂ ਵੱਧ ਹੈ ਜੋ ਮੈਂ ਸੁਣੀ ਸੀ
7ਧੰਨ ਹਨ ਤੇਰੇ ਮਨੁੱਖ ਅਤੇ ਧੰਨ ਹਨ ਤੇਰੇ ਇਹ ਸੇਵਕ ਜੋ ਸਦਾ ਤੇਰੇ ਸਨਮੁਖ ਖੜ੍ਹੇ ਰਹਿੰਦੇ ਹਨ ਅਤੇ ਤੇਰੀ ਬੁੱਧੀ ਨੂੰ ਸੁਣਦੇ ਹਨ!
8ਯਹੋਵਾਹ ਤੇਰਾ ਪਰਮੇਸ਼ੁਰ ਮੁਬਾਰਕ ਹੋਵੇ ਜੋ ਤੇਰੇ ਉੱਤੇ ਦਿਆਲੂ ਹੈ ਕਿ ਤੈਨੂੰ ਆਪਣੀ ਰਾਜ ਗੱਦੀ ਉੱਤੇ ਬਿਠਾਇਆ ਹੈ ਤਾਂ ਜੋ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਵੱਲੋਂ ਪਾਤਸ਼ਾਹ ਹੋਵੇਂ ਕਿਉਂ ਜੋ ਤੇਰੇ ਪਰਮੇਸ਼ੁਰ ਨੂੰ ਇਸਰਾਏਲ ਨਾਲ ਪਿਆਰ ਸੀ ਕਿ ਉਨ੍ਹਾਂ ਨੂੰ ਸਦਾ ਲਈ ਕਾਇਮ ਰੱਖੇ ਇਸੇ ਲਈ ਉਸ ਨੇ ਤੈਨੂੰ ਉਨ੍ਹਾਂ ਦਾ ਪਾਤਸ਼ਾਹ ਬਣਾਇਆ ਤਾਂ ਜੋ ਤੂੰ ਧਰਮ ਅਤੇ ਨਿਆਂ ਕਰੇਂ
9ਉਹ ਨੇ ਇੱਕ ਸੌ ਵੀਹ ਬੋਰੇ ਸੋਨਾ ਅਤੇ ਢੇਰ ਸਾਰਾ ਮਸਾਲਾ ਅਤੇ ਬਹੁਮੁੱਲੇ ਪੱਥਰ ਪਾਤਸ਼ਾਹ ਨੂੰ ਦਿੱਤੇ ਅਤੇ ਜੋ ਮਸਾਲਾ ਸ਼ਬਾ ਦੀ ਰਾਣੀ ਨੇ ਸੁਲੇਮਾਨ ਪਾਤਸ਼ਾਹ ਨੂੰ ਦਿੱਤਾ ਉਹੋ ਜਿਹਾ ਫੇਰ ਕਦੀ ਨਾ ਮਿਲਿਆ
10ਅਤੇ ਹੀਰਾਮ ਦੇ ਨੌਕਰ ਅਤੇ ਸੁਲੇਮਾਨ ਦੇ ਨੌਕਰ ਜੋ ਓਫੀਰ ਤੋਂ ਸੋਨਾ ਲਿਆਉਂਦੇ ਸਨ ਉਹ ਚੰਦਨ ਦੀ ਲੱਕੜੀ ਅਤੇ ਬਹੁਮੁੱਲੇ ਪੱਥਰ ਵੀ ਲਿਆਉਂਦੇ ਸਨ
11ਤਾਂ ਪਾਤਸ਼ਾਹ ਨੇ ਚੰਦਨ ਦੀ ਲੱਕੜੀ ਤੋਂ ਯਹੋਵਾਹ ਦੇ ਭਵਨ ਲਈ ਅਤੇ ਸ਼ਾਹੀ ਮਹਿਲ ਲਈ ਪੌੜੀਆਂ ਬਣਾਈਆਂ ਅਤੇ ਰਾਗੀਆਂ ਲਈ ਬਰਬਤਾਂ ਤੇ ਰਬਾਬ ਬਣਾਏ ਅਤੇ ਇਹੋ ਜਿਹੀਆਂ ਚੀਜ਼ਾਂ ਪਹਿਲਾਂ ਕਦੀ ਵੀ ਯਹੂਦਾਹ ਦੇ ਦੇਸ ਵਿੱਚ ਨਹੀਂ ਵੇਖੀਆਂ ਗਈਆਂ ਸਨ
12ਅਤੇ ਸੁਲੇਮਾਨ ਪਾਤਸ਼ਾਹ ਨੇ ਸ਼ਬਾ ਦੀ ਰਾਣੀ ਨੂੰ ਜੋ ਕੁਝ ਉਹ ਨੇ ਚਾਹਿਆ ਅਤੇ ਮੰਗਿਆ ਉਸ ਤੋਂ ਵੱਧ ਜੋ ਉਹ ਪਾਤਸ਼ਾਹ ਲਈ ਲਿਆਈ ਸੀ ਦਿੱਤਾ, ਸੋ ਉਹ ਆਪਣੇ ਸੇਵਕਾਂ ਸਮੇਤ ਆਪਣੇ ਦੇਸ ਨੂੰ ਮੁੜ ਗਈ।
13ਜਿੰਨਾਂ ਸੋਨਾ ਸੁਲੇਮਾਨ ਦੇ ਕੋਲ ਇੱਕ ਸਾਲ ਵਿੱਚ ਆਉਂਦਾ ਸੀ ਉਸ ਦਾ ਭਾਰ ਇੱਕ ਹਜ਼ਾਰ ਮਣ ਦੇ ਲੱਗਭਗ ਸੀ
14ਇਹ ਉਸ ਤੋਂ ਅੱਡ ਸੀ ਜੋ ਵਪਾਰੀ ਤੇ ਸੌਦਾਗਰ ਲਿਆਉਂਦੇ ਸਨ ਨਾਲੇ ਅਰਬ ਦੇ ਸਾਰੇ ਰਾਜੇ ਅਤੇ ਦੇਸ ਦੇ ਹਾਕਮ ਸੁਲੇਮਾਨ ਦੇ ਕੋਲ ਸੋਨਾ ਅਤੇ ਚਾਂਦੀ ਲਿਆਉਂਦੇ ਸਨ
15ਸੁਲੇਮਾਨ ਪਾਤਸ਼ਾਹ ਨੇ ਕੁੱਟੇ ਹੋਏ ਸੋਨੇ ਦੀਆਂ ਦੋ ਸੌ ਵੱਡੀਆਂ ਢਾਲਾਂ ਬਣਵਾਈਆਂ ਅਤੇ ਸਾਢੇ ਸੱਤ ਸੇਰ ਸੋਨਾ ਇੱਕ-ਇੱਕ ਢਾਲ਼ ਨੂੰ ਲੱਗਾ ਹੋਇਆ ਸੀ
16ਅਤੇ ਉਸ ਨੇ ਕੁੱਟੇ ਹੋਏ ਸੋਨੇ ਦੀਆਂ ਤਿੰਨ ਸੌ ਢਾਲਾਂ ਹੋਰ ਬਣਾਈਆਂ ਇੱਕ-ਇੱਕ ਢਾਲ਼ ਨੂੰ ਪੌਣੇ ਚਾਰ ਸੇਰ ਸੋਨਾ ਲੱਗਾ ਹੋਇਆ ਸੀ ਅਤੇ ਪਾਤਸ਼ਾਹ ਨੇ ਉਨ੍ਹਾਂ ਨੂੰ ਲਬਾਨੋਨੀ ਬਣ ਦੇ ਮਹਿਲ ਵਿੱਚ ਰੱਖਿਆ
17ਇਸ ਤੋਂ ਬਿਨ੍ਹਾਂ ਪਾਤਸ਼ਾਹ ਨੇ ਹਾਥੀ ਦੰਦ ਦਾ ਇੱਕ ਵੱਡਾ ਸਿੰਘਾਸਣ ਬਣਵਾਇਆ ਅਤੇ ਉਹ ਦੇ ਉੱਤੇ ਕੁੰਦਨ ਸੋਨਾ ਮੜ੍ਹਵਾਇਆ
18ਅਤੇ ਉਸ ਸਿੰਘਾਸਣ ਲਈ ਛੇ ਪੌਡਿਆਂ ਦੀ ਪੌੜੀ ਅਤੇ ਸੋਨੇ ਦਾ ਇੱਕ ਪਾਏਦਾਨ ਸੀ ਇਹ ਸਾਰੇ ਸਿੰਘਾਸਣ ਨਾਲ ਜੁੜੇ ਹੋਏ ਸਨ ਅਤੇ ਬੈਠਣ ਦੀ ਥਾਂ ਦੇ ਦੋਹੀਂ ਪਾਸੀਂ ਢਾਸਣੇ ਸਨ ਅਤੇ ਢਾਸਣਿਆਂ ਦੇ ਕੋਲ ਦੋ ਬੱਬਰ ਸ਼ੇਰ ਖੜ੍ਹੇ ਸਨ
19ਅਤੇ ਉਨ੍ਹਾਂ ਛੇਆਂ ਪੌੜੀਆਂ ਦੇ ਉੱਤੇ ਦੋਵੇਂ ਪਾਸੀਂ ਬਾਰਾਂ ਸ਼ੇਰ ਖੜ੍ਹੇ ਸਨ। ਕਿਸੇ ਪਾਤਸ਼ਾਹੀ ਵਿੱਚ ਕਦੇ ਇਹੋ ਜਿਹਾ ਸਿੰਘਾਸਣ ਨਹੀਂ ਬਣਿਆ ਸੀ
20ਅਤੇ ਸੁਲੇਮਾਨ ਪਾਤਸ਼ਾਹ ਦੇ ਸਾਰੇ ਪੀਣ ਦੇ ਭਾਂਡੇ ਸੋਨੇ ਦੇ ਸਨ ਅਤੇ ਲਬਾਨੋਨੀ ਬਣ ਦੇ ਮਹਿਲ ਦੇ ਸਾਰੇ ਭਾਂਡੇ ਵੀ ਖਾਲ਼ਸ ਸੋਨੇ ਦੇ ਸਨ। ਸੁਲੇਮਾਨ ਦੇ ਦਿਨਾਂ ਵਿੱਚ ਚਾਂਦੀ ਨੂੰ ਕੋਈ ਪੁੱਛਦਾ ਵੀ ਨਹੀਂ ਸੀ
21ਕਿਉਂ ਜੋ ਪਾਤਸ਼ਾਹ ਦੇ ਕੋਲ ਜਹਾਜ਼ ਸਨ ਜੋ ਹੀਰਾਮ ਦੇ ਨੌਕਰਾਂ ਦੇ ਨਾਲ ਤਰਸ਼ੀਸ਼ ਨੂੰ ਜਾਂਦੇ ਸਨ। ਤਰਸ਼ੀਸ਼ ਦੇ ਇਹ ਜਹਾਜ਼ ਤਿੰਨੀਂ ਵਰਹੀਂ ਇੱਕ ਵਾਰ ਸੋਨਾ, ਚਾਂਦੀ, ਹਾਥੀ ਦੰਦ, ਬਾਂਦਰ ਅਤੇ ਮੋਰ ਲੱਦ ਕੇ ਲਿਆਉਂਦੇ ਹੁੰਦੇ ਸਨ
22ਸੋ ਸੁਲੇਮਾਨ ਪਾਤਸ਼ਾਹ ਧਨ ਅਤੇ ਬੁੱਧ ਵਿੱਚ ਧਰਤੀ ਦੇ ਸਾਰਿਆਂ ਰਾਜਿਆਂ ਨਾਲੋਂ ਵੱਧ ਗਿਆ
23ਅਤੇ ਧਰਤੀ ਉੱਤੇ ਦੇ ਸਾਰੇ ਪਾਤਸ਼ਾਹ ਸੁਲੇਮਾਨ ਦੇ ਦਰਸ਼ਣ ਦੇ ਚਾਹਵੰਦ ਸਨ ਤਾਂ ਜੋ ਉਹ ਉਸ ਦੀ ਬੁੱਧੀ ਨੂੰ ਜਿਹੜੀ ਪਰਮੇਸ਼ੁਰ ਨੇ ਉਹ ਦੇ ਮਨ ਵਿੱਚ ਪਾਈ ਸੀ ਸੁਣਨ
24ਅਤੇ ਉਹ ਆਪੋ ਆਪਣਾ ਨਜ਼ਰਾਨਾ ਅਰਥਾਤ ਚਾਂਦੀ ਦੇ ਭਾਂਡੇ, ਸੋਨੇ ਦੇ ਭਾਂਡੇ, ਬਸਤਰ, ਸ਼ਸਤਰ, ਮਸਾਲੇ, ਘੋੜੇ, ਅਤੇ ਖੱਚਰਾਂ ਨੂੰ ਸਾਲ ਦੇ ਸਾਲ ਲਿਆਉਂਦੇ ਹੁੰਦੇ ਸਨ
25ਅਤੇ ਸੁਲੇਮਾਨ ਦੇ ਕੋਲ ਘੋੜਿਆਂ ਅਤੇ ਰਥਾਂ ਲਈ ਚਾਰ ਹਜ਼ਾਰ ਤਬੇਲੇ ਅਤੇ ਬਾਰਾਂ ਹਜ਼ਾਰ ਸਵਾਰ ਸਨ ਜਿਨ੍ਹਾਂ ਨੂੰ ਉਸ ਨੇ ਰਥਾਂ ਦੇ ਸ਼ਹਿਰਾਂ ਅਤੇ ਯਰੂਸ਼ਲਮ ਵਿੱਚ ਪਾਤਸ਼ਾਹ ਦੇ ਕੋਲ ਰੱਖਿਆ
26ਅਤੇ ਉਹ ਦਰਿਆ ਤੋਂ ਫ਼ਲਿਸਤੀਆਂ ਦੇ ਦੇਸ ਸਗੋਂ ਮਿਸਰ ਦੀ ਹੱਦ ਤੱਕ ਸਾਰੇ ਪਾਤਸ਼ਾਹਾਂ ਉੱਤੇ ਰਾਜ ਕਰਦਾ ਸੀ
27ਅਤੇ ਪਾਤਸ਼ਾਹ ਨੇ ਯਰੂਸ਼ਲਮ ਵਿੱਚ ਚਾਂਦੀ ਨੂੰ ਪੱਥਰ ਵਾਂਗੂੰ ਅਤੇ ਦਿਆਰ ਨੂੰ ਗੁੱਲਰ ਦੇ ਉਨ੍ਹਾਂ ਦਰਖ਼ਤਾਂ ਦੇ ਵਾਂਗੂੰ ਕਰ ਦਿੱਤਾ ਜੋ ਬੇਟ ਵਿੱਚ ਬਹੁਤ ਹੁੰਦੇ ਹਨ
28ਅਤੇ ਉਹ ਮਿਸਰ ਤੋਂ ਅਤੇ ਸਾਰੇ ਦੇਸਾਂ ਤੋਂ ਸੁਲੇਮਾਨ ਲਈ ਘੋੜੇ ਲਿਆਇਆ ਕਰਦੇ ਸਨ।
29ਅਤੇ ਸੁਲੇਮਾਨ ਦੇ ਬਾਕੀ ਕੰਮ ਜੋ ਮੁੱਢ ਤੋਂ ਅੰਤ ਤੱਕ ਕੀਤੇ ਉਹ ਨਾਥਾਨ ਨਬੀ ਦੀਆਂ ਗੱਲਾਂ ਵਿੱਚ ਅਤੇ ਸ਼ੀਲੋਨੀ ਅਹੀਯਾਹ ਦੇ ਅਗੰਮ ਵਾਕਾਂ ਵਿੱਚ ਅਤੇ ਯੱਦੇ ਗੈਬ ਬੀਨ ਦੀਆਂ ਦਰਿਸ਼ਟਾਂ ਵਿੱਚ ਜੋ ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਵਿਖੇ ਵੇਖੀਆਂ ਸਨ ਲਿਖੇ ਹੋਏ ਨਹੀਂ ਹਨ?
30ਸੁਲੇਮਾਨ ਨੇ ਯਰੂਸ਼ਲਮ ਵਿੱਚ ਸਾਰੇ ਇਸਰਾਏਲ ਉੱਤੇ ਚਾਲ੍ਹੀ ਸਾਲ ਰਾਜ ਕੀਤਾ
31ਤਾਂ ਸੁਲੇਮਾਨ ਆਪਣੇ ਪੁਰਖਿਆਂ ਦੇ ਨਾਲ ਸੌਂ ਗਿਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਰਹਬੁਆਮ ਉਸ ਦੇ ਥਾਂ ਰਾਜ ਕਰਨ ਲੱਗਾ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath