ਈਸਾਈ
ਪਿੱਛੇ

2 ਇਤਿਹਾਸ 5

1ਇਸ ਤਰ੍ਹਾਂ ਉਹ ਸਾਰਾ ਕੰਮ ਜੋ ਸੁਲੇਮਾਨ ਨੇ ਯਹੋਵਾਹ ਦੇ ਭਵਨ ਲਈ ਕੀਤਾ ਸੰਪੂਰਨ ਹੋਇਆ। ਤਾਂ ਸੁਲੇਮਾਨ ਆਪਣੇ ਪਿਤਾ ਦਾਊਦ ਦੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਅਰਥਾਤ ਸੋਨਾ, ਚਾਂਦੀ ਅਤੇ ਸਾਰੇ ਭਾਂਡੇ ਅੰਦਰ ਲੈ ਆਇਆ ਅਤੇ ਪਰਮੇਸ਼ੁਰ ਦੇ ਘਰ ਦੇ ਖਜ਼ਾਨੇ ਵਿੱਚ ਉਨ੍ਹਾਂ ਨੂੰ ਰੱਖ ਦਿੱਤਾ।

2ਤਦ ਸੁਲੇਮਾਨ ਨੇ ਇਸਰਾਏਲ ਦੇ ਬਜ਼ੁਰਗਾਂ ਅਤੇ ਗੋਤਾਂ ਦੇ ਸਾਰੇ ਮੁਖੀਆਂ ਅਤੇ ਇਸਰਾਏਲੀਆਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਸ਼ਹਿਜ਼ਾਦਿਆਂ ਨੂੰ ਯਰੂਸ਼ਲਮ ਵਿੱਚ ਇਕੱਠੇ ਕੀਤਾ ਕਿ ਉਹ ਦਾਊਦ ਦੇ ਸ਼ਹਿਰੋਂ ਜਿਹੜਾ ਸੀਯੋਨ ਹੈ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਲੈ ਆਉਣ,

3ਤਾਂ ਇਸਰਾਏਲ ਦੇ ਸਾਰੇ ਮਨੁੱਖ ਸੱਤਵੇਂ ਮਹੀਨੇ ਪਰਬ ਦੇ ਲਈ ਪਾਤਸ਼ਾਹ ਕੋਲ ਇਕੱਠੇ ਹੋਏ

4ਅਤੇ ਇਸਰਾਏਲ ਦੇ ਸਾਰੇ ਬਜ਼ੁਰਗ ਆਏ ਅਤੇ ਲੇਵੀਆਂ ਨੇ ਸੰਦੂਕ ਨੂੰ ਚੁੱਕਿਆ ਹੋਇਆ ਸੀ।

5ਉਹ ਸੰਦੂਕ ਅਤੇ ਮੰਡਲੀ ਦਾ ਤੰਬੂ ਅਤੇ ਸਾਰੇ ਪਵਿੱਤਰ ਭਾਂਡਿਆਂ ਨੂੰ ਜਿਹੜੇ ਉਸ ਤੰਬੂ ਵਿੱਚ ਸਨ ਲੈ ਆਏ। ਜਾਜਕ ਤੇ ਲੇਵੀ ਇਹਨਾਂ ਨੂੰ ਲਿਆਏ

6ਅਤੇ ਸੁਲੇਮਾਨ ਪਾਤਸ਼ਾਹ ਅਤੇ ਇਸਰਾਏਲ ਦੀ ਸਾਰੀ ਮੰਡਲੀ ਨੇ ਜੋ ਉਹ ਦੇ ਕੋਲ ਸੰਦੂਕ ਦੇ ਅੱਗੇ ਇਕੱਠੀ ਹੋਈ ਸੀ ਐਨੀਆਂ ਭੇਡਾਂ ਤੇ ਬਲ਼ਦ ਚੜ੍ਹਾਏ ਕਿ ਬਹੁਤਾਇਤ ਦੇ ਕਾਰਨ ਨਾ ਤਾਂ ਉਨ੍ਹਾਂ ਦੀ ਗਿਣਤੀ ਹੋ ਸਕਦੀ ਸੀ, ਤੇ ਨਾ ਹੀ ਲੇਖਾ।

7ਜਾਜਕ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਉਹ ਦੇ ਸਥਾਨ ਵਿੱਚ ਅਰਥਾਤ ਭਵਨ ਦੀ ਵਿਚਲੀ ਕੋਠੜੀ, ਅੱਤ ਪਵਿੱਤਰ ਸਥਾਨ ਵਿੱਚ ਕਰੂਬੀਆਂ ਦੇ ਖੰਭਾਂ ਹੇਠ ਲਿਆਏ।

8ਕਿਉਂ ਜੋ ਕਰੂਬੀਆਂ ਨੇ ਆਪਣਿਆਂ ਦੋਹਾਂ ਖੰਭਾਂ ਨੂੰ ਸੰਦੂਕ ਦੇ ਸਥਾਨ ਦੇ ਉੱਤੇ ਫੈਲਾਇਆ ਹੋਇਆ ਸੀ ਅਤੇ ਇਸ ਤਰ੍ਹਾਂ ਕਰੂਬੀਆਂ ਨੇ ਸੰਦੂਕ ਤੇ ਉਹ ਦੀਆਂ ਚੋਬਾਂ ਨੂੰ ਉੱਤੋਂ ਦੀ ਢੱਕਿਆ ਹੋਇਆ ਸੀ।

9ਉਨ੍ਹਾਂ ਨੇ ਚੋਬਾਂ ਬਾਹਰ ਨੂੰ ਕੱਢੀਆਂ ਹੋਈਆਂ ਸਨ ਅਤੇ ਚੋਬਾਂ ਦੇ ਸਿਰੇ ਵਿੱਚਲੀ ਕੋਠੜੀ ਦੇ ਅੱਗੇ ਸੰਦੂਕ ਵਿੱਚੋਂ ਬਾਹਰ ਦਿਸਦੇ ਸਨ ਪਰ ਉਹ ਬਾਹਰੋਂ ਨਹੀਂ ਦਿਸਦੇ ਸਨ ਅਤੇ ਉਹ ਅੱਜ ਦੇ ਦਿਨ ਤੱਕ ਉੱਥੇ ਹੀ ਹਨ

10ਸੰਦੂਕ ਵਿੱਚ ਕੁਝ ਨਹੀਂ ਸੀ ਬਿਨ੍ਹਾਂ ਦੋ ਫੱਟੀਆਂ ਦੇ, ਜੋ ਮੂਸਾ ਨੇ ਹੋਰੇਬ ਵਿੱਚ ਉਹ ਦੇ ਅੰਦਰ ਰੱਖੀਆਂ ਸਨ ਜਦੋਂ ਯਹੋਵਾਹ ਨੇ ਇਸਰਾਏਲੀਆਂ ਦੇ ਮਿਸਰ ਤੋਂ ਨਿੱਕਲਦਿਆਂ ਉਨ੍ਹਾਂ ਨਾਲ ਨੇਮ ਬੰਨਿਆ ਸੀ।

11ਇਸ ਤਰ੍ਹਾਂ ਹੋਇਆ ਕਿ ਜਾਜਕ ਪਵਿੱਤਰ ਸਥਾਨ ਤੋਂ ਬਾਹਰ ਨਿੱਕਲੇ। ਉਹਨਾਂ ਸਾਰਿਆਂ ਜਾਜਕਾਂ ਨੇ ਜੋ ਹਾਜ਼ਰ ਸਨ ਆਪਣੇ ਆਪ ਨੂੰ ਪਵਿੱਤਰ ਕੀਤਾ ਹੋਇਆ ਸੀ ਅਤੇ ਉਹਨਾਂ ਨੂੰ ਵਾਰੀ ਸਿਰ ਸੇਵਾ ਕਰਨ ਦੀ ਲੋੜ ਨਹੀਂ ਸੀ

12ਅਤੇ ਲੇਵੀ ਜੋ ਗਾਉਣ ਵਾਲੇ ਸਨ ਸਾਰੇ ਦੇ ਸਾਰੇ ਅਰਥਾਤ ਆਸਾਫ਼ ਅਤੇ ਹੇਮਾਨ ਅਤੇ ਯਦੂਥੂਨ ਅਤੇ ਉਨ੍ਹਾਂ ਦੇ ਪੁੱਤਰ ਅਤੇ ਉਨ੍ਹਾਂ ਦੇ ਭਰਾ ਕਤਾਨੀ ਲੀੜੇ ਪਹਿਨ ਕੇ ਖੰਜ਼ਰੀਆਂ ਤੇ ਸਤਾਰਾਂ ਅਤੇ ਬਰਬਤਾਂ ਲੈ ਕੇ ਜਗਵੇਦੀ ਦੇ ਪੂਰਬ ਵੱਲ ਖੜ੍ਹੇ ਸਨ ਅਤੇ ਉਨ੍ਹਾਂ ਦੇ ਨਾਲ ਇੱਕ ਸੌ ਵੀਹ ਜਾਜਕ ਤੁਰ੍ਹੀਆਂ ਵਜਾਉਂਦੇ ਸਨ

13ਤਦ ਐਉਂ ਹੋਇਆ ਕਿ ਜਦ ਤੁਰ੍ਹੀਆਂ ਦੇ ਵਜੰਤਰੀ ਅਤੇ ਗਵੰਤਰੀ ਮਿਲ ਗਏ ਕਿ ਯਹੋਵਾਹ ਦੀ ਉਸਤਤ ਅਤੇ ਧੰਨਵਾਦ ਕਰਨ ਵਿੱਚ ਉਨ੍ਹਾਂ ਦੀ ਸੁਰ ਇੱਕੋ ਹੀ ਸੁਣਾਈ ਦੇਵੇ ਅਤੇ ਜਦ ਤੁਰ੍ਹੀਆਂ ਅਤੇ ਖੰਜ਼ਰੀਆਂ ਅਤੇ ਗਾਉਣ ਦਿਆਂ ਸਾਜ਼ਾਂ ਨਾਲ ਉਨ੍ਹਾਂ ਨੇ ਆਪਣਾ ਸੁਰ ਉੱਚਾ ਕਰਕੇ ਯਹੋਵਾਹ ਦੀ ਉਸਤਤ ਕੀਤੀ ਕਿ ਉਹ ਭਲਾ ਹੈ, ਉਹ ਦੀ ਦਯਾ ਜੋ ਸਦਾ ਦੀ ਹੈ ਤਾਂ ਉਹ ਭਵਨ ਅਰਥਾਤ ਯਹੋਵਾਹ ਦਾ ਭਵਨ ਬੱਦਲ ਨਾਲ ਭਰ ਗਿਆ

14ਅਤੇ ਜਾਜਕ ਬੱਦਲ ਕਰਕੇ ਉਪਾਸਨਾ ਲਈ ਖੜ੍ਹੇ ਨਾ ਰਹਿ ਸਕੇ ਕਿਉਂ ਜੋ ਪਰਮੇਸ਼ੁਰ ਦਾ ਭਵਨ ਯਹੋਵਾਹ ਦੇ ਪਰਤਾਪ ਨਾਲ ਭਰ ਗਿਆ ਸੀ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath