2 ਇਤਿਹਾਸ 35
1ਯੋਸ਼ੀਯਾਹ ਨੇ ਯਰੂਸ਼ਲਮ ਵਿੱਚ ਯਹੋਵਾਹ ਲਈ ਪਸਾਹ ਕੀਤੀ ਅਤੇ ਉਨ੍ਹਾਂ ਨੇ ਪਹਿਲੇ ਮਹੀਨੇ ਦੀ ਚੌਧਵੀਂ ਤਾਰੀਖ਼ ਨੂੰ ਪਸਾਹ ਕੱਟਿਆ।
2ਉਸ ਨੇ ਜਾਜਕਾਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਉੱਤੇ ਖੜ੍ਹਾ ਕੀਤਾ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਦੀ ਸੇਵਾ ਲਈ ਤਕੜਾ ਕੀਤਾ
3ਅਤੇ ਉਸ ਨੇ ਲੇਵੀਆਂ ਨੂੰ ਜਿਹੜੇ ਯਹੋਵਾਹ ਲਈ ਪਵਿੱਤਰ ਹੋ ਕੇ ਸਾਰੇ ਇਸਰਾਏਲ ਨੂੰ ਸਿੱਖਿਆ ਦਿੰਦੇ ਸਨ ਕਿ ਪਵਿੱਤਰ ਸੰਦੂਕ ਨੂੰ ਉਸ ਭਵਨ ਵਿੱਚ ਜਿਸ ਨੂੰ ਦਾਊਦ ਦੇ ਪੁੱਤਰ ਸੁਲੇਮਾਨ ਇਸਰਾਏਲ ਦੇ ਪਾਤਸ਼ਾਹ ਨੇ ਬਣਾਇਆ ਹੈ ਰੱਖੋ ਤਾਂ ਅੱਗੇ ਨੂੰ ਤੁਹਾਡਿਆਂ ਮੋਢਿਆਂ ਉੱਤੇ ਕੋਈ ਭਾਰ ਨਹੀਂ ਹੋਵੇਗਾ। ਸੋ ਹੁਣ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਅਤੇ ਉਸ ਦੀ ਪਰਜਾ ਇਸਰਾਏਲ ਦੀ ਸੇਵਾ ਕਰੋ।
4ਆਪਣੇ ਪੁਰਖਿਆਂ ਦੇ ਘਰਾਣਿਆਂ ਅਤੇ ਆਪਣੀਆਂ ਵਾਰੀਆਂ ਅਨੁਸਾਰ ਜਿਵੇਂ ਇਸਰਾਏਲ ਦੇ ਪਾਤਸ਼ਾਹ ਦਾਊਦ ਨੂੰ ਲਿਖਿਆ ਹੈ ਅਤੇ ਉਸ ਦੇ ਪੁੱਤਰ ਸੁਲੇਮਾਨ ਨੇ ਲਿਖਿਆ ਹੈ ਆਪਣੇ ਆਪ ਨੂੰ ਤਿਆਰ ਕਰ ਲਵੋ
5ਅਤੇ ਤੁਸੀਂ ਪਵਿੱਤਰ ਸਥਾਨ ਵਿੱਚ ਪੁਰਖਿਆਂ ਦੇ ਘਰਾਣਿਆਂ ਦੀ ਵੰਡ ਅਨੁਸਾਰ ਅਤੇ ਆਪਣੇ ਭਰਾਵਾਂ ਆਮ ਲੋਕਾਂ ਦੇ ਅਨੁਸਾਰ ਖੜ੍ਹੇ ਹੋਵੋ ਅਤੇ ਲੇਵੀਆਂ ਦੇ ਪੁਰਖਿਆਂ ਦੇ ਘਰਾਣੇ ਦਾ ਹਿੱਸਾ ਹਰੇਕ ਲਈ ਹੋਵੇ
6ਅਤੇ ਪਸਾਹ ਨੂੰ ਵੱਢੋ ਅਤੇ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਯਹੋਵਾਹ ਦੇ ਵਾਕ ਅਨੁਸਾਰ ਜੋ ਮੂਸਾ ਦੇ ਰਾਹੀਂ ਆਇਆ ਸੀ ਆਪਣੇ ਭਰਾਵਾਂ ਨੂੰ ਪੂਰਾ ਕਰਨ ਲਈ ਤਿਆਰ ਕਰੋ।
7ਯੋਸ਼ੀਯਾਹ ਨੇ ਆਮ ਲੋਕਾਂ ਲਈ ਜਿੰਨੇ ਉੱਥੇ ਸਨ ਇੱਜੜ ਵਿੱਚੋਂ ਛੱਤਰੇ ਲੇਲੇ ਪਸਾਹ ਲਈ ਦਿੱਤੇ ਜਿਹੜੇ ਗਿਣਤੀ ਵਿੱਚ ਤੀਹ ਹਜ਼ਾਰ ਸਨ ਅਤੇ ਤਿੰਨ ਹਜ਼ਾਰ ਵਹਿੜੇ। ਇਹ ਸਾਰੇ ਸ਼ਾਹੀ ਮਾਲ ਵਿੱਚੋਂ ਸਨ।
8ਉਸ ਦੇ ਸਰਦਾਰਾਂ ਨੇ ਖੁਸ਼ੀ ਦੇ ਚੜ੍ਹਾਵੇ ਲੋਕਾਂ ਲਈ ਅਤੇ ਜਾਜਕਾਂ ਅਤੇ ਲੇਵੀਆਂ ਲਈ ਦਿੱਤੇ ਅਤੇ ਹਿਲਕੀਯਾਹ ਅਤੇ ਜ਼ਕਰਯਾਹ ਅਤੇ ਯਹੀਏਲ ਨੇ ਜਿਹੜੇ ਪਰਮੇਸ਼ੁਰ ਦੇ ਭਵਨ ਦੇ ਹਾਕਮ ਸਨ ਜਾਜਕਾਂ ਨੂੰ ਪਸਾਹ ਲਈ ਦੋ ਹਜ਼ਾਰ ਛੇ ਸੌ ਭੇਡਾਂ ਬੱਕਰੀਆਂ ਅਤੇ ਤਿੰਨ ਸੌ ਵਹਿੜੇ ਦਿੱਤੇ
9ਅਤੇ ਕਾਨਨਯਾਹ, ਸ਼ਮਅਯਾਹ ਅਤੇ ਨਥਨਏਲ, ਉਸ ਦੇ ਭਰਾ ਅਤੇ ਹਸ਼ਬਯਾਹ ਅਤੇ ਯਹੀਏਲ ਅਤੇ ਯੋਜ਼ਾਬਾਦ ਲੇਵੀਆਂ ਦੇ ਸਰਦਾਰਾਂ ਨੇ ਪਸਾਹ ਲਈ ਲੇਵੀਆਂ ਨੂੰ ਪੰਜ ਹਜ਼ਾਰ ਭੇਡਾਂ ਬੱਕਰੀਆਂ ਅਤੇ ਪੰਜ ਸੌ ਵਹਿੜੇ ਦਿੱਤੇ।
10ਸੋ ਉਪਾਸਨਾ ਦਾ ਕੰਮ ਪੂਰਾ ਹੋਇਆ, ਤਾਂ ਜਾਜਕ ਆਪਣੇ ਥਾਂ ਅਤੇ ਲੇਵੀ ਆਪਣੀ-ਆਪਣੀ ਵਾਰੀ ਉੱਤੇ ਪਾਤਸ਼ਾਹ ਦੇ ਹੁਕਮ ਅਨੁਸਾਰ ਖੜ੍ਹੇ ਹੋ ਗਏ।
11ਉਨ੍ਹਾਂ ਨੇ ਪਸਾਹ ਨੂੰ ਕੱਟਿਆ ਅਤੇ ਜਾਜਕਾਂ ਨੇ ਉਨ੍ਹਾਂ ਦੇ ਹੱਥੋਂ ਲਹੂ ਲੈ ਕੇ ਛਿੜਕਿਆ ਅਤੇ ਲੇਵੀਆਂ ਨੇ ਖੱਲਾਂ ਲਾਹੀਆਂ
12ਤਾਂ ਉਹ ਹੋਮ ਬਲੀਆਂ ਨੂੰ ਲੈ ਗਏ ਅਤੇ ਆਮ ਲੋਕਾਂ ਦੇ ਪੁਰਖਿਆਂ ਦੇ ਘਰਾਣਿਆਂ ਦੀ ਵੰਡ ਅਨੁਸਾਰ ਯਹੋਵਾਹ ਦੇ ਹਜ਼ੂਰ ਭੇਟ ਚੜ੍ਹਾਉਣ ਲਈ ਉਨ੍ਹਾਂ ਨੂੰ ਦਿੱਤਾ ਜਿਵੇਂ ਮੂਸਾ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਅਤੇ ਇਸੇ ਤਰ੍ਹਾਂ ਹੀ ਉਨ੍ਹਾਂ ਨੇ ਵਹਿੜਿਆਂ ਨਾਲ ਕੀਤਾ।
13ਉਨ੍ਹਾਂ ਨੇ ਪਸਾਹ ਨੂੰ ਬਿਧੀ ਦੇ ਅਨੁਸਾਰ ਅੱਗ ਉੱਤੇ ਭੁੰਨਿਆ ਅਤੇ ਪਵਿੱਤਰ ਭੇਟਾਂ ਉਨ੍ਹਾਂ ਨੇ ਦੇਗਾਂ, ਤਉੜੀਆਂ ਅਤੇ ਕੜਾਹੀਆਂ ਵਿੱਚ ਪਕਾਈਆਂ ਅਤੇ ਉਨ੍ਹਾਂ ਨੂੰ ਆਮ ਲੋਕਾਂ ਤੱਕ ਛੇਤੀ ਨਾਲ ਪਹੁੰਚਾ ਦਿੱਤਾ।
14ਇਸ ਦੇ ਮਗਰੋਂ ਉਨ੍ਹਾਂ ਨੇ ਆਪਣੇ ਲਈ ਅਤੇ ਜਾਜਕਾਂ ਲਈ ਤਿਆਰ ਕੀਤਾ ਕਿਉਂ ਜੋ ਹਾਰੂਨ ਦੀ ਵੰਸ਼ ਦੇ ਜਾਜਕ ਹੋਮ ਬਲੀਆਂ ਅਤੇ ਚਰਬੀ ਚੜ੍ਹਾਉਣ ਲਈ ਰਾਤ ਤੱਕ ਲੱਗੇ ਰਹੇ ਸੋ ਲੇਵੀਆਂ ਨੇ ਆਪਣੇ ਲਈ ਅਤੇ ਹਾਰੂਨ ਦੀ ਵੰਸ਼ ਦੇ ਜਾਜਕਾਂ ਲਈ ਤਿਆਰ ਕੀਤਾ,
15ਅਤੇ ਆਸਾਫ਼ ਦੀ ਵੰਸ਼ ਦੇ ਗਵੱਯੇ ਦਾਊਦ ਅਤੇ ਆਸਾਫ਼ ਅਤੇ ਹੇਮਾਨ ਅਤੇ ਪਾਤਸ਼ਾਹ ਦੇ ਗੈਬਦਾਨ ਯਦੂਥੂਨ ਦੇ ਹੁਕਮ ਅਨੁਸਾਰ ਆਪਣੀ-ਆਪਣੀ ਥਾਂ ਉੱਤੇ ਖੜ੍ਹੇ ਸਨ ਅਤੇ ਹਰ ਫਾਟਕ ਉੱਤੇ ਦਰਬਾਨ ਸਨ ਅਤੇ ਉਨ੍ਹਾਂ ਨੂੰ ਆਪਣੀ ਟਹਿਲ ਸੇਵਾ ਤੋਂ ਅੱਡ ਹੋਣਾ ਨਾ ਪਿਆ ਕਿਉਂ ਜੋ ਉਨ੍ਹਾਂ ਦੇ ਭਰਾਵਾਂ ਲੇਵੀਆਂ ਨੇ ਉਨ੍ਹਾਂ ਲਈ ਤਿਆਰ ਕੀਤਾ।
16ਸੋ ਉਸ ਦਿਨ ਯੋਸ਼ੀਯਾਹ ਪਾਤਸ਼ਾਹ ਦੇ ਹੁਕਮ ਅਨੁਸਾਰ ਪਸਾਹ ਕਰਨ ਲਈ ਅਤੇ ਯਹੋਵਾਹ ਦੀ ਜਗਵੇਦੀ ਉੱਤੇ ਹੋਮ ਬਲੀ ਚੜ੍ਹਾਉਣ ਲਈ ਯਹੋਵਾਹ ਦੀ ਉਪਾਸਨਾ ਦਾ ਸਾਰਾ ਕੰਮ ਪੂਰਾ ਕੀਤਾ ਗਿਆ।
17ਇਸਰਾਏਲੀਆਂ ਨੇ ਜਿਹੜੇ ਹਾਜ਼ਰ ਸਨ ਉਸ ਵੇਲੇ ਪਸਾਹ ਨੂੰ ਅਤੇ ਪਤੀਰੀ ਰੋਟੀ ਦੇ ਪਰਬ ਨੂੰ ਸੱਤਾਂ ਦਿਨਾਂ ਤੱਕ ਮਨਾਇਆ।
18ਇਹੋ ਜਿਹੀ ਪਸਾਹ ਇਸਰਾਏਲ ਵਿੱਚ ਸਮੂਏਲ ਨਬੀ ਦੇ ਦਿਨਾਂ ਤੋਂ ਨਹੀਂ ਮਨਾਈ ਗਈ ਅਤੇ ਇਸਰਾਏਲ ਦੇ ਕਿਸੇ ਪਾਤਸ਼ਾਹ ਨੇ ਇਹੋ ਜਿਹੀ ਪਸਾਹ ਨਹੀਂ ਮਨਾਈ ਜਿਹੜੀ ਯੋਸ਼ੀਯਾਹ ਅਤੇ ਜਾਜਕਾਂ ਅਤੇ ਲੇਵੀਆਂ ਅਤੇ ਸਾਰੇ ਯਹੂਦਾਹ ਅਤੇ ਇਸਰਾਏਲ ਜਿਹੜੇ ਹਾਜ਼ਰ ਸਨ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਮਨਾਈ।
19ਇਹ ਪਸਾਹ ਯੋਸ਼ੀਯਾਹ ਰਾਜਾ ਦੇ ਰਾਜ ਦੇ ਅਠਾਰਵੇਂ ਸਾਲ ਮਨਾਈ ਗਈ।
20ਇਸ ਸਾਰੇ ਦੇ ਮਗਰੋਂ ਜਦ ਯੋਸ਼ੀਯਾਹ ਭਵਨ ਨੂੰ ਪੂਰਾ ਕਰ ਚੁੱਕਿਆ ਤਾਂ ਮਿਸਰ ਦੇ ਰਾਜੇ ਨਕੋਹ ਨੇ ਕਰਕਮੀਸ਼ ਦੇ ਵਿਰੁੱਧ ਜੋ ਫ਼ਰਾਤ ਉੱਤੇ ਹੈ ਲੜਨ ਲਈ ਚੜ੍ਹਾਈ ਕੀਤੀ ਤਾਂ ਯੋਸ਼ੀਯਾਹ ਉਸ ਦਾ ਸਾਹਮਣਾ ਕਰਨ ਲਈ ਬਾਹਰ ਨਿੱਕਲਿਆ।
21ਪਰ ਉਸ ਨੇ ਉਹ ਦੇ ਕੋਲ ਦੂਤਾਂ ਦੇ ਰਾਹੀਂ ਸੰਦੇਸ਼ ਭੇਜਿਆ ਕਿ ਹੇ ਯਹੂਦਾਹ ਦੇ ਪਾਤਸ਼ਾਹ, ਤੇਰੇ ਨਾਲ ਮੇਰਾ ਕੀ ਕੰਮ? ਮੈਂ ਅੱਜ ਦੇ ਦਿਨ ਤੇਰੇ ਉੱਤੇ ਨਹੀਂ, ਸਗੋਂ ਇੱਕ ਹੋਰ ਘਰਾਣੇ ਉੱਤੇ ਚੜ੍ਹਾਈ ਕਰ ਰਿਹਾ ਹਾਂ ਅਤੇ ਪਰਮੇਸ਼ੁਰ ਨੇ ਮੈਨੂੰ ਛੇਤੀ ਕਰਨ ਦਾ ਹੁਕਮ ਦਿੱਤਾ ਹੈ, ਸੋ ਤੂੰ ਪਰਮੇਸ਼ੁਰ ਦੇ ਵਿਰੁੱਧ ਜਿਹੜਾ ਮੇਰੇ ਅੰਗ-ਸੰਗ ਹੈ ਟਾਕਰਾ ਨਾ ਕਰ ਮਤੇ ਉਹ ਤੈਨੂੰ ਮਾਰ ਸੁੱਟੇ
22ਪਰ ਤਾਂ ਵੀ ਯੋਸ਼ੀਯਾਹ ਨੇ ਉਸ ਵੱਲੋਂ ਮੂੰਹ ਨਾ ਮੋੜਿਆ ਸਗੋਂ ਉਹ ਦੇ ਨਾਲ ਲੜਨ ਲਈ ਆਪਣਾ ਭੇਸ ਬਦਲਿਆ ਅਤੇ ਨਕੋਹ ਦੀ ਗੱਲ ਜਿਹੜੀ ਪਰਮੇਸ਼ੁਰ ਦੇ ਮੂੰਹੋਂ ਨਿੱਕਲੀ ਸੀ ਨਾ ਸੁਣੀ ਸਗੋਂ ਲੜਾਈ ਲਈ ਮਗਿੱਦੋ ਦੀ ਵਾਦੀ ਵਿੱਚ ਗਿਆ
23ਤਾਂ ਤੀਰ-ਅੰਦਾਜ਼ਾਂ ਨੇ ਯੋਸ਼ੀਯਾਹ ਪਾਤਸ਼ਾਹ ਨੂੰ ਤੀਰ ਮਾਰਿਆ ਤਾਂ ਪਾਤਸ਼ਾਹ ਨੇ ਆਪਣੇ ਨੌਕਰਾਂ ਨੂੰ ਆਖਿਆ ਕਿ ਮੈਨੂੰ ਕੱਢ ਲੈ ਚੱਲੋ ਕਿਉਂ ਜੋ ਮੈਂ ਵੱਡਾ ਫੱਟੜ ਹੋ ਗਿਆ ਹਾਂ
24ਸੋ ਉਸ ਦੇ ਨੌਕਰਾਂ ਨੇ ਉਸ ਨੂੰ ਰਥ ਤੋਂ ਲਾਹ ਕੇ ਉਸ ਦੇ ਦੂਜੇ ਰਥ ਵਿੱਚ ਚੜ੍ਹਾਇਆ ਅਤੇ ਉਹ ਨੂੰ ਯਰੂਸ਼ਲਮ ਨੂੰ ਲੈ ਗਏ ਜਿੱਥੇ ਉਹ ਮਰ ਗਿਆ ਅਤੇ ਆਪਣੇ ਪੁਰਖਿਆਂ ਦੀਆਂ ਕਬਰਾਂ ਵਿੱਚ ਦੱਬਿਆ ਗਿਆ। ਤਾਂ ਸਾਰੇ ਯਹੂਦਾਹ ਅਤੇ ਯਰੂਸ਼ਲਮ ਨੇ ਯੋਸ਼ੀਯਾਹ ਲਈ ਦੇ ਸੋਗ ਕੀਤਾ।
25ਯਿਰਮਿਯਾਹ ਨੇ ਯੋਸ਼ੀਯਾਹ ਉੱਤੇ ਵੈਣ ਪਾਏ ਅਤੇ ਰਾਗੀ ਅਤੇ ਰਾਗਣਾਂ ਸਾਰੇ ਆਪਣੇ ਸੋਗ ਦੇ ਗਾਉਣ ਵਿੱਚ ਅੱਜ ਦੇ ਦਿਨ ਤੱਕ ਯੋਸ਼ੀਯਾਹ ਦਾ ਨਾਮ ਲੈਂਦੇ ਹਨ ਅਤੇ ਉਨ੍ਹਾਂ ਨੇ ਇਸਰਾਏਲ ਵਿੱਚ ਇਸ ਨੂੰ ਇੱਕ ਦਸਤੂਰ ਬਣਾ ਲਿਆ ਹੈ ਅਤੇ ਵੇਖੋ, ਉਹ ਸਿਆਪਿਆਂ ਦੀ ਪੋਥੀ ਵਿੱਚ ਲਿਖੀਆਂ ਹਨ
26ਅਤੇ ਯੋਸ਼ੀਯਾਹ ਦੇ ਬਾਕੀ ਕੰਮ ਅਤੇ ਉਸ ਦੀ ਦਯਾ ਉਸ ਦੇ ਅਨੁਸਾਰ ਜੋ ਯਹੋਵਾਹ ਦੀ ਬਿਵਸਥਾ ਵਿੱਚ ਲਿਖਿਆ ਹੈ
27ਅਤੇ ਉਸ ਦੀਆਂ ਗੱਲਾਂ ਆਦ ਤੋਂ ਅੰਤ ਤੱਕ, ਵੇਖੋ, ਉਹ ਇਸਰਾਏਲ ਅਤੇ ਯਹੂਦਾਹ ਦੇ ਪਾਤਸ਼ਾਹਾਂ ਦੀ ਪੋਥੀ ਉੱਤੇ ਲਿਖੀਆਂ ਹਨ l
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath