ਈਸਾਈ
ਪਿੱਛੇ

2 ਇਤਿਹਾਸ 34

1ਜਦ ਯੋਸ਼ੀਯਾਹ ਰਾਜ ਕਰਨ ਲੱਗਾ ਤਾਂ ਉਹ ਅੱਠ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਇਕੱਤੀ ਸਾਲ ਰਾਜ ਕੀਤਾ

2ਉਸ ਨੇ ਉਹੋ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਅਤੇ ਆਪਣੇ ਪਿਤਾ ਦਾਊਦ ਦੇ ਮਾਰਗਾਂ ਉੱਤੇ ਚੱਲਦਾ ਰਿਹਾ ਅਤੇ ਸੱਜੇ ਖੱਬੇ ਨਾ ਮੁੜਿਆ।

3ਕਿਉਂ ਜੋ ਆਪਣੇ ਰਾਜ ਦੇ ਅੱਠਵੇਂ ਸਾਲ ਜਦ ਉਹ ਮੁੰਡਾ ਹੀ ਸੀ ਉਹ ਆਪਣੇ ਪਿਤਾ ਦਾਊਦ ਦੇ ਪਰਮੇਸ਼ੁਰ ਦਾ ਤਾਲਿਬ ਹੋਇਆ ਅਤੇ ਬਾਰਵੇਂ ਸਾਲ ਵਿੱਚ ਯਹੂਦਾਹ ਅਤੇ ਯਰੂਸ਼ਲਮ ਨੂੰ ਉੱਚੇ ਸਥਾਨਾਂ ਅਤੇ ਟੁੰਡਾਂ ਦੇ ਦੇਵਤਿਆਂ ਤੋਂ ਅਤੇ ਘੜ੍ਹੀਆਂ ਹੋਈਆਂ ਅਤੇ ਢਾਲੀਆਂ ਹੋਈਆਂ ਮੂਰਤਾਂ ਤੋਂ ਸਾਫ਼ ਕਰਨ ਲੱਗਾ

4ਅਤੇ ਉਨ੍ਹਾਂ ਨੇ ਉਸ ਦੇ ਸਾਹਮਣੇ ਬਆਲਾਂ ਦੀਆਂ ਜਗਵੇਦੀਆਂ ਨੂੰ ਢਾਹ ਦਿੱਤਾ ਅਤੇ ਸੂਰਜ ਦੀਆਂ ਮੂਰਤਾਂ ਨੂੰ ਜਿਹੜੀਆਂ ਉਨ੍ਹਾਂ ਦੇ ਉੱਪਰ ਸਨ ਉਸ ਨੇ ਵੱਢ ਸੁੱਟੀਆਂ ਅਤੇ ਟੁੰਡ ਦੇਵਤਿਆਂ ਨੂੰ ਅਤੇ ਘੜ੍ਹੀਆਂ ਹੋਈਆਂ ਤੇ ਢਾਲੀਆਂ ਹੋਈਆਂ ਮੂਰਤੀਆਂ ਨੂੰ ਉਸ ਨੇ ਟੁੱਕੜੇ-ਟੁੱਕੜੇ ਕਰ ਸੁੱਟਿਆ ਅਤੇ ਉਨ੍ਹਾਂ ਨੂੰ ਪੀਹ ਕੇ ਉਸ ਨੂੰ ਉਨ੍ਹਾਂ ਦੀਆਂ ਕਬਰਾਂ ਉੱਤੇ ਖਿਲਾਰਿਆ ਜਿਨ੍ਹਾਂ ਨੇ ਉਨ੍ਹਾਂ ਲਈ ਬਲੀਆਂ ਚੜ੍ਹਾਈਆਂ ਸਨ

5ਅਤੇ ਜਾਜਕਾਂ ਦੀਆਂ ਹੱਡੀਆਂ ਉਨ੍ਹਾਂ ਦੀਆਂ ਜਗਵੇਦੀਆਂ ਉੱਤੇ ਸਾੜੀਆਂ, ਇਸ ਤਰ੍ਹਾਂ ਉਸ ਨੇ ਯਹੂਦਾਹ ਅਤੇ ਯਰੂਸ਼ਲਮ ਨੂੰ ਸ਼ੁੱਧ ਕੀਤਾ

6ਉਸ ਨੇ ਮਨੱਸ਼ਹ, ਇਫ਼ਰਾਈਮ ਅਤੇ ਸ਼ਿਮਓਨ ਦੇ ਸ਼ਹਿਰਾਂ ਵਿੱਚ ਸਗੋਂ ਨਫ਼ਤਾਲੀ ਤੇ ਉਨ੍ਹਾਂ ਦੇ ਦੁਆਲੇ ਦਿਆਂ ਥੇਹਾਂ ਵਿੱਚ ਵੀ ਇਵੇਂ ਹੀ ਕੀਤਾ

7ਉਸ ਨੇ ਇਸਰਾਏਲ ਦੇ ਸਾਰੇ ਦੇਸ ਵਿੱਚ ਜਗਵੇਦੀਆਂ ਨੂੰ ਢਾਹ ਦਿੱਤਾ ਅਤੇ ਟੁੰਡ ਦੇਵਤਿਆਂ ਨੂੰ ਅਤੇ ਘੜ੍ਹੀਆਂ ਹੋਈਆਂ ਮੂਰਤਾਂ ਨੂੰ ਭੰਨ ਤੋੜ ਕੇ ਪੀਪਾ ਕਰ ਸੁੱਟਿਆ ਅਤੇ ਸੂਰਜ ਦੀਆਂ ਸਾਰੀਆਂ ਮੂਰਤਾਂ ਨੂੰ ਵੱਢ ਸੁੱਟਿਆ ਤਾਂ ਉਹ ਯਰੂਸ਼ਲਮ ਨੂੰ ਮੁੜਿਆ।

8ਆਪਣੇ ਰਾਜ ਦੇ ਅਠਾਰਵੇਂ ਸਾਲ ਜਦ ਉਹ ਦੇਸ ਅਤੇ ਭਵਨ ਨੂੰ ਸਾਫ਼ ਕਰ ਚੁੱਕਿਆ ਤਾਂ ਉਸ ਨੇ ਅਸਲਯਾਹ ਦੇ ਪੁੱਤਰ ਸ਼ਾਫਾਨ ਨੂੰ ਸ਼ਹਿਰ ਦੇ ਸਰਦਾਰ ਮਅਸੇਯਾਹ ਅਤੇ ਯਹੋਆਹਾਜ਼ ਦੇ ਪੁੱਤਰ ਯੋਆਹ ਇਤਿਹਾਸ ਦੇ ਲਿਖਾਰੀ ਨੂੰ ਭੇਜਿਆ ਕਿ ਯਹੋਵਾਹ ਆਪਣੇ ਪਰਮੇਸ਼ੁਰ ਦੇ ਭਵਨ ਦੀ ਮੁਰੰਮਤ ਕਰਾਉਣ

9ਤਾਂ ਉਹ ਹਿਲਕੀਯਾਹ ਪ੍ਰਧਾਨ ਜਾਜਕ ਦੇ ਕੋਲ ਆਏ ਅਤੇ ਉਹ ਚਾਂਦੀ ਜਿਹੜੀ ਪਰਮੇਸ਼ੁਰ ਦੇ ਭਵਨ ਵਿੱਚ ਲਿਆਂਦੀ ਗਈ ਸੀ ਜੋ ਦਰਬਾਨ ਲੇਵੀਆਂ ਨੇ ਮਨੱਸ਼ਹ ਅਤੇ ਇਫ਼ਰਾਈਮ ਦੇ ਹੱਥੋਂ ਅਤੇ ਇਸਰਾਏਲ ਦੇ ਸਾਰੇ ਬਕੀਏ ਕੋਲੋਂ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਅਤੇ ਯਰੂਸ਼ਲਮ ਦੇ ਵਾਸੀਆਂ ਕੋਲੋਂ ਇਕੱਠੀ ਕੀਤੀ ਸੀ ਉਸ ਨੂੰ ਦੇ ਦਿੱਤੀ

10ਅਤੇ ਉਨ੍ਹਾਂ ਨੇ ਉਸ ਨੂੰ ਉਨ੍ਹਾਂ ਕਰਿੰਦਿਆਂ ਦੇ ਹੱਥ ਵਿੱਚ ਦਿੱਤੀ ਜਿਹੜੇ ਯਹੋਵਾਹ ਦੇ ਭਵਨ ਦੀ ਦੇਖਭਾਲ ਕਰਦੇ ਸਨ ਤਾਂ ਉਨ੍ਹਾਂ ਕਰਿੰਦਿਆਂ ਨੇ ਜੋ ਪਰਮੇਸ਼ੁਰ ਦੇ ਭਵਨ ਵਿੱਚ ਕੰਮ ਕਰਦੇ ਸਨ ਉਸ ਨੂੰ ਉਸ ਭਵਨ ਦੀ ਮੁਰੰਮਤ ਅਤੇ ਪੱਕਾ ਕਰਨ ਉੱਤੇ ਲਾਇਆ

11ਅਰਥਾਤ ਉਸ ਨੂੰ ਤਰਖਾਣਾਂ ਅਤੇ ਰਾਜਾਂ ਨੂੰ ਦਿੱਤਾ ਤਾਂ ਜੋ ਘੜੇ ਹੋਏ ਪੱਥਰ ਅਤੇ ਜੋੜੀਆਂ ਲਈ ਲੱਕੜੀ ਮੁੱਲ ਲੈਣ ਅਤੇ ਉਨ੍ਹਾਂ ਘਰਾਂ ਲਈ ਵੀ ਜਿਨ੍ਹਾਂ ਨੂੰ ਯਹੂਦਾਹ ਦੇ ਪਾਤਸ਼ਾਹਾਂ ਨੇ ਉਜਾੜ ਦਿੱਤਾ ਸੀ ਸ਼ਤੀਰ ਬਣਾਉਣ

12ਅਤੇ ਉਹ ਮਨੁੱਖ ਇਮਾਨਦਾਰੀ ਨਾਲ ਕੰਮ ਕਰਦੇ ਸਨ ਅਤੇ ਯਹਥ ਅਤੇ ਓਬਦਯਾਹ ਲੇਵੀ ਮਰਾਰੀ ਦੀ ਵੰਸ਼ ਵਿੱਚੋਂ ਉਨ੍ਹਾਂ ਦੀ ਦੇਖਭਾਲ ਕਰਦੇ ਸਨ ਅਤੇ ਕਹਾਥੀਆਂ ਦੀ ਵੰਸ਼ ਵਿੱਚੋਂ ਜ਼ਕਰਯਾਹ ਅਤੇ ਮਸ਼ੁੱਲਾਮ ਉਨ੍ਹਾਂ ਤੋਂ ਕੰਮ ਕਰਾਉਂਦੇ ਸਨ ਅਤੇ ਉਹ ਸਾਰੇ ਲੇਵੀ ਵਾਜਿਆਂ ਦੇ ਵਜਾਉਣ ਵਿੱਚ ਵੱਡੇ ਗੁਣੀਏ ਸਨ

13ਅਤੇ ਉਹ ਭਾਰ ਚੁੱਕਣ ਵਾਲਿਆਂ ਦੇ ਉੱਤੇ ਸਨ ਅਤੇ ਹਰ ਪ੍ਰਕਾਰ ਦਾ ਕੰਮ ਕਰਨ ਵਾਲਿਆਂ ਪਾਸੋਂ ਕੰਮ ਕਰਾਉਂਦੇ ਸਨ ਅਤੇ ਲੇਵੀਆਂ ਵਿੱਚੋਂ ਲਿਖਾਰੀ ਅਤੇ ਅਫ਼ਸਰ ਅਤੇ ਦਰਬਾਨ ਸਨ

14ਜਦ ਉਹ ਉਸ ਚਾਂਦੀ ਨੂੰ ਜਿਹੜੀ ਯਹੋਵਾਹ ਦੇ ਭਵਨ ਵਿੱਚ ਲਿਆਂਦੀ ਗਈ ਸੀ ਬਾਹਰ ਕੱਢ ਰਹੇ ਸਨ ਤਾਂ ਹਿਲਕੀਯਾਹ ਜਾਜਕ ਨੂੰ ਯਹੋਵਾਹ ਦੀ ਬਿਵਸਥਾ ਦੀ ਪੋਥੀ ਜਿਹੜੀ ਮੂਸਾ ਦੇ ਰਾਹੀਂ ਦਿੱਤੀ ਗਈ ਸੀ ਲੱਭੀ

15ਤਾਂ ਹਿਲਕੀਯਾਹ ਨੇ ਸ਼ਾਫਾਨ ਲਿਖਾਰੀ ਨੂੰ ਆਖਿਆ ਕਿ ਮੈਨੂੰ ਬਿਵਸਥਾ ਦੀ ਪੋਥੀ ਯਹੋਵਾਹ ਦੇ ਭਵਨ ਵਿੱਚੋਂ ਲੱਭੀ ਹੈ ਅਤੇ ਹਿਲਕੀਯਾਹ ਨੇ ਉਹ ਪੋਥੀ ਸ਼ਾਫਾਨ ਨੂੰ ਦੇ ਦਿੱਤੀ

16ਅਤੇ ਸ਼ਾਫਾਨ ਉਸ ਪੋਥੀ ਨੂੰ ਪਾਤਸ਼ਾਹ ਦੇ ਕੋਲ ਲੈ ਗਿਆ ਫੇਰ ਉਸ ਨੇ ਪਾਤਸ਼ਾਹ ਨੂੰ ਇਹ ਸੁਨੇਹਾ ਦਿੱਤਾ ਕਿ ਸਾਰਾ ਕੰਮ ਜੋ ਤੁਸੀਂ ਆਪਣੇ ਦਾਸਾਂ ਦੇ ਜਿੰਮੇ ਕੀਤਾ ਸੀ ਉਹ ਕਰਦੇ ਹਨ

17ਅਤੇ ਉਹ ਚਾਂਦੀ ਜਿਹੜੀ ਯਹੋਵਾਹ ਦੇ ਭਵਨ ਵਿੱਚੋਂ ਮਿਲੀ ਲੈ ਕੇ ਦੇਖਭਾਲ ਕਰਨ ਵਾਲਿਆਂ ਅਤੇ ਕੰਮ ਕਰਨ ਵਾਲਿਆਂ ਨੂੰ ਦੇ ਦਿੱਤੀ

18ਤਾਂ ਸ਼ਾਫਾਨ ਲਿਖਾਰੀ ਨੇ ਪਾਤਸ਼ਾਹ ਨੂੰ ਦੱਸਿਆ ਕਿ ਹਿਲਕੀਯਾਹ ਜਾਜਕ ਨੇ ਮੈਨੂੰ ਇੱਕ ਪੋਥੀ ਫੜ੍ਹਾਈ ਹੈ ਅਤੇ ਸ਼ਾਫਾਨ ਨੇ ਉਹ ਨੂੰ ਪਾਤਸ਼ਾਹ ਦੇ ਸਾਹਮਣੇ ਪੜ੍ਹਿਆ

19ਫੇਰ ਅਜਿਹਾ ਹੋਇਆ ਕਿ ਜਦ ਪਾਤਸ਼ਾਹ ਨੇ ਬਿਵਸਥਾ ਦੀਆਂ ਗੱਲਾਂ ਸੁਣੀਆਂ ਤਾਂ ਉਹ ਨੇ ਆਪਣੇ ਲੀੜੇ ਪਾੜੇ

20ਤਾਂ ਪਾਤਸ਼ਾਹ ਹਿਲਕੀਯਾਹ ਨੂੰ ਸ਼ਾਫਾਨ ਦੇ ਪੁੱਤਰ ਅਹੀਕਾਮ ਨੂੰ ਅਤੇ ਮੀਕਾਹ ਦੇ ਪੁੱਤਰ ਅਬਦੋਨ ਨੂੰ ਅਤੇ ਸ਼ਾਫਾਨ ਲਿਖਾਰੀ ਨੂੰ ਅਤੇ ਪਾਤਸ਼ਾਹ ਦੇ ਟਹਿਲੂਏ ਅਸਾਯਾਹ ਨੂੰ ਹੁਕਮ ਦਿੱਤਾ ਕਿ

21ਤੁਸੀਂ ਜਾਓ ਅਤੇ ਮੇਰੀ ਵੱਲੋਂ ਅਤੇ ਉਨ੍ਹਾਂ ਵੱਲੋਂ ਜਿਹੜੇ ਇਸਰਾਏਲ ਅਤੇ ਯਹੂਦਾਹ ਵਿੱਚ ਬਾਕੀ ਹਨ ਇਸ ਪੋਥੀ ਦੀਆਂ ਗੱਲਾਂ ਦੇ ਵਿਖੇ ਜੋ ਲੱਭੀ ਹੈ ਯਹੋਵਾਹ ਤੋਂ ਪੁੱਛ-ਗਿੱਛ ਕਰੋ ਕਿਉਂ ਜੋ ਯਹੋਵਾਹ ਦਾ ਵੱਡਾ ਕ੍ਰੋਧ ਸਾਡੇ ਉੱਤੇ ਇਸੇ ਲਈ ਭੜਕਿਆ ਹੈ ਕਿ ਸਾਡੇ ਪੁਰਖਿਆਂ ਨੇ ਯਹੋਵਾਹ ਦੇ ਬਚਨਾਂ ਦੀ ਪਾਲਨਾ ਨਹੀਂ ਕੀਤੀ ਕਿ ਸਭ ਕੁਝ ਜੋ ਇਸ ਪੋਥੀ ਵਿੱਚ ਲਿਖਿਆ ਹੈ ਉਸ ਦੇ ਅਨੁਸਾਰ ਕਰਨ

22ਤਾਂ ਹਿਲਕੀਯਾਹ ਅਤੇ ਉਹ ਜਿਨ੍ਹਾਂ ਨੂੰ ਪਾਤਸ਼ਾਹ ਨੇ ਨਿਯੁਕਤ ਕੀਤਾ ਸੀ ਹੁਲਦਾਹ ਨਬੀਆ ਦੇ ਕੋਲ ਗਏ ਜਿਹੜੀ ਤੋਸ਼ੇਖਾਨੇ ਦੇ ਰਖਵਾਲੇ ਤਾਕਹਥ ਦੇ ਪੁੱਤਰ ਅਤੇ ਹਸਰਾਹ ਦੇ ਪੋਤੇ ਸ਼ੱਲੂਮ ਦੀ ਪਤਨੀ ਸੀ (ਉਹ ਯਰੂਸ਼ਲਮ ਵਿੱਚ ਦੂਜੇ ਮੁਹੱਲੇ ਵਿੱਚ ਰਹਿੰਦੀ ਸੀ) ਸੋ ਉਨ੍ਹਾਂ ਨੇ ਉਸ ਦੇ ਨਾਲ ਉਹ ਦੇ ਵਿਖੇ ਗੱਲਾਂ ਕੀਤੀਆਂ

23ਉਹ ਨੇ ਉਨ੍ਹਾਂ ਨੂੰ ਆਖਿਆ, ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਇਹ ਫ਼ਰਮਾਉਂਦਾ ਹੈ ਕਿ ਤੁਸੀਂ ਉਸ ਮਨੁੱਖ ਨੂੰ ਜਿਸ ਨੇ ਤੁਹਾਨੂੰ ਮੇਰੇ ਕੋਲ ਭੇਜਿਆ ਹੈ ਇਹ ਆਖਣਾ,

24ਯਹੋਵਾਹ ਇਹ ਫ਼ਰਮਾਉਂਦਾ ਹੈ, - ਵੇਖੋ, ਮੈਂ ਇਸ ਥਾਂ ਅਤੇ ਇਸ ਦੇ ਵਾਸੀਆਂ ਦੇ ਉੱਤੇ ਬੁਰਿਆਈ ਲਿਆਉਣ ਵਾਲਾ ਹਾਂ ਅਰਥਾਤ ਸਾਰੇ ਸਰਾਪ ਜਿਹੜੇ ਇਸ ਪੋਥੀ ਵਿੱਚ ਲਿਖੇ ਹਨ ਜਿਹੜੀ ਉਨ੍ਹਾਂ ਨੇ ਯਹੂਦਾਹ ਦੇ ਰਾਜਾ ਦੇ ਸਾਹਮਣੇ ਪੜ੍ਹੀ ਹੈ

25ਕਿਉਂ ਜੋ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਅਤੇ ਪਰਾਏ ਦੇਵਤਿਆਂ ਦੇ ਅੱਗੇ ਧੂਪ ਧੁਖਾਈ ਤਾਂ ਜੋ ਉਹ ਆਪਣੇ ਹੱਥਾਂ ਦੀ ਸਾਰੀ ਕਾਰੀਗਰੀ ਨਾਲ ਮੈਨੂੰ ਕ੍ਰੋਧ ਵਿੱਚ ਲਿਆਉਣ ਇਸ ਲਈ ਮੇਰਾ ਕ੍ਰੋਧ ਇਸ ਥਾਂ ਉੱਤੇ ਪਿਆ ਹੈ ਅਤੇ ਉਹ ਬੁਝੇਗਾ ਨਹੀਂ

26ਪਰ ਯਹੂਦਾਹ ਦੇ ਰਾਜਾ ਨੂੰ ਜਿਸ ਨੇ ਤੁਹਾਨੂੰ ਯਹੋਵਾਹ ਕੋਲੋਂ ਪੁੱਛ-ਗਿੱਛ ਕਰਨ ਲਈ ਭੇਜਿਆ ਹੈ ਇਹ ਕਹੋ ਕਿ ਇਸਰਾਏਲ ਦਾ ਪਰਮੇਸ਼ੁਰ ਐਉਂ ਫਰਮਾਉਂਦਾ ਹੈ ਕਿ ਉਨ੍ਹਾਂ ਗੱਲਾਂ ਦੇ ਵਿਖੇ ਜਿਹੜੀਆਂ ਤੂੰ ਸੁਣੀਆਂ ਹਨ

27ਇਸ ਲਈ ਕਿ ਤੇਰਾ ਮਨ ਨਰਮ ਹੋਇਆ ਅਤੇ ਤੂੰ ਪਰਮੇਸ਼ੁਰ ਦੇ ਅੱਗੇ ਅਧੀਨ ਹੋਇਆ ਹੈਂ ਜਦ ਤੋਂ ਤੂੰ ਉਸ ਦੀਆਂ ਗੱਲਾਂ ਇਸ ਸਥਾਨ ਦੇ ਵਿਰੁੱਧ ਅਤੇ ਇਸ ਦੇ ਵਾਸੀਆਂ ਦੇ ਵਿਰੁੱਧ ਸੁਣੀਆਂ ਹਨ ਅਤੇ ਮੇਰੇ ਅੱਗੇ ਆਪਣੇ ਆਪ ਨੂੰ ਅਧੀਨ ਬਣਾਇਆ ਹੈ ਅਤੇ ਆਪਣੇ ਲੀੜੇ ਪਾੜ ਕੇ ਮੇਰੇ ਅੱਗੇ ਰੋਇਆ ਸੋ ਮੈਂ ਵੀ ਤੇਰੀ ਸੁਣ ਲਈ ਹੈ, ਯਹੋਵਾਹ ਦਾ ਵਾਕ ਹੈ

28ਵੇਖ, ਮੈਂ ਤੈਨੂੰ ਤੇਰੇ ਪੁਰਖਿਆਂ ਨਾਲ ਮਿਲਾਵਾਂਗਾ ਅਤੇ ਤੂੰ ਆਪਣੀ ਕਬਰ ਵਿੱਚ ਸ਼ਾਂਤੀ ਨਾਲ ਰੱਖਿਆ ਜਾਵੇਂਗਾ ਅਤੇ ਸਾਰੀ ਬੁਰਿਆਈ ਨੂੰ ਜੋ ਮੈਂ ਇਸ ਥਾਂ ਅਤੇ ਇਸ ਦੇ ਵਾਸੀਆਂ ਦੇ ਉੱਤੇ ਲਿਆਉਣ ਵਾਲਾ ਹਾਂ ਤੇਰੀਆਂ ਅੱਖਾਂ ਨਹੀਂ ਵੇਖਣਗੀਆਂ। ਉਹ ਫੇਰ ਰਾਜੇ ਕੋਲ ਇਹ ਸੁਨੇਹਾ ਲਿਆਏ।

29ਤਦ ਰਾਜੇ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਬਜ਼ੁਰਗਾਂ ਨੂੰ ਬੁਲਾ ਕੇ ਇਕੱਠਾ ਕੀਤਾ

30ਫਿਰ ਪਾਤਸ਼ਾਹ ਅਤੇ ਯਹੂਦਾਹ ਦੇ ਸਾਰੇ ਮਨੁੱਖ ਅਤੇ ਯਰੂਸ਼ਲਮ ਦੇ ਵਾਸੀ, ਜਾਜਕ ਅਤੇ ਲੇਵੀ, ਸਾਰੇ ਛੋਟੇ ਵੱਡੇ ਲੋਕ, ਯਹੋਵਾਹ ਦੇ ਭਵਨ ਨੂੰ ਉਤਾਂਹ ਗਏ ਤਾਂ ਉਹ ਨੇ ਨੇਮ ਦੀ ਪੋਥੀ ਜਿਹੜੀ ਯਹੋਵਾਹ ਦੇ ਭਵਨ ਵਿੱਚੋਂ ਲੱਭੀ ਸੀ ਉਹ ਦੀਆਂ ਸਾਰੀਆਂ ਗੱਲਾਂ ਪੜ੍ਹ ਕੇ ਲੋਕਾਂ ਦੇ ਕੰਨੀ ਪਾਈਆਂ

31ਤਾਂ ਪਾਤਸ਼ਾਹ ਆਪਣੇ ਥਾਂ ਉੱਤੇ ਜਾ ਖੜ੍ਹਾ ਹੋਇਆ ਅਤੇ ਯਹੋਵਾਹ ਦੇ ਅੱਗੇ ਨੇਮ ਬੰਨਿਆ ਕਿ ਅਸੀਂ ਯਹੋਵਾਹ ਦੇ ਪਿੱਛੇ ਤੁਰਾਂਗੇ ਅਤੇ ਉਸ ਦੇ ਹੁਕਮਨਾਮੇ, ਉਸ ਦੀਆਂ ਸਾਖੀਆਂ ਅਤੇ ਉਸ ਦੀਆਂ ਬਿਧੀਆਂ ਦੀ ਆਪਣੇ ਸਾਰੇ ਦਿਲ ਆਪਣੀ ਸਾਰੀ ਜਾਨ ਨਾਲ ਪਾਲਣਾ ਕਰਾਂਗੇ ਅਤੇ ਉਸ ਦੇ ਨੇਮ ਦੀਆਂ ਗੱਲਾਂ ਨੂੰ ਜੋ ਉਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪੂਰਾ ਕਰਾਂਗੇ

32ਅਤੇ ਉਸ ਨੇ ਉਨ੍ਹਾਂ ਸਾਰਿਆਂ ਨੂੰ ਜਿਹੜੇ ਯਰੂਸ਼ਲਮ ਅਤੇ ਬਿਨਯਾਮੀਨ ਵਿੱਚ ਲੱਭੇ ਸਨ ਇਸ ਨੇਮ ਉੱਤੇ ਖੜ੍ਹਾ ਕੀਤਾ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਪਰਮੇਸ਼ੁਰ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੇ ਨੇਮ ਅਨੁਸਾਰ ਕੰਮ ਕੀਤਾ

33ਤਾਂ ਯੋਸ਼ੀਯਾਹ ਨੇ ਇਸਰਾਏਲੀਆਂ ਦੀ ਸਾਰੀ ਧਰਤੀ ਵਿੱਚੋਂ ਘਿਣਾਉਣੀਆਂ ਚੀਜ਼ਾਂ ਨੂੰ ਦੂਰ ਕੀਤਾ ਅਤੇ ਇਸਰਾਏਲੀ ਜਿਹੜੇ ਹਾਜ਼ਰ ਸਨ ਉਨ੍ਹਾਂ ਤੋਂ ਯਹੋਵਾਹ ਉਨ੍ਹਾਂ ਦੇ ਪਰਮੇਸ਼ੁਰ ਦੀ ਉਪਾਸਨਾ ਕਰਾਈ ਅਤੇ ਉਹ ਉਸ ਦੀ ਸਾਰੀ ਉਮਰ ਤੱਕ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੇ ਮਗਰ ਚੱਲਣ ਤੋਂ ਨਾ ਹਟੇ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath