2 ਇਤਿਹਾਸ 32
1ਇਨ੍ਹਾਂ ਗੱਲਾਂ ਅਤੇ ਇਸ ਸ਼ਰਧਾ ਭਾਵ ਦੇ ਮਗਰੋਂ ਅੱਸ਼ੂਰ ਦਾ ਪਾਤਸ਼ਾਹ ਸਨਹੇਰੀਬ ਚੜ੍ਹ ਆਇਆ ਅਤੇ ਯਹੂਦਾਹ ਵਿੱਚ ਆ ਕੇ ਸਫ਼ੀਲਾਂ ਵਾਲੇ ਸ਼ਹਿਰਾਂ ਦੇ ਸਾਹਮਣੇ ਡੇਰੇ ਲਾ ਦਿੱਤੇ ਅਤੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲਿਆਉਣ ਦਾ ਜਤਨ ਕੀਤਾ
2ਤਾਂ ਜਦ ਹਿਜ਼ਕੀਯਾਹ ਨੇ ਵੇਖਿਆ ਕਿ ਸਨਹੇਰੀਬ ਆਇਆ ਹੈ ਅਤੇ ਲੜਾਈ ਲਈ ਯਰੂਸ਼ਲਮ ਵੱਲ ਉਹ ਦਾ ਮੂੰਹ ਹੈ
3ਤਾਂ ਉਸ ਨੇ ਆਪਣਿਆਂ ਸਰਦਾਰਾਂ ਅਤੇ ਸੂਰਬੀਰਾਂ ਦੇ ਨਾਲ ਸਲਾਹ ਕੀਤੀ ਕਿ ਉਨ੍ਹਾਂ ਪਾਣੀ ਦੇ ਸੋਮਿਆਂ ਨੂੰ ਜੋ ਸ਼ਹਿਰੋਂ ਬਾਹਰ ਸਨ ਬੰਦ ਕਰ ਦੇਵੇ ਤਾਂ ਉਨ੍ਹਾਂ ਨੇ ਉਸ ਦੀ ਹਾਮੀ ਭਰੀ
4ਅਤੇ ਬਹੁਤ ਸਾਰੇ ਲੋਕ ਇਕੱਠੇ ਹੋਏ ਅਤੇ ਉਹਨਾਂ ਨੇ ਸਾਰੇ ਸੋਮਿਆਂ ਨੂੰ ਅਤੇ ਉਸ ਨਦੀ ਨੂੰ ਜੋ ਉਸ ਧਰਤੀ ਦੇ ਵਿੱਚੋਂ ਦੀ ਵਗਦੀ ਸੀ ਬੰਦ ਕਰ ਦਿੱਤਾ ਅਤੇ ਆਖਿਆ ਕਿ ਅੱਸ਼ੂਰ ਦੇ ਪਾਤਸ਼ਾਹ ਆ ਕੇ ਬਹੁਤਾ ਪਾਣੀ ਕਿਉਂ ਲੈਣ?
5ਤਾਂ ਉਸ ਨੇ ਹਿੰਮਤ ਕੀਤੀ ਅਤੇ ਸਾਰੀ ਕੰਧ ਨੂੰ ਜਿਹੜੀ ਟੁੱਟੀ ਹੋਈ ਸੀ ਬਣਾਇਆ ਅਤੇ ਬੁਰਜ਼ਾਂ ਨੂੰ ਉੱਚਾ ਕੀਤਾ ਅਤੇ ਉਸ ਦੇ ਬਾਹਰਲੀ ਵੱਲ ਇੱਕ ਹੋਰ ਕੰਧ ਬਣਾਈ ਅਤੇ ਦਾਊਦ ਦੇ ਸ਼ਹਿਰ ਮਿੱਲੋ ਨੂੰ ਪੱਕਿਆਂ ਕੀਤਾ ਅਤੇ ਬਹੁਤ ਸਾਰੇ ਸ਼ਸਤਰ ਅਤੇ ਢਾਲਾਂ ਬਣਾਈਆਂ
6ਉਸ ਨੇ ਲੋਕਾਂ ਉੱਤੇ ਫ਼ੌਜੀ ਸਰਦਾਰ ਨਿਯੁਕਤ ਕੀਤੇ ਅਤੇ ਸ਼ਹਿਰ ਦੇ ਫਾਟਕ ਦੇ ਮੈਦਾਨ ਵਿੱਚ ਉਨ੍ਹਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਦੇ ਨਾਲ ਤਸੱਲੀ ਦੀਆਂ ਗੱਲਾਂ ਕੀਤੀਆਂ ਅਤੇ ਆਖਿਆ,
7ਤਕੜੇ ਹੋਵੋ ਅਤੇ ਬਹਾਦੁਰੀ ਕਰੋ! ਅੱਸ਼ੂਰ ਦੇ ਪਾਤਸ਼ਾਹ ਅਤੇ ਇਸ ਸਾਰੇ ਮਹੈਣ ਤੋਂ ਜੋ ਉਸ ਦੇ ਨਾਲ ਹੈ ਨਾ ਡਰੋ ਅਤੇ ਨਾ ਘਬਰਾਓ ਕਿਉਂ ਜੋ ਸਾਡੇ ਨਾਲ ਹੈ, ਉਨ੍ਹਾਂ ਨਾਲੋਂ ਵੱਡਾ ਹੈ
8ਉਹ ਦੇ ਨਾਲ ਮਨੁੱਖ ਦਾ ਹੱਥ ਹੈ ਪਰ ਸਾਡੇ ਨਾਲ ਯਹੋਵਾਹ ਸਾਡਾ ਪਰਮੇਸ਼ੁਰ ਹੈ ਜੋ ਸਾਡੀ ਸਹਾਇਤਾ ਕਰਦਾ ਅਤੇ ਸਾਡੀਆਂ ਲੜਾਈਆਂ ਲੜਦਾ ਹੈ ਤਾਂ ਲੋਕਾਂ ਨੇ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੀਆਂ ਗੱਲਾਂ ਉੱਤੇ ਭਰੋਸਾ ਕੀਤਾ
9ਉਸ ਦੇ ਮਗਰੋਂ ਅੱਸ਼ੂਰ ਦੇ ਰਾਜਾ ਸਨਹੇਰੀਬ ਨੇ ਜੋ ਆਪਣੇ ਸਾਰੇ ਮਹੈਣ ਸਣੇ ਲਾਕੀਸ਼ ਦੇ ਸਾਹਮਣੇ ਡੇਰੇ ਲਾਈ ਬੈਠਾ ਸੀ ਆਪਣੇ ਨੌਕਰ ਯਰੂਸ਼ਲਮ ਵੱਲ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਕੋਲ ਅਤੇ ਸਾਰੇ ਯਹੂਦਾਹ ਦੇ ਕੋਲ ਜੋ ਯਰੂਸ਼ਲਮ ਵਿੱਚ ਸਨ ਇਹ ਆਖਣ ਲਈ ਭੇਜੇ
10ਕਿ ਸਨਹੇਰੀਬ ਅੱਸ਼ੂਰ ਦਾ ਪਾਤਸ਼ਾਹ ਇਹ ਆਖਦਾ ਹੈ, ਤੁਹਾਡਾ ਕਿਸ ਉੱਤੇ ਭਰੋਸਾ ਹੈ ਤੁਸੀਂ ਜੋ ਯਰੂਸ਼ਲਮ ਵਿੱਚ ਬੱਝੇ ਬੈਠੇ ਹੋ?
11ਕੀ ਹਿਜ਼ਕੀਯਾਹ ਤੁਹਾਨੂੰ ਕਾਲ ਅਤੇ ਤੇਹ ਦੀ ਮੌਤ ਦੇ ਹਵਾਲੇ ਕਰਨ ਨੂੰ ਨਹੀਂ ਭਰਮਾ ਰਿਹਾ ਕਿ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਅੱਸ਼ੂਰ ਦੇ ਪਾਤਸ਼ਾਹ ਦੇ ਹੱਥੋਂ ਬਚਾ ਲਵੇਗਾ?
12ਕੀ ਇਸੇ ਹਿਜ਼ਕੀਯਾਹ ਨੇ ਉਸ ਦੇ ਉੱਚੇ ਥਾਵਾਂ ਅਤੇ ਉਸ ਦੀਆਂ ਜਗਵੇਦੀਆਂ ਨੂੰ ਜਦ ਉਸ ਨੇ ਯਹੂਦਾਹ ਤੇ ਯਰੂਸ਼ਲਮ ਨੂੰ ਆਖਿਆ ਸੀ ਨਹੀਂ ਢਾਇਆ, ਇਹ ਆਖਦੇ ਹੋਏ ਕਿ ਤੁਸੀਂ ਇੱਕੋ ਹੀ ਜਗਵੇਦੀ ਦੇ ਅੱਗੇ ਮੱਥਾ ਟੇਕੋ ਅਤੇ ਉਹ ਦੇ ਉੱਤੇ ਹੀ ਧੂਪ ਧੁਖਾਓ?
13ਕੀ ਤੁਸੀਂ ਨਹੀਂ ਜਾਣਦੇ ਜੋ ਮੈਂ ਅਤੇ ਮੇਰੇ ਪੁਰਖਿਆਂ ਨੇ ਸਾਰਿਆਂ ਲੋਕਾਂ ਅਤੇ ਦੇਸਾਂ ਲਈ ਕੀ ਕੀਤਾ? ਕੀ ਉਨ੍ਹਾਂ ਦੇਸਾਂ ਦੀਆਂ ਕੌਮਾਂ ਦੇ ਦੇਵਤੇ ਮੇਰੇ ਹੱਥੋਂ ਉਨ੍ਹਾਂ ਦੇ ਦੇਸਾਂ ਨੂੰ ਛੁਡਾ ਸਕੇ?
14ਉਨ੍ਹਾਂ ਕੌਮਾਂ ਦੇ ਸਾਰੇ ਦੇਵਤਿਆਂ ਵਿੱਚੋਂ ਕਿਹੜਾ ਸੀ ਜਿਸ ਨੂੰ ਮੇਰੇ ਪੁਰਖਿਆਂ ਨੇ ਉੱਕਾ ਹੀ ਨਾਸ ਨਹੀਂ ਕੀਤਾ ਜਿਹੜਾ ਮੇਰੇ ਹੱਥੋਂ ਆਪਣਿਆਂ ਲੋਕਾਂ ਨੂੰ ਬਚਾ ਸਕਿਆ ਕਿ ਤੁਹਾਡਾ ਪਰਮੇਸ਼ੁਰ ਵੀ ਮੇਰੇ ਹੱਥੋਂ ਤੁਹਾਨੂੰ ਛੁਡਾ ਲਵੇ?
15ਹੁਣ ਹਿਜ਼ਕੀਯਾਹ ਤੁਹਾਨੂੰ ਧੋਖਾ ਨਾ ਦੇਵੇ ਅਤੇ ਨਾ ਹੀ ਤੁਹਾਨੂੰ ਇਸ ਗੱਲ ਵਿੱਚ ਭੁਲਾਵੇ! ਉਹ ਦੇ ਉੱਤੇ ਭਰੋਸਾ ਨਾ ਰੱਖੋ ਕਿਉਂ ਜੋ ਕਿਸੇ ਕੌਮ ਦਾ ਜਾਂ ਪਾਤਸ਼ਾਹੀ ਦਾ ਕੋਈ ਦੇਵਤਾ ਅਜਿਹਾ ਨਹੀਂ ਜੋ ਮੇਰੇ ਹੱਥੋਂ ਜਾਂ ਮੇਰੇ ਪੁਰਖਿਆਂ ਦੇ ਹੱਥੋਂ ਆਪਣੇ ਲੋਕਾਂ ਨੂੰ ਛੁਡਾ ਸਕਿਆ ਹੋਵੇ। ਫੇਰ ਤੁਹਾਡਾ ਪਰਮੇਸ਼ੁਰ ਕਿਵੇਂ ਤੁਹਾਨੂੰ ਮੇਰੇ ਹੱਥੋਂ ਛੁਡਾ ਲਵੇਗਾ?
16ਅਤੇ ਉਹ ਦੇ ਨੌਕਰਾਂ ਨੇ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਅਤੇ ਉਹ ਦੇ ਸੇਵਕ ਹਿਜ਼ਕੀਯਾਹ ਦੇ ਵਿਰੁੱਧ ਹੋਰ ਬਹੁਤ ਸਾਰੀਆਂ ਗੱਲਾਂ ਆਖੀਆਂ
17ਅਤੇ ਉਸ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਨਿਰਾਦਰੀ ਕਰਨ ਅਤੇ ਉਸ ਦੇ ਵਿਖੇ ਝੂਠ ਬੋਲਣ ਦੇ ਲਈ ਇਸ ਭਾਵ ਦੀਆਂ ਚਿੱਠੀਆਂ ਵੀ ਲਿਖੀਆਂ ਕਿ ਜਿਵੇਂ ਹੋਰਨਾਂ ਦੇਸਾਂ ਦੀਆਂ ਕੌਮਾਂ ਦੇ ਦੇਵਤਿਆਂ ਨੇ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਬਚਾਇਆ ਹੈ ਓਵੇਂ ਹੀ ਹਿਜ਼ਕੀਯਾਹ ਦਾ ਪਰਮੇਸ਼ੁਰ ਵੀ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਬਚਾ ਸਕੇਗਾ
18ਅਤੇ ਉਨ੍ਹਾਂ ਨੇ ਉੱਚੀ ਆਵਾਜ਼ ਦੇ ਨਾਲ ਬੋਲ ਕੇ ਯਹੂਦੀਆਂ ਦੀ ਬੋਲੀ ਵਿੱਚ ਯਰੂਸ਼ਲਮ ਦੇ ਲੋਕਾਂ ਨੂੰ ਜਿਹੜੇ ਕੰਧ ਉੱਤੇ ਸਨ ਇਹ ਗੱਲਾਂ ਆਖ ਕੇ ਸੁਣਾਈਆਂ ਤਾਂ ਜੋ ਉਨ੍ਹਾਂ ਨੂੰ ਡਰਾਉਣ ਤੇ ਫ਼ਿਕਰ ਵਿੱਚ ਪਾ ਦੇਣ ਅਤੇ ਸ਼ਹਿਰ ਨੂੰ ਲੈ ਲੈਣ
19ਉਨ੍ਹਾਂ ਨੇ ਯਰੂਸ਼ਲਮ ਦੇ ਪਰਮੇਸ਼ੁਰ ਦਾ ਵਰਣਨ ਧਰਤੀ ਦੀਆਂ ਕੌਮਾਂ ਦੇ ਦੇਵਤਿਆਂ ਵਾਂਗਰ ਕੀਤਾ ਜਿਹੜੇ ਆਦਮੀਆਂ ਦੇ ਹੱਥਾਂ ਦੀ ਬਣਤ ਹਨ।
20ਤਾਂ ਹਿਜ਼ਕੀਯਾਹ ਪਾਤਸ਼ਾਹ ਅਤੇ ਆਮੋਸ ਦੇ ਪੁੱਤਰ ਯਸਾਯਾਹ ਨਬੀ ਨੇ ਪ੍ਰਾਰਥਨਾ ਕੀਤੀ ਅਤੇ ਆਕਾਸ਼ ਵੱਲ ਦੁਹਾਈ ਦਿੱਤੀ
21ਤਾਂ ਯਹੋਵਾਹ ਨੇ ਇੱਕ ਦੂਤ ਨੂੰ ਭੇਜਿਆ ਜਿਸ ਨੇ ਅੱਸ਼ੂਰ ਦੇ ਪਾਤਸ਼ਾਹ ਦੇ ਲਸ਼ਕਰਾਂ ਵਿੱਚੋਂ ਸਾਰੇ ਸੂਰਬੀਰਾਂ ਨੂੰ ਅਤੇ ਅਫ਼ਸਰਾਂ ਨੂੰ ਅਤੇ ਸਰਦਾਰਾਂ ਨੂੰ ਮਾਰ ਸੁੱਟਿਆ। ਸੋ ਉਹ ਸ਼ਰਮਿੰਦਾ ਹੋ ਕੇ ਆਪਣੇ ਦੇਸ ਨੂੰ ਮੁੜ ਗਿਆ ਅਤੇ ਜਦ ਉਹ ਆਪਣੇ ਦੇਵਤੇ ਦੇ ਮੰਦਰ ਵਿੱਚ ਗਿਆ ਤਾਂ ਉਹ ਦੀ ਅੰਸ ਵਿੱਚੋਂ ਹੀ ਕਿਸੇ ਉਹ ਨੂੰ ਉੱਥੇ ਹੀ ਤਲਵਾਰ ਨਾਲ ਵੱਢ ਸੁੱਟਿਆ
22ਐਉਂ ਯਹੋਵਾਹ ਨੇ ਹਿਜ਼ਕੀਯਾਹ ਨੂੰ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਦੇ ਹੱਥੋਂ ਬਚਾ ਲਿਆ ਅਤੇ ਹਰ ਪਾਸਿਓਂ ਉਨ੍ਹਾਂ ਦੀ ਅਗਵਾਈ ਕੀਤੀ
23ਅਤੇ ਬਹੁਤ ਲੋਕ ਯਹੋਵਾਹ ਲਈ ਯਰੂਸ਼ਲਮ ਵਿੱਚ ਚੜ੍ਹਾਵੇ ਲਿਆਏ ਅਤੇ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਲਈ ਬਹੁਮੁੱਲੀਆਂ ਵਸਤੂਆਂ ਲਿਆਏ ਸੋ ਉਹ ਉਸ ਸਮੇਂ ਤੋਂ ਸਾਰੀਆਂ ਕੌਮਾਂ ਦੀ ਨਿਗਾਹ ਵਿੱਚ ਉੱਚਾ ਹੋ ਗਿਆ।
24ਉਨ੍ਹਾਂ ਦਿਨਾਂ ਵਿੱਚ ਹਿਜ਼ਕੀਯਾਹ ਅਜਿਹਾ ਬਿਮਾਰ ਹੋਇਆ ਜੋ ਮਰਨ ਦੇ ਨੇੜੇ ਜਾ ਪੁੱਜਾ ਅਤੇ ਉਹ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਤਦ ਉਸ ਨੇ ਉਹ ਨੂੰ ਆਖਿਆ ਅਤੇ ਉਹ ਨੂੰ ਇੱਕ ਨਿਸ਼ਾਨ ਦਿੱਤਾ
25ਪਰ ਹਿਜ਼ਕੀਯਾਹ ਨੇ ਉਸ ਤਰਸ ਦੇ ਅਨੁਸਾਰ ਜੋ ਉਸ ਉੱਤੇ ਕੀਤਾ ਗਿਆ ਸੀ ਕੰਮ ਨਾ ਕੀਤਾ ਕਿਉਂ ਜੋ ਉਹ ਦੇ ਮਨ ਵਿੱਚ ਹੰਕਾਰ ਸਮਾ ਗਿਆ ਸੀ ਇਸ ਲਈ ਉਹ ਦੇ ਉੱਤੇ ਅਤੇ ਯਹੂਦਾਹ ਅਤੇ ਯਰੂਸ਼ਲਮ ਉੱਤੇ ਕਹਿਰ ਭੜਕਿਆ
26ਜਦ ਹਿਜ਼ਕੀਯਾਹ ਤੇ ਯਰੂਸ਼ਲਮ ਦੇ ਵਾਸੀਆਂ ਨੇ ਆਪਣੇ ਮਨ ਵਿੱਚ ਹੰਕਾਰ ਦੇ ਥਾਂ ਅਧੀਨਗੀ ਫੜੀ ਤਾਂ ਹਿਜ਼ਕੀਯਾਹ ਦੇ ਦਿਨਾਂ ਵਿੱਚ ਉਨ੍ਹਾਂ ਉੱਤੇ ਕਹਿਰ ਨਾ ਪਿਆ।
27ਹਿਜ਼ਕੀਯਾਹ ਦੀ ਦੌਲਤ ਅਤੇ ਮਾਣ ਬਹੁਤ ਵੱਧ ਗਿਆ ਅਤੇ ਉਸ ਨੇ ਚਾਂਦੀ-ਸੋਨੇ ਅਤੇ ਬਹੁਮੁੱਲੇ ਪੱਥਰਾਂ ਅਤੇ ਮਸਾਲੇ, ਢਾਲਾਂ ਅਤੇ ਹਰ ਪ੍ਰਕਾਰ ਦੀਆਂ ਕੀਮਤੀ ਚੀਜ਼ਾਂ ਦੇ ਲਈ ਖਜ਼ਾਨੇ
28ਅਤੇ ਅਨਾਜ ਅਤੇ ਮੈ ਅਤੇ ਤੇਲ ਦੇ ਵਾਧੇ ਲਈ ਕੋਠੜੀਆਂ ਅਤੇ ਹਰ ਪ੍ਰਕਾਰ ਦੇ ਪਸ਼ੂਆਂ ਲਈ ਥਾਂ ਅਤੇ ਭੇਡ ਬੱਕਰੀਆਂ ਲਈ ਵਾੜੇ ਬਣਾਏ l
29ਉਸ ਨੇ ਆਪਣੇ ਲਈ ਸ਼ਹਿਰ ਬਣਾਏ ਅਤੇ ਚੌਣੇ ਅਤੇ ਇੱਜੜ ਅਤੇ ਗਾਂਈਆਂ ਬਲ਼ਦ ਉਸ ਦੇ ਕੋਲ ਬਹੁਤ ਸਨ ਕਿਉਂਕਿ ਪਰਮੇਸ਼ੁਰ ਨੇ ਉਹ ਦੇ ਮਾਲ ਵਿੱਚ ਬਹੁਤ ਵਾਧਾ ਕੀਤਾ ਸੀ l
30ਇਸੇ ਹਿਜ਼ਕੀਯਾਹ ਨੇ ਗੀਹੋਨ ਦੇ ਪਾਣੀ ਦੇ ਉੱਪਰਲੇ ਸੋਤੇ ਨੂੰ ਬੰਦ ਕਰ ਦਿੱਤਾ ਸੀ ਅਤੇ ਉਹ ਨੂੰ ਦਾਊਦ ਦੇ ਸ਼ਹਿਰ ਦੇ ਲਹਿੰਦੇ ਪਾਸੇ ਵੱਲ ਸਿੱਧਾ ਪਹੁੰਚਾ ਦਿੱਤਾ ਅਤੇ ਹਿਜ਼ਕੀਯਾਹ ਆਪਣੇ ਸਾਰੇ ਕੰਮ ਵਿੱਚ ਸਫ਼ਲ ਹੋਇਆ l
31ਤਾਂ ਵੀ ਬਾਬਲ ਦੇ ਸਰਦਾਰਾਂ ਦੇ ਸੰਦੇਸ਼ਵਾਹਕਾਂ ਦੀ ਗੱਲ ਵਿੱਚ ਜਿਹੜੇ ਉਹ ਦੇ ਕੋਲ ਭੇਜੇ ਗਏ ਕਿ ਉਹ ਉਸ ਕਰਾਮਾਤ ਦਾ ਹਾਲ ਜਿਹੜੀ ਉਸ ਦੇਸ ਵਿੱਚ ਵਿਖਾਈ ਗਈ ਸੀ ਪਤਾ ਕਰਨ ਪਰਮੇਸ਼ੁਰ ਨੇ ਉਹ ਨੂੰ ਪਰਤਾਉਣ ਲਈ ਛੱਡ ਦਿੱਤਾ ਤਾਂ ਜੋ ਪਤਾ ਕਰੇ ਕਿ ਉਹ ਦੇ ਮਨ ਵਿੱਚ ਕੀ ਹੈ।
32ਹੁਣ ਹਿਜ਼ਕੀਯਾਹ ਦੇ ਬਾਕੀ ਕੰਮ ਅਤੇ ਉਸ ਦੀਆਂ ਮਿਹਰਬਾਨੀਆਂ ਆਮੋਸ ਦੇ ਪੁੱਤਰ ਯਸਾਯਾਹ ਨਬੀ ਦੇ ਦਰਸ਼ਣ ਵਿੱਚ ਅਤੇ ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਹਨ
33ਅਤੇ ਹਿਜ਼ਕੀਯਾਹ ਮਰ ਕੇ ਆਪਣੇ ਪੁਰਖਿਆਂ ਦੇ ਨਾਲ ਜਾ ਮਿਲਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੀ ਵੰਸ਼ ਦੀਆਂ ਕਬਰਾਂ ਵਿੱਚ ਉੱਚੇ ਥਾਂ ਉੱਤੇ ਦੱਬਿਆ ਅਤੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਨੇ ਉਹ ਦੀ ਮੌਤ ਉੱਤੇ ਉਸ ਦਾ ਸਤਿਕਾਰ ਕੀਤਾ ਅਤੇ ਉਹ ਦਾ ਪੁੱਤਰ ਮਨੱਸ਼ਹ ਉਹ ਦੇ ਥਾਂ ਰਾਜ ਕਰਨ ਲੱਗਾ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath