2 ਇਤਿਹਾਸ 30
1ਹਿਜ਼ਕੀਯਾਹ ਨੇ ਸਾਰੇ ਇਸਰਾਏਲ ਅਤੇ ਯਹੂਦਾਹ ਨੂੰ ਸੰਦੇਸ਼ ਭੇਜਿਆ, ਨਾਲੇ ਇਫ਼ਰਾਈਮ ਅਤੇ ਮਨੱਸ਼ਹ ਵੱਲ ਵੀ ਪੱਤ੍ਰ ਲਿਖ ਭੇਜੇ ਕਿ ਯਹੋਵਾਹ ਦੇ ਭਵਨ ਲਈ ਯਰੂਸ਼ਲਮ ਵਿੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਪਸਾਹ ਕਰਨ ਨੂੰ ਆਉਣਾ
2ਕਿਉਂ ਜੋ ਪਾਤਸ਼ਾਹ ਅਤੇ ਸਰਦਾਰਾਂ ਅਤੇ ਯਰੂਸ਼ਲਮ ਦੀ ਸਾਰੀ ਸਭਾ ਨੇ ਦੂਜੇ ਮਹੀਨੇ ਵਿੱਚ ਪਸਾਹ ਮਨਾਉਣ ਦੀ ਸਲਾਹ ਕਰ ਲਈ ਸੀ
3ਉਹ ਉਸ ਵੇਲੇ ਉਹ ਨੂੰ ਨਾ ਮਨਾ ਸਕੇ ਇਸ ਲਈ ਕਿ ਜਾਜਕਾਂ ਨੇ ਕਾਫੀ ਗਿਣਤੀ ਵਿੱਚ ਆਪਣੇ ਆਪ ਨੂੰ ਪਵਿੱਤਰ ਨਹੀਂ ਕੀਤਾ ਸੀ ਅਤੇ ਲੋਕੀ ਵੀ ਯਰੂਸ਼ਲਮ ਵਿੱਚ ਇਕੱਠੇ ਨਹੀਂ ਹੋਏ ਸਨ
4ਇਹ ਗੱਲ ਪਾਤਸ਼ਾਹ ਦੀ ਨਿਗਾਹ ਵਿੱਚ ਅਤੇ ਸਾਰੀ ਸਭਾ ਦੀ ਨਿਗਾਹ ਵਿੱਚ ਠੀਕ ਸੀ
5ਸੋ ਉਨ੍ਹਾਂ ਨੇ ਇੱਕ ਹੁਕਮ ਜਾਰੀ ਕੀਤਾ ਕਿ ਬਏਰਸ਼ਬਾ ਤੋਂ ਦਾਨ ਤੱਕ ਸਾਰੇ ਇਸਰਾਏਲ ਵਿੱਚ ਡੌਂਡੀ ਪਿਟਵਾਈ ਜਾਵੇ ਕਿ ਯਰੂਸ਼ਲਮ ਵਿੱਚ ਆ ਕੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਲਈ ਪਸਾਹ ਮਨਾਈ ਜਾਵੇ ਕਿਉਂ ਜੋ ਉਨ੍ਹਾਂ ਨੇ ਬਹੁਤਿਆਂ ਦਿਨਾਂ ਤੋਂ ਜਿਵੇਂ ਲਿਖਿਆ ਹੈ ਉਸ ਨੂੰ ਨਹੀਂ ਮਨਾਇਆ ਸੀ
6ਸੋ ਹਲਕਾਰੇ ਪਾਤਸ਼ਾਹ ਅਤੇ ਉਸ ਦੇ ਸਰਦਾਰਾਂ ਦੇ ਹੱਥਾਂ ਦੇ ਪਰਵਾਨੇ ਲੈ ਕੇ ਸਾਰੇ ਇਸਰਾਏਲ ਅਤੇ ਯਹੂਦਾਹ ਵਿੱਚ ਗਏ ਅਤੇ ਪਾਤਸ਼ਾਹ ਦੇ ਹੁਕਮ ਅਨੁਸਾਰ ਇਹ ਆਖਿਆ ਕਿ ਹੇ ਇਸਰਾਏਲੀਓ, ਤੁਸੀਂ ਯਹੋਵਾਹ ਵੱਲ ਮੁੜੋ ਜਿਹੜਾ ਅਬਰਾਹਾਮ ਅਤੇ ਇਸਹਾਕ ਅਤੇ ਇਸਰਾਏਲ ਦਾ ਪਰਮੇਸ਼ੁਰ ਹੈ ਤਾਂ ਉਹ ਤੁਹਾਡੇ ਬਕੀਏ ਵੱਲ ਜਿਹੜਾ ਅੱਸ਼ੂਰ ਦੇ ਪਾਤਸ਼ਾਹਾਂ ਦੇ ਹੱਥੋਂ ਬਚ ਗਿਆ ਹੈ ਫੇਰ ਮੁੜੇ
7ਅਤੇ ਤੁਸੀਂ ਆਪਣੇ ਪੁਰਖਿਆਂ ਅਤੇ ਭਰਾਵਾਂ ਵਰਗੇ ਨਾ ਬਣੋ ਜਿਨ੍ਹਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਨਾਲ ਬੇਈਮਾਨੀ ਕੀਤੀ ਅਤੇ ਉਸ ਨੇ ਉਨ੍ਹਾਂ ਨੂੰ ਭੈਜਲ ਵਿੱਚ ਪਾ ਦਿੱਤਾ ਜਿਵੇਂ ਤੁਸੀਂ ਵੇਖਦੇ ਹੋ
8ਹੁਣ ਤੁਸੀਂ ਆਪਣੇ ਪੁਰਖਿਆਂ ਵਾਂਗੂੰ ਹੱਠੀਏ ਨਾ ਬਣੋ ਸਗੋਂ ਯਹੋਵਾਹ ਦੇ ਅਧੀਨ ਹੋ ਜਾਓ ਅਤੇ ਉਸ ਦੇ ਪਵਿੱਤਰ ਸਥਾਨ ਵਿੱਚ ਆਓ ਜਿਸ ਨੂੰ ਉਸ ਨੇ ਸਦਾ ਲਈ ਪਵਿੱਤਰ ਕੀਤਾ ਹੈ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਭਗਤੀ ਕਰੋ ਤਾਂ ਜੋ ਉਸ ਦਾ ਭਾਰੀ ਕਹਿਰ ਤੁਹਾਡੇ ਉੱਤੋਂ ਟਲ ਜਾਵੇ
9ਜੇ ਤੁਸੀਂ ਯਹੋਵਾਹ ਵੱਲ ਫੇਰ ਮੁੜੋ ਤਾਂ ਤੁਹਾਡੇ ਭਰਾ ਅਤੇ ਤੁਹਾਡੇ ਪੁੱਤਰ ਆਪਣੇ ਗ਼ੁਲਾਮ ਕਰਨ ਵਾਲਿਆਂ ਦੇ ਅੱਗੇ ਤਰਸ ਜੋਗ ਬਣਨਗੇ ਅਤੇ ਇਸ ਦੇਸ ਵਿੱਚ ਫੇਰ ਮੁੜ ਆਉਣਗੇ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਦਿਆਲੂ ਤੇ ਕਿਰਪਾਲੂ ਹੈ, ਉਹ ਆਪਣਾ ਮੂੰਹ ਤੁਹਾਡੇ ਤੋਂ ਨਹੀਂ ਫੇਰੇਗਾ ਜੇ ਤੁਸੀਂ ਉਹ ਦੀ ਵੱਲ ਮੁੜੋ
10ਸੋ ਹਲਕਾਰੇ ਇਫ਼ਰਾਈਮ ਅਤੇ ਮਨੱਸ਼ਹ ਦੇ ਦੇਸ ਵਿੱਚ ਸ਼ਹਿਰੋਂ ਸ਼ਹਿਰ ਘੁੰਮਦੇ ਹੋਏ ਜ਼ਬੂਲੁਨ ਤੱਕ ਪਹੁੰਚੇ ਪਰ ਉਹ ਉਨ੍ਹਾਂ ਨੂੰ ਤੁੱਛ ਜਾਣ ਕੇ ਹੱਸਦੇ ਅਤੇ ਉਨ੍ਹਾਂ ਨੂੰ ਠੱਠੇ ਮਾਰਦੇ ਸਨ
11ਤਾਂ ਵੀ ਆਸ਼ੇਰ ਅਤੇ ਮਨੱਸ਼ਹ ਅਤੇ ਜ਼ਬੂਲੁਨ ਵਿੱਚੋਂ ਕਈ ਮਨੁੱਖ ਅਧੀਨ ਹੋ ਕੇ ਯਰੂਸ਼ਲਮ ਵਿੱਚ ਆਉਣ ਲੱਗ ਪਏ
12ਨਾਲੇ ਯਹੂਦਾਹ ਉੱਤੇ ਪਰਮੇਸ਼ੁਰ ਦਾ ਹੱਥ ਸੀ ਕਿ ਉਨ੍ਹਾਂ ਨੂੰ ਇੱਕ ਦਿਲ ਕਰ ਦੇਵੇ ਤਾਂ ਜੋ ਉਹ ਪਾਤਸ਼ਾਹ ਅਤੇ ਸਰਦਾਰਾਂ ਦਾ ਹੁਕਮ ਜੋ ਯਹੋਵਾਹ ਦੇ ਵਾਕ ਅਨੁਸਾਰ ਸੀ ਮੰਨ ਲੈਣ।
13ਸੋ ਬਹੁਤ ਸਾਰੇ ਲੋਕ ਯਰੂਸ਼ਲਮ ਵਿੱਚ ਇਕੱਠੇ ਹੋਏ ਤਾਂ ਜੋ ਦੂਜੇ ਮਹੀਨੇ ਵਿੱਚ ਪਤੀਰੀ ਰੋਟੀ ਦਾ ਪਰਬ ਮਨਾਉਣ, ਇਸ ਤਰ੍ਹਾਂ ਬਹੁਤ ਹੀ ਵੱਡੀ ਸਭਾ ਇਕੱਠੀ ਹੋ ਗਈ
14ਤਾਂ ਉਹ ਉੱਠੇ ਅਤੇ ਉਨ੍ਹਾਂ ਨੇ ਜਗਵੇਦੀਆਂ ਨੂੰ ਜੋ ਯਰੂਸ਼ਲਮ ਵਿੱਚ ਸਨ ਅਤੇ ਧੂਪ ਦੀਆਂ ਸਾਰੀਆਂ ਜਗਵੇਦੀਆਂ ਨੂੰ ਦੂਰਦਫ਼ਾ ਕੀਤਾ ਅਤੇ ਉਨ੍ਹਾਂ ਨੂੰ ਕਿਦਰੋਨ ਦੇ ਨਾਲੇ ਵਿੱਚ ਸੁੱਟ ਦਿੱਤਾ
15ਫੇਰ ਦੂਜੇ ਮਹੀਨੇ ਦੀ ਚੌਦਵੀਂ ਤਾਰੀਖ਼ ਨੂੰ ਉਨ੍ਹਾਂ ਨੇ ਪਸਾਹ ਨੂੰ ਕੱਟਿਆ ਤਾਂ ਜਾਜਕਾਂ ਅਤੇ ਲੇਵੀਆਂ ਨੇ ਸ਼ਰਮਿੰਦਿਆਂ ਹੋ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਯਹੋਵਾਹ ਦੇ ਭਵਨ ਵਿੱਚ ਹੋਮ ਬਲੀਆਂ ਲਿਆਏ
16ਉਹ ਆਪਣੇ ਦਸਤੂਰ ਅਨੁਸਾਰ ਪਰਮੇਸ਼ੁਰ ਦੇ ਜਨ ਮੂਸਾ ਦੀ ਬਿਵਸਥਾ ਅਨੁਸਾਰ ਆਪਣੇ-ਆਪਣੇ ਥਾਂ ਖੜ੍ਹੇ ਹੋ ਗਏ ਅਤੇ ਜਾਜਕਾਂ ਨੇ ਲੇਵੀਆਂ ਦੇ ਹੱਥੋਂ ਲਹੂ ਲੈ ਕੇ ਛਿੜਕਿਆ
17ਕਿਉਂ ਜੋ ਸਭਾ ਵਿੱਚ ਬਥੇਰੇ ਅਜਿਹੇ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਪਵਿੱਤਰ ਨਹੀਂ ਕੀਤਾ ਸੀ ਇਸ ਲਈ ਇਹ ਕੰਮ ਲੇਵੀਆਂ ਦੇ ਜੁੰਮੇ ਹੋਇਆ ਕਿ ਉਹ ਸਾਰੇ ਅਸ਼ੁੱਧਾਂ ਲਈ ਪਸਾਹ ਦੀਆਂ ਬਲੀਆਂ ਕੱਟਣ ਤਾਂ ਜੋ ਉਹ ਯਹੋਵਾਹ ਲਈ ਪਵਿੱਤਰ ਹੋਣ
18ਕਿਉਂ ਜੋ ਇਫ਼ਰਾਈਮ ਅਤੇ ਮਨੱਸ਼ਹ ਅਤੇ ਯਿੱਸਾਕਾਰ ਅਤੇ ਜ਼ਬੂਲੁਨ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਸਾਫ਼ ਨਹੀਂ ਕੀਤਾ ਸੀ ਤਾਂ ਵੀ ਉਨ੍ਹਾਂ ਨੇ ਪਸਾਹ ਨੂੰ ਲਿਖਤ ਦੇ ਅਨੁਸਾਰ ਨਾ ਖਾਧਾ ਕਿਉਂ ਜੋ ਹਿਜ਼ਕੀਯਾਹ ਨੇ ਉਨ੍ਹਾਂ ਲਈ ਇਹ ਪ੍ਰਾਰਥਨਾ ਕੀਤੀ ਸੀ
19ਕਿ ਯਹੋਵਾਹ ਜੋ ਨੇਕ ਹੈ ਹਰ ਇੱਕ ਨੂੰ ਮਾਫ਼ ਕਰੇ ਜਿਸ ਨੇ ਪਰਮੇਸ਼ੁਰ ਦੀ ਭਾਲ ਲਈ ਆਪਣਾ ਦਿਲ ਲਾਇਆ ਹੈ ਅਰਥਾਤ ਯਹੋਵਾਹ ਉਸ ਦੇ ਪੁਰਖਿਆਂ ਦਾ ਪਰਮੇਸ਼ੁਰ, ਭਾਵੇਂ ਹੀ ਉਹ ਪਵਿੱਤਰ ਸਥਾਨ ਦੀ ਪਵਿੱਤਰਤਾਈ ਅਨੁਸਾਰ ਸਾਫ਼ ਨਾ ਹੋਇਆ ਹੋਵੇ
20ਯਹੋਵਾਹ ਨੇ ਹਿਜ਼ਕੀਯਾਹ ਦੀ ਸੁਣ ਲਈ ਅਤੇ ਲੋਕਾਂ ਨੂੰ ਚੰਗਾ ਕੀਤਾ
21ਅਤੇ ਜਿਹੜੇ ਇਸਰਾਏਲੀ ਯਰੂਸ਼ਲਮ ਵਿੱਚ ਮੌਜੂਦ ਸਨ ਉਨ੍ਹਾਂ ਨੇ ਵੱਡੀ ਖੁਸ਼ੀ ਨਾਲ ਸੱਤ ਦਿਨ ਪਤੀਰੀ ਰੋਟੀ ਦਾ ਪਰਬ ਮਨਾਇਆ ਅਤੇ ਲੇਵੀ ਅਤੇ ਜਾਜਕ ਉੱਚੀ ਸੁਰ ਦੇ ਵਾਜਿਆਂ ਨਾਲ ਯਹੋਵਾਹ ਦੇ ਦਰਬਾਰ ਵਿੱਚ ਗਾ-ਗਾ ਕੇ ਨਿੱਤ-ਨਿੱਤ ਯਹੋਵਾਹ ਦੀ ਉਸਤਤ ਕਰਦੇ ਰਹੇ
22ਤਾਂ ਹਿਜ਼ਕੀਯਾਹ ਨੇ ਉਨ੍ਹਾਂ ਲੇਵੀਆਂ ਨਾਲ ਤਸੱਲੀ ਦੀਆਂ ਗੱਲਾਂ ਕੀਤੀਆਂ ਜੋ ਦਿਲੋਂ ਯਹੋਵਾਹ ਦੇ ਜਾਣਨ ਵਾਲੇ ਸਨ ਸੋ ਉਹ ਪਰਬ ਦੇ ਸੱਤਾਂ ਦਿਨਾਂ ਤੱਕ ਖਾਂਦੇ ਅਤੇ ਸੁੱਖ-ਸਾਂਦ ਦੀਆਂ ਬਲੀਆਂ ਚੜ੍ਹਾਉਂਦੇ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਯਹੋਵਾਹ ਲਈ ਧੰਨਵਾਦ ਕਰਦੇ ਰਹੇ।
23ਫੇਰ ਸਾਰੀ ਸਭਾ ਨੇ ਸਲਾਹ ਕੀਤੀ ਕਿ ਸੱਤ ਦਿਨ ਹੋਰ ਪਰਬ ਮਨਾਈਏ ਤਾਂ ਉਨ੍ਹਾਂ ਨੇ ਖੁਸ਼ੀ ਨਾਲ ਸੱਤ ਦਿਨ ਹੋਰ ਪਰਬ ਮਨਾਇਆ
24ਕਿਉਂ ਜੋ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਨੇ ਸਭਾ ਨੂੰ ਇੱਕ ਹਜ਼ਾਰ ਵਹਿੜੇ ਅਤੇ ਸੱਤ ਹਜ਼ਾਰ ਭੇਡਾਂ ਦਿੱਤੀਆਂ ਅਤੇ ਸਰਦਾਰਾਂ ਨੇ ਵੀ ਸਭਾ ਨੂੰ ਇੱਕ ਹਜ਼ਾਰ ਵਹਿੜੇ ਅਤੇ ਦੱਸ ਹਜ਼ਾਰ ਭੇਡਾਂ ਦਿੱਤੀਆਂ ਅਤੇ ਬਹੁਤ ਸਾਰੇ ਜਾਜਕਾਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ
25ਅਤੇ ਯਹੂਦਾਹ ਦੀ ਸਾਰੀ ਸਭਾ ਨੇ ਜਾਜਕਾਂ ਅਤੇ ਲੇਵੀਆਂ ਸਣੇ ਅਤੇ ਉਸ ਸਾਰੀ ਸਭਾ ਨੇ ਜੋ ਇਸਰਾਏਲ ਵਿੱਚੋਂ ਆਈ ਸੀ ਅਤੇ ਉਨ੍ਹਾਂ ਪਰਦੇਸੀਆਂ ਨੇ ਜੋ ਇਸਰਾਏਲ ਦੇ ਦੇਸ ਵਿੱਚੋਂ ਆਏ ਸਨ ਅਤੇ ਜਿਹੜੇ ਯਹੂਦਾਹ ਵਿੱਚ ਰਹਿੰਦੇ ਸਨ ਖੁਸ਼ੀ ਮਨਾਈ
26ਸੋ ਯਰੂਸ਼ਲਮ ਵਿੱਚ ਵੱਡੀ ਖੁਸ਼ੀ ਹੋਈ ਕਿਉਂ ਜੋ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਪੁੱਤਰ ਸੁਲੇਮਾਨ ਦੇ ਦਿਨਾਂ ਤੋਂ ਯਰੂਸ਼ਲਮ ਵਿੱਚ ਅਜਿਹਾ ਨਹੀਂ ਹੋਇਆ ਸੀ
27ਤਾਂ ਜਾਜਕਾਂ ਅਤੇ ਲੇਵੀਆਂ ਨੇ ਉੱਠ ਕੇ ਲੋਕਾਂ ਨੂੰ ਅਸੀਸਾਂ ਦਿੱਤੀਆਂ ਅਤੇ ਉਨ੍ਹਾਂ ਦੀ ਅਵਾਜ਼ ਸੁਣੀ ਗਈ ਅਤੇ ਉਨ੍ਹਾਂ ਦੀ ਪ੍ਰਾਰਥਨਾ ਉਸ ਦੇ ਪਵਿੱਤਰ ਧਾਮ ਅਰਥਾਤ ਅਕਾਸ਼ ਤੱਕ ਪਹੁੰਚੀ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath