2 ਇਤਿਹਾਸ 29
1ਹਿਜ਼ਕੀਯਾਹ ਪੱਚੀਆਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਸ ਉਨੱਤੀ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਹ ਦੀ ਮਾਤਾ ਦਾ ਨਾਮ ਅਬਿਯਾਹ ਸੀ ਜੋ ਜ਼ਕਰਯਾਹ ਦੀ ਧੀ ਸੀ
2ਅਤੇ ਸਭ ਕੁਝ ਜੋ ਉਸ ਦੇ ਪਿਉ ਦਾਊਦ ਨੇ ਕੀਤਾ ਸੀ ਉਸ ਨੇ ਉਸੇ ਤਰ੍ਹਾਂ ਉਹੋ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ।
3ਉਸ ਨੇ ਆਪਣੇ ਰਾਜ ਦੇ ਪਹਿਲੇ ਸਾਲ ਦੇ ਪਹਿਲੇ ਮਹੀਨੇ ਯਹੋਵਾਹ ਦੇ ਭਵਨ ਦੇ ਦਰਵਾਜ਼ਿਆਂ ਨੂੰ ਖੋਲਿਆ ਅਤੇ ਉਨ੍ਹਾਂ ਦੀ ਮੁਰੰਮਤ ਕੀਤੀ
4ਉਹ ਜਾਜਕਾਂ ਅਤੇ ਲੇਵੀਆਂ ਨੂੰ ਲੈ ਆਇਆ ਅਤੇ ਉਨ੍ਹਾਂ ਨੂੰ ਪੂਰਬ ਵੱਲ ਮੈਦਾਨ ਵਿੱਚ ਇਕੱਠਿਆਂ ਕੀਤਾ
5ਅਤੇ ਉਨ੍ਹਾਂ ਨੂੰ ਆਖਿਆ, ਹੇ ਲੇਵੀਓ, ਮੇਰੀ ਸੁਣੋ! ਹੁਣ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਯਹੋਵਾਹ ਦੇ ਇਸ ਭਵਨ ਨੂੰ ਵੀ ਪਵਿੱਤਰ ਕਰੋ ਅਤੇ ਇਸ ਪਵਿੱਤਰ ਸਥਾਨ ਵਿੱਚੋਂ ਮੈਲ਼ ਨੂੰ ਕੱਢ ਕੇ ਬਾਹਰ ਲੈ ਜਾਓ
6ਕਿਉਂ ਜੋ ਸਾਡੇ ਪੁਰਖਿਆਂ ਨੇ ਬੇਈਮਾਨੀ ਕੀਤੀ ਅਤੇ ਜੋ ਯਹੋਵਾਹ ਸਾਡੇ ਪਰਮੇਸ਼ੁਰ ਦੀ ਨਿਗਾਹ ਵਿੱਚ ਬੁਰਾ ਹੈ ਸੋ ਹੀ ਕੀਤਾ ਅਤੇ ਪਰਮੇਸ਼ੁਰ ਨੂੰ ਵਿਸਾਰ ਦਿੱਤਾ ਅਤੇ ਯਹੋਵਾਹ ਦੇ ਡੇਰੇ ਵੱਲੋਂ ਆਪਣਾ ਮੂੰਹ ਮੋੜ ਲਿਆ ਸੀ ਅਤੇ ਉਹ ਦੀ ਵੱਲ ਆਪਣੀ ਪਿੱਠ ਕਰ ਦਿੱਤੀ
7ਉਨ੍ਹਾਂ ਨੇ ਡਿਉੜੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਦੀਵੇ ਬੁਝਾ ਦਿੱਤੇ ਉਨ੍ਹਾਂ ਨੇ ਧੂਪ ਨਹੀਂ ਧੁਖਾਈ ਅਤੇ ਉਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਦੇ ਪਵਿੱਤਰ ਸਥਾਨ ਵਿੱਚ ਹੋਮ ਦੀ ਬਲੀ ਨਹੀਂ ਚੜ੍ਹਾਈ
8ਇਸ ਲਈ ਯਹੋਵਾਹ ਦਾ ਕਹਿਰ ਯਹੂਦਾਹ ਅਤੇ ਯਰੂਸ਼ਲਮ ਉੱਤੇ ਆ ਪਿਆ ਹੈ, ਅਤੇ ਉਸ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ ਅਤੇ ਉਨ੍ਹਾਂ ਨੂੰ ਹੌਲ ਅਤੇ ਹੈਰਾਨੀ ਅਤੇ ਧਿਤਕਾਰ ਵਿੱਚ ਪਾ ਦਿੱਤਾ ਜਿਵੇਂ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਦੇ ਹੋ
9ਵੇਖੋ, ਇਸੇ ਕਰਕੇ ਸਾਡੇ ਪਿਉ-ਦਾਦੇ ਤਲਵਾਰ ਨਾਲ ਮਾਰੇ ਗਏ ਅਤੇ ਸਾਡੇ ਮੁੰਡੇ ਕੁੜੀਆਂ ਅਤੇ ਸਾਡੀਆਂ ਔਰਤਾਂ ਗ਼ੁਲਾਮੀ ਵਿੱਚ ਹਨ
10ਹੁਣ ਮੇਰੇ ਦਿਲ ਵਿੱਚ ਹੈ ਕਿ ਮੈਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨਾਲ ਨੇਮ ਬੰਨ੍ਹਿਆ ਤਾਂ ਜੋ ਉਸ ਦਾ ਘੋਰ ਕਹਿਰ ਸਾਡੇ ਉੱਤੋਂ ਟਲ ਜਾਵੇ
11ਹੇ ਮੇਰੇ ਪੁੱਤਰੋ, ਤੁਸੀਂ ਹੁਣ ਢਿੱਲੇ ਨਾ ਪੈਣਾ ਕਿਉਂ ਜੋ ਯਹੋਵਾਹ ਨੇ ਤੁਹਾਨੂੰ ਚੁਣ ਲਿਆ ਹੈ ਕਿ ਉਹ ਦੇ ਸਨਮੁਖ ਖੜ੍ਹੇ ਹੋਵੋ ਅਤੇ ਉਹ ਦੀ ਸੇਵਾ ਕਰੋ ਅਤੇ ਉਹ ਦੇ ਸੇਵਾਦਾਰ ਬਣੋ ਅਤੇ ਧੂਪ ਧੁਖਾਓ।
12ਤਦ ਇਹ ਲੇਵੀ ਉੱਠੇ ਅਰਥਾਤ ਕਹਾਥੀਆਂ ਵਿੱਚੋਂ ਅਮਾਸਈ ਦਾ ਪੁੱਤਰ ਮਹਥ ਅਤੇ ਅਜ਼ਰਯਾਹ ਦਾ ਪੁੱਤਰ ਯੋਏਲ ਅਤੇ ਮਰਾਰੀਆਂ ਵਿੱਚੋਂ ਅਬਦੀ ਦਾ ਪੁੱਤਰ ਕੀਸ਼ ਅਤੇ ਯਹਲਲਏਲ ਦਾ ਪੁੱਤਰ ਅਜ਼ਰਯਾਹ ਅਤੇ ਗੇਰਸ਼ੋਨੀਆਂ ਵਿੱਚੋਂ ਜ਼ਿੰਮਾਹ ਦਾ ਪੁੱਤਰ ਯੋਆਹ ਅਤੇ ਯੋਆਹ ਦਾ ਪੁੱਤਰ ਏਦਨ
13ਅਤੇ ਅਲੀਸਾਫ਼ਾਨੀਆਂ ਵਿੱਚੋਂ ਸ਼ਿਮਰੀ, ਯਿਏਲ ਅਤੇ ਆਸਾਫ਼ੀਆਂ ਵਿੱਚੋਂ ਜ਼ਕਰਯਾਹ ਅਤੇ ਮੱਤਨਯਾਹ
14ਅਤੇ ਹੇਮਾਨੀਆਂ ਵਿੱਚੋਂ ਯਹੀਏਲ ਅਤੇ ਸ਼ਮਈ ਅਤੇ ਯਦੂਥੂਨੀਆਂ ਵਿੱਚੋਂ ਸ਼ਮਅਯਾਹ ਅਤੇ ਉੱਜ਼ੀਏਲ
15ਉਨ੍ਹਾਂ ਨੇ ਆਪਣੇ ਭਰਾਵਾਂ ਨੂੰ ਇਕੱਠਾ ਕਰ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਪਾਤਸ਼ਾਹ ਦੇ ਹੁਕਮ ਨਾਲ ਜਿਹੜਾ ਯਹੋਵਾਹ ਦੇ ਵਾਕ ਅਨੁਸਾਰ ਸੀ ਯਹੋਵਾਹ ਦੇ ਭਵਨ ਨੂੰ ਸਾਫ਼ ਕਰਨ ਲਈ ਅੰਦਰ ਗਏ
16ਅਤੇ ਜਾਜਕ ਯਹੋਵਾਹ ਦੇ ਭਵਨ ਨੂੰ ਸਾਫ਼ ਕਰਨ ਲਈ ਯਹੋਵਾਹ ਦੇ ਭਵਨ ਦੇ ਅੰਦਰਲੇ ਥਾਂ ਵਿੱਚ ਗਏ ਅਤੇ ਉਹ ਸਾਰੀ ਮੈਲ਼ ਕੁਚੈਲ ਜੋ ਉਨ੍ਹਾਂ ਨੂੰ ਯਹੋਵਾਹ ਦੀ ਹੈਕਲ ਵਿੱਚੋਂ ਲੱਭੀ ਬਾਹਰ ਯਹੋਵਾਹ ਦੇ ਭਵਨ ਦੇ ਵੇਹੜੇ ਵਿੱਚ ਲੈ ਆਏ ਤਾਂ ਲੇਵੀਆਂ ਨੇ ਉਹ ਨੂੰ ਲੈ ਲਿਆ ਅਤੇ ਕਿਦਰੋਨ ਦੇ ਤਲਾਬ ਵਿੱਚ ਬਾਹਰ ਸੁੱਟ ਦਿੱਤਾ
17ਪਹਿਲੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਉਨ੍ਹਾਂ ਨੇ ਪਵਿੱਤਰ ਕਰਨ ਦਾ ਕੰਮ ਸ਼ੁਰੂ ਕੀਤਾ ਅਤੇ ਉਹ ਉਸ ਮਹੀਨੇ ਦੇ ਅੱਠਵੇਂ ਦਿਨ ਯਹੋਵਾਹ ਦੀ ਡਿਉੜੀ ਤੱਕ ਪਹੁੰਚੇ। ਉਨ੍ਹਾਂ ਨੇ ਅੱਠਾਂ ਦਿਨਾਂ ਵਿੱਚ ਯਹੋਵਾਹ ਦੇ ਭਵਨ ਨੂੰ ਪਵਿੱਤਰ ਕਰ ਲਿਆ ਸੋ ਪਹਿਲੇ ਮਹੀਨੇ ਦੀ ਸੋਲਾਂ ਤਾਰੀਖ਼ ਨੂੰ ਉਹ ਕੰਮ ਪੂਰਾ ਹੋ ਗਿਆ
18ਤਦ ਉਨ੍ਹਾਂ ਨੇ ਹਿਜ਼ਕੀਯਾਹ ਪਾਤਸ਼ਾਹ ਦੇ ਸਾਹਮਣੇ ਜਾ ਕੇ ਆਖਿਆ ਕਿ ਅਸੀਂ ਯਹੋਵਾਹ ਦੇ ਸਾਰੇ ਭਵਨ ਨੂੰ ਅਤੇ ਹੋਮ ਦੀ ਜਗਵੇਦੀ ਨੂੰ ਅਤੇ ਉਸ ਦੇ ਸਾਰੇ ਭਾਂਡਿਆਂ ਨੂੰ, ਉਸ ਦੀ ਚੜ੍ਹਤ ਦੀ ਰੋਟੀ ਦੀ ਮੇਜ਼ ਨੂੰ ਅਤੇ ਉਸ ਦੇ ਸਾਰੇ ਭਾਂਡਿਆਂ ਨੂੰ ਸਾਫ਼ ਕਰ ਦਿੱਤਾ ਹੈ
19ਅਤੇ ਉਨ੍ਹਾਂ ਸਾਰਿਆਂ ਭਾਂਡਿਆਂ ਨੂੰ ਜਿਨ੍ਹਾਂ ਨੂੰ ਆਹਾਜ਼ ਪਾਤਸ਼ਾਹ ਨੇ ਆਪਣੇ ਰਾਜ ਵਿੱਚ ਬੇਈਮਾਨੀ ਦੇ ਕਾਰਨ ਰੱਦ ਕਰ ਛੱਡਿਆ ਸੀ ਅਸੀਂ ਪਵਿੱਤਰ ਕਰ ਦਿੱਤਾ ਅਤੇ ਵੇਖੋ, ਉਹ ਯਹੋਵਾਹ ਦੀ ਜਗਵੇਦੀ ਦੇ ਸਾਹਮਣੇ ਹਨ।
20ਤਾਂ ਹਿਜ਼ਕੀਯਾਹ ਪਾਤਸ਼ਾਹ ਸਵੇਰੇ ਉੱਠਿਆ ਅਤੇ ਆਪਣੇ ਸ਼ਹਿਰ ਦੇ ਸਰਦਾਰਾਂ ਨੂੰ ਲੈ ਕੇ ਯਹੋਵਾਹ ਦੇ ਭਵਨ ਨੂੰ ਚੜ੍ਹ ਗਿਆ
21ਤਾਂ ਉਹ ਸੱਤ ਬਲ਼ਦ, ਸੱਤ ਛੱਤਰੇ, ਸੱਤ ਭੇਡਾਂ ਅਤੇ ਸੱਤ ਬੱਕਰੇ ਰਾਜ ਦੇ ਲਈ, ਪਵਿੱਤਰ ਸਥਾਨ ਦੇ ਲਈ ਅਤੇ ਯਹੂਦਾਹ ਦੇ ਲਈ ਪਾਪ ਬਲੀ ਨੂੰ ਲੈ ਆਏ ਅਤੇ ਉਹ ਨੇ ਹਾਰੂਨ ਦੀ ਵੰਸ਼ ਦੇ ਜਾਜਕਾਂ ਨੂੰ ਆਖਿਆ ਕਿ ਉਨ੍ਹਾਂ ਨੂੰ ਯਹੋਵਾਹ ਦੀ ਜਗਵੇਦੀ ਉੱਤੇ ਬਲੀ ਲਈ ਚੜ੍ਹਾਓ
22ਸੋ ਉਨ੍ਹਾਂ ਨੇ ਬਲ਼ਦਾਂ ਨੂੰ ਕੱਟ ਦਿੱਤਾ ਅਤੇ ਜਾਜਕਾਂ ਨੇ ਲਹੂ ਨੂੰ ਲੈ ਕੇ ਜਗਵੇਦੀ ਉੱਤੇ ਛਿੜਕਿਆ ਅਤੇ ਛੱਤ੍ਰਿਆਂ ਨੂੰ ਵੀ ਕੱਟਿਆ ਅਤੇ ਲਹੂ ਲੈ ਕੇ ਜਗਵੇਦੀ ਉੱਤੇ ਛਿੜਕਿਆ ਅਤੇ ਉਨ੍ਹਾਂ ਨੇ ਭੇਡਾਂ ਲੈ ਕੇ ਕੱਟੀਆਂ ਅਤੇ ਉਹਨਾਂ ਦੇ ਲਹੂ ਨੂੰ ਜਗਵੇਦੀ ਉੱਤੇ ਛਿੜਕਿਆ
23ਤਾਂ ਉਹ ਬੱਕਰਿਆਂ ਨੂੰ ਪਾਤਸ਼ਾਹ ਅਤੇ ਸਭਾ ਦੇ ਨੇੜੇ ਪਾਪ ਬਲੀ ਲਈ ਲਿਆਏ ਅਤੇ ਉਨ੍ਹਾਂ ਨੇ ਆਪਣੇ ਹੱਥ ਉਹਨਾਂ ਦੇ ਉੱਤੇ ਰੱਖੇ
24ਜਾਜਕਾਂ ਨੇ ਉਹਨਾਂ ਨੂੰ ਕੱਟਿਆ ਅਤੇ ਉਹਨਾਂ ਦੇ ਲਹੂ ਨੂੰ ਪਾਪ ਬਲੀ ਲਈ ਜਗਵੇਦੀ ਉੱਤੇ ਛਿੜਕਿਆ ਕਿ ਸਾਰੇ ਇਸਰਾਏਲ ਦਾ ਪ੍ਰਾਸਚਿਤ ਕੀਤਾ ਜਾਵੇ ਕਿਉਂ ਜੋ ਪਾਤਸ਼ਾਹ ਨੇ ਹੁਕਮ ਦਿੱਤਾ ਸੀ ਕਿ ਭੇਟ ਅਤੇ ਪਾਪ ਬਲੀ ਸਾਰੇ ਇਸਰਾਏਲ ਵੱਲੋਂ ਚੜ੍ਹਾਈ ਜਾਵੇ
25ਅਤੇ ਉਸ ਨੇ ਯਹੋਵਾਹ ਦੇ ਭਵਨ ਵਿੱਚ ਲੇਵੀਆਂ ਨੂੰ ਛੈਣਿਆਂ, ਸਿਤਾਰਾਂ ਅਤੇ ਬਰਬਤਾਂ ਨਾਲ ਖੜ੍ਹੇ ਕੀਤਾ ਜਿਵੇਂ ਦਾਊਦ ਅਤੇ ਪਾਤਸ਼ਾਹ ਦੇ ਗੈਬਦਾਨ ਗਾਦ ਅਤੇ ਨਾਥਾਨ ਨਬੀ ਦੇ ਹੁਕਮ ਅਨੁਸਾਰ ਸੀ ਕਿਉਂ ਜੋ ਯਹੋਵਾਹ ਵੱਲੋਂ ਇਹ ਹੁਕਮ ਨਬੀਆਂ ਦੇ ਰਾਹੀਂ ਆਇਆ ਸੀ
26ਤਾਂ ਲੇਵੀ ਦਾਊਦ ਦੇ ਵਾਜਿਆਂ ਨੂੰ ਲੈ ਕੇ ਖੜ੍ਹੇ ਸਨ ਅਤੇ ਜਾਜਕ ਨਰਸਿੰਗੇ ਫੂਕਦੇ ਸਨ
27ਅਤੇ ਹਿਜ਼ਕੀਯਾਹ ਨੇ ਜਗਵੇਦੀ ਉੱਤੇ ਹੋਮ ਦੀਆਂ ਬਲੀਆਂ ਦੇ ਚੜ੍ਹਾਉਣ ਦਾ ਹੁਕਮ ਦਿੱਤਾ ਅਤੇ ਜਦ ਹੋਮ ਦੀਆਂ ਬਲੀਆਂ ਦਾ ਅਰੰਭ ਹੋਇਆ ਤਾਂ ਯਹੋਵਾਹ ਦਾ ਗੀਤ ਨਰਸਿੰਗਿਆਂ ਅਤੇ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਵਾਜਿਆਂ ਨਾਲ ਸ਼ੁਰੂ ਹੋਇਆ
28ਅਤੇ ਸਾਰੀ ਸਭਾ ਨੇ ਮੱਥਾ ਟੇਕਿਆ, ਤਾਂ ਗਾਉਣ ਵਾਲੇ ਗਾਉਣ ਲੱਗੇ ਅਤੇ ਨਰਸਿੰਗਿਆਂ ਵਾਲੇ ਨਰਸਿੰਗੇ ਫੂਕਣ ਲੱਗੇ। ਜਦ ਤੱਕ ਹੋਮ ਦੀ ਬਲੀ ਦਾ ਜਲਣਾ ਪੂਰਾ ਨਾ ਹੋਇਆ ਇਹ ਸਭ ਕੁਝ ਹੁੰਦਾ ਰਿਹਾ
29ਜਦ ਉਹ ਹੋਮ ਦੀ ਬਲੀ ਚੜ੍ਹਾ ਚੁੱਕੇ ਤਾਂ ਪਾਤਸ਼ਾਹ ਅਤੇ ਉਹ ਦੇ ਨਾਲ ਦੇ ਸਾਰਿਆਂ ਨੇ ਝੁੱਕ ਕੇ ਮੱਥਾ ਟੇਕਿਆ
30ਤਾਂ ਹਿਜ਼ਕੀਯਾਹ ਪਾਤਸ਼ਾਹ ਨੇ ਅਤੇ ਸਰਦਾਰਾਂ ਨੇ ਲੇਵੀਆਂ ਨੂੰ ਆਖਿਆ ਕਿ ਦਾਊਦ ਅਤੇ ਆਸਾਫ਼ ਗੈਬਦਾਨ ਦੇ ਵਾਕਾਂ ਵਿੱਚ ਯਹੋਵਾਹ ਦੀ ਉਸਤਤ ਗਾਓ ਤਾਂ ਉਨ੍ਹਾਂ ਨੇ ਖੁਸ਼ੀ ਨਾਲ ਉਹ ਦੀ ਉਸਤਤ ਕੀਤੀ ਅਤੇ ਉਨ੍ਹਾਂ ਨੇ ਸੀਸ ਨਿਵਾ ਕੇ ਮੱਥਾ ਟੇਕਿਆ
31ਹਿਜ਼ਕੀਯਾਹ ਆਖਣ ਲੱਗਾ, ਹੁਣ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰ ਲਿਆ ਹੈ ਸੋ ਤੁਸੀਂ ਨੇੜੇ ਆਓ ਅਤੇ ਯਹੋਵਾਹ ਦੇ ਭਵਨ ਵਿੱਚ ਬਲੀਦਾਨ ਅਤੇ ਧੰਨਵਾਦ ਦੇ ਚੜ੍ਹਾਵੇ ਲਿਆਓ। ਤਦ ਸਭਾ ਨੇ ਬਲੀਦਾਨ ਅਤੇ ਧੰਨਵਾਦ ਦੀਆਂ ਭੇਟਾਂ ਲਿਆਂਦੀਆਂ ਅਤੇ ਹਰ ਇੱਕ ਜਿਹ ਦੇ ਮਨ ਨੇ ਉਹ ਨੂੰ ਪਰੇਰਿਆ ਹੋਮ ਦੀਆਂ ਬਲੀਆਂ ਲਿਆਇਆ
32ਅਤੇ ਹੋਮ ਬਲੀਆਂ ਜੋ ਸਭਾ ਲਿਆਈ ਉਹਨਾਂ ਦੀ ਗਿਣਤੀ ਇਹ ਸੀ, ਸੱਤਰ ਬਲ਼ਦ, ਇੱਕ ਸੌ ਛੱਤਰੇ ਅਤੇ ਦੋ ਸੌ ਭੇਡਾਂ, ਇਹ ਸਾਰੇ ਯਹੋਵਾਹ ਦੀ ਹੋਮ ਬਲੀ ਲਈ ਸਨ
33ਅਤੇ ਪਵਿੱਤਰ ਕੀਤੇ ਹੋਏ ਇਹ ਸਨ ਅਰਥਾਤ ਛੇ ਸੌ ਬਲ਼ਦ ਅਤੇ ਤਿੰਨ ਹਜ਼ਾਰ ਭੇਡਾਂ ਬੱਕਰੀਆਂ
34ਪਰ ਜਾਜਕ ਥੋੜੇ ਜਿਹੇ ਸਨ ਕਿ ਉਹ ਸਾਰੀਆਂ ਬਲੀਆਂ ਦੀ ਖੱਲ ਨਾ ਲਾਹ ਸਕੇ, ਇਸ ਲਈ ਉਨ੍ਹਾਂ ਦੇ ਲੇਵੀ ਭਰਾਵਾਂ ਨੇ ਉਨ੍ਹਾਂ ਦੇ ਨਾਲ ਮਦਦ ਕਰਾਈ ਜਦ ਤੱਕ ਉਹ ਕੰਮ ਨਾ ਮੁੱਕਿਆ ਅਤੇ ਜਦ ਤੱਕ ਦੂਜੇ ਜਾਜਕਾਂ ਨੇ ਆਪਣੇ ਆਪ ਨੂੰ ਪਵਿੱਤਰ ਨਾ ਕਰ ਲਿਆ ਕਿਉਂ ਜੋ ਲੇਵੀ ਆਪਣੇ ਆਪ ਨੂੰ ਪਵਿੱਤਰ ਕਰਨ ਵਿੱਚ ਜਾਜਕਾਂ ਨਾਲੋਂ ਸਿੱਧੇ ਦਿਲ ਦੇ ਸਨ
35ਨਾਲੇ ਹੋਮ ਬਲੀਆਂ ਬਹੁਤ ਸਾਰੀਆਂ ਸਨ, ਸੁੱਖ-ਸਾਂਦ ਦੇ ਚੜ੍ਹਾਵਿਆਂ ਦੀ ਚਰਬੀ ਅਤੇ ਹੋਮ ਬਲੀਆਂ ਦੇ ਪੀਣ ਦੀਆਂ ਭੇਟਾਂ ਸਣੇ, ਸੋ ਪ੍ਰਬੰਧ ਯਹੋਵਾਹ ਦੇ ਭਵਨ ਲਈ ਠੀਕ ਹੋਇਆ
36ਤਾਂ ਹਿਜ਼ਕੀਯਾਹ ਅਤੇ ਸਾਰੇ ਲੋਕ ਉਸ ਉੱਤੇ ਜੋ ਪਰਮੇਸ਼ੁਰ ਨੇ ਲੋਕਾਂ ਲਈ ਤਿਆਰ ਕੀਤਾ ਸੀ ਬਾਗ-ਬਾਗ ਹੋਏ ਕਿਉਂ ਜੋ ਇਹ ਗੱਲ ਅਚਾਨਕ ਹੋ ਗਈ ਸੀ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath