ਈਸਾਈ
ਪਿੱਛੇ

2 ਇਤਿਹਾਸ 28

1ਆਹਾਜ਼ ਵੀਹ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ। ਉਸ ਨੇ ਸੋਲ਼ਾਂ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ ਪਰ ਉਸ ਨੇ ਉਹ ਨਾ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਉਸ ਦੇ ਪਿਤਾ ਦਾਊਦ ਨੇ ਕੀਤਾ ਸੀ

2ਸਗੋਂ ਉਹ ਇਸਰਾਏਲ ਦੇ ਰਾਜਿਆਂ ਦੇ ਰਾਹ ਉੱਤੇ ਤੁਰਿਆ ਅਤੇ ਬਆਲੀਮ ਦੀਆਂ ਢਾਲੀਆਂ ਹੋਈਆਂ ਮੂਰਤੀਆਂ ਵੀ ਬਣਵਾਈਆਂ

3ਇਸ ਤੋਂ ਬਿਨ੍ਹਾਂ ਉਸ ਨੇ ਹਿੰਨੋਮ ਦੇ ਪੁੱਤਰ ਦੀ ਵਾਦੀ ਵਿੱਚ ਧੂਪ ਧੁਖਾਈ ਅਤੇ ਉਨ੍ਹਾਂ ਕੌਮਾਂ ਦੇ ਘਿਣਾਉਣੇ ਰਿਵਾਜ਼ਾਂ ਅਨੁਸਾਰ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗੋਂ ਕੱਢ ਦਿੱਤਾ ਸੀ ਆਪਣੇ ਹੀ ਪੁੱਤਰਾਂ ਨੂੰ ਅੱਗ ਵਿੱਚ ਜਲਾਇਆ

4ਉਹ ਉੱਚਿਆਂ ਥਾਵਾਂ ਅਤੇ ਟਿੱਲਿਆਂ ਉੱਤੇ ਅਤੇ ਹਰ ਹਰੇ ਰੁੱਖ ਦੇ ਹੇਠਾਂ ਬਲੀਆਂ ਚੜ੍ਹਾਉਂਦਾ ਅਤੇ ਧੂਪ ਧੁਖਾਉਂਦਾ ਰਿਹਾ।

5ਇਸੇ ਲਈ ਯਹੋਵਾਹ ਉਸ ਦੇ ਪਰਮੇਸ਼ੁਰ ਨੇ ਉਸ ਨੂੰ ਅਰਾਮ ਦੇ ਪਾਤਸ਼ਾਹ ਦੇ ਹੱਥ ਵਿੱਚ ਦੇ ਦਿੱਤਾ ਸੋ ਉਨ੍ਹਾਂ ਨੇ ਉਸ ਨੂੰ ਮਾਰਿਆ ਅਤੇ ਉਸ ਦੇ ਲੋਕਾਂ ਵਿੱਚੋਂ ਗ਼ੁਲਾਮਾਂ ਦੇ ਜੱਥਿਆਂ ਦੇ ਜੱਥੇ ਲੈ ਗਏ ਅਤੇ ਉਨ੍ਹਾਂ ਨੂੰ ਦੰਮਿਸ਼ਕ ਵਿੱਚ ਲੈ ਆਏ ਅਤੇ ਇਸਰਾਏਲ ਦੇ ਪਾਤਸ਼ਾਹ ਦੇ ਹੱਥ ਵਿੱਚ ਦੇ ਦਿੱਤਾ ਜਿਸ ਨੇ ਉਸ ਨੂੰ ਮਾਰਿਆ ਅਤੇ ਵੱਡਾ ਕਤਲੇਆਮ ਕੀਤਾ

6ਅਤੇ ਰਮਲਯਾਹ ਦੇ ਪੁੱਤਰ ਪਕਹ ਨੇ ਇੱਕੋ ਹੀ ਦਿਨ ਵਿੱਚ ਯਹੂਦਾਹ ਵਿੱਚੋਂ ਇੱਕ ਲੱਖ ਵੀਹ ਹਜ਼ਾਰ ਨੂੰ ਜੋ ਸਾਰੇ ਸੂਰਮੇ ਸਨ ਕਤਲ ਕਰ ਦਿੱਤਾ ਕਿਉਂ ਜੋ ਉਨ੍ਹਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਨੂੰ ਛੱਡ ਦਿੱਤਾ ਸੀ

7ਅਤੇ ਜ਼ਿਕਰੀ ਨੇ ਜੋ ਇਫ਼ਰਾਈਮ ਦਾ ਇੱਕ ਸੂਰਮਾ ਸੀ ਮਅਸੇਯਾਹ ਰਾਜਕੁਮਾਰ ਨੂੰ ਅਤੇ ਮਹਿਲ ਦੇ ਹਾਕਮ ਅਜ਼ਰੀਕਾਮ ਨੂੰ ਅਤੇ ਪਾਤਸ਼ਾਹ ਦੇ ਵਜ਼ੀਰ ਅਲਕਾਨਾਹ ਨੂੰ ਮਾਰ ਸੁੱਟਿਆ।

8ਅਤੇ ਇਸਰਾਏਲੀ ਆਪਣੇ ਭਰਾਵਾਂ ਵਿੱਚੋਂ ਦੋ ਲੱਖ ਔਰਤਾਂ ਅਤੇ ਪੁੱਤਰਾਂ ਧੀਆਂ ਨੂੰ ਗ਼ੁਲਾਮ ਕਰ ਕੇ ਲੈ ਗਏ ਅਤੇ ਉਨ੍ਹਾਂ ਦਾ ਬਹੁਤ ਸਾਰਾ ਮਾਲ ਲੁੱਟ ਲਿਆ ਅਤੇ ਲੁੱਟ ਨੂੰ ਸਾਮਰਿਯਾ ਵਿੱਚ ਲੈ ਆਏ

9ਉੱਥੇ ਯਹੋਵਾਹ ਦਾ ਇੱਕ ਨਬੀ ਸੀ ਜਿਸ ਦਾ ਨਾਮ ਓਦੇਦ ਸੀ। ਉਹ ਉਸ ਸੈਨਾਂ ਦੇ ਸਵਾਗਤ ਲਈ ਗਿਆ ਜੋ ਸਾਮਰਿਯਾ ਨੂੰ ਆ ਰਹੀ ਸੀ ਅਤੇ ਉਨ੍ਹਾਂ ਨੂੰ ਆਖਣ ਲੱਗਾ, ਵੇਖੋ, ਇਸ ਲਈ ਕਿ ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਯਹੂਦਾਹ ਤੋਂ ਨਰਾਜ਼ ਸੀ ਉਸ ਨੇ ਉਨ੍ਹਾਂ ਨੂੰ ਤੁਹਾਡੇ ਹੱਥ ਵਿੱਚ ਦੇ ਦਿੱਤਾ ਅਤੇ ਤੁਸੀਂ ਉਨ੍ਹਾਂ ਨੂੰ ਅਜਿਹੇ ਗੁੱਸੇ ਵਿੱਚ ਕਤਲ ਕੀਤਾ ਹੈ ਜੋ ਅਕਾਸ਼ ਤੱਕ ਪੁੱਜਿਆ!

10ਹੁਣ ਯਹੂਦਾਹ ਅਤੇ ਯਰੂਸ਼ਲਮ ਦੀ ਵੰਸ਼ ਨੂੰ ਕੀ ਤੁਸੀਂ ਆਪਣੇ ਦਾਸ ਅਤੇ ਗੋਲੀਆਂ ਬਣਾ ਕੇ ਉਨ੍ਹਾਂ ਨੂੰ ਦਬਾਈ ਰੱਖੋਗੇ? ਪਰ ਕੀ ਤੁਹਾਡੇ ਹੀ ਪਾਪ ਜਿਹੜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਕੀਤੇ ਹਨ ਤੁਹਾਡੇ ਸਿਰ ਨਹੀਂ?

11ਹੁਣ ਤੁਸੀਂ ਮੇਰੀ ਗੱਲ ਸੁਣੋ ਅਤੇ ਉਨ੍ਹਾਂ ਬੰਧੂਆਂ ਨੂੰ ਜਿਨ੍ਹਾਂ ਨੂੰ ਤੁਸੀਂ ਆਪਣੇ ਭਰਾਵਾਂ ਵਿੱਚੋਂ ਫੜ ਲਿਆ ਹੈ ਅਜ਼ਾਦ ਕਰ ਕੇ ਮੋੜ ਦਿਓ ਕਿਉਂ ਜੋ ਯਹੋਵਾਹ ਦਾ ਵੱਡਾ ਕ੍ਰੋਧ ਤੁਹਾਡੇ ਉੱਤੇ ਹੈ

12ਤਦ ਇਫ਼ਰਾਈਮੀਆਂ ਦੇ ਮੁਖੀਆਂ ਵਿੱਚੋਂ ਯਹੋਹਾਨਾਨ ਦਾ ਪੁੱਤਰ ਅਜ਼ਰਯਾਹ ਮਸ਼ੀਲੇਮੋਥ ਦਾ ਪੁੱਤਰ ਬਰਕਯਾਹ ਅਤੇ ਸ਼ੱਲੂਮ ਦਾ ਪੁੱਤਰ ਯਾਹਜ਼ਕੀਯਾਹ ਅਤੇ ਹਦਲੀ ਦਾ ਪੁੱਤਰ ਅਮਾਸਾ ਉਨ੍ਹਾਂ ਦੇ ਸਾਹਮਣੇ ਜਿਹੜੇ ਯੁੱਧ ਤੋਂ ਆ ਰਹੇ ਸਨ, ਖੜ੍ਹੇ ਹੋ ਗਏ

13ਅਤੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਬੰਧੂਆਂ ਨੂੰ ਇੱਥੇ ਨਹੀਂ ਲਿਆ ਸਕੋਗੇ ਇਸ ਲਈ ਕਿ ਤੁਸੀਂ ਜੋ ਕੀਤਾ ਹੈ ਉਸ ਕਰਕੇ ਅਸੀਂ ਯਹੋਵਾਹ ਦੇ ਪਾਪੀ ਬਣਾਂਗੇ ਅਤੇ ਸਾਡੀਆਂ ਭੁੱਲਾਂ ਅਤੇ ਪਾਪ ਵੱਧ ਜਾਣਗੇ ਕਿਉਂ ਜੋ ਸਾਡੀ ਭੁੱਲ ਵੱਡੀ ਹੈ ਅਤੇ ਇਸਰਾਏਲ ਉੱਤੇ ਵੱਡਾ ਕਹਿਰ ਹੈ

14ਸੋ ਉਨ੍ਹਾਂ ਸ਼ਸਤਰ ਧਾਰੀ ਲੋਕਾਂ ਨੇ ਬੰਧੂਆਂ ਅਤੇ ਲੁੱਟ ਦੇ ਮਾਲ ਨੂੰ ਸਰਦਾਰਾਂ ਅਤੇ ਸਾਰੀ ਸਭਾ ਦੇ ਸਾਹਮਣੇ ਛੱਡ ਦਿੱਤਾ

15ਅਤੇ ਉਹ ਮਨੁੱਖ ਜਿਨ੍ਹਾਂ ਦੇ ਨਾਮ ਲਏ ਗਏ ਹਨ ਉੱਠੇ ਅਤੇ ਬੰਧੂਆਂ ਨੂੰ ਸੰਭਾਲਿਆ ਅਤੇ ਲੁੱਟ ਦੇ ਮਾਲ ਵਿੱਚੋਂ ਉਨ੍ਹਾਂ ਸਾਰਿਆਂ ਨੂੰ ਜੋ ਉਨ੍ਹਾਂ ਵਿੱਚੋਂ ਨੰਗੇ ਸਨ ਕੱਪੜੇ ਪਵਾਏ ਅਤੇ ਉਨ੍ਹਾਂ ਦੇ ਪੈਰੀਂ ਜੁੱਤੀਆਂ ਪਵਾਈਆਂ ਅਤੇ ਉਨ੍ਹਾਂ ਨੂੰ ਖਾਣ-ਪੀਣ ਲਈ ਦਿੱਤਾ ਅਤੇ ਉਨ੍ਹਾਂ ਉੱਤੇ ਤੇਲ ਮਲਿਆ ਅਤੇ ਉਨ੍ਹਾਂ ਵਿੱਚੋਂ ਜਿਹੜੇ ਲਿੱਸੇ ਸਨ ਉਨ੍ਹਾਂ ਨੂੰ ਗਧਿਆਂ ਦੇ ਉੱਤੇ ਚੜ੍ਹਾ ਕੇ ਖਜ਼ੂਰਾਂ ਦੇ ਰੁੱਖਾਂ ਦੇ ਸ਼ਹਿਰ ਯਰੀਹੋ ਵਿੱਚ ਉਨ੍ਹਾਂ ਦੇ ਭਰਾਵਾਂ ਦੇ ਕੋਲ ਪਹੁੰਚਾ ਦਿੱਤਾ ਤਾਂ ਉਹ ਸਾਮਰਿਯਾ ਨੂੰ ਮੁੜ ਪਏ।

16ਉਸ ਵੇਲੇ ਆਹਾਜ਼ ਪਾਤਸ਼ਾਹ ਨੇ ਅੱਸ਼ੂਰ ਦੇ ਰਾਜਿਆਂ ਨੂੰ ਸੰਦੇਸ਼ਵਾਹਕ ਭੇਜੇ ਕਿ ਉਸ ਦੀ ਸਹਾਇਤਾ ਕਰਨ

17ਇਸ ਲਈ ਕਿ ਅਦੋਮੀਆਂ ਨੇ ਫੇਰ ਹੱਲਾ ਕਰ ਕੇ ਯਹੂਦਾਹ ਨੂੰ ਮਾਰ ਲਿਆ ਅਤੇ ਬੰਧੂਆਂ ਨੂੰ ਲੈ ਗਏ

18ਅਤੇ ਫ਼ਲਿਸਤੀਆਂ ਨੇ ਵੀ ਬੇਟ ਦੀ ਧਰਤੀ ਦੇ ਅਤੇ ਯਹੂਦਾਹ ਦੇ ਦੱਖਣ ਦੇ ਸ਼ਹਿਰਾਂ ਉੱਤੇ ਹੱਲਾ ਕਰ ਕੇ ਬੈਤ ਸ਼ਮਸ਼ ਅਤੇ ਅੱਯਾਲੋਨ ਅਤੇ ਗਦੇਰੋਥ ਅਤੇ ਸੋਕੋਹ ਅਤੇ ਉਹ ਦੇ ਪਿੰਡਾਂ ਨੂੰ ਅਤੇ ਤਿਮਨਾਹ ਅਤੇ ਉਹ ਦੇ ਪਿੰਡਾਂ ਨੂੰ ਅਤੇ ਗਿਮਜ਼ੋ ਅਤੇ ਉਹ ਦੇ ਪਿੰਡਾਂ ਨੂੰ ਵੀ ਲੈ ਲਿਆ ਸੀ ਅਤੇ ਉਨ੍ਹਾਂ ਵਿੱਚ ਵੱਸ ਗਏ ਸਨ

19ਕਿਉਂ ਜੋ ਯਹੋਵਾਹ ਨੇ ਇਸਰਾਏਲ ਦੇ ਪਾਤਸ਼ਾਹ ਆਹਾਜ਼ ਦੇ ਕਾਰਨ ਯਹੂਦਾਹ ਨੂੰ ਅਧੀਨ ਕੀਤਾ ਇਸ ਲਈ ਕਿ ਉਸ ਨੇ ਯਹੂਦਾਹ ਵਿੱਚ ਅਵਾਰਾ ਚਾਲ ਚੱਲ ਕੇ ਯਹੋਵਾਹ ਦੀ ਵੱਡੀ ਬੇਈਮਾਨੀ ਕੀਤੀ ਸੀ

20ਅਤੇ ਅੱਸ਼ੂਰ ਦਾ ਪਾਤਸ਼ਾਹ ਤਿਲਗਥ ਪਿਲਨਅਸਰ ਉਹ ਦੇ ਕੋਲ ਆਇਆ ਪਰ ਉਸ ਨੇ ਉਹ ਨੂੰ ਤੰਗ ਕੀਤਾ ਅਤੇ ਉਹ ਦੀ ਸਹਾਇਤਾ ਨਾ ਕੀਤੀ

21ਭਾਵੇਂ ਆਹਾਜ਼ ਨੇ ਯਹੋਵਾਹ ਦੇ ਭਵਨ ਅਤੇ ਪਾਤਸ਼ਾਹ ਅਤੇ ਸਰਦਾਰਾਂ ਦੇ ਮਹਿਲਾਂ ਵਿੱਚੋਂ ਮਾਲ ਲੈ ਕੇ ਅੱਸ਼ੂਰ ਦੇ ਰਾਜਾ ਨੂੰ ਦਿੱਤਾ ਪਰ ਤਾਂ ਵੀ ਉਸ ਦੀ ਕੁਝ ਸਹਾਇਤਾ ਨਾ ਹੋਈ।

22ਆਪਣੀ ਤੰਗੀ ਦੇ ਵੇਲੇ ਵੀ ਇਸੇ ਆਹਾਜ਼ ਪਾਤਸ਼ਾਹ ਨੇ ਯਹੋਵਾਹ ਨਾਲ ਹੋਰ ਵੀ ਬੇਈਮਾਨੀ ਕੀਤੀ

23ਉਸ ਨੇ ਦੰਮਿਸ਼ਕ ਦੇ ਦੇਵਤਿਆਂ ਲਈ ਜਿਨ੍ਹਾਂ ਨੇ ਉਹ ਨੂੰ ਮਾਰਿਆ ਸੀ ਬਲੀਆਂ ਚੜ੍ਹਾਈਆਂ ਅਤੇ ਆਖਿਆ ਕਿ ਅਰਾਮ ਦੇ ਪਾਤਸ਼ਾਹਾਂ ਦੇ ਦੇਵਤਿਆਂ ਨੇ ਉਨ੍ਹਾਂ ਦੀ ਸਹਾਇਤਾ ਕੀਤੀ ਸੀ ਸੋ ਮੈਂ ਵੀ ਉਨ੍ਹਾਂ ਲਈ ਬਲੀਦਾਨ ਕਰਾਂਗਾ ਤਾਂ ਜੋ ਉਹ ਮੇਰੀ ਸਹਾਇਤਾ ਕਰਨ ਪਰ ਉਹ ਉਸ ਦੀ ਅਤੇ ਸਾਰੇ ਇਸਰਾਏਲ ਦੀ ਤਬਾਹੀ ਦਾ ਕਾਰਨ ਬਣੇ

24ਤਾਂ ਆਹਾਜ਼ ਨੇ ਪਰਮੇਸ਼ੁਰ ਦੇ ਭਵਨ ਦੇ ਭਾਂਡਿਆਂ ਨੂੰ ਇਕੱਠਾ ਕੀਤਾ ਅਤੇ ਪਰਮੇਸ਼ੁਰ ਦੇ ਭਵਨ ਦੇ ਭਾਂਡਿਆਂ ਨੂੰ ਟੋਟੇ-ਟੋਟੇ ਕੀਤਾ ਅਤੇ ਯਹੋਵਾਹ ਦੇ ਭਵਨ ਦੇ ਬੂਹਿਆਂ ਨੂੰ ਬੰਦ ਕਰ ਦਿੱਤਾ ਅਤੇ ਆਪਣੇ ਲਈ ਯਰੂਸ਼ਲਮ ਦੇ ਹਰ ਖੂੰਜੇ ਵਿੱਚ ਜਗਵੇਦੀਆਂ ਬਣਵਾਈਆਂ

25ਅਤੇ ਯਹੂਦਾਹ ਦੇ ਇੱਕ-ਇੱਕ ਸ਼ਹਿਰ ਵਿੱਚ ਦੂਜੇ ਦੇਵਤਿਆਂ ਲਈ ਧੂਪ ਧੁਖਾਉਣ ਦੇ ਲਈ ਉੱਚੇ ਸਥਾਨ ਬਣਾਏ ਅਤੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਨੂੰ ਹਰਖ ਦਿਲਾਇਆ

26ਉਹ ਦੇ ਬਾਕੀ ਕੰਮ ਅਤੇ ਉਹ ਦੇ ਸਾਰੇ ਮਾਰਗ ਮੁੱਢ ਤੋਂ ਅੰਤ ਤੱਕ, ਵੇਖੋ, ਉਹ ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਹੋਏ ਹਨ

27ਆਹਾਜ਼ ਮਰ ਕੇ ਆਪਣੇ ਪੁਰਖਿਆਂ ਦੇ ਨਾਲ ਜਾ ਮਿਲਿਆ ਅਤੇ ਉਨ੍ਹਾਂ ਨੇ ਉਹ ਨੂੰ ਯਰੂਸ਼ਲਮ ਸ਼ਹਿਰ ਵਿੱਚ ਦੱਬ ਦਿੱਤਾ ਕਿਉਂ ਜੋ ਉਹ ਉਸ ਨੂੰ ਇਸਰਾਏਲ ਦੇ ਪਾਤਸ਼ਾਹਾਂ ਦੀਆਂ ਕਬਰਾਂ ਵਿੱਚ ਨਾ ਲਿਆਏ। ਉਹ ਦਾ ਪੁੱਤਰ ਹਿਜ਼ਕੀਯਾਹ ਉਹ ਦੇ ਥਾਂ ਰਾਜ ਕਰਨ ਲੱਗਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath