ਈਸਾਈ
ਪਿੱਛੇ

2 ਇਤਿਹਾਸ 26

1ਤਦ ਯਹੂਦਾਹ ਦੇ ਸਾਰੇ ਲੋਕਾਂ ਨੇ ਉੱਜ਼ੀਯਾਹ ਨੂੰ ਜੋ ਸੋਲ਼ਾਂ ਸਾਲਾਂ ਦਾ ਸੀ ਉਹ ਦੇ ਪਿਤਾ ਅਮਸਯਾਹ ਦੇ ਥਾਂ ਪਾਤਸ਼ਾਹ ਬਣਾਇਆ

2ਉਸ ਨੇ ਪਾਤਸ਼ਾਹ ਦੇ ਆਪਣੇ ਪੁਰਖਿਆਂ ਦੇ ਨਾਲ ਮਿਲ ਜਾਣ ਤੋਂ ਸੌ ਜਾਣ ਦੇ ਮਗਰੋਂ ਏਲੋਥ ਨੂੰ ਬਣਾਇਆ ਤੇ ਉਹ ਨੂੰ ਯਹੂਦਾਹ ਵਿੱਚ ਫੇਰ ਮਿਲਾ ਦਿੱਤਾ

3ਉੱਜ਼ੀਯਾਹ ਸੋਲ਼ਾਂ ਸਾਲਾਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ ਅਤੇ ਉਹ ਨੇ ਯਰੂਸ਼ਲਮ ਵਿੱਚ ਬਵੰਜਾ ਸਾਲ ਰਾਜ ਕੀਤਾ। ਉਹ ਦੀ ਮਾਤਾ ਦਾ ਨਾਮ ਯਕਾਲਯਾਹ ਸੀ ਜੋ ਯਰੂਸ਼ਲਮ ਦੀ ਸੀ

4ਉਸ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਹੀ ਉਸ ਦੇ ਪਿਤਾ ਅਮਸਯਾਹ ਨੇ ਕੀਤਾ ਸੀ

5ਉਹ ਜ਼ਕਰਯਾਹ ਦੇ ਦਿਨਾਂ ਵਿੱਚ ਜੋ ਪਰਮੇਸ਼ੁਰ ਦੀ ਨਿਗਾਹ ਵਿੱਚ ਗਿਆਨਵਾਨ ਅਤੇ ਪਰਮੇਸ਼ੁਰ ਦੀ ਖੋਜ ਕਰਨ ਵਾਲਾ ਸੀ ਅਤੇ ਜਦ ਤੱਕ ਉਹ ਯਹੋਵਾਹ ਦਾ ਖੋਜੀ ਰਿਹਾ ਪਰਮੇਸ਼ੁਰ ਨੇ ਉਹ ਨੂੰ ਸਫ਼ਲ ਕੀਤਾ।

6ਉਹ ਨਿੱਕਲ ਕੇ ਫ਼ਲਿਸਤੀਆਂ ਨਾਲ ਲੜਿਆ ਅਤੇ ਉਹ ਨੇ ਗਥ ਦੀ ਕੰਧ ਤੇ ਯਬਨਹ ਦੀ ਕੰਧ ਤੇ ਅਸ਼ਦੋਦ ਦੀ ਕੰਧ ਨੂੰ ਢਾਹ ਦਿੱਤਾ ਅਤੇ ਅਸ਼ਦੋਦ ਦੇ ਦੇਸ ਵਿੱਚ ਅਤੇ ਫ਼ਲਿਸਤੀਆਂ ਦੇ ਵਿੱਚ ਸ਼ਹਿਰ ਬਣਾਏ

7ਅਤੇ ਪਰਮੇਸ਼ੁਰ ਨੇ ਫ਼ਲਿਸਤੀਆਂ ਤੇ ਉਨ੍ਹਾਂ ਅਰਬੀਆਂ ਦੇ ਜੋ ਗੂਰ-ਬਆਲ ਵਿੱਚ ਵੱਸਦੇ ਸਨ ਤੇ ਮਊਨੀਮ ਦੇ ਵਿਰੁੱਧ ਉਸ ਦੀ ਸਹਾਇਤਾ ਕੀਤੀ

8ਅਤੇ ਅੰਮੋਨੀਆਂ ਨੇ ਉੱਜ਼ੀਯਾਹ ਨੂੰ ਨਜ਼ਰਾਨੇ ਦਿੱਤੇ ਅਤੇ ਉਹ ਦਾ ਨਾਮ ਮਿਸਰ ਦੇ ਲਾਂਘੇ ਤੱਕ ਪੁੱਜ ਗਿਆ ਕਿਉਂ ਜੋ ਉਹ ਬਹੁਤ ਹੀ ਤਕੜਾ ਹੋ ਗਿਆ ਸੀ

9ਅਤੇ ਉੱਜ਼ੀਯਾਹ ਨੇ ਯਰੂਸ਼ਲਮ ਵਿੱਚ ਕੋਨੇ ਦੇ ਫਾਟਕ ਅਤੇ ਵਾਦੀ ਦੇ ਫਾਟਕ ਅਤੇ ਦੀਵਾਰ ਦੇ ਮੋੜ ਉੱਤੇ ਬੁਰਜ ਬਣਾਏ ਅਤੇ ਉਨ੍ਹਾਂ ਨੂੰ ਪੱਕਾ ਕੀਤਾ

10ਅਤੇ ਉਹ ਨੇ ਉਜਾੜ ਵਿੱਚ ਬੁਰਜ ਬਣਾਏ ਅਤੇ ਬਹੁਤ ਸਾਰੇ ਤਲਾਬ ਪੁਟਵਾਏ ਕਿਉਂ ਜੋ ਬੇਟ ਵਿੱਚ ਤੇ ਮੈਦਾਨ ਵਿੱਚ ਉਸ ਦੇ ਬਹੁਤ ਸਾਰੇ ਡੰਗਰ ਸਨ ਅਤੇ ਪਹਾੜਾਂ ਵਿੱਚ ਅਤੇ ਉਪਜਾਊ ਖੇਤਾਂ ਵਿੱਚ ਉਹ ਦੇ ਹਾਲ੍ਹੀ ਅਤੇ ਮਾਲੀ ਸਨ ਕਿਉਂ ਜੋ ਖੇਤੀ ਵਾੜੀ ਉਹ ਨੂੰ ਬਹੁਤ ਪਸੰਦ ਸੀ।

11ਨਾਲੇ ਉੱਜ਼ੀਯਾਹ ਦੇ ਕੋਲ ਯੋਧਿਆਂ ਦੀ ਇੱਕ ਫੌਜ ਸੀ ਜੋ ਯੁੱਧ ਲਈ ਯਈਏਲ ਲਿਖਾਰੀ ਅਤੇ ਮਅਸੇਯਾਹ ਚੌਧਰੀ ਦੇ ਲੇਖੇ ਦੀ ਗਿਣਤੀ ਅਨੁਸਾਰ ਹਨਨਯਾਹ ਦੀ ਅਗਵਾਈ ਵਿੱਚ ਜੋ ਪਾਤਸ਼ਾਹ ਦੇ ਸਰਦਾਰਾਂ ਵਿੱਚੋਂ ਸੀ ਜੱਥੇਬੰਦ ਹੋ ਕੇ ਨਿੱਕਲਦੀ ਸੀ

12ਸੂਰਬੀਰਾਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਦੀ ਸਾਰੀ ਗਿਣਤੀ ਦੋ ਹਜ਼ਾਰ ਛੇ ਸੌ ਸੀ

13ਅਤੇ ਉਨ੍ਹਾਂ ਦੀ ਤਾਬਿਆਦਾਰੀ ਵਿੱਚ ਯੋਧਿਆਂ ਦੀ ਸੈਨਾਂ ਸੀ ਤਿੰਨ ਲੱਖ ਸਾਢੇ ਸੱਤ ਹਜ਼ਾਰ ਬਲਵੰਤ ਸੂਰਮੇ ਜਿਹੜੇ ਵੈਰੀਆਂ ਦੇ ਵਿਰੁੱਧ ਪਾਤਸ਼ਾਹ ਦੀ ਸਹਾਇਤਾ ਕਰਦੇ ਸਨ

14ਅਤੇ ਉੱਜ਼ੀਯਾਹ ਨੇ ਉਨ੍ਹਾਂ ਦੀ ਸਾਰੀ ਸੈਨਾਂ ਲਈ ਢਾਲਾਂ, ਬਰਛੇ, ਟੋਪ ਸੰਜੋਆਂ ਤੇ ਧਣੁੱਖ ਤੇ ਗੋਪੀਏ ਤਿਆਰ ਕੀਤੇ

15ਅਤੇ ਉਸ ਨੇ ਯਰੂਸ਼ਲਮ ਵਿੱਚ ਕਸਬੀ ਲੋਕਾਂ ਦੀਆਂ ਬਣਾਈਆਂ ਹੋਈਆਂ ਕਲਾਂ ਲਗਵਾਈਆਂ ਤਾਂ ਜੋ ਉਹ ਤੀਰ ਚਲਾਉਣ ਅਤੇ ਵੱਡੇ-ਵੱਡੇ ਪੱਥਰ ਵਗਾਹੁਣ ਲਈ ਬੁਰਜ਼ਾਂ ਤੇ ਕੰਧਾਂ ਉੱਪਰ ਲਗਾਈਆਂ ਜਾਣ। ਸੋ ਉਹ ਦਾ ਨਾਮ ਦੂਰ ਤੱਕ ਵੱਜਣ ਲੱਗਾ ਕਿਉਂ ਜੋ ਉਹ ਦੀ ਸਹਾਇਤਾ ਅਜਿਹੇ ਨਿਰਾਲੇ ਢੰਗ ਨਾਲ ਹੋਈ ਜੋ ਉਹ ਤਕੜਾ ਹੋ ਗਿਆ।

16ਪਰ ਜਦ ਉਹ ਤਕੜਾ ਹੋ ਗਿਆ ਤਾਂ ਉਹ ਦਾ ਦਿਲ ਐਨਾ ਹੰਕਾਰਿਆ ਗਿਆ ਕਿ ਉਹ ਵਿਗੜ ਗਿਆ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਬੇਮੁੱਖ ਹੋ ਗਿਆ ਅਤੇ ਯਹੋਵਾਹ ਦੀ ਹੈਕਲ ਵਿੱਚ ਜਾ ਕੇ ਧੂਪ ਦੀ ਜਗਵੇਦੀ ਉੱਤੇ ਧੂਪ ਧੁਖਾਉਣ ਲੱਗਾ

17ਤਦ ਅਜ਼ਰਯਾਹ ਜਾਜਕ ਉਹ ਦੇ ਮਗਰ ਗਿਆ ਅਤੇ ਉਹ ਦੇ ਨਾਲ ਯਹੋਵਾਹ ਦੇ ਅੱਸੀ ਜਾਜਕ ਸਨ ਜੋ ਬਲਵੰਤ ਮਨੁੱਖ ਸਨ

18ਅਤੇ ਉਨ੍ਹਾਂ ਨੇ ਉੱਜ਼ੀਯਾਹ ਪਾਤਸ਼ਾਹ ਦਾ ਟਾਕਰਾ ਕੀਤਾ ਅਤੇ ਉਹ ਨੂੰ ਆਖਣ ਲੱਗੇ, ਹੇ ਉੱਜ਼ੀਯਾਹ! ਯਹੋਵਾਹ ਦੇ ਲਈ ਧੂਪ ਧੁਖਾਉਣਾ ਤੇਰਾ ਕੰਮ ਨਹੀਂ ਸਗੋਂ ਜਾਜਕਾਂ ਅਰਥਾਤ ਹਾਰੂਨ ਦੇ ਪੁੱਤਰਾਂ ਦਾ ਕੰਮ ਹੈ ਜਿਹੜੇ ਧੂਪ ਧੁਖਾਉਣ ਲਈ ਪਵਿੱਤਰ ਕੀਤੇ ਗਏ ਹਨ। ਪਵਿੱਤਰ ਭਵਨ ਤੋਂ ਬਾਹਰ ਜਾ, ਕਿਉਂ ਜੋ ਤੂੰ ਬੇਈਮਾਨੀ ਕੀਤੀ ਹੈ ਅਤੇ ਯਹੋਵਾਹ ਪਰਮੇਸ਼ੁਰ ਵੱਲੋਂ ਇਹ ਤੇਰੀ ਵਡਿਆਈ ਦਾ ਕਾਰਨ ਨਹੀਂ ਹੋਵੇਗਾ

19ਤਦ ਉੱਜ਼ੀਯਾਹ ਗੁੱਸੇ ਹੋਇਆ ਅਤੇ ਉਹ ਦੇ ਹੱਥ ਵਿੱਚ ਧੂਪ ਧੁਖਾਉਣ ਲਈ ਧੂਪਦਾਨ ਸੀ ਅਤੇ ਜਦੋਂ ਉਹ ਜਾਜਕਾਂ ਤੇ ਹਰਖ ਕਰ ਰਿਹਾ ਸੀ ਤਾਂ ਜਾਜਕਾਂ ਦੇ ਅੱਗੇ ਯਹੋਵਾਹ ਦੇ ਭਵਨ ਵਿੱਚ ਧੂਪ ਦੀ ਜਗਵੇਦੀ ਦੇ ਕੋਲ ਉਸ ਦੇ ਮੱਥੇ ਤੇ ਕੋੜ੍ਹ ਫੁੱਟ ਨਿੱਕਲਿਆ

20ਅਤੇ ਅਜ਼ਰਯਾਹ ਪ੍ਰਧਾਨ ਜਾਜਕ ਅਤੇ ਸਾਰੇ ਜਾਜਕਾਂ ਨੇ ਉਹ ਨੂੰ ਤੱਕਿਆ ਅਤੇ ਵੇਖੋ, ਉਹ ਦੇ ਮੱਥੇ ਉੱਤੇ ਕੋੜ੍ਹ ਨਿੱਕਲਿਆ ਹੋਇਆ ਸੀ ਸੋ ਉਹ ਨੂੰ ਛੇਤੀ ਉੱਥੋਂ ਕੱਢਿਆ ਸਗੋਂ ਉਹ ਨੇ ਆਪ ਹੀ ਬਾਹਰ ਜਾਣ ਵਿੱਚ ਛੇਤੀ ਕੀਤੀ ਕਿਉਂ ਜੋ ਯਹੋਵਾਹ ਦੀ ਮਾਰ ਉਹ ਨੂੰ ਪੈ ਰਹੀ ਸੀ

21ਸੋ ਉੱਜ਼ੀਯਾਹ ਪਾਤਸ਼ਾਹ ਆਪਣੇ ਮਰਨ ਤੱਕ ਕੋੜ੍ਹੀ ਰਿਹਾ ਅਤੇ ਕੋੜ੍ਹੀ ਹੋਣ ਦੇ ਕਾਰਨ ਇੱਕ ਅਲੱਗ ਘਰ ਵਿੱਚ ਰਹਿੰਦਾ ਸੀ ਕਿਉਂ ਜੋ ਉਹ ਯਹੋਵਾਹ ਦੇ ਭਵਨ ਵਿੱਚੋਂ ਛੇਕਿਆ ਗਿਆ ਸੀ ਅਤੇ ਉਹ ਦਾ ਪੁੱਤਰ ਯੋਥਾਮ ਪਾਤਸ਼ਾਹ ਦੇ ਮਹਿਲ ਉੱਤੇ ਸੀ ਅਤੇ ਦੇਸ ਦੇ ਲੋਕਾਂ ਦਾ ਨਿਆਂ ਕਰਦਾ ਸੀ

22ਅਤੇ ਉੱਜ਼ੀਯਾਹ ਦੇ ਬਾਕੀ ਕੰਮ ਆਦ ਤੋਂ ਅੰਤ ਤੱਕ ਆਮੋਸ ਦੇ ਪੁੱਤਰ ਯਸਾਯਾਹ ਨਬੀ ਨੇ ਲਿਖੇ

23ਸੋ ਉੱਜ਼ੀਯਾਹ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਨ੍ਹਾਂ ਨੇ ਉਸ ਨੂੰ ਉਸ ਦੇ ਪੁਰਖਿਆਂ ਨਾਲ ਪਾਤਸ਼ਾਹਾਂ ਦੇ ਕਬਰਿਸਤਾਨ ਦੇ ਖੇਤ ਵਿੱਚ ਦੱਬਿਆ ਕਿਉਂ ਜੋ ਉਨ੍ਹਾਂ ਨੇ ਆਖਿਆ ਕਿ ਉਹ ਕੋੜ੍ਹੀ ਹੈ ਅਤੇ ਉਸ ਦਾ ਪੁੱਤਰ ਯੋਥਾਮ ਉਸ ਦੇ ਥਾਂ ਰਾਜ ਕਰਨ ਲੱਗਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath