2 ਇਤਿਹਾਸ 25
1ਅਮਸਯਾਹ ਪੱਚੀਆਂ ਸਾਲਾਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ ਅਤੇ ਉਹ ਨੇ ਉਨੱਤੀ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਹ ਦੀ ਮਾਤਾ ਦਾ ਨਾਮ ਯਹੋਅੱਦਾਨ ਸੀ ਜੋ ਯਰੂਸ਼ਲਮ ਦੀ ਸੀ
2ਅਤੇ ਉਸ ਨੇ ਉਹ ਹੀ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗਾ ਸੀ ਪਰ ਪੂਰੇ ਦਿਲ ਨਾਲ ਨਹੀਂ।
3ਜਦੋਂ ਉਹ ਦਾ ਰਾਜ ਪੱਕਾ ਹੋ ਗਿਆ ਤਾਂ ਉਹ ਨੇ ਆਪਣੇ ਉਨ੍ਹਾਂ ਸੇਵਕਾਂ ਨੂੰ ਮਾਰ ਛੱਡਿਆ, ਜਿਨ੍ਹਾਂ ਨੇ ਉਹ ਦੇ ਪਿਤਾ ਨੂੰ ਮਾਰਿਆ ਸੀ, ਜੋ ਰਾਜਾ ਸੀ।
4ਪਰ ਉਨ੍ਹਾਂ ਦੇ ਪੁੱਤਰਾਂ ਨੂੰ ਉਹ ਨੇ ਨਾ ਮਾਰਿਆ ਕਿਉਂ ਜੋ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਹੈ, ਅਜਿਹਾ ਲਿਖਿਆ ਹੈ ਕਿ ਪੁੱਤਰਾਂ ਦੇ ਬਦਲੇ ਪਿਤਾ ਨਾ ਮਾਰੇ ਜਾਣ, ਨਾ ਪਿਤਾ ਦੇ ਬਦਲੇ ਪੁੱਤਰ ਮਾਰੇ ਜਾਣ ਪਰ ਹਰੇਕ ਮਨੁੱਖ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ।
5ਇਸ ਤੋਂ ਬਿਨ੍ਹਾਂ ਅਮਸਯਾਹ ਨੇ ਯਹੂਦਾਹ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਸਾਰੇ ਯਹੂਦਾਹ ਤੇ ਬਿਨਯਾਮੀਨ ਵਿੱਚ ਹਜ਼ਾਰ-ਹਜ਼ਾਰ ਤੇ ਸੌ-ਸੌ ਦੇ ਸਰਦਾਰਾਂ ਦੇ ਹੇਠਾਂ ਰੱਖਿਆ ਅਤੇ ਉਨ੍ਹਾਂ ਵਿੱਚੋਂ ਜਿਨ੍ਹਾਂ ਦੀ ਉਮਰ ਵੀਹ ਸਾਲਾਂ ਜਾਂ ਇਸ ਤੋਂ ਉੱਪਰ ਸੀ ਉਨ੍ਹਾਂ ਨੂੰ ਗਿਣਿਆ ਅਤੇ ਉਨ੍ਹਾਂ ਵਿੱਚ ਤਿੰਨ ਲੱਖ ਚੋਣਵੇਂ ਜੁਆਨ ਵੇਖੇ ਜਿਹੜੇ ਜੰਗ ਵਿੱਚ ਜਾਣ ਜੋਗ ਸਨ ਅਤੇ ਬਰਛੀ ਤੇ ਢਾਲ਼ ਵਰਤ ਸਕਦੇ ਸਨ
6ਅਤੇ ਉਹ ਨੇ ਸੌ ਕਿਨਤਾਰ ਚਾਂਦੀ ਦੇ ਕੇ ਇਸਰਾਏਲੀਆਂ ਵਿੱਚੋਂ ਇੱਕ ਲੱਖ ਸੂਰਬੀਰ ਨੌਕਰ ਰੱਖੇ
7ਪਰ ਇੱਕ ਪਰਮੇਸ਼ੁਰ ਦੇ ਜਨ ਨੇ ਉਹ ਦੇ ਕੋਲ ਆਣ ਕੇ ਆਖਿਆ ਕਿ ਹੇ ਪਾਤਸ਼ਾਹ, ਤੁਹਾਡੇ ਨਾਲ ਇਸਰਾਏਲੀਆਂ ਦੀ ਸੈਨਾਂ ਨਾ ਜਾਵੇ ਕਿਉਂ ਜੋ ਯਹੋਵਾਹ ਇਸਰਾਏਲੀਆਂ ਦੀ ਸਾਰੀ ਇਫ਼ਰਾਈਮ ਵੰਸ਼ ਦੇ ਨਾਲ ਨਹੀਂ ਹੈ
8ਪਰ ਜੇ ਤੁਸੀਂ ਜਾਣਾ ਹੀ ਚਾਹੁੰਦੇ ਹੋ ਤਾਂ ਜਾਓ ਤੇ ਲੜਾਈ ਲਈ ਤਕੜੇ ਹੋਵੋ। ਯਹੋਵਾਹ ਤੁਹਾਨੂੰ ਵੈਰੀਆਂ ਦੇ ਅੱਗੇ ਢਾਵੇਗਾ ਕਿਉਂ ਜੋ ਪਰਮੇਸ਼ੁਰ ਵਿੱਚ ਉਠਾਉਣ ਤੇ ਢਾਉਣ ਦੀ ਸ਼ਕਤੀ ਹੈ
9ਅਮਸਯਾਹ ਨੇ ਪਰਮੇਸ਼ੁਰ ਦੇ ਜਨ ਨੂੰ ਆਖਿਆ, ਪਰ ਸੌ ਕਿਨਤਾਰਾਂ ਲਈ ਜੋ ਮੈਂ ਇਸਰਾਏਲ ਦੀ ਸੈਨਾਂ ਨੂੰ ਦਿੱਤੇ ਅਸੀਂ ਕੀ ਕਰੀਏ? ਉਸ ਪਰਮੇਸ਼ੁਰ ਦੇ ਜਨ ਨੇ ਕਿਹਾ ਕਿ ਯਹੋਵਾਹ ਤੁਹਾਨੂੰ ਉਸ ਨਾਲੋਂ ਬਹੁਤਾ ਦੇ ਸਕਦਾ ਹੈ
10ਤਦ ਅਮਸਯਾਹ ਨੇ ਉਸ ਸੈਨਾਂ ਨੂੰ ਜੋ ਇਫ਼ਰਾਈਮ ਵਿੱਚੋਂ ਉਹ ਦੇ ਕੋਲ ਆਈ ਸੀ ਅੱਡ ਕੀਤਾ ਤਾਂ ਜੋ ਉਹ ਫੇਰ ਆਪਣੇ ਘਰਾਂ ਨੂੰ ਜਾਣ। ਇਸ ਕਰਕੇ ਉਨ੍ਹਾਂ ਦਾ ਹਰਖ ਯਹੂਦਾਹ ਉੱਤੇ ਬਹੁਤ ਵਧਿਆ ਅਤੇ ਉਹ ਵੱਡੇ ਗੁੱਸੇ ਵਿੱਚ ਆਪਣੇ ਘਰਾਂ ਨੂੰ ਮੁੜੇ
11ਅਤੇ ਅਮਸਯਾਹ ਨੇ ਹੌਂਸਲਾ ਕੀਤਾ ਅਤੇ ਆਪਣੇ ਆਦਮੀਆਂ ਨੂੰ ਲੈ ਕੇ ਲੂਣ ਦੀ ਵਾਦੀ ਵੱਲ ਗਿਆ ਤੇ ਸੇਈਰ ਵੰਸ਼ ਵਿੱਚੋਂ ਦਸ ਹਜ਼ਾਰ ਨੂੰ ਮਾਰ ਦਿੱਤਾ
12ਅਤੇ ਹੋਰ ਦਸ ਹਜ਼ਾਰ ਨੂੰ ਯਹੂਦੀ ਜਿਉਂਦਾ ਫੜ੍ਹ ਕੇ ਲੈ ਗਏ ਅਤੇ ਉਨ੍ਹਾਂ ਨੂੰ ਇੱਕ ਚੱਟਾਨ ਦੀ ਚੋਟੀ ਤੇ ਚੜ੍ਹਾਇਆ ਅਤੇ ਉਸ ਚੱਟਾਨ ਦੀ ਚੋਟੀ ਉੱਤੋਂ ਉਨ੍ਹਾਂ ਨੂੰ ਥੱਲੇ ਐਉਂ ਸੁੱਟ ਦਿੱਤਾ ਕਿ ਸਾਰਿਆਂ ਦੇ ਟੋਟੇ-ਟੋਟੇ ਹੋ ਗਏ
13ਪਰ ਉਸ ਸੈਨਾਂ ਦੇ ਜੁਆਨ ਜਿਨ੍ਹਾਂ ਨੂੰ ਅਮਸਯਾਹ ਨੇ ਮੋੜ ਭੇਜਿਆ ਸੀ ਕਿ ਉਹ ਦੇ ਨਾਲ ਲੜਾਈ ਵਿੱਚ ਨਾ ਜਾਣ ਸਾਮਰਿਯਾ ਤੋਂ ਬੈਤ-ਹੋਰੋਨ ਤੱਕ ਯਹੂਦਾਹ ਦੇ ਸ਼ਹਿਰਾਂ ਤੇ ਟੁੱਟ ਪਏ ਅਤੇ ਉਨ੍ਹਾਂ ਵਿੱਚੋਂ ਤਿੰਨ ਹਜ਼ਾਰ ਨੂੰ ਮਾਰ ਸੁੱਟਿਆ ਅਤੇ ਬਹੁਤ ਸਾਰਾ ਮਾਲ ਲੁੱਟ ਲੈ ਗਏ।
14ਜਦੋਂ ਅਮਸਯਾਹ ਅਦੋਮੀਆਂ ਨੂੰ ਮਾਰ ਕੇ ਮੁੜਿਆ ਤਾਂ ਸੇਈਰੀਆਂ ਦੇ ਦੇਵਤਿਆਂ ਨੂੰ ਲੈਂਦਾ ਆਇਆ ਅਤੇ ਉਨ੍ਹਾਂ ਨੂੰ ਖੜ੍ਹਾ ਕੀਤਾ ਕਿ ਉਹ ਉਸ ਦੇ ਦੇਵਤੇ ਹੋਣ ਅਤੇ ਉਸ ਨੇ ਉਨ੍ਹਾਂ ਦੇ ਅੱਗੇ ਮੱਥਾ ਟੇਕਿਆ ਅਤੇ ਉਨ੍ਹਾਂ ਦੇ ਅੱਗੇ ਧੂਪ ਧੁਖਾਈ
15ਇਸ ਲਈ ਯਹੋਵਾਹ ਦਾ ਕ੍ਰੋਧ ਅਮਸਯਾਹ ਤੇ ਭੜਕਿਆ ਅਤੇ ਉਸ ਨੇ ਇੱਕ ਨਬੀ ਨੂੰ ਉਹ ਦੇ ਕੋਲ ਭੇਜਿਆ ਜਿਸ ਨੇ ਉਹ ਨੂੰ ਆਖਿਆ ਕਿ ਤੁਸੀਂ ਉਨ੍ਹਾਂ ਲੋਕਾਂ ਦੇ ਉਨ੍ਹਾਂ ਦੇਵਤਿਆਂ ਦੇ ਕੋਲੋਂ ਸਲਾਹ ਕਿਉਂ ਲੈਂਦੇ ਹੋ, ਜਿਨ੍ਹਾਂ ਨੇ ਆਪਣੇ ਹੀ ਲੋਕਾਂ ਨੂੰ ਤੁਹਾਡੇ ਹੱਥੋਂ ਨਾ ਛੁਡਾਇਆ?
16ਉਹ ਉਸ ਦੇ ਨਾਲ ਗੱਲਾਂ ਕਰਦਾ ਸੀ ਕਿ ਪਾਤਸ਼ਾਹ ਨੇ ਉਸ ਨੂੰ ਕਿਹਾ, ਕੀ ਅਸੀਂ ਤੈਨੂੰ ਪਾਤਸ਼ਾਹ ਦਾ ਮੰਤਰੀ ਬਣਾਇਆ ਹੈ? ਚੁੱਪ ਰਹਿ ਤੂੰ ਕਿਉਂ ਮਾਰ ਖਾਵੇਂ? ਤਦ ਉਹ ਨਬੀ ਇਹ ਆਖ ਕੇ ਚੁੱਪ ਹੋ ਗਿਆ ਕਿ ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਨੇ ਤੁਹਾਨੂੰ ਨਾਸ ਕਰਨਾ ਠਾਣਿਆ ਹੈ ਇਸ ਲਈ ਕਿ ਤੁਸੀਂ ਇਉਂ ਕੀਤਾ ਹੈ ਅਤੇ ਮੇਰੀ ਸਲਾਹ ਨਹੀਂ ਮੰਨੀ।
17ਤਦ ਯਹੂਦਾਹ ਦੇ ਰਾਜੇ ਅਮਸਯਾਹ ਨੇ ਸਲਾਹ ਕਰ ਕੇ ਇਸਰਾਏਲ ਦੇ ਰਾਜੇ ਯਹੋਆਸ਼ ਨੂੰ ਜੋ ਯੇਹੂ ਦਾ ਪੋਤਾ ਅਤੇ ਯਹੋਆਹਾਜ਼ ਦਾ ਪੁੱਤਰ ਸੀ ਸੁਨੇਹਾ ਭੇਜਿਆ ਕਿ ਆ, ਅਸੀਂ ਇੱਕ ਦੂਜੇ ਨੂੰ ਆਹਮੋ-ਸਾਹਮਣੇ ਵੇਖੀਏ
18ਤਦ ਇਸਰਾਏਲ ਦੇ ਰਾਜਾ ਯਹੋਆਸ਼ ਨੇ ਯਹੂਦਾਹ ਦੇ ਰਾਜਾ ਅਮਸਯਾਹ ਨੂੰ ਇਹ ਸੁਨੇਹਾ ਭੇਜਿਆ ਕਿ ਲਬਾਨੋਨ ਦੇ ਕੰਡਿਆਲੇ ਨੇ ਲਬਾਨੋਨ ਦੇ ਦਿਆਰ ਨੂੰ ਸੁਨੇਹਾ ਭੇਜਿਆ ਕਿ ਆਪਣੀ ਧੀ ਨੂੰ ਮੇਰੇ ਪੁੱਤਰ ਨਾਲ ਵਿਆਹ ਦੇ ਅਤੇ ਇੱਕ ਜੰਗਲੀ ਜਾਨਵਰ ਜੋ ਲਬਾਨੋਨ ਵਿੱਚ ਸੀ ਕੋਲੋਂ ਦੀ ਲੰਘਿਆ ਅਤੇ ਕੰਡਿਆਲੇ ਨੂੰ ਮਿੱਧ ਛੱਡਿਆ
19ਤੂੰ ਕਹਿੰਦਾ ਹੈਂ, ਵੇਖ ਮੈਂ ਅਦੋਮ ਨੂੰ ਮਾਰਿਆ ਹੈ ਅਤੇ ਤੇਰੇ ਮਨ ਦਾ ਘਮੰਡ ਤੈਨੂੰ ਚੁੱਕਦਾ ਹੈ। ਘਰੇ ਰਹਿ। ਭਲਾ, ਤੂੰ ਕਿਉਂ ਬਿਪਤਾ ਨੂੰ ਛੇੜੇਂ ਤੇ ਡਿੱਗੇਂ ਅਤੇ ਤੇਰੇ ਨਾਲ ਹੀ ਯਹੂਦਾਹ ਵੀ?।
20ਪਰ ਅਮਸਯਾਹ ਨੇ ਧਿਆਨ ਨਾ ਕੀਤਾ ਕਿਉਂ ਜੋ ਇਹ ਪਰਮੇਸ਼ੁਰ ਵੱਲੋਂ ਆਇਆ ਕਿ ਉਹ ਉਨ੍ਹਾਂ ਨੂੰ ਵੈਰੀਆਂ ਦੇ ਹੱਥ ਵਿੱਚ ਇਸ ਕਾਰਨ ਦੇਵੇ ਕਿ ਉਹ ਅਦੋਮ ਦਿਆਂ ਦੇਵਤਿਆਂ ਕੋਲੋਂ ਪੁੱਛ-ਗਿੱਛ ਕਰਦੇ ਸਨ
21ਤਦ ਇਸਰਾਏਲ ਦੇ ਰਾਜਾ ਯਹੋਆਸ਼ ਨੇ ਚੜ੍ਹਾਈ ਕੀਤੀ ਅਤੇ ਉਹ ਅਤੇ ਯਹੂਦਾਹ ਦਾ ਰਾਜਾ ਅਮਸਯਾਹ ਬੈਤ ਸ਼ਮਸ਼ ਵਿੱਚ ਜੋ ਯਹੂਦਾਹ ਦਾ ਹੈ ਆਹਮੋ-ਸਾਹਮਣੇ ਹੋਏ
22ਤਦ ਯਹੂਦਾਹ ਇਸਰਾਏਲ ਦੇ ਅੱਗੋਂ ਹਾਰ ਗਿਆ ਅਤੇ ਹਰੇਕ ਆਪਣੇ ਤੰਬੂ ਨੂੰ ਭੱਜਾ
23ਇਸਰਾਏਲ ਦੇ ਰਾਜਾ ਯਹੋਆਸ਼ ਨੇ ਯਹੂਦਾਹ ਦੇ ਰਾਜਾ ਅਮਸਯਾਹ ਨੂੰ ਜੋ ਯਹੋਆਹਾਜ਼ ਦਾ ਪੋਤਾ ਅਤੇ ਯੋਆਸ਼ ਦਾ ਪੁੱਤਰ ਸੀ ਬੈਤ ਸ਼ਮਸ਼ ਵਿੱਚ ਫੜ੍ਹ ਲਿਆ ਅਤੇ ਯਰੂਸ਼ਲਮ ਵਿੱਚ ਵੜਿਆ ਅਤੇ ਯਰੂਸ਼ਲਮ ਦੀ ਸ਼ਹਿਰਪਨਾਹ ਇਫ਼ਰਾਈਮ ਦੇ ਫਾਟਕ ਤੋਂ ਲੈ ਕੇ ਖੂੰਜੇ ਵਾਲੇ ਫਾਟਕ ਤੱਕ ਚਾਰ ਸੌ ਹੱਥ ਢਾਹ ਦਿੱਤੀ
24ਅਤੇ ਉਸ ਨੇ ਸਾਰਾ ਸੋਨਾ ਅਤੇ ਚਾਂਦੀ ਅਤੇ ਸਾਰੇ ਭਾਂਡੇ ਜੋ ਪਰਮੇਸ਼ੁਰ ਦੇ ਭਵਨ ਵਿੱਚ ਓਬੇਦ-ਅਦੋਮ ਦੇ ਕੋਲੋਂ ਮਿਲੇ ਅਤੇ ਪਾਤਸ਼ਾਹ ਦੇ ਮਹਿਲ ਦੇ ਖਜ਼ਾਨੇ ਅਤੇ ਬੰਦੀ ਪੁਰਸ਼ਾਂ ਨੂੰ ਨਾਲ ਲੈ ਕੇ ਸਾਮਰਿਯਾ ਨੂੰ ਮੁੜਿਆ।
25ਯਹੂਦਾਹ ਦੇ ਰਾਜਾ ਯੋਆਸ਼ ਦਾ ਪੁੱਤਰ ਅਮਸਯਾਹ ਇਸਰਾਏਲ ਦੇ ਰਾਜਾ ਯਹੋਆਹਾਜ਼ ਦੇ ਪੁੱਤਰ ਯਹੋਆਸ਼ ਦੇ ਮਰਨ ਦੇ ਪਿੱਛੋਂ ਪੰਦਰਾਂ ਸਾਲ ਜੀਉਂਦਾ ਰਿਹਾ
26ਅਤੇ ਅਮਸਯਾਹ ਦੇ ਬਾਕੀ ਕੰਮ ਜੋ ਉਸ ਨੇ ਆਦ ਤੋਂ ਅੰਤ ਤੱਕ ਕੀਤੇ ਕੀ ਉਹ ਯਹੂਦਾਹ ਤੇ ਇਸਰਾਏਲ ਦੇ ਰਾਜਿਆਂ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ਹਨ?
27ਜਦ ਤੋਂ ਅਮਸਯਾਹ ਯਹੋਵਾਹ ਦੇ ਪਿੱਛੇ ਚੱਲਣ ਤੋਂ ਫਿਰਿਆ ਤਦੋਂ ਹੀ ਯਰੂਸ਼ਲਮ ਦੇ ਲੋਕਾਂ ਨੇ ਉਸ ਦੇ ਵਿਰੁੱਧ ਮਤਾ ਪਕਾਇਆ ਸੋ ਉਹ ਲਾਕੀਸ਼ ਨੂੰ ਭੱਜ ਗਿਆ ਪਰ ਉਨ੍ਹਾਂ ਨੇ ਲਾਕੀਸ਼ ਵਿੱਚ ਉਹ ਦੇ ਪਿੱਛੇ ਆਦਮੀ ਭੇਜ ਕੇ ਉਹ ਨੂੰ ਉੱਥੇ ਕਤਲ ਕੀਤਾ
28ਅਤੇ ਉਹ ਉਸ ਨੂੰ ਘੋੜਿਆਂ ਉੱਤੇ ਲੈ ਆਏ ਅਤੇ ਯਹੂਦਾਹ ਦੇ ਸ਼ਹਿਰ ਵਿੱਚ ਉਹ ਦੇ ਪੁਰਖਿਆਂ ਦੇ ਨਾਲ ਉਹ ਨੂੰ ਦੱਬਿਆ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath